ਸਿਹਤ ਹੁਨਰ ਵਿਕਾਸ ਕੇਂਦਰਾਂ ਲਈ ਢੁਕਵੀਂ ਯੋਜਨਾ ਉਲੀਕਣ ਲਈ ਕਮੇਟੀ ਗਠਿਤ ਕਰਨ ਦੇ ਆਦੇਸ਼

HEALTH SKILL DEVELOPMENT CENTRES

ਚੰਡੀਗੜ੍ਹ : ਸੂਬੇ ਵਿੱਚ ਸਿਹਤ ਹੁਨਰ ਵਿਕਾਸ ਕੇਂਦਰਾਂ (ਐਚ.ਐਸ.ਡੀ.ਸੀਜ਼.) ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਵਿਭਾਗ ਦੇ ਅਧਿਕਾਰੀਆਂ ਨੂੰ ਐਚ.ਐਸ.ਡੀ.ਸੀਜ਼ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਲਈ ਸਾਰੀਆਂ ਸਬੰਧਤ ਧਿਰਾਂ ਨੂੰ ਸ਼ਾਮਲ ਕਰਕੇ ਇੱਕ ਢੁਕਵੀਂ ਯੋਜਨਾ ਉਲੀਕਣ ਵਾਸਤੇ ਇੱਕ ਕਮੇਟੀ ਗਠਿਤ ਕਰਨ ਦੇ ਨਿਰਦੇਸ਼ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਸਿਹਤ ਖੇਤਰ ਦੇ ਬਦਲਦੇ ਰੁਝਾਨਾਂ ਅਨੁਸਾਰ ਸਿਹਤ ਹੁਨਰ ਵਿਕਾਸ ਕੇਂਦਰਾਂ ਵਿੱਚ ਕੋਰਸ ਸ਼ੁਰੂ ਕਰਨ ਲਈ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ, ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਪੰਜਾਬ ਮੈਡੀਕਲ ਕੌਂਸਲ (ਪੀ.ਐਮ.ਸੀ.) ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਸ਼ਮੂਲੀਅਤ ਵਾਲੀ ਕਮੇਟੀ ਬਣਾਈ ਜਾਵੇ।

ਕੈਬਨਿਟ ਮੰਤਰੀ ਸ੍ਰੀ ਅਰੋੜਾ ਅੱਜ ਇੱਥੇ ਪੰਜਾਬ ਭਵਨ ਵਿਖੇ ਭਾਈਵਾਲ ਵਿਭਾਗਾਂ, ਟਰੇਨਿੰਗ ਪਾਰਟਨਰਜ਼ (ਟੀ.ਪੀਜ਼), ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ (ਐਨ.ਐਸ.ਡੀ.ਸੀ.) ਅਤੇ ਉਦਯੋਗਾਂ ਦੇ ਨੁਮਾਇੰਦਿਆਂ ਦੇ ਸਹਿਯੋਗ ਨਾਲ ਸੂਬੇ ਵੱਲੋਂ ਬਣਾਈ ਜਾ ਰਹੀ ਆਪਣੀ ਹੁਨਰ ਸਿਖਲਾਈ ਸਕੀਮ ਬਾਰੇ ਵਿਚਾਰ ਵਟਾਂਦਰੇ ਲਈ ਬੁਲਾਈ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।

ਉਨ੍ਹਾਂ  ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੁਨਰ ਸਿਖਲਾਈ ਨਾਲ ਲੋਕਾਂ ਨੂੰ ਰੋਜ਼ਗਾਰ ਪ੍ਰਾਪਤੀ ਦੇ ਸਮਰੱਥ ਬਣਾਉਣ ਲਈ ਆਪਣੀ ਹੁਨਰ ਸਿਖਲਾਈ ਸਕੀਮ ਬਣਾਈ ਗਈ ਹੈ, ਜਿਸ ਦਾ ਖਰੜਾ ਤਿਆਰ ਹੋ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਹ ਸਕੀਮ ਕਾਲਜਾਂ, ਆਈ.ਟੀ.ਆਈਜ਼., ਪੌਲੀਟੈਕਨਿਕ ਸੰਸਥਾਵਾਂ ਦੇ ਵਿਦਿਆਰਥੀਆਂ ਦੀ ਰੋਜ਼ਗਾਰ ਹਾਸਲ ਕਰਨ ਦੀ ਸਮਰੱਥਾ ਵਿੱਚ ਵਾਧਾ ਕਰਨ ਤੋਂ ਇਲਾਵਾ ਉਨ੍ਹਾਂ ਦੇ ਸਾਫਟ ਤੇ ਲਾਈਫ ਸਕਿੱਲ ਵਧਾਉਣ ਵਿੱਚ ਮਦਦ ਕਰੇਗੀ ਅਤੇ ਨੌਕਰੀਆਂ ਦੀ ਤਲਾਸ਼ ਕਰ ਰਹੇ ਬੇਰੋਜ਼ਗਾਰ ਉਮੀਦਵਾਰਾਂ ਨੂੰ ਯੋਗਤਾ ਅਨੁਸਾਰ ਨੌਕਰੀ ਦੇ ਮੌਕੇ ਪ੍ਰਦਾਨ ਕਰੇਗੀ।

ਇਸ ਮੀਟਿੰਗ ਦੌਰਾਨ ਇਸ ਪ੍ਰਸਤਾਵਿਤ ਸਕੀਮ ਦੇ ਉਦੇਸ਼ਾਂ, ਉਮੀਦਵਾਰਾਂ ਦੀ ਯੋਗਤਾ, ਸਕੀਮ ਦੀ ਨਿਗਰਾਨੀ ਅਤੇ ਮੁਲਾਂਕਣ, ਲਾਭਪਾਤਰੀ ਮਾਪਦੰਡ ਅਤੇ ਇਸ ਨੂੰ ਲਾਗੂ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਸ੍ਰੀਮਤੀ ਜਸਪ੍ਰੀਤ ਤਲਵਾੜ, ਡਾਇਰੈਕਟਰ ਸ੍ਰੀਮਤੀ ਅੰਮ੍ਰਿਤ ਸਿੰਘ, ਸਹਾਇਕ ਡਾਇਰੈਕਟਰ ਐਸੋਚੈਮ, ਪੰਜਾਬ ਸ੍ਰੀ ਅੰਸ਼ੂਮਾਲੀ ਬਾਜਪਾਈ, ਸੀ.ਈ.ਓ. ਮੈਸਰਜ਼ ਸਨ ਫਾਊਂਡੇਸ਼ਨ (ਟ੍ਰੇਨਿੰਗ ਪਾਰਟਨਰ) ਸ੍ਰੀ ਗੁਰਬੀਰ ਸਿੰਘ, ਉਚੇਰੀ ਸਿੱਖਿਆ ਵਿਭਾਗ ਤੋਂ ਨੱਜ ਫੈਲੋ ਸ੍ਰੀ ਕੁਮੁਦ ਝਾਅ, ਰੋਜ਼ਗਾਰ ਉਤਪਤੀ ਵਿਭਾਗ ਤੋਂ ਨੱਜ ਫੈਲੋ ਸ੍ਰੀ ਸੌਰਭ ਸਾਹਾ ਅਤੇ ਤਕਨੀਕੀ ਸਿੱਖਿਆ, ਇੰਡਸਟਰੀ, ਉਚੇਰੀ ਸਿੱਖਿਆ, ਸਕੂਲ ਸਿੱਖਿਆ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *