ਜਿਨ੍ਹਾਂ ਦੀ ਯਾਰੀ ਗੁਫਾਵਾਂ ਦੇ ਗਿੱਦੜਾਂ ਨਾਲ ਐ

ਮਨਜੀਤ ਸਿੰਘ ਰਾਜਪੁਰਾ

 

ਪੰਜਾਬ ਦਾ ਇਕ ਟਰੱਕ ਡਰੈਵਰ ਕਈ ਸਾਲ ਐਲੋਰਾਂ(ਔਰੰਗਾਬਾਦ) ਦੀਆਂ ਗੁਫਾਵਾਂ ਦੇ ਮੂਹਰੇ ਨੁੂੰ ਟਰੱਕ ਲੈ ਕੇ ਲੰਘਦਾ ਰਿਹਾ। ਮੈਂ ਉਸ ਨੂੰ ਪੁੱਛਿਆ ਕਿ ਤੂੰ ਗੁਫਾਵਾਂ ਵੇਖੀਆਂ ? ਉਹ ਕਹਿੰਦਾ ਆਪਾਂ ਕੀ ਲੈਣਾ ਗੁਫਾਵਾਂ ਤੋਂ ? ਆਪਾਂ ਮਾਲ ਛਕ ਕੇ ਮਾਲ ਟਿਕਾਣੇ ਲਾਉਣਾ ਹੁੰਦਾ। ਨਾਲੇ ਗੁਫਾਵਾਂ ਚ ਤਾਂ ਗਿੱਦੜ ਰਹਿੰਦੇ ਐ।

ਪਰ ਕਈ ਅਜਿਹੇ ਵੀ ਹੁੰਦੇ ਐ ਜਿਨ੍ਹਾਂ ਦੀ ਯਾਰੀ ਹੀ ਗੁਫਾਵਾਂ ਦੇ ਗਿੱਦੜਾਂ ਨਾਲ ਹੁੰਦੀ ਹੈ। ਇਸ ਕਰਕੇ ਉਹ ਗੁਫਾਵਾਂ ਨੂੰ ਐਦਾਂ ਟੋਲਦੇ ਫਿਰਦੇ ਐ ਜਿਵੇਂ ਛੜਾ ਪਿੰਡ ਚ ਆਪਣੀ ਗੁਆਚੀ ਬੱਕਰੀ ਲੱਭਦਾ ਫਿਰਦਾ।

ਕੇਰਲਾ ਦਾ ਵਿਪਨ ਤੇ ਸ਼ਿਲਪਾ ਕੇਰਲਾ ਤੋਂ ਸਾਰਾ ਹਿੰਦੋਸਤਾਨ ਘੁੰਮਣ ਚੱਲੇ ਤੇ ਮੈਨੂੰ ਇੰਜ ਆ ਟੱਕਰੇ ਜਿਵੇਂ ਬੰਦਾ ਮੇਲੇ ਚ ਬੜੇ ਚਿਰ ਬਾਅਦ ਆਪਣੀ ਦੂਰ ਦੀ ਸਾਲੀ ਨੂੰ ਟੱਕਰ ਪਵੇ। ਉਂਜ ਪਤਾ ਨਹੀਂ ਕੀ ਗੱਲ, ਅਜਿਹੀਆਂ ਸਾਲੀਆਂ ਦੂਰ ਤੋਂ ਹੀ ਮੇਰੇ ਵੱਲ ਇੰਜ ਖਿੱਚੀਆਂ ਆਉਂਦੀਆਂ, ਜਿਵੇਂ ਦਰਿਆ ਦਾ ਪਾਣੀ ਲੱਕੜ ਦੀਆਂ ਬੱਲੀਆਂ ਨੂੰ ਛੇਤੀ ਉਨ੍ਹਾਂ ਦੇ ਟਿਕਾਣੇ ਤੇ ਪਹੁੰਚਾ ਕੇ ਸੁਰਖਰੂ ਹੋਣਾ ਚਾਹੁੰਦਾ ਹੋਵੇ।

ਲੇਹ ਨੁੂੰ ਜਾਂਦੇ ਹੋਏ ਵਿਪਨ ਤੇ ਸ਼ਿਲਪਾ ਦਾ ਮੈਨੁੂੰ ਸੁਨੇਹਾ ਮਿਲਿਆ ਕਿ ਤੈਨੂੰ ਟੋਲਦੇ ਫਿਰਦੇ ਆਂ, ਤੇਰਾ ਟਿਕਾਣਾ ਕਿੱਥੇ ਐ। ਮੈਂ ਕਿਹਾ ਸੱਚੀ ਪੁੱਛੋ ਤਾਂ ਆਪਣਾ ਉਸ ਕਿੱਕਰ ਵਰਗਾ ਹਾਲ ਐ ਜਿਸ ਦੇ ਆਪਣੇ ਸੱਕ ਦਾ ਉਸ ਨੁੂੰ ਤਾਂ ਕੋਈ ਫਾਇਦਾ ਨੀ ਪਰ
ਜਿਹੜੀ ਹੋਰਾਂ ਨੂੰ ਦਾਤਣਾਂ ਕਰਵਾਈ ਜਾਂਦੀ ਐ।

ਜਾਂਦੇ ਹੋਏ ਤਾਂ ਉਹ ਸਿਰਫ ਦੁਪਹਿਰਾ ਕੱਟ ਕੇ ਹੀ ਚਲੇ ਗਏ ਜਿਵੇਂ ਖੇਤਾਂ ਚ ਭਰਜਾਈ, ਜੇਠ ਦੀ ਰੋਟੀ ਫੜਾ ਕੇ ਤੁਰ ਜਾਂਦੀ ਐ।

ਜਦੋਂ ਉਹ ਲੇਹ ਤੋਂ ਪਰਤ ਰਹੇ ਸੀ ਤਾਂ ਰਾਜਪੁਰੇ ਤੋਂ ਦਸ ਕੁ ਕਿਲੋਮੀਟਰ ਦੂਰ ਡਿਜ਼ੀਟਲ ਇੰਡੀਆ ਦੇ ਖੱਡੇ ਨੇ ਮੋਟਰ ਸੈਕਲ ਦਾ ਚੱਕਾ ਤਾਂ ਵਿੰਗਾ ਕੀਤਾ ਹੀ, ਉਨ੍ਹਾਂ ਦੇ ਚੰਗੀਆਂ ਰਗੜਾਂ ਵੀ ਲਾਈਆਂ।
ਮੈਨੂੰ ਵਿਪਨ ਦਾ ਫੋਨ ਆ ਗਿਆ। ਮੈਂ ਕਿਹਾ ਚਿੰਤਾ ਨਾ ਕਰ ਆਪਾਂ ਬੇਸ਼ੱਕ ਇਕ ਕੱਟੇ ਦੇ ਹੀ ਮਾਲਕ ਹਾਂ ਪਰ ਆਪਣੇ ਯਾਰ ਹੱਡਾਰੋੜੀ ਦੇ ਠੇਕੇਦਾਰ ਨੇ।

ਰਾਤ ਨੂੰ ਦਸ ਵਜੇ ਇਕ ਬੇਲੀ ਨੂੰ ਕਿਹਾ ਕਿ ਮਿੱਤਰਾ ਪੰਜਾਬ ਦੀ ਪੱਗ ਦਾ ਸਵਾਲ ਐ, ਛੇਤੀ ਗੱਡੀ ਲੈ ਕੇ ਆ। ਅਸੀਂ ਗੱਡੀ ਚੱਕ ਕੇ ਵਿਪਨ ਉਨ੍ਹਾਂ ਕੋਲ ਵੱਜੇ। ਮੋਟਰਸੈਕਲ ਰਾਹ ਚ ਇਕ ਪਿੰਡ ਚ ਖੜਾ ਕੀਤਾ ਤੇ ਉਨ੍ਹਾਂ ਦਾ ਸਮਾਨ ਗੱਡੀ ਚ ਲੱਦ ਕੇ, ਆਪਣੇ ਯਾਰ ਦੇ ਬਣਾਏ ਇਕ ਵਿਆਹ ਮਹਿਲ ਚ ਜਾ ਐਦਾਂ ਜਾ ਰੱਖਿਆ ਜਿਵੇਂ ਨਵੀਂ ਵਿਆਹੀ ਦੀ ਵਰੀ ਪੇਟੀ ਚ ਰੱਖੀ ਹੁੰਦੀ ਐ।

ਵਿਪਨ ਹੈਰਾਨੀ ਨਾਲ ਕਹਿੰਦਾ ਕਿ ਯਾਰ ਤੇਰਾ ਘਰ ਬਹੁਤ ਵੱਡਾ। ਮੈੈਂ ਆਪਣੇ ਮਨ ਵਿਚ ਕਿਹਾ ਕਿ ਮਿੱਤਰਾ ਇਹ ਘਰ ਤਾਂ ਉਸ ਟੋਭੇ ਵਰਗਾ ਜਿਸ ਵਿਚ ਜਿੰਨੀਆਂ ਮਰਜ਼ੀ ਮੱਝਾਂ ਵਾੜੀ ਜਾਉ, ਉਸ ਦੇ ਪਾਣੀ ਨੂੰ ਕੋਈ ਫਰਕ ਨੀ ਪੈਂਦਾ।

ਇਟਲੀ ਆਲਾ ਮਾਸੀ ਮਰੀਆਨੋ ਇਸੇ ਘਰ ਵਿਚ ਅੱਠ ਦਿਨ ਪਿਆ ਰਿਹਾ ਜਿਵੇਂ ਝੋਟਾ ਜੇਠ ਦੀ ਤਿੱਖੜ ਦੁਪਹਿਰ ਨੂੰ ਟੋਭੇ ਦੇ
ਪਾਣੀ ਚ ਬੈਠਾ ਜੁਗਾਲੀ ਕਰ ਰਿਹਾ ਹੋਵੇ।
ਅਗਲੇ ਦਿਨ ਵਿਪਨ ਹੁਰਾਂ ਦਾ ਮੋਟਰ ਸੈਕਲ ਲੱਦ ਕੇ ਰਾਜਪੁਰੇ ਲਿਆਂਦਾ ਤੇ ਉਸ ਦੇ ਦੋਵੇਂ ਚੱਕੇ ਬਦਲਵਾਏ।
ਵਿਪਨ ਦੀ ਮੈਂ ਆਪਣੇ ਕੇਰਲਾ ਆਲੇ ਆੜੀ ਆਈਸੈਕ ਪਾਲ ਨਾਲ ਗੱਲ ਕਰਵਾਈ ਤਾਂ ਉਸ ਨੂੰ ਇੰਜ ਲੱਗਿਆ ਜਿਵੇਂ ਉਸ ਨੁੂੰ ਉਸ ਦੀ ਮਾਸੀ ਦਾ ਪੁੱਤ ਮਿਲ ਗਿਆ ਹੋਵੇ।

ਜਿਸ ਦਿਨ ਉਨ੍ਹਾਂ ਨੇ ਜਾਣਾ ਸੀ, ਵਿਪਨ ਤੇ ਸ਼ਿਲਪਾ ਰੂਹ ਦੇ ਪਾਣੀਆਂ ਚ ਗੋਤੇ ਲਾ ਕੇ ਕਹਿੰਦੇ, ਭਾਅ ਜੀ ਪਤਾ ਨੀ ਕੀ ਗੱਲ ਜਾਣ ਨੂੰ ਜੀਅ ਨੀ ਕਰਦਾ, ਰਾਜਪੁਰੇ ਤੋਂ।
ਮੈਂ ਕਿਹਾ ਕੋਈ ਗੱਲ ਨੀ, ਚੌਲਾਂ ਨਾਲ ਮੁਰਗਾ ਖਾਣ ਲਈ ਆਪਣੇ ਯਾਰ ਦਾ ਢਾਬਾ ਹੈਗਾ, ਜਿੱਥੇ ਤੁਸੀਂ ਵੇਖ ਈ ਲਿਆ ਆਪਣਾ ਖੁੱਲ੍ਹਾ ਖਾਤਾ ਚਲਦਾ ਤੇ ਲਿਟਣ ਲਈ ਆਹ ਵਿਆਹ ਮਹਿਲ ਹੈਗਾ, ਭਾਵੇਂ ਮਹੀਨਾ ਰਹੋ।
ਖੈਰ, ਬਈ ਉਨ੍ਹਾਂ ਨੇ ਜਾਣਾ ਸੀ ਤੇ ਚਲੇ ਗਏ। ਪਰ ਜਾਂਦੇ ਹੋਏ ਸੱਦਾ ਦੇ ਗਏ ਕਿ ਜਦੋਂ ਵੀ ਜੀਅ ਕਰੇ ਤ੍ਰਿਵੇਂਦਰਮ ਆਉ ਤੇ ਜਿੰਨੇ ਮਰਜ਼ੀ ਦਿਨ ਸਾਡੇ ਘਰ ਲਿਟੋ।

ਮੈਂ ਕਿਹਾ ਚਿੰਤਾ ਨਾ ਕਰੋ, ਜੇ ਸਿਆਲ ਚ ਲੱਤਾਂ ਤੋਂ ਨਿੱਸਲ ਹੋਏ ਬਲਦ ਵਾਂਗ ਤੁਹਾਡੇ ਘਰ ਛਾਉਣੀ ਨਾ ਪਾ ਲਈ ਤੁਸੀਂ ਵੀ ਕੀ ਯਾਦ ਕਰੋਗੇ।

Leave a Reply

Your email address will not be published. Required fields are marked *