ਇਕ ਲੱਤ ਨਾਲ ਹੀ ਰਿਹਾ ਦੌੜ, ਕਈ ਦੋ ਆਲਿਆਂ ਦੇ ਵੀ ਉਠਦੇ ਨੀ ਪੌੜ

0
142

‘ਮੈਨੇ ਭੀ ਲਗਾਈ ਹੈ ਦੌੜ ਦੁਨੀਆ ਕੋ ਮਾਪਨੇ ਕੀ, ਯੇਹ ਤਸਵੀਰ ਨਹੀ ਹੈ ਹਕੀਕਤ ਹੈ ਮੇਰੇ ਇਸ ਅਫਸਾਨੇ ਕੀ।’ ਇਹ ਆਪਣੇ ਮੂੰਹੋਂ ਆਖਦਾ ਹੈ ਸੁਮਿਤ ਕੁਮਾਰ ਜੋ ਇਕ ਲੱਤੋਂ ਅਪਾਹਜ ਹੈ ਪਰ ਉਹ ਵੀ ਅਮਨ, ਸ਼ਾਂਤੀ ਅਤੇ ਸਵਸਥ ਭਾਰਤ ਦਾ ਸੁਨੇਹਾ ਦਿੰਦਾ ਹੈ ਦੌੜ ਕੇ ਤੇ ਲੋਕ ਉਸ ਦੇ ਹੌਸਲੇ ਦੀ ਦਾਦ ਦਿੰਦੇ ਹਨ। ਸੁਮਿਤ ਕੁਮਾਰ ਦਾ ਜਨਮ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਅਲੀਗੜ੍ਹ ਦੇ ਪਿੰਡ ਬਾਜੌਤਾ ਵਿਚ ਪਿਤਾ ਜਗਵੀਰ ਸਿੰਘ ਦੇ ਘਰ ਮਾਤਾ ਰੇਖਾ ਦੇਵੀ ਦੀ ਕੁੱਖੋਂ 8 ਫਰਵਰੀ, 1996 ਨੂੰ ਹੋਇਆ ਅਤੇ ਉਹ ਤਿੰਨ ਭਰਾਵਾਂ ਵਿਚੋਂ ਸਭ ਤੋਂ ਵੱਡਾ ਹੋਣ ਕਰਕੇ ਆਪਣੇ ਪਰਿਵਾਰ ਦਾ ਬੋਝ ਵੀ ਝੱਲ ਰਿਹਾ ਸੀ, ਕਿਉਂਕਿ ਰੱਬ ਦੀ ਕਰਨੀ, ਉਸ ਦੀ ਮਾਤਾ ਰੇਖਾ ਦੇਵੀ ਪਰਿਵਾਰ ਨੂੰ ਛੇਤੀ ਹੀ ਵਿਛੋੜਾ ਦੇ ਗਈ। ਸੁਮਿਤ ਕੁਮਾਰ ਬਚਪਨ ਤੋਂ ਹੀ ਅਪਾਹਜ ਨਹੀਂ ਸੀ, ਸਗੋਂ ਉਹ ਇਕ ਜਾਂਬਾਜ਼ ਯੋਧਿਆਂ ਵਰਗਾ ਸੀ ਅਤੇ ਉਸ ਨੂੰ ਬਚਪਨ ਤੋਂ ਹੀ ਖੇਡਣ ਦਾ ਅੰਤਾਂ ਦਾ ਸ਼ੌਕ ਸੀ ਅਤੇ ਉਹ ਅੰਤਰਰਾਸ਼ਟਰੀ ਪੱਧਰ ‘ਤੇ ਇਕ ਸਫ਼ਲ ਵੇਟਲਿਫਟਰ ਬਣ ਕੇ ਦੇਸ਼ ਦਾ ਨਾਂਅ ਚਮਕਾਉਣਾ ਚਾਹੁੰਦਾ ਸੀ ਅਤੇ ਨਾਲ ਹੀ ਉਹ ਫੌਜ ਵਿਚ ਭਰਤੀ ਹੋ ਕੇ ਜਿੱਥੇ ਆਪਣੇ ਪਰਿਵਾਰ ਨੂੰ ਅੱਗੇ ਤੋਰਨਾ ਚਾਹੁੰਦਾ ਸੀ, ਉਥੇ ਉਸ ਦੇ ਅੰਦਰ ਦੇਸ਼-ਭਗਤੀ ਦਾ ਜਜ਼ਬਾ ਵੀ ਕੁੱਟ-ਕੁੱਟ ਕੇ ਭਰਿਆ ਹੋਇਆ ਸੀ ਪਰ 13 ਅਗਸਤ, 2016 ਦਾ ਦਿਨ ਸੁਮਿਤ ਕੁਮਾਰ ਲਈ ਉਹ ਮਨਹੂਸ ਦਿਨ ਸੀ ਕਿ ਉਸ ਦੀ ਹੌਸਲਿਆਂ ਭਰੀ ਜ਼ਿੰਦਗੀ ਹਾਰ ਦੇ ਡੂੰਘੇ ਖੱਡੇ ਵਿਚ ਜਾ ਡਿਗੀ। ਉਹ ਸ਼ਨੀਦੇਵ ਦੇ ਮੰਦਰ ‘ਚੋਂ ਪੂਜਾ ਕਰਕੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਘਰ ਪਰਤ ਰਿਹਾ ਸੀ ਕਿ ਪਲਵਲ ਹਰਿਆਣਾ ਕੋਲ ਉਸ ਦੇ ਮੋਟਰਸਾਈਕਲ ਨੂੰ ਪਿੱਛੇ ਤੋਂ ਇਕ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਦੌਰਾਨ ਸੁਮਿਤ ਕੁਮਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।
ਇਸ ਗੰਭੀਰ ਹਾਦਸੇ ਪਿੱਛੋਂ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਸ ਨੂੰ ਇਕ ਲੱਤ ਤੋਂ ਹੱਥ ਧੋਣਾ ਪਿਆ। ਸੁਮਿਤ ਕੁਮਾਰ ਦੀ ਹੌਸਲਿਆਂ ਦੀ ਉਡਾਨ ਇਕਦਮ ਫਿੱਕੀ ਪੈ ਗਈ। ਉਹ ਸੋਚਦਾ ਕਿ ਕਿਸ ਤਰ੍ਹਾਂ ਕੱਟੇਗੀ ਹੁਣ ਅਗਾਂਹ ਦੀ ਜ਼ਿੰਦਗੀ? ਇਹ ਇਕ ਅਣਬੁੱਝਿਆ ਸਵਾਲ ਸੀ ਅਤੇ ਬੀਤੇ ਵਕਤ ਵਿਚ ਜਿਹੜਾ ਸੁਮਿਤ ਜ਼ਿੰਦਗੀ ਜਿਊਣ ਦੀਆਂ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਸੀ, ਹੁਣ ਉਸ ਦੇ ਕਦਮ, ਕਦਮ-ਦਰ-ਕਦਮ ਲੜਖੜਾ ਗਏ। ਵਕਤ ਬੀਤਦਾ ਗਿਆ, ਨਿਰਾਸ਼ ਜ਼ਿੰਦਗੀ ‘ਚੋਂ ਵੀ ਸੁਮਿਤ ਨੇ ਆਸ ਦੀ ਕਿਰਨ ਤੱਕੀ ਅਤੇ ਬੈਸਾਖੀ ਦੇ ਸਹਾਰੇ ਜ਼ਿੰਦਗੀ ਦੀ ਵਾਟ ਮਾਪਣੀ ਸ਼ੁਰੂ ਕਰ ਦਿੱਤੀ ਅਤੇ ਨਾਲ ਹੀ ਗੁੜਗਾਓਂ ਵਿਖੇ ਇਕ ਪ੍ਰਾਈਵੇਟ ਕੰਪਨੀ ਵਿਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਪਰਿਵਾਰ ਨੇ ਉਸ ਨੂੰ ਹੌਸਲੇ ਦੇ ਨਾਲ ਦਿੱਲੀ ਵਿਖੇ ਲਿਜਾ ਕੇ ਜਰਮਨੀ ਦੀ ਇਕ ਕੰਪਨੀ ਆਟੋਬਾਕ ਤੋਂ ਉਸ ਦੇ ਨਕਲੀ ਲੱਤ ਲਗਾ ਦਿੱਤੀ, ਜਿਸ ਨਾਲ ਉਸ ਲਈ ਚੱਲਣਾ ਸੁਖਾਲਾ ਹੋ ਗਿਆ। ਸੁਮਿਤ ਕੁਮਾਰ ਨੇ ਆਪਣੇ-ਆਪ ਨੂੰ ਪੂਰੀ ਹਿੰਮਤ ਅਤੇ ਦਲੇਰੀ ਨਾਲ ਸੰਭਾਲ ਲਿਆ ਅਤੇ ਹੁਣ ਉਹ ਕੁਝ ਕਰਨਾ ਚਾਹੁੰਦਾ ਸੀ, ਜਿਸ ਨਾਲ ਉਹ ਦੂਸਰਿਆਂ ਲਈ ਮਿਸਾਲ ਬਣ ਸਕੇ ਅਤੇ ਉਸ ਨੇ ਫ਼ੈਸਲਾ ਲਿਆ ਕਿ ਉਹ ਮੈਰਾਥਨ ਦੌੜ ਵਿਚ ਹਿੱਸਾ ਲਿਆ ਕਰੇਗਾ ਅਤੇ ਉਸ ਨੇ ਅਜਿਹਾ ਹੀ ਕੀਤਾ ਤੇ ਜਦ ਦੌੜਿਆ ਤਾਂ ਬਸ ਦੌੜਦਾ ਹੀ ਗਿਆ ਅਤੇ ਅੱਜ ਤੱਕ ਉਹ ਪੰਜ ਸਫ਼ਲ ਮੈਰਾਥਨ ਦੌੜਾਂ ਦੌੜ ਚੁੱਕਾ ਹੈ ਅਤੇ ਸੁਮਿਤ ਕੁਮਾਰ ਆਖਦਾ ਹੈ ਕਿ 50 ਮੈਰਾਥਨ ਦੌੜਾਂ ਦਾ ਉਸ ਦਾ ਨਿਸ਼ਾਨਾ ਹੈ।