ਯੂਕਰੇਨ ਵੱਲੋਂ ਰੂਸੀਆਂ ਦੇ ਦੇਸ ਦਾਖਲੇ ‘ਤੇ ਪਾਬੰਦੀ

0
158

ਯੂਕਰੇਨ ਵੱਲੋਂ ਰੂਸ ਨਾਲ ਲਗਦੇ ਇਲਾਕਿਆਂ ਵਿੱਚ ਮਾਰਸ਼ਲ ਲਾਅ ਲਾਉਣ ਮਗਰੋਂ ਯੂਕਰੇਨ ਨੇ 16ਤੋਂ 60 ਸਾਲ ਦੇ ਰੂਸੀਆਂ ਦੇ ਦੇਸ ਦਾਖਲੇ ‘ਤੇ ਪਾਬੰਦੀ ਲਾ ਦਿੱਤੀ ਹੈ। ਇਨਸਾਨੀਅਤ ਨਾਤੇ ਵਿਚਾਰੇ ਜਾਣ ਵਾਲੇ ਕੇਸਾਂ ਨੂੰ ਇਸ ਫੈਸਲੇ ਤੋਂ ਬਾਹਰ ਰੱਖਿਆ ਗਿਆ ਹੈ ਅਤੇ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਨਹੀਂ ਰੋਕਿਆ ਜਾਵੇਗਾ। ਯੂਕਰੇਨ ਨੇ ਰੂਸ ਨਾਲ ਲਗਦੇ 10 ਇਲਾਕਿਆਂ ਵਿੱਚ 26 ਦਸੰਬਰ ਤੱਕ ਮਾਰਸ਼ਲ ਲਾਅ ਲਾ ਦਿੱਤਾ ਸੀ। ਇਸ ਤੋਂ ਪਹਿਲਾਂ ਰੂਸ ਨੇ ਯੂਕਰੇਨ ਦੀਆਂ ਤਿੰਨ ਕਿਸ਼ਤੀਆਂ ਅਤੇ 24 ਜਹਾਜਰਾਨਾਂ ਨੂੰ ਫੜ ਲਿਆ ਸੀ । ਜਿਸ ਮਗਰੋਂ ਯੂਕਰੇਨ ਦੇ ਰਾਸ਼ਟਰਪਤੀ ਨੇ ਆਪਣੇ ਖੇਤਰਾਂ ਉੱਪਰ ਰੂਸੀ ਕਬਜ਼ੇ ਦਾ ਡਰ ਜ਼ਾਹਰ ਕੀਤਾ ਸੀ। ਯੂਕਰੇਨ ਦਾ ਕਹਿਣਾ ਸੀ ਕਿ ਇਪ ਫੜੋ-ਫੜੀ ਵਾਲੀ ਕਾਰਵਾਈ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਹੈ ਜਦਕਿ ਰੂਸ ਦਾ ਦਾਅਵਾ ਸੀ ਕਿ ਇਨ੍ਹਾਂ ਕਿਸ਼ਤੀਆਂ ਨੇ ਉਸਦੇ ਸਮੁੰਦਰੀ ਇਲਾਕੇ ਵਿਚ ਘੁਸਪੈਠ ਕੀਤੀ ਸੀ। ਸਾਲ 2014 ਵਿੱਚ ਯੂਕਰੇਨ ਤੋਂ ਕ੍ਰੀਮੀਆ ਪ੍ਰਾਇਦੀਪ ਕਬਜ਼ੇ ਵਿੱਚ ਲਏ ਜਾਣ ਮਗਰੋਂ ਕ੍ਰੀਮੀਆ ਦੇ ਸਮੁੰਦਰਾਂ ਵਿੱਚ ਹੋਣ ਵਾਲਾ ਇਹ ਸਭ ਤੋਂ ਹਿੰਸਕ ਤਣਾਅ ਹੈ।