ਸਰਕਾਰ ਨੇ ਸੰਤ ਸੀਚੇਵਾਲ ਤੋਂ ਪ੍ਰਦੂਸ਼ਣ ਕੰਟਰੋਲ ਦੀ ਮੈਂਬਰੀ ਖੋਹੀ

0
111

ਚੰਡੀਗੜ੍ਹ : ਅੱਜ ਪੰਜਾਬ ਸਰਕਾਰ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮੈਂਬਰੀ ਖੋਹ ਕੇ ਉਨ੍ਹਾਂ ਨੂੰ ਅਹੁੱਦੇ ਤੋਂ ਮੁਕਤ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੌਮੀ ਗਰੀਨ ਟ੍ਰਿਬਿਊਨਲ ਵੱਲੋਂ ਬੀਤੀ 14 ਨਵੰਬਰ ਨੂੰ ਦਰਿਆਵਾਂ ਵਿੱਚ ਗੰਧਲਾ ਪਾਣੀ ਮਿਲਾਏ ਜਾਣ ‘ਤੇ ਫੈਕਟਰੀਆਂ ਵਿਰੁੱਧ ਕਾਰਵਾਈ ਨਾ ਕਰਨ ‘ਤੇ ਪੰਜਾਬ ਸਰਕਾਰ ਨੂੰ 50 ਕਰੋੜ ਰੁਪਏ ਦਾ ਜ਼ੁਰਮਾਨਾ ਲਾਇਆ ਗਿਆ ਸੀ। ਇਸ ਦੌਰਾਨ ਸੰਤ ਸੀਚੇਵਾਲ ਨੇ ਸਰਕਾਰ ਦੀ ‘ਨਾਲਾਇਕੀ’ ਵੀ ਐਨਜੀਟੀ ਸਾਹਮਣੇ ਉਜਾਗਰ ਕੀਤੀ ਸੀ। ਖਾਲੀ ਖ਼ਜ਼ਾਨੇ ਦੀ ਦੁਹਾਈ ਪਾਉਣ ਵਾਲੀ ਕੈਪਟਨ ਸਰਕਾਰ ਨੂੰ 50 ਕਰੋੜ ਰੁਪਏ ਦੇ ਝਟਕੇ ਮਗਰੋਂ ਮੁੱਖ ਮੰਤਰੀ ਨੇ ਆਪਣੇ ਵਾਤਾਵਰਨ ਮੰਤਰੀ ਨੂੰ ਵੀ ਚੱਲਦਾ ਕਰ ਦਿੱਤਾ ਸੀ। ਉਨ੍ਹਾਂ ਓ.ਪੀ. ਸੋਨੀ ਤੋਂ ਵਾਤਾਵਰਨ ਮੰਤਰੀ ਦਾ ਅਹੁਦਾ ਵਾਪਸ ਲੈ ਕੇ ਖ਼ੁਦ ਇਸ ਮੰਤਰਾਲੇ ਦੀ ਕਮਾਨ ਸਾਂਭੀ ਸੀ। ਹੁਣ ਸੀਚੇਵਾਲ ਵਿਰੁੱਧ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਪੰਜਾਬ ਵਿੱਚ ਵਾਤਾਵਰਨ ਦੀ ਸਾਂਭ-ਸੰਭਾਲ ਦੇ ਖੇਤਰ ਵਿੱਚ ਸੀਚੇਵਾਲ ਵੱਡਾ ਨਾਂਅ ਹੈ ਅਤੇ ਸਰਕਾਰ ਦੇ ਇਸ ਫੈਸਲੇ ਦੀ ਵਿਰੋਧੀਆਂ ਨੇ ਨੁਕਤਾਚੀਨੀ ਵੀ ਸ਼ੁਰੂ ਕਰ ਦਿੱਤੀ ਹੈ।