ਮੋਗਾ : “ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਰਹੀ, ਇਸ ਲਈ ਪੰਜਾਬ ਵਿੱਚ ਕਾਤਲ ਅਤੇ ਬਲਾਤਕਾਰੀ ਬਿਨਾ ਕਿਸੇ ਡਰ ਤੋਂ ਨਿੱਤ-ਦਿਨ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਪਰ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਮੂਕ-ਦਰਸ਼ਕ ਬਣੇ ਹੋਏ ਹਨ।” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਗਤੀਸ਼ੀਲ ਮੰਚ ਪੰਜਾਬ ਦੇ ਕਨਵੀਨਰ ਬਲਕਰਨ ਮੋਗਾ ਤੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਸਿੰਘਾਵਾਲਾ ਨੇ ਮੋਗਾ ਵਿਖੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦਾ ਬਿਨਾ ਸਿਰ ਤੋਂ ਪੁਤਲਾ ਫ਼ੂਕਣ ਦੇ ਅਨੋਖੇ ਪ੍ਰਦਰਸ਼ਨ ਨੂੰ ਅੰਜਾਮ ਦਿੰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਦਾ ਕੰਮ ਕਰਨ ਵਾਲਾ ਸਿਰ ਹੁੰਦਾ ਤਾਂ ਪੰਜਾਬ ਵਿੱਚ ਚਾਰ ਸਾਲ ਦੀਆਂ ਬਾਲੜੀਆਂ ਨਾਲ ਜਬਰ-ਜਿਨਾਹ ਨਾ ਹੁੰਦੇ, ਜਸਪਾਲ ਸਿੰਘ ਵਰਗੇ ਨੌਜਵਾਨਾਂ ਦੇ ਪੁਲਿਸ ਹਿਰਾਸਤ ‘ਚ ਕਤਲ ਨਾ ਹੁੰਦੇ ਅਤੇ ਨਾ ਹੀ ਸ਼ਰੇਆਮ ਦਿਨ ਦਿਹਾੜੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਾਪਰਦੀਆਂ। ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਦਾ ਨਹੀ ਬਲਕਿ ਕਾਤਲਾਂ ਅਤੇ ਬਲਾਤਕਾਰੀਆਂ ਦਾ ਰਾਜ ਹੈ। ਪੰਜਾਬ ਦੇ ਨੌਜਵਾਨਾਂ ਲਈ ਸਿਹਤ, ਵਿੱਦਿਆ ਤੇ ਰੁਜ਼ਗਾਰ ਦੀ ਗਾਰੰਟੀ ਕੀਤੇ ਬਿਨਾਂ, ਇਸ ਨਵੀਂ ਕਿਸਮ ਦੇ ਅੱਤਵਾਦ ਨੂੰ ਵਧਣ-ਫੁੱਲਣ ਤੋਂ ਨਹੀਂ ਰੋਕਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੁਲਿਸ ਦੇ ਭੇਸ ਵਿੱਚ ਲੁਕੀ ਗੁੰਡਾਗਰਦੀ ਅਤੇ ਹੈਵਾਨੀਅਤ ਨੂੰ ਠੱਲ ਪਾਉਣ ਲਈ ਫ਼ਰੀਦਕੋਟ ਵਿਖੇ ਕੀਤੇ ਜਾ ਰਹੇ 29 ਮਈ ਦੇ ਰੋਸ ਮੁਜ਼ਾਹਰੇ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ।
ਇਸ ਮੌਕੇ ਹਾਜ਼ਰ ਆਗੂਆਂ ਵਿੱਚ ਕੁਲਦੀਪ ਸ਼ਰਮਾ, ਕੁਲਵਿੰਦਰ ਸਾਬਰੀ, ਬਾਲਮੀਕ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ, ਰੂਪ ਸਿੰਘ, ਵਜ਼ੀਰ ਚੰਦ, ਅਜਮੇਰ ਸਿੰਘ, ਗੁਰਮੇਲ ਸਿੰਘ ਆਦਿ ਸ਼ਾਮਿਲ ਸਨ।