ਨਵੀਂ ਦਿੱਲੀ— ਹੁਣ ਸਕੂਲੀ ਬੱਚਿਆਂ ਨੂੰ ਭਾਰੀ ਬੈਗ ਆਪਣੇ ਮੋਢਿਆਂ ‘ਤੇ ਚੁੱਕਣ ਦੀ ਲੋੜ ਨਹੀਂ ਪਵੇਗੀ। ਬੱਚਿਆਂ ਦੇ ਸਕੂਲ ਬੈਗ ਦੇ ਭਾਰ ਨੂੰ ਘੱਟ ਕਰਨ ਲਈ ਸਰਕਾਰ ਨੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਸ ‘ਚ ਕਲਾਸ 1 ਤੋਂ 10ਵੀਂ ਤਕ ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ ਹੈ।
ਸਰਕਾਰ ਵੱਲੋਂ ਜਾਰੀ ਇਸ ਦਿਸ਼ਾ ਨਿਰਦੇਸ਼ ਮੁਤਾਬਕ ਕਲਾਸ 1 ਤੋਂ 2 ‘ਚ ਪੜ੍ਹਣ ਵਾਲੇ ਬੱਚਿਆਂ ਦੇ ਸਕੂਲ ਬੈਗ ਦਾ ਭਾਰ 1.5 ਕਿਲੋ ਤੈਅ ਕੀਤਾ ਗਿਆ ਹੈ। ਉਥੇ ਹੀ ਕਲਾਸ 3 ਤੋਂ 5 ਤਕ ਦੇ ਵਿਦਿਆਰਥੀਆਂ ਦੇ ਸਕੂਲ ਬੈਗ ਦਾ ਭਾਰ 2 ਤੋਂ 3 ਕਿਲੋ ਤੈਅ ਕੀਤਾ ਗਿਆ ਹੈ। ਇਸ ਤੋਂ ਬਾਅਦ ਕਲਾਸ 6 ਤੇ 7 ‘ਚ ਪੜ੍ਹਣ ਵਾਲੇ ਵਿਦਿਆਰਥੀਆਂ ਦੇ ਬੈਗ ਦਾ ਭਾਰ 4 ਕਿਲੋ ਤੈਅ ਕੀਤਾ ਗਿਆ ਹੈ। ਜਦਕਿ 8ਵੀਂ ਤੇ 9ਵੀਂ ਕਲਾਸ ਦੇ ਵਿਦਿਆਰਥੀਆਂ ਦੇ ਬੈਗ ਦਾ ਭਾਰ 4.5 ਕਿਲੋ ਹੋਵੇਗਾ। ਇਸ ਤੋਂ ਬਾਅਦ 10ਵੀਂ ਕਲਾਸ ਲਈ ਸਕੂਲ ਬੈਗ ਦਾ ਭਾਰ ਸਿਰਫ 5 ਕਿਲੋ ਤੈਅ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਮਨੁੱਖੀ ਸੰਸਾਥਨ ਵਿਕਾਸ ਮੰਤਰਾਲਾ ਨੇ ਇਸ ਸਿਲਸਿਲੇ ‘ਚ ਸੂਬਿਆਂ ਨੂੰ ਸਰਕੂਲਰ ਭੇਜ ਦਿੱਤਾ ਹੈ। ਮੀਡੀਆ ਰਿਪੋਰਟ ਮੁਤਾਬਕ ਕਲਾਸ 1 ਤੇ 2 ਦੇ ਬੱਚਿਆਂ ਨੂੰ ਹੋਮਵਰਕ ਨਹੀਂ ਦੇਣ ਲਈ ਵੀ ਕਿਹਾ ਗਿਆ ਹੈ। ਇਸ ਦੇ ਨਾਲ ਹੀ ਨਿਰਦੇਸ਼ ਦਿੱਤੇ ਗਏ ਹਨ ਕਿ ਉਨ੍ਹਾਂ ਨੂੰ ਸਿਰਫ ਭਾਸ਼ਾ ਤੇ ਗਣਿਤ ਦੀ ਪੜ੍ਹਾਈ ਹੀ ਕਰਵਾਈ ਜਾਵੇ। ਇਸ ਤੋਂ ਇਲਾਵਾ ਕੋਈ ਹੋਰ ਸਿਲੇਬਸ ਨਾ ਪੜ੍ਹਾਇਆ ਜਾਵੇ। ਨਿਰਦੇਸ਼ ‘ਚ ਕਿਹਾ ਗਿਆ ਹੈ ਕਿ ਕਲਾਸ 3 ਤੋਂ ਕਲਾਸ 5 ਤਕ ਦੇ ਵਿਦਿਆਰਥੀਆਂ ਨੂੰ ਭਾਸ਼ਾ ਈ.ਵੀ.ਐੱਸ. ਤੇ ਮੈਥ ਐੱਨ.ਸੀ.ਆਰ.ਟੀ. ਦੇ ਸਿਲੇਬਸ ਤੋਂ ਪੜ੍ਹਾਇਆ ਜਾਵੇ।