ਪ੍ਰੋ ਪਰਮਜੀਤ ਸਿੰਘ ਰੰਧਾਵਾ
ਕਬੱਡੀ ਖੇਡ ਨੂੰ ਇਸ ਖੇਡ ਦੇ ਕੁਮੈਂਟੇਟਰਾਂ ਨੇ ਲੋਕਪ੍ਰਿਆ ਬਣਾਇਆ ਹੈ। ਸ਼ਾਇਰਾਨਾ ਅੰਦਾਜ਼ ‘ਚ ਖੇਡ ਦੇ ਮੈਦਾਨਾਂ ‘ਚ ਉਨ੍ਹਾਂ ਨੇ ਕਬੱਡੀ ਖੱਡ ਲਈ ਉਹ ਜੋਸ਼ੀਲਾ ਮਾਹੌਲ ਬਣਾਇਆ ਹੈ ਕਿ ਕਬੱਡੀ ਪ੍ਰੇਮੀ, ਖੇਡ ਦਰਸ਼ਕ ਉਨ੍ਹਾਂ ਦੀ ਆਵਾਜ਼ ਦੇ ਜਾਦੂ ਸਦਕਾ, ਅੰਦਾਜ਼ ਸਦਕਾ ਖਿਡਾਰੀਆਂ ਨਾਲ ਵੀ ਡੂੰਘੀ ਤਰ੍ਹਾਂ ਸਾਂਝ ਪਾਉਂਦੇ ਹਨ। ਕਬੱਡੀ ਖੇਡ ਦੀ ਕੁਮੈਂਟਰੀ ਕਰਦੇ ਲੋਕ ਜ਼ਰੂਰੀ ਨਹੀਂ ਕਿ ਕਬੱਡੀ ਦੇ ਅੰਤਰਰਾਸ਼ਟਰੀ ਖਿਡਾਰੀ ਰਹੇ ਹੋਣ ਜਾਂ ਉਨ੍ਹਾਂ ਨੇ ਆਪਣੇ ਜੀਵਨ ਵਿਚ ਕਬੱਡੀ ਵੱਡੇ ਪੱਧਰ ‘ਤੇ ਖੇਡੀ ਹੋਵੇ ਪਰ ਉਨ੍ਹਾਂ ਕਬੱਡੀ ਖੇਡ ਵਿਚ ਨਵੀਂ ਰੂਹ ਫੂਕੀ ਹੈ, ਕਬੱਡੀ ਨੂੰ ਜ਼ਿੰਦਗੀ ਦਿੱਤੀ ਹੈ ਅਤੇ ਕਬੱਡੀ ਨੇ ਉਨ੍ਹਾਂ ਨੂੰ ਜ਼ਿੰਦਗੀ ਦਿੱਤੀ ਹੈ, ਸ਼ੁਹਰਤ ਦਿੱਤੀ ਹੈ, ਪੈਸਾ ਦਿੱਤਾ ਹੈ। ਅਸੀਂ ਕਬੱਡੀ ਖੇਡ ਕੁਮੈਂਟੇਟਰ ਦੇ ਪ੍ਰਸੰਸਕ ਹਾਂ ਪਰ ਹਾਕੀ ਜਗਤ ਦਾ ਇਸ ਪੱਖੋਂ ਹਾਲ ਉਤਸ਼ਾਹਵਰਧਕ ਨਹੀਂ ਹੈ।
ਹਾਕੀ ਜਗਤ ਵਿਚ ਇਸ ਪੱਖੋਂ ਬਹੁਤ ਕਮੀਆਂ ਨਜ਼ਰ ਆ ਰਹੀਆਂ ਹਨ। ਹਾਕੀ ਜਗਤ ਨੂੰ ‘ਉਲੰਪੀਅਨਿਜ਼ਮ’ ਨੇ ਮਾਰ ਸੁੱਟਿਆ ਹੈ। ਇਸ ਖੇਡ ਸੰਸਾਰ ਨੂੰ ਕਬੱਡੀ ਖੇਡ ਜਗਤ ਤੋਂ ਸਿੱਖਣ ਦੀ ਲੋੜ ਹੈ। ਕਬੱਡੀ ਦੀ ਕੁਮੈਂਟਰੀ ਫੀਲਡ ਕੁਮੈਂਟਰੀ ਵੀ ਹੈ। ਹਾਕੀ ਖੇਡ ਨੂੰ ਭਾਰਤ ਵਿਚ ਲੋਕਪ੍ਰਿਆ ਕਰਨ ਲਈ ਬਹੁਤ ਪ੍ਰਤਿਭਾਸ਼ਾਲੀ ਸਪੋਰਟਸ ਐਂਕਰ ਦੀ ਲੋੜ ਹੈ। ਖੇਡ ਕੁਮੈਂਟੇਟਰ ਦੀ ਜ਼ਰੂਰਤ ਹੈ, ਜ਼ਰੂਰੀ ਨਹੀਂ ਕਿ ਮਾਇਕ ਕਿਸੇ ਉਲੰਪੀਅਨ ਦੇ ਹੱਥ ਵਿਚ ਹੋਵੇ। ਪਿਛਲੇ ਕਈ ਦਹਾਕਿਆਂ ਤੋਂ ਭਾਰਤ ਦੀ ਧਰਤ ‘ਤੇ ਆਯੋਜਿਤ ਹੋਣ ਵਾਲੇ ਹਾਕੀ ਟੂਰਨਾਮੈਂਟ ਦੇਖ ਰਹੇ ਹਾਂ। ਇਹ ਖੇਡ ਕੁਮੈਂਟਰੀ ਕਰਨ ਵਾਲੇ ਕੋਈ ਰੰਗ ਨਹੀਂ ਬੰਨ੍ਹਦੇ, ਕਿਉਂਕਿ ਇਨ੍ਹਾਂ ਕੋਲ ਐਂਕਰਿੰਗ ਕਰਨ ਦਾ ਤਜਰਬਾ ਨਹੀਂ। ਇਹ ਉਹ ਲੋਕ ਕਰ ਸਕਦੇ ਹਨ, ਐਂਕਰਿੰਗ ਜਿਨ੍ਹਾਂ ਦਾ ਪ੍ਰੋਫੈਸ਼ਨ ਹੈ। ਇਸ ਹੁਨਰ ਨੂੰ ਸਿੱਖਣ ਲਈ, ਜਿਨ੍ਹਾਂ ਨੇ ਜੀਵਨ ‘ਚ ਕਠਿਨ ਘਾਲਣਾ ਕੀਤੀ ਹੈ। ਹਾਕੀ ਕੁਮੈਂਟੇਟਰ ਜਸਦੇਵ ਸਿੰਘ ਕੀ ਕੋਈ ਹਾਕੀ ਉਲੰਪੀਅਨ ਸੀ? ਉਨ੍ਹਾਂ ਨੇ ਆਪਣੇ ਸੁਰੀਲੇ ਅੰਦਾਜ਼ ਅਤੇ ਸ਼ਬਦਾਂ ਦੇ ਜਾਦੂ ਨਾਲ ਪੂਰਾ ਵਿਸ਼ਵ ਕੀਲ ਸੁੱਟਿਆ ਸੀ। ਹਾਕੀ ਮੁਹੱਬਤੀ ਦ੍ਰਿਸ਼ ਖਿੱਚ ਕੇ।
ਸੱਚ ਤਾਂ ਇਹ ਹੈ ਕਿ ਅੱਜਕਲ੍ਹ ਤਾਂ ਜਸਦੇਵ ਸਿੰਘ ਵੇਲੇ ਦਾ ਵਕਤ ਵੀ ਨਹੀਂ ਰਿਹਾ। ਖੇਡ ਮੈਦਾਨਾਂ ‘ਚ ਦਰਸ਼ਕ ਬਣ ਕੇ ਆ ਰਿਹਾ ਖੇਡ ਪ੍ਰੇਮੀ ਹੁਣ ਖੂਬ ਰੁਮਾਂਚਿਤ ਹੋਣਾ ਚਾਹੁੰਦਾ ਹੈ, ਆਨੰਦਿਤ ਹੋਣਾ ਚਾਹੁੰਦਾ ਹੈ, ਖਿਡਾਰੀਆਂ ਨਾਲ ਜੁੜਨਾ ਚਾਹੁੰਦਾ ਹੈ, ਉਤਸ਼ਾਹਿਤ ਹੋਣਾ ਚਾਹੁੰਦਾ ਹੈ, ਤਾੜੀਆਂ ਮਾਰਨਾ ਚਾਹੁੰਦਾ ਹੈ, ਹੱਲਾ-ਗੁੱਲਾ ਕਰਨਾ ਚਾਹੁੰਦਾ ਹੈ। ਉਹ ਇਹ ਜਾਣਨਾ ਚਾਹੁੰਦਾ ਹੈ ਕਿ ਉਸ ਦਾ ਏਨੇ ਵੱਡੇ ਹਜੂਮ ਵਿਚ ਕੀ ਰੋਲ ਹੈ, ਕੀ ਮਹੱਤਤਾ ਹੈ। ਉਹ ਕੁਮੈਂਟਰੀ ਕਰਨ ਵਾਲੇ ਨਾਲ ਆਪਣੀ ਸਾਂਝ ਪਾਉਣੀ ਚਾਹੁੰਦਾ ਹੈ ਪਰ ਵੱਖ-ਵੱਖ ਹਾਕੀ ਟੂਰਨਾਮੈਂਟਾਂ ‘ਚ ਕੁਮੈਂਟਰੀ ਦੀ ਡਿਊਟੀ ਨਿਭਾਅ ਰਹੇ ਇਹ ਸਾਬਕਾ ਖਿਡਾਰੀ ਸਾਨੂੰ ਅਸਫਲ ਜਿਹੇ ਨਜ਼ਰ ਆ ਰਹੇ ਹਨ। ਉਨ੍ਹਾਂ ਕੋਲ ਹਾਕੀ ਖੇਡ ਦਾ ਸਕਿੱਲ ਹੈ ਪਰ ਮੰਚ ਅਤੇ ਮਾਈਕ ਦਾ ਹੁਨਰ ਨਹੀਂ, ਬੋਲਣ ਦਾ ਅੰਦਾਜ਼ ਨਹੀਂ, ਦਰਸ਼ਕਾਂ ਨੂੰ ਉਤਸ਼ਾਹਿਤ ਕਰਨ ਦਾ ਵਲ ਨਹੀਂ, ਰੁਮਾਂਚਿਤ ਕਰਨ ਦਾ ਤਰੀਕਾ ਨਹੀਂ ਆਉਂਦਾ। ਖੇਡ ਦੇ ਤਕਨੀਕੀ ਪੱਖਾਂ ਬਾਰੇ ਉਹ ਬਹੁਤ ਹੀ ਨੀਰਸ ਅੰਦਾਜ਼ ‘ਚ ਬੋਲਦੇ ਹਨ।
ਦਰਸ਼ਕਾਂ ਅਤੇ ਖਿਡਾਰੀਆਂ ਦੀ ਕੋਈ ਆਪਸੀ ਸਾਂਝ ਨਹੀਂ ਬਣਦੀ। ਕ੍ਰਿਕਟ ਖੇਡ ਕੋਲ ਵੀ ਬਹੁਤ ਪ੍ਰਤਿਭਾਸ਼ਾਲੀ ਐਂਕਰ ਹਨ, ਜੋ ਮੈਦਾਨ ‘ਚ ਪੂਰਾ ਮਾਹੌਲ ਆਪਣੇ ਜੋਸ਼ੀਲੇ ਅੰਦਾਜ਼ ਨਾਲ ਬਣਾਉਂਦੇ ਦੇਖੇ ਗਏ ਹਨ ਪਰ ਬਦਕਿਸਮਤੀ ਹਾਕੀ ਖੇਡ ਦੀ ਜੋ ਅਜੇ ਤੱਕ ਵੀ ਲਕੀਰ ਦੀ ਫਕੀਰ ਬਣੀ ਹੋਈ ਹੈ। ਹਾਕੀ ਇਕ ਦਰਸ਼ਨੀ ਖੇਡ ਹੈ। ਇਸ ਖੇਡ ਨੂੰ ਕਬੱਡੀ ਖੇਡ ਦੀ ਕੁਮੈਂਟਰੀ ਕਰਨ ਵਰਗੇ ਪ੍ਰਤਿਭਾਸ਼ਾਲੀ ਬੁਲਾਰੇ ਮਿਲ ਜਾਣ ਤਾਂ ਇਹ ਬਹੁਤ ਜ਼ਿਆਦਾ ਲੋਕਪ੍ਰਿਆ ਹੋ ਸਕਦੀ ਹੈ। ਫਿਰ ‘ਦਿਲ ਦੋ ਹਾਕੀ ਕੋ’ ਵਾਲੀ ਗੱਲ ਸੱਚ ਸਾਬਤ ਹੋ ਸਕਦੀ ਹੈ। ਮੌਜੂਦਾ ਹਾਕੀ ਕੁਮੈਂਟਰੀ ਲੋਕਾਂ ਦੇ ਦਿਲਾਂ ਨੂੰ ਛੂੰਹਦੀ ਨਹੀਂ।
ਭਾਰਤ ‘ਚ ਵੱਖ-ਵੱਖ ਸ਼ਹਿਰਾਂ ‘ਚ ਆਯੋਜਿਤ ਹੋਣ ਵਾਲੇ ਹਾਕੀ ਟੂਰਨਾਮੈਂਟਾਂ ਨੂੰ ਜ਼ਰਾ ਧਿਆਨ ਨਾਲ ਦੇਖਿਓ, ਭਾਵੇਂ ਉਹ ਕੌਮਾਂਤਰੀ ਹੋਣ ਜਾਂ ਘਰੇਲੂ, ਉਥੇ ਸਪੋਰਟਸ ਐਂਕਰ ਦੀ ਕਮੀ ਸ਼ਿੱਦਤ ਨਾਲ ਮਹਿਸੂਸ ਹੋ ਰਹੀ ਹੁੰਦੀ ਹੈ। ਟੂਰਨਾਮੈਂਟ ਦਾ ਆਗਾਜ਼, ਮੁੱਖ ਮਹਿਮਾਨ ਦਾ ਸਵਾਗਤ, ਖਿਡਾਰੀਆਂ ਦਾ ਮੈਦਾਨ ‘ਚ ਪ੍ਰਵੇਸ਼, ਮੈਚ ਦੀ ਸ਼ੁਰੂਆਤ, ਮੈਚ ਦੇ ਜੋਸ਼ੀਲੇ, ਰੁਮਾਂਚਿਕ ਪਲ, ਦਰਸ਼ਕਾਂ ਵਲੋਂ ਹੱਲਾਸ਼ੇਰੀ, ਖਿਡਾਰੀਆਂ ਦਾ ਸਨਮਾਨ, ਮੈਦਾਨੀ ਮਾਹੌਲ ਆਦਿ ਲਈ ਕਿਸੇ ਪ੍ਰਤਿਭਾਸ਼ਾਲੀ ਸਪੋਰਟਸ ਐਂਕਰ, ਖੇਡ ਕੁਮੈਂਟੇਟਰ ਦੀ ਜ਼ਰੂਰਤ ਹੁੰਦੀ ਹੈ, ਜੋ ਹਾਕੀ ਦੇ ਮੈਦਾਨਾਂ ਵਿਚ ਨਹੀਂ ਲੱਭਦਾ। ਅਸੀਂ ਕਬੱਡੀ ਖੇਡ ਕੁਮੈਂਟੇਟਰਾਂ ਦੀ ਪ੍ਰਸੰਸਾ ਕਰਦੇ ਹਾਂ ਜੋ ਚਲਦੇ ਹੋਏ ਮੈਚ ਵਿਚ ਖਿਡਾਰੀਆਂ ਦਾ ਦਿਲਚਸਪ ਤਰੀਕੇ ਨਾਲ ਬਾਇਓਡਾਟਾ ਪੇਸ਼ ਕਰਦੇ ਹਨ, ਉਥੇ ਦਰਸ਼ਕਾਂ ਦੇ ਵੱਡੇ ਹਜੂਮ ਨੂੰ ਉਸ ਇਲਾਕੇ ਦੇ ਖੇਡ ਇਤਿਹਾਸ, ਉਸ ਇਲਾਕੇ ਦੇ ਨਾਮਵਰ ਖਿਡਾਰੀਆਂ ਬਾਰੇ ਵਿਸਥਾਰ ਨਾਲ ਦੱਸਦੇ ਹਨ, ਸ਼ਿਅਰੋ-ਸ਼ਾਇਰੀ ਅਤੇ ਕਬੱਡੀ ਇਤਿਹਾਸ ਨਾਲ ਵੀ ਜੋੜੀ ਰੱਖਦੇ ਹਨ। ਆਪਣੇ ਆਵਾਜ਼ ਦੇ ਜਾਦੂ ਨਾਲ ਉਹ ਕਬੱਡੀ ਖੇਡ ਦੇ ਜਾਦੂ ਦਾ ਵੀ ਦਰਸ਼ਕਾਂ ਅਤੇ ਖੇਡ ਪ੍ਰੇਮੀਆਂ ‘ਤੇ ਪੂਰੀ ਤਰ੍ਹਾਂ ਅਸਰ ਪਵਾ ਦਿੰਦੇ ਹਨ। ਕੀ ਹਾਕੀ ਖੇਡ ਲਈ ਵੀ ਏਦਾਂ ਦਾ ਰੁਝਾਨ ਸ਼ੁਰੂ ਹੋ ਸਕਦੈ?