ਚੰਡੀਗੜ੍ਹ : ਦੇਸ਼ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਜੀ ਦੀ ਬਰਸੀ ਮੌਕੇ ਪਿੰਡ ਸੰਧਵਾਂ ਵਿਖੇ ਹੋਏ ਇੱਕ ਪ੍ਰਭਾਵਸ਼ਾਲੀ ਸਰਧਾਂਜਲੀ ਸਮਾਗਮ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਉਨ੍ਹਾਂ ਵੱਲੋਂ ਮੁਲਕ ਅਤੇ ਖਾਸ ਕਰਕੇ ਪੰਜਾਬ ਲਈ ਕੀਤੇ ਕਾਰਜਾਂ ਨੂੰ ਯਾਦ ਕਰਦਿਆਂ ਗਿਆਨੀ ਜੀ ਨੂੰ ਸਿਜਦਾ ਕੀਤਾ।
ਸ. ਕੁਲਤਾਰ ਸਿੰਘ ਸੰਧਵਾਂ ਨੇ ਗਿਆਨੀ ਜੀ ਦੀ ਤੁਲਨਾ ਅਮਰੀਕਾ ਦੇ ਰਾਸ਼ਟਰਪਤੀ ਅਬਰਹਿਮ ਲਿੰਕਨ ਨਾਲ ਕਰਦਿਆਂ ਕਿਹਾ ਕਿ ਅੱਧੀ ਸਦੀ ਤੱਕ ਸੱਤਾ ਨਾਲ ਜੁੜੇ ਰਹਿਣ ਦੇ ਬਾਵਜੂਦ ਵੀ ਨਿਮਰ ਰਹਿੰਦਿਆਂ ਉਨ੍ਹਾਂ ਨੇ ਸਮਾਜ ਦੇ ਪਿਛੜੇ ਵਰਗਾਂ ਦੀ ਭਲਾਈ ਲਈ ਯਤਨਸ਼ੀਲ ਰਹੇ। ਉਨ੍ਹਾਂ ਨੇ ਕਿਹਾ ਕਿ ਗਿਆਨੀ ਜ਼ੈਲ ਸਿੰਘ ਜੀ ਸਿੱਖ ਧਰਮ ਦੇ ਧਾਰਣੀ ਸਨ ਅਤੇ ਉਨ੍ਹਾਂ ਨੇ ਗੁਰੂ ਸਾਹਿਬਾਨ ਦੀ ਅਪਾਰ ਕਿਰਪਾ ਸਦਕਾ ਜਿੱਥੋਂ ਜਿੱਥੋਂ ਦੀ ਗੁਰੂ ਗੋਬਿੰਦ ਸਿੰਘ ਜੀ ਲੰਘੇ ਸਨ, ਉਥੇ ਗੁਰੂ ਗੋਬਿੰਦ ਸਿੰਘ ਮਾਰਗ ਬਣਾ ਕੇ ਗੁਰੂ ਸਾਹਿਬ ਦੀ ਸੇਵਾ ਦਾ ਕਾਰਜ ਕੀਤਾ।
ਸ. ਸੰਧਵਾਂ ਜੋ ਕਿ ਖੁਦ ਗਿਆਨੀ ਜ਼ੈਲ ਸਿੰਘ ਜੀ ਦੇ ਭਰਾ ਦੇ ਪੋਤਰੇ ਹਨ, ਨੇ ਉਨ੍ਹਾਂ ਦੇ ਕਾਰਜਕਾਲ ਦੇ ਸਮੇਂ ਨੂੰ ਯਾਦ ਕਰਦਿਆਂ ਉਨ੍ਹਾਂ ਵੱਲੋਂ ਫਰੀਦਕੋਟ ਨੂੰ ਜਿ਼ਲ੍ਹਾ ਬਣਾਉਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿ਼ਲ੍ਹਾ ਬਣਾਉਣ ਮੌਕੇ ਉਨ੍ਹਾਂ ਨੇ ਫਰੀਦਕੋਟ ਦੇ ਉਸੇ ਸਾਬਕਾ ਮਾਹਰਾਜਾ ਤੋਂ ਇਮਾਰਤਾ ਹਾਸਲ ਕੀਤੀਆਂ ਜਿੰਨ੍ਹਾਂ ਨੇ ਕਦੇ ਅਜਾਦੀ ਤੋਂ ਪਹਿਲਾਂ ਉਨ੍ਹਾਂ ਦੇ ਅਤਿਆਚਾਰ ਕੀਤਾ ਸੀ। ਇਹ ਉਨ੍ਹਾਂ ਦੀ ਕੁਸ਼ਲ ਪ੍ਰਸ਼ਾਸਕੀ ਅਨੁਭਵ ਦਾ ਹੀ ਨਤੀਜਾ ਸੀ ਕਿ ਉਹ ਹਰ ਇਕ ਨੂੰ ਨਾਲ ਲੈ ਕੇ ਚਲਦੇ ਸਨ ਅਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਲੈਕੇ ਦੇਸ਼ ਦੇ ਸਰਵ ਉੱਚ ਅਹੁਦੇ ਰਾਸ਼ਟਰਪਤੀ ਤੱਕ ਬਣੇ।
ਸ. ਸੰਧਵਾਂ ਨੇ ਕਿਹਾ ਕਿ ਗਿਆਨੀ ਜੀ ਬਹੁਤ ਹੀ ਸੂਝਵਾਨ ਅਤੇ ਦੂਰਦਰਸ਼ੀ ਸਿਆਸਤਦਾਨ ਸਨ। ਉਹ ਆਪਣੇ ਪਰਿਵਾਰ ਅਤੇ ਰਾਜਨੀਤੀ ਨੂੰ ਕਿਸ ਤਰਾਂ ਅਲੱਗ ਰੱਖਦੇ ਸਨ ਇਸਦੀ ਉਦਾਹਰਨ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਜਦ ਗਿਆਨੀ ਜੀ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਆਪਣੇ ਪੁੱਤਰ ਨੂੰ ਗੁਰਦੁਆਰਾ ਸਾਹਿਬ ਲਿਜਾ ਕੇ ਪ੍ਰਣ ਕਰਵਾਇਆ ਕਿ ਉਹ ਉਨ੍ਹਾਂ ਦੇ ਸਰਕਾਰੀ ਕੰਮ ਤੋਂ ਦੂਰ ਰਹਿਣਗੇ।
ਗਿਆਨੀ ਜੀ ਨੂੰ ਵਿਕਾਸ ਪੁਰਖ ਦੱਸਦਿਆ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਦੇ 100 ਫੀਸਦੀ ਪਿੰਡਾਂ ਦਾ ਬਿਜਲੀਕਰਨ ਉਨ੍ਹਾਂ ਦੇ ਕਾਰਜਕਾਲ ਸਮੇਂ ਹੀ ਹੋਇਆ। ਇਸੇ ਤਰਾਂ ਫਰੀਦਕੋਟ ਵਿਚ ਮੈਡੀਕਲ ਕਾਲਜ ਲਿਆਉਣਾ ਵੀ ਉਨ੍ਹਾਂ ਦੀ ਦੂਰਦਰਸ਼ੀ ਸੋਚ ਦਾ ਹੀ ਨਤੀਜਾ ਸੀ। ਇਸੇ ਤਰਾਂ ਸ਼ਹੀਦ ਉਧਮ ਸਿੰਘ ਜੀ ਦੀਆਂ ਅਸਥੀਆਂ ਵੀ ਗਿਆਨੀ ਜ਼ੈਲ ਸਿੰਘ ਜੀ ਦੇ ਯਤਨਾਂ ਨਾਲ ਹੀ ਭਾਰਤ ਆਈਆਂ। ਉਨ੍ਹਾਂ ਨੇ ਜੰਗ ਏ ਆਜਾਦੀ ਦੇ ਪੰਜਾਬ ਦੇ ਮਹਾਨ ਸ਼ਹੀਦਾਂ ਦੀਆਂ ਯਾਦਗਾਰਾਂ ਬਣਵਾਈਆਂ। ਪਰਜਾਮੰਡਲ ਲਹਿਰ ਵਿਚ ਸ਼ਾਮਲ ਹੋਕੇ ਜਿੱਥੇ ਉਨ੍ਹਾਂ ਨੇ ਆਜਾਦੀ ਦੀ ਲੜਾਈ ਵਿਚ ਸਮੂਲੀਅਤ ਕੀਤੀ ਸੀ ਉਥੇ ਹੀ ਉਨ੍ਹਾਂ ਨੇ ਅਜਾਦੀ ਘੁਲਾਟੀਆਂ ਨੂੰ ਤਾਮਰ ਪੱਤਰਾਂ ਨਾਲ ਸਨਮਾਨਿਤ ਕਰਨ ਦੀ ਯੋਜਨਾ ਲਾਗੂ ਕਰਨ ਵਿਚ ਵੀ ਅਹਿਮ ਭੁਮਿਕਾ ਨਿਭਾਈ।
ਗਿਆਨੀ ਜੀ 25 ਦਸੰਬਰ 1994 ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਇਸ ਮੌਕੇ ਸਪੀਕਰ ਸ੍ਰੀ ਸੰਧਵਾਂ ਤੋਂ ਇਲਾਵਾ ਹੋਰ ਪਤਵੰਤਿਆਂ ਨੇ ਵੀ ਗਿਆਨੀ ਜ਼ੈਲ ਸਿੰਘ ਜੀ ਦੇ ਬੁੱਤ ‘ਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ ਅਤੇ ਆਪਣੀ ਸ਼ਰਧਾ ਪ੍ਰਗਟ ਕੀਤੀ।