ਵੇ ਦੇਖੀ ਭਾਈ ਡਾਕ ਵਾਲਿਆ- ਕਾਂਤਾ ਸ਼ਰਮਾ

ਪੰਜਾਬੀ ਦਾ ਇਹ ਸਦਾ ਬਹਾਰ ਗੀਤ ‘ਵੇ ਦੇਖੀ ਭਾਈ ਡਾਕ ਵਾਲਿਆ, ਮੇਰੇ ਢੋਲ ਦੀ ਚਿੱਠੀ ਕੋਈ ਆਈ।’’ ਮੈਨੂੰ ਅਕਸਰ ਯਾਦ ਆਉਂਦਾ ਹੈ, ਖਾਸ ਕਰ ਉਦੋਂ ਜਦੋਂ ਡਾਕੀਆ ਬਿਨਾਂ ਸਾਡੇ ਬੂਹੇ ਵਲ ਦੇਖੇ ਅੱਗੇ ਲੰਘ ਜਾਂਦਾ ਹੈ। ਅੱਜ ਕਲ ਕੋਈ ਚਿੱਠੀ ਸਾਡੇ ਦਰ ’ਤੇ ਦਸਤਕ ਨਹੀਂ ਦਿੰਦੀ। ਡਾਕੀਆ ਸਿਰਫ਼ ਉਦੋਂ ਹੀ ਗੇਟ ’ਤੇ ਰੁਕਦਾ ਹੈ ਜਦੋਂ ਕੋਈ ਸਰਕਾਰੀ ਚਿੱਠੀ, ਟੈਲੀਫ਼ੋਨ ਦਾ ਬਿਲ ਜਾਂ ਵਿਆਹ ਸ਼ਾਦੀ ਦਾ ਕਾਰਡ ਆਇਆ ਹੋਵੇ। ਚਿਠੀਆਂ ਰਾਹੀਂ ਸੁਖ ਸੁਨੇਹਿਆਂ ਦਾ ਆਦਾਨ ਪ੍ਰਦਾਨ ਹੁਣ ਬੀਤੇ ਦੀ ਕਹਾਣੀ ਬਣ ਚੁਕਿਆ ਹੈ। ਟੈਲੀਫ਼ੋਨ ਨੇ ਚਿੱਠੀਆਂ ਦੀ ਸਰਕਾਰੀ ਖ਼ਤਮ ਕਰ ਕੇ ਅਪਣੇ ਝੰਡੇ ਬੁਲੰਦ ਕਰ ਰਖੇ ਹਨ। ਜ਼ਾਮਨਾ ਬਦਲ ਗਿਆ ਹੈ। ਭੌਤਿਕ ਸੁਖ ਸਾਧਨਾਂ ਦੀ ਕੌੜ ਨੇ ਰਿਸ਼ਤਿਆਂ ’ਚ ਦੂਰੀਆਂ ਵਧਾ ਦਿਤੀਆਂ ਹਨ। ਨਿਜ ਤੋਂ ਅੱਗੇ ਕੋਈ ਸੋਚਦਾ ਹੀ ਨਹੀਂ। ਆਧੁਨਿਕ ਤਕਨੀਕਾਂ ਨੇ ਸੂਚਨਾ ਦੇ ਖੇਤਰ ’ਚ ਭੁਗੌਲਿਕ ਫ਼ਾਸਲੇ ਇਕ ਤਰ੍ਹਾਂ ਨਾਲ ਖ਼ਤਮ ਕਰ ਦਿਤੇ ਹਨ। ਹੁਣ ਹਰ ਰਿਸ਼ਤਾ ਸਾਡੇ ਕੋਲੋਂ ਬਸ ਇਕ ਫ਼ੋਨ ਕਾਲ ਦੂਰ ਹੈ। ਫਿਰ ਖ਼ਤ ਲਿਖਣ ਦੀ ਖੇਚਲ ਕੌਣ ਕਰੇ। ਖ਼ਤਾਂ ਰਾਹੀਂ ਇਕ ਦੂਜੇ ਨੂੰ ਜਾਣਨ ਸਮਝਣ ਦਾ ਅਪਣਾ ਅਨੰਦ ਸੀ। ਅੱਜ ਤੋਂ ਦੋ ਢਾਈ ਦਹਾਕੇ ਪਹਿਲਾਂ ਜਦੋਂ ਫ਼ੋਨ ਦਾ ਮੱਕੜ ਜਾਲ ਹਾਲੇ ਘਰ ਘਰ ਨਹੀਂ ਪਸਰਿਆ ਸੀ, ਉਦੋਂ ਸਕੇ ਸਬੰਧੀਆਂ ਤੇ ਮਿੱਤਰਾਂ ਸੁਨੇਹੀਆਂ ਦੀ ਰਾਜ਼ੀ ਖ਼ੁਸ਼ੀ ਦਾ ਪਤਾ ਕਰਨ ਦਾ ਇਕੋ ਇਕ ਜ਼ਰੀਆ ਚਿੱਠੀਆਂ ਹੁੰਦੀਆਂ ਸਨ। ਚਿੱਠੀ ਚਾਹੇ ਪ੍ਰਦੇਸ਼ੀ ਬੈਠੇ ਮਾਹੀ ਦੀ ਕਿਸੇ ਨੰੂਹ ਧੀ ਨੂੰ ਆਉਂਦੀ ਜਾਂ ਰੋਜ਼ੀ ਰੋਟੀ ਲਈ ਦੂਰ ਦਰਾਡੇ, ਭੀੜ ਭੜੱਕੇ ਵਾਲੇ ਵੱਡੇ ਸ਼ਹਿਰ ’ਚ ਧੱਕੇ ਖਾਂਦੇ ਲਾਡਲੇ ਦੀ ਅਪਣੇ ਮਾਂ ਬਾਪ ਲਈ। ਦੋ ਪੈਸੇ ਦੇ ਉਸ ਕਾਰਡ ’ਚ ਟੱਬਰ ਦੀ ਜਾਨ ਅਟਕੀ ਹੁੰਦੀ। ਡਾਕੀਏ ਦੇ ਇੰਤਜ਼ਾਰ ’ਚ ਅੱਖਾਂ ਵਿਛਾਈ ਰਖਦੇ ਉਹ ਦੀ ਸੂਰਤ ਵੇਖਦਿਆਂ ਹੀ ਜਿਵੇਂ ਚੰਨ ਚੜ੍ਹ ਜਾਂਦਾ। ਸਾਰਾ ਪਰਵਾਰ ਉਹ ਦੇ ਆਲੇ ਦੁਆਲੇ ਖੜਾ ਹੋ ਜਾਂਦਾ। ਉਸੇ ਤੋਂ ਚਿੱਠੀ ਪੜ੍ਹਵਾਈ ਜਾਂਦੀ। ਸੁਖ ਸਾਂਦ ਦੀ ਚਿੱਠੀ ਸੁਣ ਕੇ ਸਾਰਿਆਂ ਨੂੰ ਸੁੱਖ ਦਾ ਸਾਹ ਆਉਂਦਾ ’ਤੇ ਸੱਭ ਸ਼ਾਂਤ ਚਿੱਤ ਹੋ ਕੇ ਆਪੋ ਅਪਣੇ ਕੰਮੀ ਲੱਗ ਜਾਂਦੇ। ਮੈਨੂੰ ਛੇ ਦਹਾਕੇ ਪਹਿਲਾਂ ਦੀਆਂ ਗੱਲਾਂ ਹੁਣ ਵੀ ਯਾਦ ਹਨ। ਪਿੰਡਾਂ ਛਾਵੇਂ ਉਨ੍ਹਾਂ ਦਿਨ ’ਚ ਪੜ੍ਹੇ ਲੋਕ ਵਿਰਲੇ ਨਾਵੇਂ ਹੁੰਦੇ ਸਨ। ਜਿਨ੍ਹਾਂ ਤੋਂ ਚਿੱਠੀ ਪਤਰੀ ਲਿਖਾਉਣ ਪੜ੍ਹਾਉਣ ਦਾ ਕੰਮ ਲਿਆ ਜਾਂਦਾ ਸੀ। ਬੜੇ ਸੀ ਉਨ੍ਹਾਂ ਦੇ। ਇਨ੍ਹਾਂ ’ਚ ਮੈਂ ਵੀ ਸ਼ਾਮਲ ਸਾਂ। ਉਦੋਂ ਚਿੱਠੀਆਂ ਲਿਖਣ ਦਾ ਇਥ ਰਸਮੀ ਜਿਹਾ ਤਰੀਕਾ ਹੁੰਦਾ ਸੀ ਜਿਵੇਂ ਲਿਖਤਮ ਸੱਜਣ ਸਿੰਘ ਅੱਗੇ ਸ. ਫੁੰਗਣ ਸਿੰਘ, ਫਿਰ ਰਾਜ਼ੀ ਖ਼ੁਸ਼ੀ ਤੇ ਘਰ ਦੇ ਹਾਲ ਚਾਲ ਲਿਖ ਕੇ ਸਾਰੇ ਪਿੰਡ, ਨਹਾਰ ਖੇੜੇ ਨੂੰ ਤੇ ਸੱਭ ਪੜ੍ਹਦੇ ਸੁਣਦੇ ਨੂੰ ਫ਼ਤਹਿ ਬੁਲਾਉਣਾ ਚਿੱਠੀ ਦਾ ਜ਼ਰੂਰੀ ਹਿੱਸਾ ਹੁੰਦਾ ਸੀ। ਜਦੋਂ ਕਿਸੇ ਮੁਟਿਆਰ ਦਾ ਖ਼ਤ ਆਉਂਦਾ ਤਾਂ ਉਹ ਦੁਪੱਟੇ ਦੇ ਕੋਨੇ ’ਚ ਚਿੱਠੀ ਨੂੰ ਲਪੇਟ ਕੇ ਸੱਸ-ਮਾਂ ਤੋਂ ਚੋਰੀ ਚੋਰੀ ਮੇਰੇ ਕੋਲੋਂ ਪੜ੍ਹਾਉਣ ਆਉਂਦੀ। ਕਬੀਲਦਾਰੀ ਦੀਆਂ ਗੱਲਾਂ ਤੋਂ ਇਲਾਵਾ ਕਚੀ ਕਲੀ ਕਿਸੇ ਫ਼ੌਜੀ ਦੀ ਚਿੱਠੀ ’ਚ ਖਿਚੜੀ ਭਾਸ਼ਾ ’ਚ ਅਜਿਹਾ ਕੁੱਝ ਲਿਖਿਆ ਹੁੰਦਾ, ‘‘ਜੀਤ ਕੁਰੇ, ਤੇਰੀ ਮੈਨੂੰ ਬਹੁਤ ਯਾਦ ਆਤੀ ਹੈ। ਮੈਂ ਤੇਰੀ ਫ਼ੋਟੂ ਕੋ ਕੋਟ ਕੇ ਉਪਰ ਵਾਲੀ ਜੇਬ ਮੇਂ ਰਖਦਾ ਹੰੂ। ਜਹਾਂ ਦਿਲ ਕੇ ਪਾਸ।’’ ਸੁਣਦਿਆਂ ਹੀ ਉਹ ਲਾਜਵੰਤੀ ਵਾਂਗੂ ਹੋ ਜਾਂਦੀਆਂ। ਚਿੱਠੀ ਸੁਣ ਕੇ ਸੂਹੀ ਸੰਗ ਨਾਲ ਝੁਕੀਆਂ ਉਨ੍ਹਾਂ ਦੀਆਂ ਅੱਖਾਂ ’ਤੇ ਚਿਹਰੇ ’ਤੇ ਖਿੜਦੇ ਗੁਲਾਬ ਮੈਨੂੰ ਹੁਣ ਵੀ ਚੇਤੇ ਹਨ। ਕਈ ਵਾਰ ਤਾਂ ਲਪਟਾ ਮਾਰ ਕੇ ਚਿੱਠੀ ਖੋਹ ਲੈਂਦੀਆਂ ਤੇ ਇਹ ਕਹਿੰਦਿਆਂ, ‘‘ਬਸ ਬੀਬੀ ਹੋਰ ਨੀ ਸੁਣਨੀ ਪਤਾ ਲਗ ਗਿਐ, ਅੱਗੇ ਕੀ ਲਿਖਿਐ।’’ ਕਾਹਲੀ ਕਾਹਲੀ ਤੁਰ ਜਾਂਦੀਆਂ। ਥੋੜਾ ਹੋਰ ਸਮਾਂ ਲੰਘਿਆ ਤਾਂ ਮੇਰੀ ਜਾਣੋ ਤਰੱਕੀ ਹੋ ਗਈ। ਹੁਣ ਮੈਂ ਚਿੱਠੀ ਲਿਖਣ ਵਾਲਿਆਂ ’ਚ ਸ਼ਾਮਲ ਹੋ ਗਈ ਸਾਂ। ਬਣਾ ਸੁਆਰ ਕੇ ਲਿਖਣਾ ਮੈਨੂੰ ਹਾਲੇ ਤਕ ਨਹੀਂ ਸੀ ਆਇਆ। ਰਿਸ਼ਤੇ ’ਚ ਮੇਰੇ ਨਾਨੇ ਮਾਮੇ ਲਗਦੇ ਸਿੱਧ ਪਧਰੇ, ਸਰਲ ਚਿੱਤ ਲੋਕ ਜਿਵੇਂ ਬੋਲਦੇ ਜਾਂਦੇ, ਮੈਨ ਲਿਖਦੀ ਜਾਂਦੀ। ਬਹੁਤੀਆਂ ਗੱਲਾਂ ਖੇਤੀਬਾੜੀ, ਡੰਗਰ ਵੱਡੇ ਜਾਂ ਘਰੇਲੂ ਸਮਸਿਆਵਾਂ ਬਾਰੇ ਹੁੰਦੀਆਂ। ਜਿਵੇਂ ਮਾਮੇ ਵਾਲੀ ਹਰਾਂ ਨੇ ਵੱਡੀ ਦਿਤੀ ਹੈ। ਮੀਣੀ ਮੱਝ ਦਾ ਕੱਟਾ ਮਰ ਗਿਐ, ਉਹ ਮੰਨੋ ਦੇ ਜਾਣੀ ਇਕ ਡੰਗ ਮਿਲਦੀ ਹੈ।
ਪੋਹਲੇ ਕਿਆਂ ਨਾਲ ਅਪਣਾ ਪਾਈ ਦੀ ਵਾਰੀ ਤੋਂ ਖੜਦਾ ਦੜਕਾ ਹੋ ਗਿਆ ਸੀ ਉਦੋਂ ਬਾਪੂ ਦੀ ਲੱਤ ਟੁੱਟ ਗਈ ਸੀ। ਤੰੂ ਕੇਰਾਂ ਆ ਜਾ ਆਪਾਂ ਉਸ ਭੈਂਗੇ ਦੀਆਂ ਦੋਵੇਂ ਲੱਤਾਂ ਤੋੜ ਦਿਆਂਗੇ। ਪਾਲੋ ਦੇ ਮੁੰਡੇ ਦੀ ਨਾਨਕ ਛੱਕ ਲਈ ਆੜਤੀਏ ਤੋਂ ਪੈਸੇ ਚੁਕਣੇ ਪਏ। ਬਾਕੀ ਸੱਭ ਸੁੱਖ ਸਾਂਦ ਹੈ। ਹਰ ਪਰਵਾਰ ਦੇ ਇਹੋ ਜਿਹੇ ਝਗੜੇ ਝੇੜੇ ਹੁੰਦੇ। ਚਿੱਠੀ ਲਿਖਾ ਕੇ ਮੈਨੂੰ ਇਹ ਕਹਿ ਕੇ ਸ਼ਾਬਾਸ਼ ਦਿੰਦੇ, ’’ ਜੀਉਂਦੇ ਰਹਿ ਧੀਏ ਤੰੂ ਆਹ ਚਾਰ ਅੱਖਰ ਲਿਖ ’ਤੇ ਨਹੀਂ ਤਾਂ ਪਤਾ ਨਹੀਂ ਕਿਸ ਕਿਸ ਦੀ ਮਿੰਨਤ ਕਰਨੀ ਪੈਂਦੀ।’’ ਨਾਲ ਹੀ ਨਾਨੀ ਨੂੰ ਮੁਖਾਤਬ ਹੁੰਦੈ,’’ ਭਾਗਵੰਤੀ ਭਾਈ। ਏਸ ਦੋਹਤਮਾਨ ਨੂੰ ਇਥੇ ਈ ਰਖੀ। ਇਸ ਦਾ ਤਾਂ ਸਹੁਰੀ ਦਾ ਬਾਹਲਾ ਈ ਸੁਖ ਐ।’’ ਕਦੀ ਕਦੀ ਚਿੱਠੀ ਲਿਖਾਉਣ ਲਈ ਮੇਰੀ ਮਾਮੀ, ਮਾਸੀ ਲਗਦੀ ਕੋਈ ਮੁਟਿਆਰ ਆਉਂਦੀ, ਜਿਸ ਦੇ ਪ੍ਰਦੇਸ਼ ’ਚ ਨੌਕਰੀ ਕਰਦੇ ਅਪਣੇ ਢੋਲ ਮਾਹੀ ਨੂੰ ਚਿੱਠੀ ਲਿਖਾਉਣੀ ਹੰੁਦੀ। ਜੇ ਮੈਂ ਰਸਮੀ ਰਾਜ਼ੀ ਖ਼ੁਸ਼ੀ ਬਾਰੇ ਲਿਖ ਕੇ ਪੁਛਦੀ, ‘‘ਮਾਮੀ ਕੀ ਲਿਖਾ?’’ ਤਾਂ ਮਿੰਨਤ ਜਿਹੀ ਕਰ ਕੇ ਆਖਦੀ, ‘‘ਹਾੜੇ ਹਾਾੜੇ ਤੰੂ ਭੈਣ ਬਣ ਕੇ ਆਪੇ ਲਿਖ ਦੇ ਸੁਹਣੀ ਜਿਹੀ।’’ ਮੈਂ ਆਪੇ ਸੁਹਣੀ ਜਿਹੀ ਕੀ ਲਿਖਦੀ। ਅਪਣੇ ਜੀਵਨ ਸਾਥੀ ਤੋਂ ਦੂਰ ਬੈਠੀ ਮੁਟਿਆਰ ਦੀ ਮਨੋਕਮਨਾ ਸਮਝਣ ਦੀ ਮੇਰੀ ਉਮਰ ਨਹੀਂ ਸੀ। ਫਿਰ ਉਹ ਬੋਲਦੀ ਮੈਂ ਕੱਚ ਘਰੜ ਜਿਹਾ ਲਿਖਦੀ ਜਾਂਦੀ। ਪੜ੍ਹਨ ਵਾਲੇ ਆਪੇ ਸਮਝ ਜਾਂਦੇ ਹੋਣਗੇ। ਕਿਸੇ ਵੇਲੇ ਕੋਈ ਅਜਿਹੇ ਭਰੀ ਪੀਤੀ ਆਉਂਦੀ ਤੇ ਬਿਨਾਂ ਭੂਮਿਕਾ ਦੇ ਆਖਦੀ ਲਿਖਦੇ ਬੀਬੀ, ‘‘ਤੰੂ ਜੀ ਛੁਟੀ ਨੇ ਕੇ ਜ਼ਰੂਰ ਬਰ ਜ਼ਰੂਰ ਆ ਜਾਂ। ਮੇਰੇ ਇਥੇ ਤੋਰਾ ਜੀਅ ਨੀ ਲਗਦਾ। ਬੇਬੇ ਮੈਨੂੰ ਬਾਹਲਾ ਤੰਗ ਕਰਦੀ ਐ।’’ ਕਹਿੰਦਿਆਂ ਉਹ ਰੋਣਾ ਹਾਕੀ ਹੋ ਜਾਂਦੀ। ਇਸ ਤੋਂ ਪਹਿਲਾਂ ਕਿ ਉਚ ਸਾਉਣ ਦੀ ਬਦਲੀ ਵਾਂਗੰੂ ਮੈਂ ਛੇਤੀ ਛੇਤੀ ਚਿੱਠੀ ਸਮੇਟ ਕੇ ਉਹਦੇ ਹੱਥ ਫੜਾਉਂਦੀ। ਆਮ ਤੌਰ ’ਤੇ ਚਿੱਠੀ ਪੜ੍ਹ ਕੇ ਜਾਂ ਲਿਖਾ ਕੇ ਉਨ੍ਹਾਂ ਭੋਲੀਆਂ ਭਾਲੀਆਂ ਮੁਟਿਆਰਾਂ, ਸੁਆਣੀਆਂ ਦੇ ਚਿਹਰਿਆਂ ’ਤੇ ਜੋ ਸਕੂਨ ਨਜ਼ਰ ਆਉਂਦਾ ਸੀ ਉਸ ਦਾ ਅਨੁਭਵ ਮੈਨੂੰ ਪੰਦਰਾ ਕੁ ਸਾਲ ਬਾਅਦ ਉਦੋਂ ਹੋਇਆ ਜਦੋਂ ਮੇਰਾ ਅਪਣਾ ਗ੍ਰਹਿਸਥ ਜੀਵਨ ਸ਼ੁਰੂ ਹੋਇਆ। ਉਦੋਂ ਮੈਨੂੰ ਅਹਿਸਾਸ ਹੋਇਆ ਕਿ ਸਾਡੇ ਅਪਣਿਆਂ ਦੇ ਖ਼ਤ ਨੀਲੇ ਕਾਲੇ ਅਖਰਾਂ ’ਚ ਲਿਖੀ ਬੇਜਾਨ ਇਬਾਰਤ ਨਹੀਂ ਹੁੰਦੇ। ਇਨ੍ਹਾਂ ਅੱਖਰਾਂ ਤੇ ਸਰਤਾ ਦੇ ਆਸ ਪਾਸ, ਵਿਚਕਾਰ ਬਹੁਤ ਕੁੱਝ ਅਜਿਹਾ ਅਲਿਖਤੀ ਹੁੰਦਾ ਹੈ ਜਿਸ ਨੂੰ ਸਾਡਾ ਅੰਤਰ ਮਨ ਸਮਝਦਾ ਤੇ ਮਹਿਸੂਸ ਕਰਦਾ ਹੈ। ਚਿੱਠੀ ਸਾਨੂੰ ਅਪਣਿਆਂ ਨਾਲ ਭਾਵਨਾਤਮਕ ਤੌਰ ’ਤੇ ਜੋੜਨ ਵਾਲੀ ਕੜੀ ਹੁੰਦੀ ਹਾਂ ਤਾਂ ਹੀ ਤੇ ਇਹ ਕਿਧਰੇ ਬੁੱਲ੍ਹਾ ਦੀ ਮੁਸਕਾਨ ’ਤੇ ਕਿਸੇ ਅੱਖ ਦਾ ਹੰਝੂ ਬਣਦੀ ਹੈ। ਚਿੱਠੀਆਂ ਨਾਲ ਮੇਰੀ ਸਾਂਝ ਉਦੋਂ ਤੋਂ ਹੀ ਕਾਇਮ ਹੈ ਜਦੋਂ ਤੋਂ ਮੈਨੂੰ ਲਿਖਣਾ ਆਇਆ। ਚਾਰ ਦਹਾਕੇ ਪਹਿਲਾਂ ਤੋਂ ਸ਼ੁਰੂ ਹੋਈਆਂ ਪਿਛਲੇ ਦਸ ਸਾਲ ਪਹਿਲਾਂ ਤਕ ਆਈਆਂ ਸੱਭ ਚਿੱਠੀਆਂ ਮੈਂ ਸਾਂਭ ਕੇ ਰਖੀਆਂ ਹੋਈਆਂ ਹਨ। ਹੁਣ ਵੀ ਕਦੀ ਕਦੀ ਉਹ ਪੁਲੰਦਾ ਖੋਲ੍ਹ ਕੇ ਪੜ੍ਹਨ ਲਗਦੀਆਂ ਤਾਂ ਜਾਪਦਾ ਹੈ ਜਿਵੇਂ ਅਤੀਤ ਵਲ ਦਾ ਕੋਈ ਝਰੋਖਾ ਖੁਲ੍ਹ ਗਿਆ ਹੋਵੇ। ਚਿੱਠੀਆਂ ਪੜ੍ਹ ਕੇ ਦੁਬਾਰਾ ਉਨ੍ਹਾਂ ਪਲਾਂ ਨੂੰ ਜੀਣ ਦਾ ਅਹਿਸਾਸ ਹੁੰਦਾ ਹੈ। ਚਿੱਠੀਆਂ ਨਾਲ ਮਨੁੱਖੀ ਮਨ ਦੀ ਸੰਵੇਦਨਾ ਦੇ ਤਾਰ ਜੜੇ ਹੁੰਦੇ ਹਨ। ਸ਼ਾਇਦ ਇਸੇ ਕਰ ਕੇ ਲੇਖਕਾਂ ਤੇ ਕਵੀਆਂ ਨੇ, ਇਨ੍ਹਾਂ ਨੂੰ ਹਰ ਵਿਧਾ ’ਚ ਮਹੱਤਵਪੂਰਨ ਸਥਾਨ ਦਿਤਾ ਹੈ। ਚਿੱਠੀਆਂ ਨੇ ਗੀਤਾਂ ਤੇ ਲੋਕ ਗੀਤਾਂ ਨੂੰ ਜੋ ਅਮੀਰੀ ਤੇ ਖ਼ੂਬਸੂਰਤੀ ਬਖ਼ਸ਼ੀ ਹੈ ਉਸ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਹਰ ਯੁਗ ਵਿਚ ਸਾਹਿਤ ਜੀਵਨ ਦਾ ਆਈਨਾ ਰਿਹਾ ਹੈ। ਜੇ ਇਸ ਤਰ੍ਹਾਂ ਨਾ ਹੁੰਦਾ ਤਾਂ ਕਿਸੇ ਅਲੜ ਮੁਟਿਆਰ ਦੀ ਵੇ ਮੁਣਸ਼ੀ ਖਤ ਲਿਖਦੇ ਤੈਨੂੰ ਦਿਆਂਗੀ। ਪੰਜ ਪਤਾਸ਼ੇ ਵਰਗੀ ਮਾਸੂਮ ਜਿਹੀ ਪੇਸ਼ਕਸ਼ ਕਰਦੇ ਜਾਂ ਫਿਰ ਜਾਂਦਾ ਹੋਇਆ ਦਸ ਨਾ ਵੇ ਮੈਂ ਚਿੱਠੀਆਂ ਕਿਧਰ ਨੂੰ ਪਾਵਾਂ। ਵਰਗੇ ਕਿਸੇ ਬਿਰਹੋਂ ਕੱਠੀ ਦੀ ਸ਼ਿਕਾਇਤ ਦਾ ਪ੍ਰਗਟਾਵਾ ਕਰਦੇ ਸ਼ਾਨਦਾਰ ਤੇ ਜਾਨਦਾਰ ਗੀਤਾਂ ਤੋਂ ਅਸੀ ਵਾਂਝੇ ਰਹਿ ਜਾਂਦੇ। ਮੁਕਦੀ ਹਾਲ ਇਹ ਹੈ ਕਿ ਚਿੱਠੀਆਂ ਸਾਡੇ ਵਿਚਾਰਾਂ ਤੇ ਭਾਵਾਂ ਨੂੰ ਅਪਣਿਆਂ ਤਕ ਪੁਹੰਚਾਉਣ ਦਾ ਸਸ਼ਕਤ ਸਾਧਨ ਸਨ। ਇਹ ਰੁਝਾਨ ਹੁਣ ‘ਹਾਇ, ਹੈਲੋ ਤੇ ਉ.ਕੇ. ਬਾਇ’’ ’ਚ ਸਿਮਟਦਾ ਜਾ ਰਿਹਾ ਹੈ। ਸਾਡੀ ਜੀਵਨ ਸ਼ੈਲੀ ’ਚ ਰਹਿੰਦਿਆਂ ਵਸਦਿਆਂ ਚਿੱਠੀ ਪੱਤਰੀ ਦਾ ਵਰਤਾਰਾ ਖ਼ਤਮ ਹੁੰਦਾ ਜਾ ਰਿਹਾ ਹੈ। ਕਹਿੰਦੇ ਹਨ ਸਾਗ ਜਾਂਦਾ ਵੇਖੀਏ ਤਾਂ ਅੱਧਾ ਲਹੀਏ। ਜੇ ਅੱਧਾ ਨਹੀਂ ਤਾਂ ਥੋੜਾ ਬਹੁਤ ਹੀ ਬਚਾ ਲਈਏ। ਕਦੀ ਕਦੀ ਉਨ੍ਹਾ ਅਪਣਿਆਂ ਨੂੰ ਜਿਨ੍ਹਾਂ ਨਾਲ ਸਾਡੇ ਨਿਧੇ ਰਿਸ਼ਤੇ ਹਨ, ਜਿਹੜੇ ਸਾਡੇ ਹਮ ਖਿਆਲ ਤੇ ਸ਼ੁਭਚਿੰਤਕ ਹਨ, ਉਨ੍ਹਾਂ ਨੂੰ ਅਪਣੇ ਹੱਥ ਨਾਲ ਖ਼ਤ ਲਿਖੀਏ ਮੈਨੂੰ ਵਿਸ਼ਵਾਸ ਹੈ ਕਿ ਜਵਾਬ ਜ਼ਰੂਰ ਮਿਲੇਗਾ, ਕਿਉਂਕਿ ਬਾਤ ਜੋ ਦਿਲ ਸੇ ਨਿਕਲਤੀ ਹੈ, ਅਸਰ ਰਖਤੀ ਹੈ। ਮੈਨੂੰ ਉਮੀਦ ਹੈ ਕਿ ਮੇਰੇ ਘਰ ਦਾ ਸਿਰਨਾਵਾਂ ਭੁੱਲ ਚੁਕੀਆਂ ਚਿੱਠੀਆਂ ਫਿਰ ਮੇਰੇ ਦਰ ’ਤੇ ਦਸਤਕ ਦੇਣਗੀਆਂ।

– ਕਾਂਤਾ ਸ਼ਰਮਾ

Leave a Reply

Your email address will not be published. Required fields are marked *