ਤਰਕ ਦੀ ਮੁਸਕਰਾਹਟ – ਪ੍ਰਕਾਸ਼

ਗੋਲ-ਮਟੋਲ ਚਿਹਰਾ ਸੀ ਉਹਦਾ। ਵੱਡੀਆਂ-ਵੱਡੀਆਂ ਅੱਖਾਂ। ਦੇਖਦਿਆਂ ਹੀ ਛਾਲਾਂ ਮਾਰ ਲੱਤਾਂ ਨੂੰ ਆ ਚੁਮੜਦਾ। ਲੱਕੜ ਦੀ ਗੱਡੀ ਨਾਲ ਰੱਸੀ ਬੰਨ੍ਹੀ ਵੇਹੜੇ ਵਿਚ ਧੂਹੀ ਫਿਰੀ ਜਾਂਦਾ ਤੇ ਨਾਲੇ ‘ਵਾਜਾਂ ਮਾਰ-ਮਾਰ ਬੁਲਾਉਣਾ, ‘ਅੰਕਲ, ਦੇਖੋ ਮੇਰੀ ਗੱਡੀ।’ ਉਹਦੇ ਤੋਤਲੇ ਬੋਲ ਅੱਧੇ ਕੁ ਸਮਝ ਆਉਣੇ ਤੇ ਕੁਝ ਮੇਰੇ ਪੱਲੇ ਨਾ ਪੈਣੇ ਪਰ ਫੇਰ ਵੀ ਉਹਦੇ ਨਾਲ ਖੇਡਣਾ ਮੈਨੂੰ ਚੰਗਾ ਲਗਦਾ ਸੀ। ਝੂਠੀ-ਮੁਠੀ ਉਹਦੇ ਨਾਲ ਗੱਡੀ ਠੀਕ ਕਰਨਾ ਤੇ ਰੱਸੀ ਬੰਨ੍ਹ ਖਿਚਣਾ। ਜੇ ਕਿਤੇ ਉਹਦੀ ਮਾਂ ਪੜ੍ਹਨ ਲਈ ਕਹਿੰਦੀ ਤਾਂ ਚਾਈਂ-ਚਾਈਂ ਬਸਤਾ ਚੁੱਕ ਮੇਰੇ ਮੂਹਰੇ ਆ ਖੜਨਾ। ਪੰਜਾਬੀ ਤੇ ਅੰਗਰੇਜ਼ੀ ਦੇ ਕੈਦੇ ਦੀਆਂ ਫੋਟੋਆਂ ਦੇਖ ਇਕ ਪਾਸੇ ਰੱਖ ਦੇਣੇ। ਫੇਰ ਕਾਪੀ ਚੁੱਕ ਰੰਗਾਂ ਨਾਲ ਵਿੰਗੀਆਂ-ਟੇਢੀਆਂ ਮੂਰਤਾਂ ਵਾਹੁਣੀਆਂ ਸ਼ੁਰੂ ਕਰ ਦੇਣੀਆਂ। ਰੰਗਾਂ ਦਾ ਬਹੁਤ ਸ਼ੌਂਕ ਸੀ ਓਹਨੂੰ। ਘਰਦਿਆਂ ਨੇ ਲਾਡ ‘ਚ ਉਹਦਾ ਨਾਂ ਗੱਗੂ ਰੱਖਿਆ ਹੋਇਆ ਸੀ। ਉਸ ਦੀਆਂ ਚਮਕਦਾਰ ਅੱਖਾਂ ਦੀ ਤੱਕਣੀ ਅੱਜ ਵੀ ਮੇਰੇ ਜ਼ਿਹਨ ਵਿਚ ਉਸੇ ਤਰ੍ਹਾਂ ਉਕਰੀ ਹੋਈ ਹੈ। ਗੱਗੂ ਮੇਰੀ ਮਾਨਸਾ ਵਿਆਹੀ ਸਾਲੀ ਦਾ ਵੱਡਾ ਬੇਟਾ ਸੀ ਤੇ ਸਾਂਢੂ ਬਲਰਾਜ ਨਾਲ ਮੇਰੀ ਚੰਗੀ ਦੋਸਤੀ ਹੋਣ ਕਾਰਨ ਅਕਸਰ ਮੈਂ ਉਨ੍ਹਾਂ ਨੂੰ ਮਿਲਣ ਜਾਂਦਾ ਰਹਿੰਦਾ ਸੀ। ਬਲਰਾਜ ਮੇਰਾ ਸਾਂਢੂ ਬਣਨ ਤੋਂ ਪਹਿਲਾਂ ਦਾ ਦੋਸਤ ਐ। ਬਲਰਾਜ ਦੇ ਨਾਲ ਨਾਲ ਗੱਗੂ ਵੀ ਮੇਰਾ ਆੜੀ ਬਣ ਗਿਆ ਸੀ। ਉਦੋਂ ਉਹਦੀ ਉਮਰ ਕਰੀਬ ਚਾਰ ਕੁ ਵਰ੍ਹਿਆਂ ਦੀ ਸੀ।

ਜਲਦੀ ਹੀ ਉਹਨੂੰ ਬੁਖ਼ਾਰ ਚੜ੍ਹ ਜਾਣਾ। ਘਰਦਿਆਂ ਨੇ ਕਹਿਣਾ, ‘ਸਾਰਾ ਦਿਨ ਟੱਪਦਾ ਰਹਿੰਦਾ ਐ, ਕਿਸੇ ਦੀ ਬੁਰੀ ਨਜ਼ਰ ਲੱਗ ‘ਗੀ ਹੋਊ।’ ਭਾਵੇਂ ਇਹ ਟੱਬਰ ਵਹਿਮਾਂ-ਭਰਮਾਂ ਨੂੰ ਮੰਨਦਾ ਨਹੀਂ ਸੀ ਪਰ ਜਦੋਂ ਬੱਚਾ ਬਿਮਾਰ ਹੋਵੇ ਤਾਂ ਮਾਂ ਦੇ ਮੂੰਹੋਂ ਤਾਂ ਇਹ ਸ਼ਬਦ ਹਮੇਸ਼ਾ ਨਿਕਲ ਹੀ ਜਾਂਦੇ ਹਨ। ਕਦੇ-ਕਦਾਈਂ ਬੁਖ਼ਾਰ ਅਕਸਰ ਨਿੱਤ ਦਾ ਕੰਮ ਹੋ ਗਿਆ। ਉਸ ਦੀ ਬਿਮਾਰੀ ਲਗਾਤਾਰ ਵੱਧ ਰਹੀ ਸੀ। ਘਰ ਦੇ ਡਾਕਟਰਾਂ ਕੋਲ ਚੁੱਕੀ ਫਿਰਦੇ ਰਹਿੰਦੇ ਸਨ। ਪਰ ਕਿਸੇ ਨੂੰ ਉਹਦੀ ਬਿਮਾਰੀ ਪੱਲੇ ਨਹੀਂ ਸੀ ਪੈ ਰਹੀ। ਹਰ ਵਕਤ ਉਹਨੂੰ ਕਿਸੇ ਦੀ ਲੋੜ ਮਹਿਸੂਸ ਹੁੰਦੀ ਸੀ। ਉਹਦੀ ਸਿਹਤ ਲਗਾਤਾਰ ਡਿਗਦੀ ਜਾ ਰਹੀ ਸੀ। ਉਹਨੂੰ ਸੰਭਾਲਣਾ ਮੁਸ਼ਕਲ ਪੈਣ ਲੱਗਾ ਤਾਂ ਨਾਨੀ ਉਹਨੂੰ ਅਪਣੇ ਨਾਲ ਪਿੰਡ ਮਹਿਰਾਜ ਲੈ ਆਈ। ਜਦੋਂ ਉਹ ਨਾਨਕੇ ਪਿੰਡ ਗਿਆ ਤਾਂ ਮੇਰੀਆਂ ਮੁਲਾਕਾਤਾਂ ਉਹਦੇ ਨਾਲ ਬੰਦ ਹੋ ਗਈਆਂ। ਫੇਰ ਜਲਦੀ ਹੀ ਇਨ੍ਹਾਂ ਮੁਲਾਕਾਤਾਂ ਦਾ ਫੇਰ ਸਬੱਬ ਬਣ ਗਿਆ। ਉਹਦੀ ਮਾਸੀ ਹਰਪਿੰਦਰ ਨਾਲ ਮੇਰਾ 10 ਮਈ 2008 ਨੂੰ ਵਿਆਹ ਹੋ ਗਿਆ। ਹੁਣ ਉਹ ਗੋਲ-ਮਟੋਲ ਨਹੀਂ ਸੁੱਕੀ ਲੱਕੜ ਬਣ ਚੁੱਕਾ ਸੀ। ਪਰ ਸੁਭਾਅ ਉਹੀ ਹੰਸੂ-ਹੰਸੂ ਕਰਦਾ। ਹੁਣ ਉਹਦੀ ਡਰਾਇੰਗ ਦੀਆਂ ਮੂਰਤਾਂ ਵੀ ਸਪਸ਼ਟ ਨਜ਼ਰ ਆਉਂਦੀਆਂ ਸਨ। ਮੰਜੇ ‘ਤੇ ਪਿਆ ਪਿਆ ਵੀ ਜ਼ਿੰਦਗੀ ਦੇ ਰੰਗਾਂ ਨਾਲ ਖੇਡਦਾ ਸੀ।

ਉਸ ਨੂੰ ਮੇਰੀ ਮਾਂ (ਸੱਸ) ਕੁਰਸੀ ‘ਤੇ ਸਹਾਰਾ ਦੇ ਕੇ ਬਿਠਾਉਂਦੀ ਸੀ। ਸਾਰਾ ਦਿਨ ਉਸੇ ਦੀ ਤਿਮਾਰਦਾਰੀ ਵਿਚ ਲੱਗੀ ਰਹਿੰਦੀ। ਚਿਹਰੇ ‘ਤੇ ਕੋਈ ਸ਼ਿਕਣ ਨਹੀਂ ਸੀ ਹੁੰਦਾ। ਹਰ ਕਿਸੇ ਦੀ ਜ਼ੁਬਾਨ ‘ਤੇ ਗੱਗੂ ਦਾ ਨਾਂ ਹੁੰਦਾ। ਉਦੋਂ ਉਸ ਦੀ ਉਮਰ ਨੌ ਕੁ ਵਰਿਆਂ ਦੀ ਸੀ। ਉਸ ਦੇ ਚਿਹਰੇ ‘ਤੇ ਪਹਿਲਾਂ ਵਾਲਾ ਨੂਰ ਤਾਂ ਨਹੀਂ ਸੀ ਰਿਹਾ ਪਰ ਜ਼ਿੰਦਗੀ ਜਿਉਣ ਦੀ ਹਸਰਤ ਪਹਿਲਾਂ ਵਾਲੀ ਹੀ ਸੀ। ਲੱਤਾਂ ਅਤੇ ਬਾਹਾਂ ਸੁੱਕ ਕੇ ਕਾਨਾ ਬਣ ਗਈਆਂ। ਉਸ ਨੂੰ ਅਜਿਹੀ ਚੰਦਰੀ ਬਿਮਾਰੀ ਨੇ ਘੇਰ ਲਿਆ, ਜੋ ਉਸ ਦੀ ਜਾਨ ਲੈਣ ਦੀ ਜ਼ਿੱਦ ‘ਤੇ ਅੜੀ ਹੋਈ ਸੀ। ਇਸ ਬਿਮਾਰੀ ਵਾਲੇ ਬੱਚੇ ਮਸਾਂ ਹੀ 15 ਸਾਲ ਤਕ ਦੀ ਉਮਰ ਜਿਉਂਦੇ ਰਹਿੰਦੇ ਹਨ। ਉਹਦਾ ਪੱਕਾ ਨਾਂਅ ਗਗਨਦੀਪ ਸੀ। ਗਗਨ ਦਾ ਇਹ ਦੀਪ ਜਲਦੀ ਹੀ ਤਾਰਾ ਹੋ ਜਾਣ ਵੱਲ ਕਾਹਲ ਕਦਮੀਂ ਤੁਰ ਰਿਹਾ ਸੀ। ਜਿੰਨਾ ਉਹ ਮੌਤ ਵੱਲ ਅੱਗੇ ਵੱਧ ਰਿਹਾ ਸੀ, ਓਨਾ ਹੀ ਘਰਦਿਆਂ ਦਾ ਮੋਹ ਵੱਧ ਰਿਹਾ ਸੀ। ਭਾਵੇਂ ਸਾਰਿਆਂ ਨੂੰ ਸੱਚ ਪਤਾ ਸੀ ਪਰ ਇਕ ਚਮਤਕਾਰ ਦੀ ਆਸ ਬੰਦੇ ਨੂੰ ਹਮੇਸ਼ਾ ਬਣੀ ਹੀ ਰਹਿੰਦੀ ਹੈ। ਵਿਹੜੇ ਵਿਚ ਮੰਜੇ ‘ਤੇ ਬੈਠਾ-ਬੈਠਾ ਪੰਛੀਆਂ ਨੂੰ ਚਹਿਕਦਿਆਂ ਦੇਖ ਖੁਸ਼ ਹੋ-ਹੋ ਜਾਂਦਾ। ਰੰਗਾਂ ਦੇ ਰੂਪ ਵਿਚ ਚਿੜੀਆਂ-ਤੋਤੇ ਉਹਦੀ ਕਾਪੀ ‘ਤੇ ਆ ਨੱਚਦੇ-ਟੱਪਦੇ। ਸੁਪਨਿਆਂ ਵਿਚ ਉਹ ਕਦੇ ਖੁੱਲ੍ਹੇ ਮੈਦਾਨਾਂ ਵਿਚ ਦੌੜਦਾ ਤੇ ਕਦੇ ਪੰਛੀਆਂ ਨਾਲ ਅੰਬਰਾਂ ਵਿਚ ਉਡਾਰੀਆਂ ਮਾਰਦਾ। ਟੀæਵੀæ ‘ਤੇ ਕਾਰਟੂਨ ਨੂੰ ਕਰਤਬ ਕਰਦਿਆਂ ਨੂੰ ਦੇਖ ਜ਼ੋਰ-ਜ਼ੋਰ ਦੀ ਹੱਸਦਾ ਅਤੇ ਵੀਡੀਓ ਗੇਮ ਦੇ ਬਟਨ ਨੱਪ ਕੇ ਖੇਡਣ ਵਿਚ ਰੁਝਿਆ ਰਹਿੰਦਾ। ਪਰ ਬਹੁਤੀ ਦੇਰ ਇਹ ਚੀਜ਼ਾਂ ਵੀ ਉਹਦਾ ਸਹਾਰਾ ਨਾ ਬਣੀਆਂ ਰਹੀਆਂ। ਉਸ ਦੀ ਹਾਲਤ ਏਨੀ ਵਿਗੜ ਚੁੱਕੀ ਸੀ ਕਿ ਬਿਨਾਂ ਸਹਾਰੇ ਤੋਂ ਉਹ ਬੈਠ ਨਹੀਂ ਸੀ ਸਕਦਾ। ਪਰਿਵਾਰਕ ਮੈਂਬਰਾਂ ਨੂੰ ਉਸ ਦੇ ਪਿੱਛੇ ਹੱਥ ਪਾ ਕੇ ਰੱਖਣਾ ਪੈਂਦਾ ਸੀ ਜਾਂ ਉਸ ਦੇ ਪਿੱਛੇ ਸਹਾਰਾ ਦੇਣ ਲਈ ਕੋਈ ਸਿਰਹਾਣਾ ਜਾਂ ਬਿਸਤਰਾ ਇਕੱਠਾ ਕਰ ਕੇ ਲਾਉਣਾ ਪੈਂਦਾ ਸੀ ਤਾਂ ਕਿ ਉਹ ਕਿਸੇ ਪਾਸੇ ਗੇੜਾ ਖਾ ਕੇ ਡਿੱਗ ਨਾ ਜਾਵੇ।

ਉਸ ਨੇ ਹੌਲੀ ਹੌਲੀ ਅਪਣੀ ਬਿਮਾਰੀ ਨਾਲ ਵੀ ਦੋਸਤੀ ਕਰ ਲਈ। ਉਹ ਸਮਝ ਰਿਹਾ ਸੀ ਕਿ ਹੁਣ ਇਹਦੇ ਨਾਲ ਹੀ ਜਿਉਣਾ ਪੈਣਾ ਹੈ। ਉਹ ਕੋਈ ਵੀ ਅਜਿਹੀ ਚੀਜ਼ ਨਾ ਖਾਂਦਾ-ਪੀਂਦਾ, ਜਿਸ ਤੋਂ ਉਸ ਨੂੰ ਬਿਮਾਰੀ ਵਧਣ ਦਾ ਡਰ ਹੁੰਦਾ। ਮਿੱਠੇ ਸੁਭਾਅ ਵਾਂਗ ਮਠਿਆਈ ਵੀ ਉਹਦੀ ਪਹਿਲੀ ਪਸੰਦ ਸੀ। ਪਰ ਬਿਮਾਰੀ ਨੇੜੇ ਹੋਣ ਕਾਰਨ, ਉਹਨੇ ਮਠਿਆਈ ਤੋਂ ਦੂਰੀ ਬਣਾ ਲਈ। ਅਪਣੀ ਹਰ ਪਸੰਦ ‘ਤੇ ਕਾਬੂ ਪਾਉਣਾ ਸਿੱਖ ਗਿਆ ਸੀ। ਸਾਰਾ ਪਰਿਵਾਰ ਉਸ ਨੂੰ ਅਪਣੀਆਂ ਨਜ਼ਰਾਂ ਤੋਂ ਦੂਰ ਨਹੀਂ ਹੋਣ ਦੇਣਾ ਚਾਹੁੰਦਾ। ਇਸੇ ਲਈ ਹਰ ਤਰ੍ਹਾਂ ਦੇ ਓਹੜ-ਪਹੁੜ ਕਰਕੇ ਉਹਨੂੰ ਬਚਾ ਲੈਣਾ ਚਾਹੁੰਦੇ ਸਨ। ਕਦੇ ਪੰਜੀਰੀ ਕੁੱਟ ਕੇ ਜਾਂ ਤਾਕਤ ਵਾਲੀਆਂ ਚੀਜ਼ਾਂ ਬਣਾ-ਬਣਾ ਦਿੰਦੇ। ਉਹਦੇ ਕਮਜ਼ੋਰ ਪਏ ਸਰੀਰ ਵਿਚ ਜਾਨ ਪਾਉਣ ਵਿਚ ਲੱਗੇ ਹੋਏ ਸਨ। ਉਹਦੇ ਇਲਾਜ ਲਈ ਮੇਰਾ ਸਹੁਰਾ ਪਰਿਵਾਰ ਗੱਗੂ ਨੂੰ ਲੈ ਕੇ ਬਥੇਰੀਆਂ ਥਾਵਾਂ ‘ਤੇ ਗਿਆ। ਕਈ ਮਾਹਰ ਡਾਕਟਰਾਂ ਨੂੰ ਦਿਖਾਇਆ, ਪਰ ਹਰ ਪਾਸਿਓਂ ਡਾਕਟਰਾਂ ਦਾ ਜਵਾਬ ਨਾ ਵਿਚ ਹੀ ਮਿਲਦਾ ਸੀ। ਅਜਿਹੀਆਂ ਥਾਵਾਂ ‘ਤੇ ਸਿਰ ਝੁਕਾਇਆ, ਜਿਥੇ ਕਦੇ ਪੈਰ ਨਹੀਂ ਸੀ ਧਰਿਆ।

ਅਸਲ ਵਿਚ ਇਹ ਬਿਮਾਰੀ ਪੀੜ੍ਹੀ-ਦਰ-ਪੀੜ੍ਹੀ ਚੱਲਦੀ ਹੈ, ਕਿਉਂਕਿ ਇਹ ਜੀਨਜ਼ ਕਾਰਨ ਹੁੰਦੀ ਹੈ। ਇਸ ਬਿਮਾਰੀ ਨੇ ਹਰਪਿੰਦਰ ਦੇ ਵੱਡੇ ਭਰਾ ਦੀ ਵੀ ਜਾਨ ਲੈ ਲਈ ਸੀ ਅਤੇ ਉਨ੍ਹਾਂ ਨਾਲ ਹੀ ਰਹਿੰਦੀ ਸਕੀ ਮਾਸੀ ਦੇ ਵੱਡੇ ਲੜਕੇ ਦੀ ਮੌਤ ਵੀ ਇਸੇ ਕਾਰਨ ਹੋਈ ਸੀ। ਇਸ ਦੁੱਖ ਨੂੰ ਪਿੰਡੇ ‘ਤੇ ਹੰਢਾਉਣ ਦੇ ਬਾਵਜੂਦ ਉਹ ਬਸ ਗੱਗੂ ਨੂੰ ਬਚਾ ਲੈਣਾ ਚਾਹੁੰਦੇ ਸਨ। ਵਿਆਹ ਤੋਂ ਡੇਢ ਕੁ ਸਾਲ ਬਾਅਦ ਮੈਂ ਅਤੇ ਹਰਪਿੰਦਰ ਨੇ ਇਸ ਬਿਮਾਰੀ ਬਾਰੇ ਹੋਰ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਜੋ ਇਸ ਦਾ ਕੋਈ ਤੋੜ ਲਭਿਆ ਜਾ ਸਕੇ। ਸਾਡਾ ਸਫ਼ਰ ਵੀ ਡਾਕਟਰਾਂ ਦੀ ਭਾਲ ਵਿਚ ਸ਼ੁਰੂ ਹੋ ਗਿਆ। ਇਸ ਸਬੰਧੀ ਸਾਨੂੰ ਰਾਮਪੁਰੇ ਦੇ ਇੱਕ ਡਾਕਟਰ ਨੇ ਸਲਾਹ ਦਿੱਤੀ ਕਿ ਇਸ ਦੀ ਕੌਂਸਲਿੰਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਲਈ ਜਾ ਸਕਦੀ ਹੈ। ਉਨ੍ਹਾਂ ਦੀ ਸਲਾਹ ‘ਤੇ ਅਸੀਂ ਪਟਿਆਲਾ ਯੂਨੀਵਰਸਿਟੀ ਦੇ ਜੈਨੇਟਿਕ ਵਿਭਾਗ ਵਿਚ ਡਾæ ਜਸਵੀਰ ਕੌਰ ਨੂੰ ਮਿਲੇ। ਉਨ੍ਹਾਂ ਨੇ ਦੱØਸਿਆ ਕਿ ਇਸ ਬਿਮਾਰੀ ਨੂੰ ਮਸਕੂਲਰ ਡਿਸਟਰੌਫੀ (ਮਸਲ ਦਾ ਕਮਜ਼ੋਰ ਹੋਣਾ) ਕਹਿੰਦੇ ਹਨ। ਇਹ ਬਿਮਾਰੀ ਜੀਨਜ਼ ਰਾਹੀਂ ਸਿਰਫ਼ ਲੜਕਿਆਂ ਵਿਚ ਹੀ ਅੱਗੇ ਹੁੰਦੀ ਜਾਂਦੀ ਹੈ। ਮਾਂ ਦੇ ਜੀਨਜ਼ ਰਾਹੀਂ ਇਸ ਦਾ ਵਿਕਾਸ ਹੁੰਦਾ ਹੈ। ਇਸ ਬਿਮਾਰੀ ਦਾ ਕੋਈ ਇਲਾਜ ਨਹੀਂ! ਹੋਰ ਜਾਣਕਾਰੀ ਲਈ ਉਨ੍ਹਾਂ ਨੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਤੋਂ ਸੇਵਾਮੁਕਤ ਹੋਏ ਇੱਕ ਡਾਕਟਰ ਦਾ ਨੰਬਰ ਵੀ ਦਿੱਤਾ। ਡਾæ ਜਸਵੀਰ ਨੇ ਦੱਸਿਆ ਕਿ ਗਰਭ ਦੌਰਾਨ ਹੀ ਇਸ ਦਾ ਟੈਸਟ ਕਰ ਕੇ ਇਸ ਬਿਮਾਰੀ ਦਾ ਪਤਾ ਲਾਇਆ ਜਾ ਸਕਦਾ ਹੈ। ਪਤਾ ਲੱਗ ਜਾਣ ‘ਤੇ ਇਸ ਦਾ ਇੱਕੋ-ਇਕ ਹੱਲ ਹੈ, ਬਸ ਗਰਭਪਾਤ! ਅਸੀਂ ਉਨ੍ਹਾਂ ਕੋਲੋਂ ਏਮਜ਼ ਦੇ ਡਾਕਟਰ ਦਾ ਨੰਬਰ ਤਾਂ ਲੈ ਲਿਆ, ਪਰ ਉਨ੍ਹਾਂ ਕੋਲ ਜਾ ਨਾ ਹੋਇਆ।

ਇਸ ਦੌਰਾਨ ਹੀ ਹਰਪਿੰਦਰ ਦੇ ਗਰਭ ਵਿਚ ਬੱਚਾ ਪਲ ਰਿਹਾ ਸੀ। ਤੀਜਾ ਮਹੀਨਾ ਸ਼ੁਰੂ ਹੋ ਗਿਆ ਸੀ ਤੇ ਸਾਡੀ ਚਿੰਤਾ ਵੀ ਨਾਲੋ-ਨਾਲ ਵੱਧ ਰਹੀ ਸੀ। ਉਦੋਂ ਜਿਹੜੇ ਡਾਕਟਰ ਦੀ ਸਲਾਹ ਨਾਲ ਅਸੀਂ ਦਵਾਈ ਲੈ ਰਹੇ ਸੀ, ਉਸ ਨੂੰ ਅਪਣੀ ਇਸ ਪਰਿਵਾਰਕ ਬਿਮਾਰੀ ਬਾਰੇ ਦੱਸਿਆ। ਅਸੀਂ ਲਿੰਗ ਟੈਸਟ ਕਰਵਾਉਣਾ ਚਾਹੁੰਦੇ ਸੀ, ਪਰ ਉਨ੍ਹਾਂ ਨੇ ਕੋਈ ਹਾਮੀ ਨਾ ਭਰੀ। ਅਲਟਰਾਸਾਉਾਂਡ ਕਰਨ ਵਾਲਿਆਂ ਨਾਲ ਗੱਲ ਕੀਤੀ। ਉਹ ਵੀ ਕਹਿੰਦੇ ਕਿ ਅਦਾਲਤੀ ਹੁਕਮਾਂ ਰਾਹੀਂ ਹੀ ਅਜਿਹਾ ਕੀਤਾ ਜਾ ਸਕਦਾ ਹੈ। ਅਸੀ ਸੋਚਿਆ ਕਿ ਜੇਕਰ ਅਸੀਂ ਅਦਾਲਤੀ ਚੱਕਰਾਂ ਵਿਚ ਪੈ ਗਏ, ਤਾਂ ਅਦਾਲਤ ਦੇ ਫ਼ੈਸਲੇ ਤਕ ਤਾਂ ਬੱਚਾ ਦਸ ਸਾਲ ਦਾ ਹੋ ਜਾਵੇਗਾ। ਅਦਾਲਤੀ ਫੈਸਲਿਆਂ ਦਾ ਤਾਂ ਸਭ ਨੂੰ ਪਤਾ ਹੈ। ਉਂਜ ਵੀ ਗਰਭ ਵਿਚ ਪਲ ਰਹੀ ਕੁੜੀ ਦਾ ਪਤਾ ਲਾਉਣ ਵਾਲਿਆਂ ਦੀ ਕੋਈ ਕਮੀ ਨਹੀਂ। ਅਜਿਹੇ ਗਲਤ ਕੰਮ ਕਰਨ ਵਾਲੇ ਅਲਟਰਾਸਾਉਂਡ ਮਸ਼ੀਨਾਂ ਦੀ ਵੀ ਕੋਈ ਕਮੀ ਨਹੀਂ। ਪਰ ਇਮਾਨਦਾਰੀ ਨਾਲ ਕਿਸੇ ਅਗਾਉਂ ਪਤਰੇ ਬਾਰੇ ਜਾਣਨ ਲਈ ਹਰ ਹੀਲਾ ਥੋੜ੍ਹਾ ਰਹਿ ਜਾਂਦਾ ਹੈ। ਅਸੀਂ ਤਾਂ ਇਹ ਚੈੱਕ ਕਰਵਾਉਣਾ ਚਾਹੁੰਦੇ ਸੀ ਕਿ ਕਿਤੇ ਸਾਡੇ ਆਉਣ ਵਾਲੇ ਬੱਚੇ ਵਿਚ ਇਸ ਬਿਮਾਰੀ ਦੇ ਜੀਨਜ਼ ਤਾਂ ਨਹੀਂ ਪਰ ਸਾਡੀ ਵਾਹ-ਪੇਸ਼ ਨਹੀਂ ਸੀ ਜਾ ਰਹੀ। ਹੈਰਾਨੀ ਹੁੰਦੀ ਸੀ ਕਿ ਇਕ ਪਾਸੇ ਤਾਂ ਇਨ੍ਹਾਂ ਮਸ਼ੀਨਾਂ ਦੇ ਕਤਲ ਕੀਤੇ ਭਰੂਣਾਂ ਨਾਲ ਖੂਹ ਭਰੇ ਹੋਏ ਹਨ ਤੇ ਜਿਥੇ ਲੋੜ ਹੈ, ਉਦੋਂ ਮਸ਼ੀਨਾਂ ਨੂੰ ਜੰਗ ਲੱਗ ਜਾਂਦੀ ਹੈ। ਇਸ ਪੀੜਾ ਵਿਚੋਂ ਨਿਕਲਣਾ, ਸੁਭਾਵਕ ਤੌਰ ‘ਤੇ ਹੀ ਸਾਡੇ ਲਈ ਬਹੁਤ ਦੁਖਦਾਈ ਸੀ। ਖ਼ੈਰ ਅਸੀਂ ਇਸ ਦਾ ਪਤਾ ਹੀ ਨਾ ਲਗਾ ਸਕੇ।

ਓਨੀਂ ਦਿਨੀਂ ਗੱਗੂ ਦੀ ਹਾਲਤ ਵੀ ਵਿਗੜਦੀ ਜਾ ਰਹੀ ਸੀ। ਉਸ ਨੂੰ ਵਾਰ-ਵਾਰ ਨਿਮੋਨੀਆ ਹੋ ਰਿਹਾ ਸੀ। ਸਾਰੇ ਘਰਦਿਆਂ ਦੀ ਜਾਨ ਗੱਗੂ ਵਿਚ ਅਟਕੀ ਹੋਈ ਸੀ। ਹਰਪਿੰਦਰ ਅੱਠ ਮਹੀਨਿਆਂ ਦੀ ਗਰਭਵਤੀ ਸੀ, ਜਦੋਂ ਹਰਪਿੰਦਰ ਦੇ ਡੈਡੀ ਮਾਸਟਰ ਬਾਰੂ ਸਤਵਰਗ ਦਾ ਫੋਨ ਆਇਆ। ਇਹ ਬਹੁਤ ਹੀ ਬੁਰੀ ਖ਼ਬਰ ਸੀ। ਉਨ੍ਹਾਂ ਦੱਸਿਆ, ”ਬਿੱਲੇ…. ਗੱਗੂ…. ਗੁਜ਼ਰ ਗਿਆ ਹੈ।” ਏਨਾ ਸੁਣਦੇ ਹੀ ਮੇਰੇ ਸਾਹਮਣੇ ਗੱਗੂ ਦੀਆਂ ਯਾਦਾਂ ਕਿਸੇ ਫ਼ਿਲਮ ਵਾਂਗ ਅੱਖਾਂ ਮੂਹਰੇ ਤੈਰਨ ਲੱਗੀਆਂ। ਉਸ ਦੇ ਹੰਸੂ-ਹੰਸੂ ਕਰਦੇ ਚਿਹਰੇ ਤੋਂ ਲੈ ਕੇ ਹੱਡੀਆਂ ਦੀ ਮੁੱਠ ਬਣਿਆ ਸਰੀਰ ਮੇਰੇ ਸਾਹਮਣੇ ਖੜਾ ਸੀ। ਅੱਖਾਂ ਭਰਨ ਲੱਗੀਆਂ ਤੇ ਇਸ ਖਾਰੇ ਪਾਣੀ ਵਿਚੋਂ ਉਹਦਾ ਸਰੀਰ ਵੀ ਨਾਲ ਹੀ ਰੁੜ੍ਹ ਗਿਆ। ਭਾਵੇਂ ਸਾਨੂੰ ਇਸ ਹੋਣੀ ਦਾ ਪਤਾ ਸੀ, ਪਰ ਦਿਲ, ਦਿਲ ਫੇਰ ਵੀ ਇਸ ਖ਼ਬਰ ਨੂੰ ਸੱਚ ਮੰਨਣ ਲਈ ਤਿਆਰ ਨਹੀਂ। ਕਦੇ ਲੱਗਿਆ, ਸ਼ਾਇਦ ਡੈਡੀ ਨੇ ਇਹ ਕਿਹਾ ਹੋਣੈ, ਬਈ ਗੱਗੂ ਜ਼ਰਾ ਢਿੱਲਾ ਹੋ ਗਿਆ। ਕੰਨ ਅਸਲ ਬੋਲਾਂ ‘ਤੇ ਯਕੀਨ ਨਹੀਂ ਸੀ ਕਰਨਾ ਚਾਹੁੰਦੇ। ਉਦੋਂ ਗੱਗੂ 12 ਕੁ ਵਰਿਆਂ ਦਾ ਸੀ। ਮੌਤ ਉਹਨੂੰ ਅਪਣੇ ਨਾਲ ਲਿਜਾਣ ‘ਤੇ ਅੜੀ ਹੋਈ ਸੀ ਤੇ ਉਹਦੀ ਇਹ ਅੜੀ ਪੁੱਗ ਵੀ ਗਈ ਸੀ। ਮੌਤ ਦੀ ਜਿੱਤ ਸਾਡੀਆਂ ਕੋਸ਼ਿਸ਼ਾਂ ਨੂੰ ਮੂੰਹ ਚਿੜ੍ਹਾ ਰਹੀ ਸੀ।

ਮਸਕੂਲਰ ਟਰਾਫੀ ਨਾਂ ਦੀ ਇਸ ਬਿਮਾਰੀ ਨੇ ਹਾਲੇ ਵੱਡਾ ਰੂਪ ਨਹੀਂ ਧਾਰਿਆ, ਪਰ ਕਈ ਘਰਾਂ ਦੇ ਚਿਰਾਗ਼ ਇਸ ਕਾਰਨ ਜ਼ਰੂਰ ਬੁਝੇ ਹੋਣਗੇ, ਸ਼ਾਇਦ ਕੋਈ ਅੰਕੜਾ ਨਹੀਂ। ਇਸ ਬਿਮਾਰੀ ਦਾ ਹਾਲੇ ਤਕ ਕੋਈ ਇਲਾਜ ਨਹੀਂ ਹੈ। ਵਿਸ਼ਵੀਕਰਨ ਦੇ ਇਸ ਦੌਰ ਵਿਚ ਜਿਥੇ ਦਵਾਈਆਂ ਤਿਆਰ ਕਰਨ ਤੋਂ ਪਹਿਲਾਂ ਬਿਮਾਰੀਆਂ ਪੈਦਾ ਕੀਤੀਆਂ ਜਾਂਦੀਆਂ ਹਨ, ਉੱਥੇ ਹੱਸਦੀਆਂ-ਵਸਦੀਆਂ ਜ਼ਿੰਦਗੀਆਂ ਨੂੰ ਖਾਣ ਵਾਲੀਆਂ ਬਿਮਾਰੀਆਂ ਦੇ ਇਲਾਜ ਲਈ ਸਿਰ ਤੋੜ ਯਤਨ ਨਹੀਂ ਹੁੰਦੇ। ਬਾਜ਼ਾਰ ਵਿਚ ਜਿਹੜੀਆਂ ਦਵਾਈਆਂ ਆਉਂਦੀਆਂ ਹਨ ਉਹ, ਉਦੋਂ ਹੀ ਆਉਂਦੀਆਂ ਹਨ, ਜਦੋਂ ਕੋਈ ਬਿਮਾਰੀ ਵੱਡਾ ਰੂਪ ਧਾਰ ਲੈਂਦੀ ਹੈ ਜਾਂ ਵਿਕਸਤ ਮੁਲਕਾਂ ਵਲੋਂ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਵਿਚ ਬਿਮਾਰੀ ਦਾ ਹਊਆ ਫੈਲਾ ਕੇ ਨਾ ਵਰਤਣ ਯੋਗ (ਜਿਹੜੀਆਂ ਦਵਾਈਆਂ ਵਿਕਸਤ ਮੁਲਕਾਂ ਵਿਚ ਨਹੀਂ ਵਰਤੀਆਂ ਜਾਂਦੀਆਂ) ਦਵਾਈਆਂ ਸਪਲਾਈ ਕੀਤੀਆਂ ਜਾਂਦੀਆਂ ਹਨ। ਇਸ ਲਈ ਸਰਮਾਏਦਾਰਾਂ ਨੂੰ ਇਸ ਬਿਮਾਰੀ ‘ਤੇ ਖ਼ਰਚ ਕਰਨ ਦਾ ਹਾਲੇ ਕੋਈ ਲਾਭ ਨਹੀਂ। ਜਦੋਂ ਇਸ ਬਿਮਾਰੀ ‘ਚ ਮੁਨਾਫ਼ਾ ਦਿਖਾਈ ਦੇਣ ਲੱਗਿਆ ਤਾਂ ਦਵਾਈਆਂ ਵੀ ਮਹਿੰਗੇ ਭਾਅ ਧੜਾ-ਧੜ ਬਾਜ਼ਾਰ ‘ਚ ਆ ਜਾਣਗੀਆਂ। ਸਾਡੇ ਸਰਕਾਰੀ ਪ੍ਰਬੰਧਾਂ ਨੇ ਇਸ ਬਿਮਾਰੀ ਦਾ ਤੋੜ ਤਾਂ ਕੀ ਲੱਭਣਾ ਸੀ, ਸਗੋਂ ਇਸ ਗੱਲ ਦਾ ਪ੍ਰਬੰਧ ਤਕ ਨਹੀਂ ਕੀਤਾ ਜਾ ਸਕਿਆ ਕਿ ਬੱਚਿਆਂ ਤੇ ਮਾਪਿਆਂ ਨੂੰ ਇਸ ਅਸਹਿ ਪੀੜਾ ਝੱਲਣ ਤੋਂ ਬਚਾਇਆ ਜਾ ਸਕੇ।
ਅੱਜ ਜਦੋਂ ਮੇਰਾ ਲੜਕਾ ਤਰਕਦੀਪ ਦੋ ਸਾਲ ਦਾ ਹੋ ਗਿਆ ਹੈ। ਉਸ ਨੂੰ ਥੋੜ੍ਹਾ ਜਿਹਾ ਜ਼ੁਕਾਮ ਵੀ ਹੋ ਜਾਵੇ ਤਾਂ ਸਿਰ ਚਕਰਾਉਣ ਲੱਗਦਾ ਹੈ। ਵਾਰ ਵਾਰ ਗੱਗੂ ਦਾ ਚਿਹਰਾ ਅੱਖਾਂ ਮੂਹਰੇ ਆ ਕੇ ਮੁਸਕਰਾਉਂਦਾ ਨਜ਼ਰ ਆਉਂਦਾਂ। ਸੋਚਾਂ ਵਿਚ ਇਹ ਬਿਮਾਰੀ ਕਦੇ ਪਿੱਛਾ ਨਹੀਂ ਛੱਡਦੀ, ਪਰ ਜ਼ਿੰਦਗੀ ਦੀਆਂ ਇਨ੍ਹਾਂ ਤਲਖ਼ ਹਕੀਕਤਾਂ ਵਿਚੋਂ ਲੰਘਦਿਆਂ ਆਸ਼ਾਵਾਦੀ ਸੋਚ ਹਮੇਸ਼ਾ ਨਾਲ ਰਹਿੰਦੀ ਹੈ, ਜੋ ਮੰਜ਼ਿਲ ਵੱਲ ਵਧਦਿਆਂ ਹੌਸਲਾ ਦਿੰਦੀ ਹੈ। ‘ਤਰਕ’ ਦੀ ਮੁਸਕਰਾਹਟ ਸਾਨੂੰ ਹਰ ਖੌਫ਼ ਤੋਂ ਅੱਗੇ ਨਿਕਲਣ ਲਈ ਪ੍ਰੇਰਦੀ ਹੈ।

ਮੋਬਾਈਲ : 90419-30098

Leave a Reply

Your email address will not be published. Required fields are marked *