ਸਰਕਾਰੀ ਸੀ.ਸੈ. ਸਕੂਲ ਜਨੇਰ ਵਿਖੇ ਇਨਾਮ ਵੰਡ ਸਮਾਗਮ ਕਰਵਾਇਆ

0
133

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜਨੇਰ ਵਿਖੇ ਪ੍ਰਿੰਸੀਪਲ ਸੀਮਾਂ ਬਾਂਸਲ ਦੀ ਅਗਵਾਈ ਹੇਠ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਜਨੇਰ ਟਕਸਾਲ ਦੇ ਮੁੱਖੀ ਬਾਬਾ ਮਹਿੰਦਰ ਸਿੰਘ ਜੀ ਅਤੇ ਸ੍ਰ ਅਜਮੇਰ ਸਿੰਘ ਚੇਅਰਮੈਨ ਐਸ.ਐਮ.ਸੀ. ਨੇ ਸ਼ਮੂਲੀਅਤ ਕੀਤੀ।


ਮੁੱਖ ਮਹਿਮਾਨ ਬਾਬਾ ਮਹਿੰਦਰ ਸਿੰਘ ਜਨੇਰ ਨੇ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਨੂੰ ਵਧਾਈ ਦਿੰਦਿਆਂ ਹੋਰ ਵਧੇਰੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਅਜਿਹੀਆਂ ਸਹਿ-ਵਿਦਿਅਕ ਗਤੀਵਿਧੀਆਂ ਬੱਚਿਆਂ ਦੀ ਸ਼ਖ਼ਸੀਅਤ ਦੇ ਸੰਪੂਰਨ ਵਿਕਾਸ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ। ਉਨ੍ਹਾਂ ਸਕੂਲ ਦੀ ਬਿਹਤਰੀ ਲਈ ਹਰ ਤਰ੍ਹਾਂ ਦੇ ਸਹਿਯੋਗ ਦਾ ਵਾਅਦਾ ਕੀਤਾ।


ਐਸ.ਐਮ.ਸੀ.ਚੇਅਰਮੈਨ ਸ੍ਰ. ਅਜਮੇਰ ਸਿੰਘ ਨੇ ਕਿਹਾ ਕਿ ਪ੍ਰਿੰਸੀਪਲ ਸੀਮਾਂ ਬਾਂਸਲ ਦੀ ਅਗਵਾਈ ਹੇਠ ਇਹ ਸਕੂਲ ਵਿੱਦਿਅਕ ਅਤੇ ਸਹਿ-ਵਿਦਿਅਕ ਗਤੀਵਿਧੀਆਂ ਵਿੱਚ ਬੁਲੰਦੀਆਂ ਨੂੰ ਛੂਹ ਰਿਹਾ ਹੈ। ਪੰਜਾਬੀ ਲੈਕਚਰਾਰ ਗੁਰਦੀਪ ਸਿੰਘ ਨੇ ਮੁੱਖ ਮਹਿਮਾਨ ਬਾਬਾ ਮਹਿੰਦਰ ਸਿੰਘ ਜੀ ਅਤੇ ਹੋਰ ਪਤਵੰਤਿਆਂ ਨੂੰ ਜੀ ਆਇਆਂ ਕਿਹਾ ਅਤੇ ਉਨ੍ਹਾਂ ਵੱਲੋਂ ਸਕੂਲ ਦੀ ਬਿਹਤਰੀ ਲਈ ਕੀਤੇ ਜਾ ਰਹੇ ਕਾਰਜਾਂ ਲਈ ਧੰਨਵਾਦ ਕੀਤਾ।


ਅਖ਼ੀਰ ਵਿੱਚ ਪ੍ਰਿੰਸੀਪਲ ਸੀਮਾਂ ਬਾਂਸਲ ਨੇ ਬੋਲਦਿਆਂ ਕਿਹਾ ਕਿ ਬੱਚਿਆਂ ਦੀਆਂ ਇਨ੍ਹਾਂ ਪ੍ਰਾਪਤੀਆਂ ਵਿੱਚ ਸਾਡੇ ਸਕੂਲ ਦੇ ਕਾਬਲ ਸਟਾਫ਼ ਦਾ ਮਹੱਤਵਪੂਰਨ ਯੋਗਦਾਨ ਹੈ, ਜੋ ਹਰੇਕ ਗਤੀਵਿਧੀ ਵਿੱਚ ਉਨ੍ਹਾਂ ਨੂੰ ਪੂਰਨ ਸਹਿਯੋਗ ਦਿੰਦੇ ਹਨ। ਉਨ੍ਹਾਂ ਮਾਪਿਆਂ ਨੂੰ ਵੀ ਬੇਨਤੀ ਕੀਤੀ ਕਿ ਉਹ ਵੀ ਬੱਚਿਆਂ ਦੀ ਹਾਜ਼ਰੀ ਯਕੀਨੀ ਬਣਾਉਣ, ਤਾਂ ਜੋ ਸਕੂਲ ਨੂੰ ਹੋਰ ਉੱਚੀਆਂ ਮੰਜ਼ਿਲਾਂ ‘ਤੇ ਪਹੁੰਚਾਇਆ ਜਾ ਸਕੇ।

ਅੰਤ ਵਿੱਚ ਮੁੱਖ ਮਹਿਮਾਨ ਵੱਲੋਂ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਬੱਚਿਆਂ ਦੇ ਮਾਪਿਆਂ, ਪਿੰਡ ਦੇ ਪਤਵੰਤਿਆਂ ਤੋਂ ਇਲਾਵਾ ਸਮੂਹ ਸਕੂਲ ਸਟਾਫ਼ ਮੈਂਬਰ ਸਾਹਿਬਾਨ ਨੇ ਸ਼ਮੂਲੀਅਤ ਕੀਤੀ।