ਕੋੜਿਆਂ ਵਾਲਾ ਖੂਹ ,ਦਿੰਦਾ ਕਾਲੇ ਵਕਤਾਂ ਦੀ ਸੂਹ

0
155

ਅੰਮ੍ਰਿਤਸਰ :ਅੰਮ੍ਰਿਤਸਰ ਦੇ ਮਸ਼ਹੂਰ ਕੇਸਰ ਦੇ ਢਾਬੇ ਤੋਂ ਲੋਹਗੜ੍ਹ ਗੇਟ ਵੱਲ ਨੂੰ ਜਾਈਏ ਤਾਂ ਰਾਹ ਵਿੱਚ ਇੱਕ ਗਲੀ ਦੁੱਗਲਾਂ ਵਾਲੀ ਤੇ ਖੂਹ ਕੌੜਿਆਂ ਵਾਲਾ ਵੱਜਦਾ ਹੈ । ਇਹ ਉਹੋ ਗਲੀ ਹੈ ਜਿੱਥੇ ਅਪ੍ਰੈਲ 1919 ‘ਚ ਜਲ੍ਹਿਆਂ ਵਾਲੇ ਬਾਗ ਦੇ ਕਤਲੇਆਮ ਤੋਂ ਪਹਿਲਾਂ ਇੱਕ ਮੇਮ ਬੀਬਾ ਸ਼ੇਰਵੁੱਡ ਨਾਲ ਕੁਝ ਬੰਦਿਆਂ ਨੇ ਛੇੜਛਾੜ ਜਾਂ ਮਾਰਕੁੱਟ ਕੀਤੀ ਸੀ । ਇਸ ਗਲੀ ਨੂੰ ਅੰਗਰੇਜ਼ਾਂ ਨੇ “ਕਰੋਲਿੰਗ ਸਟ੍ਰੀਟ” ਭਾਵ ਰੀਗ ਕੇ ਲੰਘਣ ਵਾਲੀ ਗਲੀ ਵੀ ਲਿਖਿਆ ਹੈ । ਦੁੱਗਲਾਂ ਵਾਲੀ ਗਲੀ ਦੇ ਬਸ਼ਿੰਦੇ ਦੱਸਦੇ ਨੇ ਕਿ ਉਨ੍ਹਾਂ ਦੇ ਬਜ਼ੁਰਗ ਸੁਣਾਉਂਦੇ ਹੁੰਦੇ ਸੀ ਕਿ ਜਨਰਲ ਡਾਇਰ ਬੀਬਾ ਸ਼ੇਰਵੁੱਡ ਵਾਲੀ ਘਟਨਾ ਪਿੱਛੋਂ ਉਨ੍ਹਾਂ ਦੀ ਗਲੀ ਚ ਆਇਆ ਤੇ ਪੁਲਿਸ ਨੂੰ ਮੋੜ ਤੇ ਬਣੇ ਖੂਹ ਨੇੜੇ ਰੱਸੀ ਬੰਨ੍ਹਣ ਦਾ ਹੁਕਮ ਦਿੱਤਾ ।
ਰੱਸੀ ਬੰਨ੍ਹ ਕੇ ਇੱਕ ਗਾਰਦ ਖੜ੍ਹੀ ਕਰ ਦਿੱਤੀ ਗਈ ਤੇ ਹਰ ਆਉਣ ਜਾਣ ਵਾਲੇ ਲਈ ਹੁਕਮ ਹੋ ਗਿਆ ਕਿ ਉਸ ਨੂੰ ਰੱਸੀ ਦੇ ਥੱਲਿਓਂ ਗੋਡਿਆਂ ਪਰਨੇ ਹੋ ਕੇ ਲੰਘਣਾ ਪਊ  ਜਦੋਂ ਬੰਦਾ ਗੋਡਿਆਂ ਪਰਨੇ ਹੁੰਦਾ ਤਾਂ ਸਿਪਾਹੀ ਉਸ ਦੇ ਪਿਛਵਾੜੇ ਤੇ ਕੋੜੇ ਮਾਰਦੇ । ਇਸ ਕਰਕੇ ਲੋਕਾਂ ਨੇ ਖੂਹ ਦਾ ਨਾਂ “ਕੌੜਿਆਂ ਵਾਲਾ ਖੂਹ” ਪਾ ਦਿੱਤਾ ।
ਇਤਿਹਾਸ ਦੀਆਂ ਬਹੁਤੀਆਂ ਕਿਤਾਬਾਂ ਦੱਸਦੀਆਂ ਨੇ ਕਿ ਮੇਮ ਸ਼ੇਰਵੁੱਡ ਨਾਲ ਧੱਕਾ ਮੁੱਕੀ ਤੇ ਕੁੱਟਮਾਰ ਕੀਤੀ ਗਈ ਪਰ ਇਨ੍ਹਾਂ ਗਲੀਆਂ ਦੇ ਮੋੜਾਂ ਤੇ ਤਾਸ਼ ਖੇਡਦੇ ਬੰਦੇ ਇਸ ਗੱਲ ਨਾਲ ਇਤਫਾਕ ਨਹੀਂ ਰੱਖਦੇ । ਉਨ੍ਹਾਂ ਸੁਣਿਆ ਹੋਇਆ ਹੈ ਕਿ ਮੇਮ ਦੀ ਕਿਸੇ ਨੇ ਸਕਰਟ ਖਿੱਚ ਦਿੱਤੀ ਸੀ , ਉਹ ਸਾਈਕਲ ਸੁੱਟ ਕੇ ਰੋੰਦੀ ਰੋੱਦੀ ਭੱਜ ਗਈ ਤੇ ਜਾ ਕੇ ਡਾਇਰ ਨੂੰ ਦੱਸਿਅਾ । ਫਿਰ ਜਿਵੇਂ ਕਿ ਹੁੰਦਾ ਈ ਅੈ ਕਿ ਜਨਰਲ ਡਾਇਰ ਨੇ ਆ ਕੇ ਰੱਸੀ ਬੰਨ ਲਈ ਤੇ ਗਲੀ ਦੇ ਬੰਦੇ ਮੂਧੇ ਪਾ ਕੇ ਕੁੱਟੇ ।
ਇਹ ਕਹਾਣੀ ਇੱਕ ਤਾਂ ਗਲੀ ਦੇ ਬਸ਼ਿੰਦਿਆਂ ਨੂੰ ਜ਼ਨਾਨੀ ਕੁੱਟਣ ਦੇ ਦੋਸ਼ ਤੋਂ ਮੁਕਤ ਕਰਦੀ ਹੈ ਤੇ ਕਿਸੇ ਇਕ ਸ਼ਰਾਰਤੀ ਦਾ “ਮਰਦਾਊ-ਕਾਰਨਾਮਾ” ਥੋੜ੍ਹਾ ਸੁਣਨ ਸਣਾਉਣ ‘ਚ ਵੀ ਸਵਾਦਲਾ ਲਗਦਾ ਹੈ ।
ਸਮੇਂ ਨਾਲ ਦੁੱਗਲਾਂ ਦੇ ਬਹੁਤੇ ਪਰਿਵਾਰ ਇੱਥੋਂ ਉੱਠ ਕੇ ਸ਼ਹਿਰ ਦੇ ਖੁੱਲ੍ਹੇ ਇਲਾਕਿਆਂ ਵਿੱਚ ਜਾ ਵੱਸੇ ਹਨ ਤੇ ਨਵੇਂ ਆ ਗਏ ਹਨ ।
1935-40 ‘ਚ ਗਵਾਂਢੀ ਗਲੀਆਂ ‘ਚ ਵਸਦੇ ਮੁਸਲਮਾਨਾਂ ਤੋਂ ਬਚਾਅ ਲਈ ਲੁਵਾਇਆ ਵੱਡਾ ਲੋਹੇ ਦਾ ਦਰਵਾਜ਼ਾ ਅਜੇ ਵੀ ਕਾਇਮ ਹੈ ਪਰ ਉਹ ਕੋੜਿਆ ਵਾਲਾ ਖੂਹ ਹੁਣ ਸ਼ਿਵਾਲਾ ਬਣ ਗਿਆ ਏ । ਲੋਕ ਗੋਡਿਆਂ ਪਰਨੇ ਹੋ ਕੇ ਭਗਵਾਨ ਕੋਲੋਂ ਰਿਜਕ ਮੰਗਦੇ ਨੇ। ਸਰਕਾਰਾਂ ਨੇ ਵੀ ਕਦੇ ਸੋਚਿਆ ਨਹੀਂ ਕਿ ਕੋਈ ਤਖਤੀ ਲਾ ਦਈਏ । ਖੌਰੇ ਇਸ ਉਲਝਣ ਚ ਹੋਣ ਕਿ ਇਹ ਕਾਰਨਾਮਾ ਦੇਸ਼ ਭਗਤੀ ਦਾ ਹੈ ਵੀ ਸੀ ਜਾਂ ਨਹੀਂ ।