ਫ਼ਤਹਿਵੀਰ ਦੀ ਮੌਤ : ਲੋਕਾਂ ਦਾ ਗੁੱਸਾ 7ਵੇਂ ਆਸਾਮਾਨ, ਅੱਜ ਵੀ ਸੰਗਰੂਰ-ਸੁਨਾਮ ‘ਚ ਪੂਰਨ ਬੰਦ

ਸੰਗਰੂਰ: ਫ਼ਤਹਿਵੀਰ ਦੀ ਮੌਤ ਦੇ ਬਾਅਦ ਸਰਕਾਰ ਵਿਰੁੱਧ ਲੋਕਾਂ ਦਾ ਗੁੱਸਾ 7ਵੇਂ ਅਸਮਾਨ ‘ਤੇ ਹੈ। ਗੁੱਸੇ ‘ਚ ਆਏ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਸਿੱਧਾ ਮੋਰਚਾ ਖੋਲ੍ਹਦਿਆਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਚੱਲਦਿਆਂ ਸੰਗਰੂਰ ਤੇ ਸੁਨਾਮ ਵਿੱਚ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਹੈ। ਲੋਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੇ ਡੀਸੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਦੱਸ ਦੇਈਏ ਇਹ ਮਾਮਲਾ ਹਾਈਕੋਰਟ ਵੀ ਪਹੁੰਚ ਚੁੱਕਾ ਹੈ। ਇਸ ਸਬੰਧੀ ਹਾਈਕੋਰਟ ਵਿੱਚ ਜਨਹਿੱਤ ਪਟੀਸ਼ਨ ਲਾਈ ਗਈ ਹੈ।

ਡੀਸੀ ਦਫ਼ਤਰ ਵੱਲੋਂ ਇਸ ਬਾਰੇ ਸਫ਼ਾਈ ਵੀ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਕਿਹਾ ਕਿ ਫ਼ਤਹਿ ਦੇ ਬਚਾਅ ਕਾਰਜ ਵਿੱਚ ਨਾ ਤਾਂ ਕੋਈ ਢਿੱਲ ਵਰਤੀ ਗਈ ਤੇ ਨਾ ਹੀ ਕੋਈ ਕਮੀ ਛੱਡੀ ਗਈ ਸੀ। ਉਨ੍ਹਾਂ ਕਿਹਾ ਕਿ ਜਿੰਨੀ ਗਹਿਰਾਈ ਹੁੰਦੀ ਹੈ, ਓਨਾ ਸਮਾਂ ਤਾਂ ਰੈਸਕਿਊ ਨੂੰ ਲੱਗਦਾ ਹੀ ਹੈ। ਡੀਸੀ ਨੇ ਇਹ ਵੀ ਸਪਸ਼ਟ ਕੀਤਾ ਬੱਚਾ ਜਿਸ ਬੋਰ ਵਿੱਚ ਡਿੱਗਾ ਸੀ, ਛੇਵੇਂ ਦਿਨ ਉਸੇ ਵਿੱਚੋਂ ਬਾਹਰ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ NDRF ਵੱਲੋਂ ਬੱਚੇ ਨੂੰ ਇੰਨੀ ਡੂੰਗਾਈ ਵਿੱਚੋਂ ਕੱਢਣ ਦਾ ਇਹ ਆਪਰੇਸ਼ਨ ਅੱਜ ਤਕ ਦਾ ਸਭ ਤੋਂ ਵੱਡਾ ਆਪਰੇਸ਼ਨ ਸੀ। ਜੇ ਬੱਚਾ ਕੁਝ ਘੰਟਿਆਂ ਵਿੱਚ ਕੱਢ ਲਿਆ ਗਿਆ ਹੁੰਦਾ ਤਾਂ ਐਨਡੀਆਰਐਫ ਅੱਜ ਸਨਮਾਨਿਤ ਹੋ ਰਹੀ ਹੁੰਦੀ।

ਲੋਕਾਂ ਦਾ ਸਵਾਲ ਇਹੀ ਹੈ ਕਿ ਜੇ ਛੇਵੇਂ ਦਿਨ ਫ਼ਤਹਿ ਨੂੰ ਦੇਸੀ ਤਰੀਕੇ ਨਾਲ ਹੀ ਬੋਰ ਵਿੱਚੋਂ ਬਾਹਰ ਕੱਢਣਾ ਸੀ ਤਾਂ ਪ੍ਰਸ਼ਾਸਨ ਵੱਲੋਂ ਇੰਨਾ ਲੰਮਾ ਤੇ ਢਿੱਲਾ ਬਚਾਅ ਕਾਰਜ ਕਿਉਂ ਕੀਤਾ ਗਿਆ? ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਲੋਕਾਂ ਦੀ ਜਾਨ ਦੀ ਕੋਈ ਫ਼ਿਕਰ ਨਹੀਂ। ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ ਤੇ ਪ੍ਰਸ਼ਾਸਨ ਬੇਫਿਕਰ ਹੈ। ਫ਼ਤਹਿਵੀਰ ਦੇ ਬਚਾਅ ਕਾਰਜਾਂ ਕਰ ਰਿਹਾ ਪ੍ਰਸ਼ਾਸਨ ਪਹਿਲੇ ਦਿਨੋਂ ਹੀ ਲੋਕਾਂ ਨੂੰ ਝੂਠੇ ਲਾਰੇ ਲਾ ਰਿਹਾ ਸੀ ਕਿ ਬੱਚੇ ਨੂੰ ਜਲਦ ਕੱਢ ਲਿਆ ਜਾਏਗਾ ਪਰ ਆਖ਼ਰ ਪ੍ਰਸ਼ਾਸਨ ਦੀ ਆਪਰੇਸ਼ਨ ਫੇਲ੍ਹ ਸਾਬਿਤ ਹੋਇਆ ਤੇ ਆਮ ਬੰਦੇ ਨੇ ਹੀ ਫ਼ਤਹਿ ਨੂੰ ਬੋਰ ਵਿੱਚੋਂ ਬਾਹਰ ਕੱਢਿਆ।

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਫ਼ਤਹਿਵੀਰ ਦੇ ਮਾਮਲੇ ਵਿੱਚ ਚੁੱਪ ਬੈਠੀ ਹੈ। ਆਪਰੇਸ਼ਨ 6 ਦਿਨ ਚੱਲਿਆ ਤੇ ਮੁੱਖ ਮੰਤਰੀ ਦੀ 5ਵੇਂ ਦਿਨ ਜਾਗ ਖੁੱਲ੍ਹੀ। ਜ਼ਿਲ੍ਹਾ ਪ੍ਰਸ਼ਾਸਨ ਦੀ ਨਾਲਾਇਕੀ ਸਾਹਮਣੇ ਆਈ ਹੈ। NDRF ਵੱਲੋਂ ਵੀ ਤਜਰਬੇ ਤੇ ਤਜਰਬਾ ਕੀਤਾ ਗਿਆ ਪਰ ਬੱਚੇ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਬੱਚੇ ਨੂੰ ਬੁਰੀ ਤਰ੍ਹਾਂ ਖਿੱਚ ਕੇ ਬਾਹਰ ਕੱਢਿਆ ਗਿਆ। ਇਸੇ ਲਈ ਲੋਕਾਂ ਨੇ ਰੋਸ ਪ੍ਰਤੀ ਅੱਜ ਸੰਗਰੂਰ ਦੇ ਸਾਰੇ ਬਾਜ਼ਾਰ ਬੰਦ ਰੱਖੇ ਹਨ ਤੇ ਡੀਸੀ ਦਫ਼ਤਰ ਘੇਰਿਆ ਗਿਆ ਹੈ।

 

With help of https://abpsanjha.abplive.in/

Leave a Reply

Your email address will not be published. Required fields are marked *