ਪੁਲਿਸ ਨੇ ਗਾਇਕ ਨਵਜੋਤ ਸਿੰਘ ਵਿਰਕ ਦੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਈ; ਇੱਕ ਵਿਅਕਤੀ ਗ੍ਰਿਫ਼ਤਾਰ

NAVJOT SINGH VIRK MURDER CASE

ਚੰਡੀਗੜ੍ਹ/ਐਸਏਐਸ ਨਗਰ : ਪੁਲਿਸ ਨੇ ਉਭਰਦੇ ਗਾਇਕ ਨਵਜੋਤ ਸਿੰਘ ਵਿਰਕ, ਜਿਸਨੂੰ ਵਿਸ਼ੇਸ਼ ਤੌਰ ‘ਤੇ ਈਸਾਪੁਰੀਆ (22) ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਦੇ ਅੰਨ੍ਹੇ ਕਤਲ ਕੇਸ ਦੀ ਗੁੱਥੀ  ਸੁਲਝਾਉਂਦਿਆਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। 

ਇਹ ਜਾਣਕਾਰੀ ਦਿੰਦਿਆਂ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸ.ਐਸ.ਪੀ.),ਐਸ.ਏ.ਐਸ.ਨਗਰ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਪਿੰਡ ਉਮਰਪੁਰ ਵਾਸੀ ਅਭਿਸ਼ੇਕ ਉਰਫ਼ ਰਜਤ ਰਾਣਾ (25) ਵਜੋਂ ਹੋਈ ਹੈ। ਇਸ ਕਤਲ ਵਿੱਚ ਸ਼ਾਮਲ ਇੱਕ ਹੋਰ ਮੁਲਜ਼ਮ ਦੀ ਪਛਾਣ ਸੌਰਵ ਵਾਸੀ ਸੁਲਤਾਨਪੁਰ ਬਰਵਾਲਾ ਵਜੋਂ ਹੋਈ ਹੈ, ਜਿਸ ਦੀ ਕਥਿਤ ਤੌਰ ’ਤੇ ਨਸ਼ੇ ਦੀ ਓਵਰਡੋਜ਼ ਕਾਰਨ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਕਤਲ ਦੀ ਇਸ ਵਾਰਦਾਤ ਵਿੱਚ ਵਰਤਿਆ ਗਿਆ 9 ਐਮਐਮ ਪਿਸਤੌਲ ਹਰਿਆਣਾ ਦੀ ਰਾਏਪੁਰ ਰਾਣੀ ਪੁਲੀਸ ਵੱਲੋਂ ਪਹਿਲਾਂ ਹੀ ਬਰਾਮਦ ਕਰ ਲਿਆ ਗਿਆ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਇਹ ਮਾਮਲਾ ਮਈ 2018 ਦਾ ਹੈ, ਜਦੋਂ ਅਭਿਸ਼ੇਕ ਨੇ ਆਪਣੇ ਸਾਥੀ ਸੌਰਵ ਨਾਲ ਮਿਲ ਕੇ ਪੀੜਤ ਨਵਜੋਤ ਵਿਰਕ ਦੀ ਮਾਈਕਰਾ ਕਾਰ ਖੋਹਣ ਲਈ ਉਸ ਨੂੰ ਨਿਸ਼ਾਨਾ ਬਣਾਇਆ ਅਤੇ ਫਿਰ ਦੋਹਾਂ ਧਿਰਾਂ ਦਰਮਿਆਨ ਹੋਈ ਤਿੱਖੀ ਬਹਿਸ ਤੋਂ ਬਾਅਦ ਉਕਤ ਦੋਸ਼ੀਆਂ ਨੇ ਨਵਜੋਤ ਵਿਰਕ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਨਵਜੋਤ ਵਿਰਕ ਦੇ ਪਰਿਵਾਰਕ ਮੈਂਬਰਾਂ ਨੂੰ ਐਕਸਪੋ ਫੋਰਜਿੰਗ ਨੇੜੇ ਬਰਵਾਲਾ ਰੋਡ ’ਤੇ ਉਸਦੀ ਨਿਸਾਨ ਮਾਈਕਰਾ ਕਾਰ ਖੜ੍ਹੇ ਹੋਣ ਦਾ ਪਤਾ ਲੱਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਊਸ਼ਾ ਯਾਰਨ ਫੈਕਟਰੀ ਦੇ ਖਾਲੀ ਪਲਾਟ ਤੋਂ ਗਾਇਕ ਦੀ ਲਾਸ਼ ਬਰਾਮਦ ਹੋਈ।

ਇਸ ਸਬੰਧੀ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 302 ਅਤੇ 34 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਥਾਣਾ ਡੇਰਾਬੱਸੀ ਵਿਖੇ ਐਫਆਈਆਰ ਨੰਬਰ 144 ਮਿਤੀ 28.05.2018 ਅਧੀਨ ਕੇਸ ਦਰਜ ਕੀਤਾ ਗਿਆ ਸੀ।

ਐਸਐਸਪੀ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਐਸਪੀ ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਗਿਆ ਸੀ ਜਿਸ ਨੇ ਇਸ ਮਾਮਲੇ ਦੀ ਪੇਸ਼ੇਵਰ ਅਤੇ ਵਿਗਿਆਨਕ ਢੰਗ ਨਾਲ ਜਾਂਚ ਕੀਤੀ। ਐਸਆਈਟੀ ਵਿੱਚ ਡੀਐਸਪੀ ਇਨਵੈਸਟੀਗੇਸ਼ਨ ਗੁਰਸ਼ੇਰ ਸਿੰਘ ਅਤੇ ਸੀਆਈਏ ਇੰਚਾਰਜ ਮੁਹਾਲੀ ਸ਼ਿਵ ਕੁਮਾਰ ਮੈਂਬਰ ਵਜੋਂ ਸ਼ਾਮਲ ਸਨ।

ਉਨ੍ਹਾਂ ਦੱਸਿਆ ਕਿ ਜਾਂਚ ਤੋਂ ਹੋਏ ਖੁਲਾਸੇ ਅਨੁਸਾਰ ਦੋਸ਼ੀ ਵਿਅਕਤੀ ਯੂਪੀ-ਅਧਾਰਤ ਰਾਹੁਲ ਖੱਟਾ ਗੈਂਗ ਲਈ ਕੰਮ ਕਰ ਰਹੇ ਸਨ ਅਤੇ ਕਤਲ ਦੇ ਪਿੱਛੇ ਦਾ ਉਦੇਸ਼ ਮਾਰੇ ਗਏ ਗਾਇਕ ਦੀ ਕਾਰ ਖੋਹਣਾ ਸੀ, ਜਿਸਨੂੰ ਉਹ ਕਥਿਤ ਤੌਰ ’ਤੇ ਕਿਸੇ ਹੋਰ ਅਪਰਾਧ ਵਿੱਚ ਵਰਤਣਾ ਚਾਹੁੰਦੇ ਸਨ।

ਜ਼ਿਕਰਯੋਗ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਅਭਿਸ਼ੇਕ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ ਅਤੇ ਉਹ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ ਆਦਿ ਨਾਲ ਸਬੰਧਤ ਘੱਟੋ-ਘੱਟ ਸੱਤ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ।

Leave a Reply

Your email address will not be published. Required fields are marked *