ਗਰੀਡੀ ਡੌਗ – ਹਰਪ੍ਰੀਤ ਸੇਖਾਂ

ਉਹ ਜਿਸ ਟੈਕਸੀ ਕੰਪਨੀ ਵਿੱਚੋਂ ਟੈਕਸੀ ਚਲਾਉਣੀ ਛੱਡ ਕੇ ਆਇਆ ਸੀ, ਉਸ ਕੰਪਨੀ ਦੇ ਡਰਾਈਵਰ ਉਸ ਨੂੰ ‘ਗਰੀਡੀ ਡੌਗ’ ਆਖਦੇ ਸਨ। ਇਸ ਬਾਰੇ ਨਵੀਂ ਕੰਪਨੀ, ਜਿੱਥੇ ਉਹ ਹੁਣ ਟੈਕਸੀ ਚਲਾਉਂਦਾ ਸੀ, ਦੇ ਬਹੁਤ ਥੋੜ੍ਹੇ ਡਰਾਈਵਰਾਂ ਨੂੰ ਪਤਾ ਸੀ। ਇਸ ਕੰਪਨੀ ਦੇ ਡਰਾਈਵਰ ਉਸ ਨੂੰ ‘ਬਲੈਕ ਜ਼ੀਰੋ ਟੈਕਸੀ’ ਵਾਲਾ ਬਿੱਲ੍ਹਾ ਕਰਕੇ ਜਾਣਦੇ ਸਨ। ਬਿੱਲ੍ਹਾ ਰਾਤ ਦੀ ਸ਼ਿਫਟ ਟੈਕਸੀ ਚਲਾਉਂਦਾ। ਉਹ ਬਾਕੀ ਡਰਾਈਵਰਾਂ ਨਾਲੋਂ ਜ਼ਿਆਦਾ ਦਿਹਾੜੀ ਬਣਾਉਂਦਾ। ਚੌਥੇ ਕੁ ਦਿਨ ਉਹ ਸ਼ਿਫਟ ਖਤਮ ਹੋਣ ਵੇਲੇ ਕਿਸੇ ਨਾ ਕਿਸੇ ਡਰਾਈਵਰ ਨੂੰ ਦਾਰੂ ਪਿਲਾ ਦਿੰਦਾ। ਕਈ ਡਰਾਈਵਰ ਆਖਦੇ ਕਿ ਉਹ ਡਿਸਪੈਚਰਾਂ ਨੂੰ ਵੀ ਦਾਰੂ ਪਿਲਾਉਂਦਾ ਹੋਵੇਗਾ, ਇਸੇ ਕਰਕੇ ਉਹ ਜ਼ਿਆਦਾ ਡਾਲਰ ਬਣਾਉਂਦਾ ਹੈ। ਪਰ ਧੰਨੇ ਦੇ ਇਹ ਗੱਲ ਹਜ਼ਮ ਨਾ ਹੁੰਦੀ। ਉਸ ਨੇ ਸੋਚਿਆ ਕਿ ਉਹ ਇਸ ਗੱਲ ਦਾ ਪਤਾ ਲਾ ਕੇ ਰਹੇਗਾ ਕਿ ਬਿੱਲ੍ਹੇ ਕੋਲ ਕਿਹੜੀ ਗਿੱਦੜਸਿੰਗੀ ਹੈ!

ਧੰਨਾ ਵੀ ਰਾਤ ਦੀ ਸ਼ਿਫਟ ਟੈਕਸੀ ਚਲਾਉਂਦਾ। ਉਸ ਨੇ ਦਾਰੂ ਦੀ ਬੋਤਲ ਲੈ ਕੇ ਅਪਣੀ ਕਾਰ ਵਿਚ ਰੱਖ ਲਈ। ਅਗਲੀ ਸਵੇਰ ਦੇ ਚਾਰ ਵਜੇ, ਜਦੋਂ ਰਾਤ ਦੀ ਸ਼ਿਫਟ ਖਤਮ ਹੁੰਦੀ, ਧੰਨੇ ਨੇ ਬਿੱਲ੍ਹੇ ਨੂੰ ਜਾ ਫੜਿਆ। ਧੰਨਾ ਕਹਿੰਦਾ, ” ਬੜੇ ਭਾਈ, ਅੱਗੇ ਤੇਰੇ ਤੋਂ ਪੀਵੀ ਦੀ ਐ, ਅੱਜ ਮੈਨੂੰ ਮੌਕਾ ਦੇ।”
“ਕੋਈ ਨੀ ਜੇ ਮੈਂ ਕਿਤੇ ਪਿਆ ‘ਤੀ, ਤਾਂ ਕੀ ਹੋ ਗਿਆ!’ ਬਿੱਲ੍ਹਾ ਬੋਲਿਆ।
ਧੰਨਾ ਕਹਿੰਦਾ, “ਤੇਰੀ ਖਾਤਰ ਸਪੈਸ਼ਲ ਲਿਆਂਦੀ ਐ। ਭਾਰ ਲਾਹੁਣ ਦਾ ਮੌਕਾ ਦੇ।”
ਉਹ ਦੋਹੇਂ ਧੰਨੇ ਦੀ ਕਾਰ ਵਿੱਚ ਜਾ ਬੈਠੇ। ਗਲਾਸਾਂ ‘ਚ ਸ਼ਰਾਬ ਪਾਉਂਦਾ ਧੰਨਾ ਫਿਰ ਕਹਿੰਦਾ, “ਬੜੇ ਭਾਈ, ਆਹ ਤਾਂ ਬਹੁਤ ਚੰਗਾ ਕੀਤਾ, ਜਿਹੜਾ ਆਖੇ ਲੱਗ ਗਿਆ। ਕੁਛ ਤਾਂ ਭਾਰ ਹੌਲਾ ਹੋਊ। ਤੂੰ ਪੱਲਿਓਂ ਪਿਆ ਪਿਆ ਕੇ ਭਾਰ ਚੜ੍ਹਾਈ ਜਾਨੈ। ਅੱਜ ਤੈਨੂੰ ਖਾਣਾ ਵੀ ਖਵਾਉਣੈਂ। ਥੋੜ੍ਹਾ ਤਰਾਰੇ ‘ਚ ਹੋ ਕੇ ਆਪਾਂ ਡੈਨੀਜ਼ ਰੈਸਟੋਰੈਂਟ ਚੱਲਦੇ ਆਂ।” ‘ਪੱਲਿਓਂ’ ਸ਼ਬਦ ‘ਤੇ ਧੰਨੇ ਜ਼ੋਰ ਦਿੱਤਾ।
“ਅੱਜ ਤਾਂ ਯਾਰ, ਬੜਾ ਦਿਆਲ ਹੋਇਐਂ!” ਬਿੱਲ੍ਹਾ ਬੋਲਿਆ।

“ਸਾਡੀ ਦਿਆਲਤਾ ਕਾਹਦੀ ਬੜੇ ਭਾਈ, ਤੇਰੇ ਜਿੱਡਾ ਜਿਗਰਾ ਕਿੱਥੋਂ ਲਿਆਈਏ, ਜਿਹੜਾ ਚੌਥੇ ਕੁ ਦਿਨ ਜੱਗ ਕਰ ਦਿੰਨੈ।”
ਦੂਜੀ ਵਾਰ ਗਲਾਸ ਭਰਦਾ ਧੰਨਾ ਬੋਲਿਆ, “ਬੜੇ ਭਾਈ, ਕਈ ਕਹਿੰਦੇ ਆ ਕਿ ਤੂੰ ਤਾਂ ਡਰਾਈਵਰਾਂ ਨੂੰ ਪਿਆ ਦਿੰਨੈ ਫਿਰ, ਡਿਸਪੈਚਰਾਂ ਨੂੰ ਕਿਉਂ ਨਾ ਪਿਆਉਂਦਾ ਹੋਵੇਂਗਾ! ਕੀ ਮਿਲਦੈ ਤੈਨੂੰ ਨਾਲੇ ਗੱਲਾਂ ਕਰਾਉਨੈਂ, ਨਾਲੇ ਪੱਲਿਓਂ ਖਰਚਾ ਕਰਦੈਂ।”
“ਤੈਨੂੰ ਦੱਸ ਦਿੰਨੈ ਪਰ ਕਿਸੇ ਕੋਲ ਗੱਲ ਨਾ ਕਰੀਂ। ਖਰਚਾ ਮੈਂ ਕੋਈ ਨੀ ਕਰਦਾ। ਇਓਂ ਈ ਬੱਸ ਹੱਥ ਲੱਗ ਜਾਂਦੀ ਐ ਦਾਰੂ ਕਦੇ-ਕਦਾਈਂ।”
“ਲੈ ਐਂ ਕਿਵੇਂ ਲੱਗ ਜਾਂਦੀ ਐ ਹੱਥ! ਐਵੇਂ ਮਾਰਦੈਂ ਤੂੰ।”
“ਕੋਈ ਨਾ ਕੋਈ ਸਵਾਰੀ ਛੱਡ ਜਾਂਦੀ ਐ।”
“ਹੱਦ ਹੋਗੀ! ਸਾਡੀ ਟੈਕਸੀ ‘ਚ ਤਾਂ ਕਦੇ ਕੋਈ ਸਵਾਰੀ ਛੱਡ ਕੇ ਨੀ ਗਈ।”
“ਤੁਸੀਂ ਯਾਰ ਦਿਮਾਗ ਨੀ ਵਰਤਦੇ। ਆਪਾਂ ਤਾਂ ਜੁਗਤ ਵਰਤਦੇ ਆਂ। ਜਦੋਂ ਕਿਸੇ ਸਵਾਰੀ ਦੇ ਹੱਥ ‘ਚ ਦੇਖੀਦੀ ਐ ਤਾਂ ਝੱਟ ਅਗਲੇ ਨੂੰ ਆਖ ਦੇਈਦੈ ਕਿ ਟੈਕਸੀ ‘ਚ ਪੀਣੀ ਇਲੀਗਲ ਐ। ਪਿੱਛੇ ਟਰੰਕ ‘ਚ ਰੱਖੋ। ਦਾਰੂ ਟਰੰਕ ‘ਚ ਰਖਾ ਕੇ ਅਗਲੇ ਨੂੰ ਐਸਾ ਗੱਲਾਂ ‘ਚ ਲਾਈਦੈ ਕਿ ਬਹੁਤੀ ਵਾਰੀ ਅਗਲਾ ਉਤਰਨ ਲੱਗਾ ਦਾਰੂ ਬਾਰੇ ਭੁੱਲ ਜਾਂਦੈ।”
“ਬੜਾ ਗੁਰੂ ਐਂ, ਬੜੇ ਭਾਈ ਤੂੰ ਤਾਂ!” ਆਖਦਾ ਧੰਨਾ ਹੱਸਿਆ। ਦੂਜਾ ਗਲਾਸ ਖਾਲੀ ਕਰਦਿਆਂ ਕਰਦਿਆਂ ਧੰਨੇ ਨੇ ਬਿੱਲ੍ਹੇ ਦੇ ਮੋਢੇ ‘ਤੇ ਹੱਥ ਮਾਰ ਕੇ ਦੋ-ਤਿੰਨ ਵਾਰ ‘ਤੂੰ ਤਾਂ ਬੜਾ ਦਿਮਾਗੀ ਬੰਦੈ’ ਕਿਹਾ।
ਤੀਜਾ ਗਲਾਸ ਭਰ ਕੇ ਧੰਨਾ ਕਹਿੰਦਾ, “ਬੜੇ ਭਾਈ, ਅੱਜ ਫੇਰ ਕਿੰਨੇ ਬਣਾ ਕੇ ਲੈ ਚੱਲਿਐਂ?”
“ਪੌਣੇ ਤਿੰਨ ਸੌ ਐ।”
“ਮੇਰੇ ਬਣੇ ਐ ਸਵਾ ਦੋ ਸੌ। ਬੜੇ ਭਾਈ, ਜਿੱਦਣ ਮਰਜੀ ਪੁੱਛ ਲੀਏ, ਤੇਰੇ ਚਾਲੀ-ਪੰਜਾਹ ਵੱਧ ਬਣੇ ਹੁੰਦੇ ਆ। ਕੀ ਗਿੱਦੜਸਿੰਗੀ ਐ ਤੇਰੇ ਕੋਲ?
“ਗਿੱਦੜਸਿੰਗੀ ਕੀ ਹੋਣੀ ਐ! ਦਿਮਾਗ ਵਰਤੀਦੈ।”
“ਬੜੇ ਭਾਈ, ਮੈਨੂੰ ਵੀ ਦੱਸ ਕੋਈ ਗੁਰ-ਮੰਤਰ।”

“ਰਾਤਾਂ ਨੂੰ ਸ਼ਰਾਬੀਆਂ ਨਾਲ ਵਾਹ ਪੈਂਦਾ, ਜਿੰਨੇ ਮਰਜ਼ੀ ਡਾਲੇ ਬਣਾਈ ਜਾਓ। ਅੱਜ ਈ ਮਿਲਿਆ ਇੱਕ ਸ਼ਰਾਬੀ। ਉਹਨੇ ਬਰਨਬੀ ਜਾਣਾ ਸੀ। ਮੈਂ ਟੈਕਸੀ ਤੋਰਨ ਤੋਂ ਪਹਿਲਾਂ ਹੀ ਕਰਾਇਆ ਮੰਗ ਲਿਆ। ਉਸ ਤੋਂ ਵੀਹਾਂ ਦਾ ਨੋਟ ਲੈ ਕੇ ਮੈਂ ਟੈਕਸੀ ਤੋਰ ਲਈ। ਜਦੋਂ ਉਹਦੇ ਟਿਕਾਣੇ ‘ਤੇ ਪਹੁੰਚੇ ਤਾਂ ਮੈਂ ਫੇਰ ਕਰਾਇਆ ਮੰਗ ਲਿਆ। ਉਹ ਕਹੇ ਮੈਂ ਪਹਿਲਾਂ ਹੀ ਤੈਨੂੰ ਵੀਹ ਡਾਲਰ ਦਿੱਤੇ ਆ। ਮੈਂ ਮੂਹਰੋਂ ਹੱਸ ਕੇ ਆਖ ਦਿੱਤਾ ਕਿ ਸ਼ਰਾਬ ਤਾਂ ਤੂੰ ਪੀਤੀ ਐ ਤੇ ਸ਼ਰਾਬੀ ਤੂੰ ਮੈਨੂੰ ਸਮਝੀ ਜਾਨੈਂ। ਕਦੋਂ ਦਿੱਤੇ ਸੀ ਵੀਹ ਡਾਲਰ। ਉਹ ਜੀ ਮੰਨ ਗਿਆ। ਕਹਿੰਦਾ ਭੁਲੇਖਾ ਲੱਗ ਗਿਆ ਹੋਊ।”
“ਕੀ ਕਹਿਣੇ ਬੜੇ ਭਾਈ, ਤੇਰੇ,” ਧੰਨੇ ਨੇ ਤਾੜੀ ਮਾਰੀ।

ਬਿੱਲ੍ਹਾ ਚਾਂਭਲ ਗਿਆ। ਕਹਿੰਦਾ, ” ਲੈ ਕੱਲ੍ਹ ਦੀ ਸੁਣ ਲੈ। ਇੱਕ ਬੰਦੇ ਨੂੰ ਡਾਊਨ-ਟਾਊਨ ‘ਚੋਂ ਚੁੱਕਿਆ। ਉਹਨੇ ਬਰਾਡਵੇ ‘ਤੇ ਜਿਹੜਾ ਹੌਲੀ ਡੇਅ ਇੰਨ ਹੋਟਲ ਐ, ਉਥੇ ਜਾਣਾ ਸੀ। ਕਿਸੇ ਬਾਹਰਲੇ ਸ਼ਹਿਰ ਤੋਂ ਲੱਗਦਾ ਸੀ। ਉਹ ਫੋਨ ‘ਤੇ ਕਿਸੇ ਨਾਲ ਗੱਲੀਂ ਲੱਗਾ ਸੀ। ਟ੍ਰਿੱਪ ਛੋਟਾ ਸੀ। ਮੈਂ ਸੋਚਿਆ ਏਹਨੂੰ ਥੋੜ੍ਹਾ ਵਲ ਕੇ ਲਿਆਉਨੇ ਆਂ। ਮੈਂ ਕੈਂਬੀ ਬਿੱ੍ਰਜ ਤੋਂ ਛੇ ਐਵੀਨਿਊ ਪਾ ਕੇ ਓਕ ਸਟਰੀਟ ਪਾ ਲਈ। ਮੇਰਾ ਵਿਚਾਰ ਸੀ ਬਈ ਕਿੰਗ ਇਡਵਰਡ ਸਟਰੀਟ ਪਾ ਕੇ ਫੇਰ ਬਰਾਡਵੇ ਵੱਲ ਨੂੰ ਮੋੜ ਕੇ ਲਿਆਊਂਗਾ। ਉਹ ਫੋਨ ‘ਤੇ ਗੱਲੀਂ ਰੁੱਝਿਆ ਵਾ ਸੀ। ਜਦੋਂ ਟੈਕਸੀ ਸੋਲ਼ਾਂ ਐਵੀਨਿਊ ‘ਤੇ ਪਹੁੰਚੀਂ ਤਾਂ ਓਹਦੀ ਨਿਗਾ ਬਾਹਰ ਵੱਲ ਗਈ। ਉਹ ਕਹਿੰਦਾ, ‘ਕਿੱਧਰ ਲੈ ਚੱਲਿਐਂ?’ ਮੈਨੂੰ ਲੱਗ ਗਿਆ ਪਤਾ ਬਈ ਏਹਨੂੰ ਰਾਹ ਦਾ ਪਤੈ। ਜੇ ਕੋਈ ਹੋਰ ਡਰੈਵਰ ਹੁੰਦਾ ਤਾਂ ਥਿੜਕ ਜਾਂਦਾ। ਮੈਂ ਜੁਗਤ ਵਰਤੀ। ਮੈਂ ਟੈਕਸੀ ਪਾਸੇ ਕਰਕੇ ਖੜ੍ਹਾ ਲਈ। ਦੋ ਕੁ ਵਾਰ ਸਿਰ ਨੂੰ ਝਟਕਿਆ। ਫੇਰ ਰੋਣਹਾਕੀ ਆਵਾਜ਼ ਬਣਾ ਕੇ ਉਸ ਨੂੰ ‘ਸੌਰੀ’ ਕਿਹਾ। ਤੇ ਫੇਰ ਸਟੋਰੀ ਬਣਾ ਕੇ ਉਹਨੂੰ ਦੱਸ ਦਿੱਤੀ। ਮੈਂ ਕਿਹਾ ਬਈ ਮੇਰੇ ਘਰਵਾਲੀ ਕੈਂਸਰ ਹਸਪਤਾਲ ‘ਚ ਪਈ ਐ। ਦੋ ਰਾਤਾਂ ਤੋਂ ਮੈਂ ਸੁੱਤਾ ਨੀ। ਹਮੇਸ਼ਾ ਧਿਆਨ ਓਸੇ ‘ਚ ਰਹਿੰਦਾ। ਏਸੇ ਕਰਕੇ ਟੈਕਸੀ ਕੈਂਸਰ ਹਸਪਤਾਲ ਵੱਲ ਲੈ ਚੱਲਿਆ ਸੀ। ਦੋ ਵਾਰ ਫੇਰ ਉਹਨੂੰ ‘ਸੌਰੀ’ ਕਿਹਾ। ਓਸ ਬੰਦੇ ਨੇ ਮੇਰੇ ਮੋਢੇ ‘ਤੇ ਹੱਥ ਰੱਖ ਕੇ ਹੌਂਸਲਾ ਦਿੱਤਾ। ਫੇਰ ਹੋਟਲ ਪਹੁੰਚ ਕੇ ਵੀਹ ਡਾਲਰ ਟਿੱਪ ਦੇ ਕੇ ਗਿਆ। ਕਹਿੰਦਾ ਘਰ ਜਾ ਕੇ ਘੜੀ ਸੌਂ ਆ।”

“ਬੜੇ ਭਾਈ, ਬੜੀ ਕੁੱਤੀ ਸ਼ੈਅ ਐਂ ਤੂੰ। ਤੈਨੂੰ ਮੌਕੇ ‘ਤੇ ਐਹੋ ਜੀਆਂ ਅਹੁੜਦੀਐਂ ਕਿਵੇਂ ਐਂ! ਕਮਾਲ ਐ ਬੜੇ ਭਾਈ! ਤੈਨੂੰ ਤਾਂ ਵਕੀਲ-ਵਕੂਲ ਬਨਣਾ ਚਾਹੀਦਾ ਸੀ।”
ਬਿੱਲ੍ਹਾ ਹੋਰ ਖੁਸ਼ ਹੋ ਗਿਆ। “ਲੈ ਚੁੱਕ ਬੜੇ ਭਾਈ, ਫੇਰ ਤੈਨੂੰ ਖਾਣਾ ਵੀ ਖਵਾਉਣੈ। ਜੇ ਤੇਰੀ ਸੇਵਾ ਕਰਾਂਗੇ ਤਾਂ ਹੀ ਤੂੰ ਨਵੇਂ-ਨਵੇਂ ਗੁਰ ਦੱਸੇਂਗਾ!” ਆਖ ਕੇ ਧੰਨੇ ਨੇ ਬਿੱਲ੍ਹੇ ਵੱਲ ਦੇਖਿਆ। ਉਸ ਨੂੰ ਪੂਰਾ ਖੁਸ਼ ਦੇਖ ਕੇ ਫਿਰ ਬੋਲਿਆ, “ਬੜੇ ਭਾਈ, ਤੂੰ ਉਹ ਕੁੱਤੇ ਵਾਲੀ ਗੱਲ ਵੀ ਸੁਣਾ। ਉੱਡਦੀ ਜੀ ਆਸਿਓਂ-ਪਾਸਿਓਂ ਗੱਲ ਸੁਣੀ ਸੀ ਪਰ ਤੂੰ ਪੂਰੀ ਸੁਣਾ।”
“ਉਹ, ਅੱਛਾ ਅੱਛਾ। ਉਹ ਤਾਂ ਪੁਰਾਣੀ ਗੱਲ ਐ, ਯਾਰ।”
“ਕੋਈ ਨੀ ਪੁਰਾਣੀ ਕੀ ਕਹਿੰਦੀ ਐ। ਤੂੰ ਸੁਣਾ। ਹੋਊਗੀ ਉਹ ਵੀ ਸਿਰੇ ਸੱਟ ਈ।”

“ਉਹ ਗੱਲ ਏਦਾਂ ਸੀ ਕਿ ਮੈਨੂੰ ਇੱਕ ਵਾਰੀ ਖਾਣਾ ਡਲਿਵਰ ਕਰਨ ਦਾ ਟ੍ਰਿੱਪ ਮਿਲਿਆ। ਮੈਂ ਰੈਸਟੋਰੈਂਟ ਤੋਂ ਖਾਣਾ ਚੁੱਕ ਕੇ ਹਾਲੇ ਚੱਲਿਆ ਹੀ ਸੀ ਕਿ ਰਾਹ ‘ਚ ਮੈਨੂੰ ਇੱਕ ਫਲੈਗ ਮਿਲ ਗਿਆ। ਮੈਂ ਪਹਿਲਾਂ ਹੀ ਸੋਚਦਾ ਜਾਂਦਾ ਸੀ ਕਿ ਜੇ ਕੋਈ ਓਧਰ ਨੂੰ ਜਾਂਦਾ ਫਲੈਗ ਮਿਲ ਜੇ ਤਾਂ ਸਵਾਦ ਈ ਆ ਜੇ। ਮੈਂ ਟੈਕਸੀ ਰੋਕ ਲਈ। ਬੰਦੇ ਦੇ ਨਾਲ ਇੱਕ ਨਿੱਕਾ ਜਿਹਾ ਕੁੱਤਾ ਸੀ। ਉਹ ਕਹਿੰਦਾ ਕਿ ਏਸ ਕੁੱਤੇ ਨੂੰ ਘਰ ਪਚਾਉਣੈਂ। ਕਹਿੰਦਾ ਬਹੁਤ ਚੰਗਾ ਕੁੱਤਾ ਐ, ਜਿੱਥੇ ਬੈਠਾਤਾ ਓਥੇ ਹੀ ਬੈਠਾ ਰਹਿਣੈਂ ਏਹਨੇ। ਨਾਲ ਹੀ ਓਸ ਬੰਦੇ ਨੇ ਵੀਹਾਂ ਦਾ ਨੋਟ ਦਿਖਾ ‘ਤਾ। ਵੀਹ ਤਾਂ ਉਦੋਂ ਏਅਰਪੋਰਟ ਦੇ ਮਸਾਂ ਚੱਲਦੇ ਸੀ। ਮੈਂ ਕਿਹਾ ਠੀਕ ਐ ਲੈ ਚੱਲਦੇ ਆਂ। ਮੈਂ ਖਾਣਾ ਵੀ ਓਧਰਲੇ ਪਾਸੇ ਹੀ ਡਲਿਵਰ ਕਰਨਾ ਸੀ। ਮੈਂ ਜੀ ਟੈਕਸੀ ਦਾ ਪਿਛਲਾ ਦਰਵਾਜਾ ਖੋਲ੍ਹ ਦਿੱਤਾ। ਓਸ ਬੰਦੇ ਨੇ ਪਿਛਲੀ ਸੀਟ ਦੇ ਪੈਰਾਂ ‘ਚ ਕੁੱਤੇ ਨੂੰ ਬੈਠਾ ਦਿੱਤਾ। ਕੁੱਤੇ ਨੂੰ ਓਥੋਂ ਨਾ ਹਿੱਲਣ ਦੀ ਤਾੜਨਾ ਵੀ ਕਰ ਗਿਆ। ਮੈਂ ਟੈਕਸੀ ਹਾਲੇ ਤੋਰੀ ਹੀ ਸੀ ਕਿ ਕੁੱਤੇ ਨੇ ਟਪੂਸੀ ਮਾਰ ਕੇ ਮੂਹਰਲੀ ਸੀਟ ‘ਤੇ ਪਏ ਖਾਣੇ ਨੂੰ ਸੰਨ੍ਹ ਲਾ ਲਈ। ਮੈਂ ਇਕ ਦਮ ਈ ਘਬਰਾ ਗਿਆ। ਕੁੱਤੇ ਨੂੰ ਹਟਾਉਣ ਲਈ ਉਹਦੇ ਮਾਰਿਆ ਤੇ ਟੈਕਸੀ ਪਾਸੇ ਨੂੰ ਕਰ ਕੇ ਰੋਕ ਲਈ। ਕੁੱਤਾ ਖੁਲ੍ਹੇ ਸ਼ੀਸ਼ੇ ਰਾਹੀਂ ਛਾਲ ਮਾਰ ਕੇ ਬਾਹਰ ਭੱਜ ਗਿਆ। ਮੈਂ ਬਥੇਰੀਆਂ ਬੁਸ਼ਕਰਾਂ ਮਾਰੀਆਂ ਪਰ ਉਹ ਆਵਦੇ ਮਾਲਕ ਵੱਲ ਦੌੜ ਗਿਆ। ਮੈਂ ਛੇਤੀਂ-ਛੇਤੀਂ ਆ ਕੇ ਟੈਕਸੀ ਤੋਰ ਲਈ। ਮੈਨੂੰ ਡਰ ਸੀ ਕਿ ਅਗਲਾ ਆਵਦੇ ਵੀਹ ਡਾਲਰ ਨਾ ਮੁੜਵਾ ਲਵੇ। ਮੇਰੀ ਨਿਗ੍ਹਾ ਖਾਣੇ ਵਾਲੀ ਟ੍ਰੇਅ ‘ਤੇ ਪਈ ਤਾਂ ਸੋਚਿਆ ਕਿ ਹੁਣ ਕੀ ਕਰਾਂ? ਕੁੱਤੇ ਨੇ ਟ੍ਰੇਅ ਉੱਪਰਲਾ ਫੌਇਲ ਪੇਪਰ ਪਾੜ ਦਿੱਤਾ ਸੀ। ਉਹ ਮੀਟ ਦਾ ਪੀਸ ਵੀ ਲੈ ਗਿਆ ਸੀ। ਖਾਣੇ ਵਾਲੇ ਖਾਣਾ ਉਡੀਕਦੇ ਸੀ। ਡਿਸਪੈਚਰ ਦੇਰੀ ਦਾ ਕਾਰਣ ਪੁੱਛਣ ਲੱਗਾ ਤਾਂ ਘਬਰਾਏ ਦੇ ਮੂੰਹੋਂ ਨਿਕਲ ਗਿਆ ਕਿ ਖਾਣਾਂ ਤਾਂ ਠੀਕ ਹੈ ਪਰ ਕੁੱਤਾ ਭੱਜ ਗਿਆ। ਡਿਸਪੈਚਰ ਹੈਰਾਨ ਸੀ ਕਿ ਇਹ ਕੁੱਤਾ ਕਿਧਰੋਂ ਆ ਗਿਆ। ਮੇਰੀ ਸੁਰਤ ਜਦੋਂ ਟਿਕਾਣੇ ਸਿਰ ਆਈ ਤਾਂ ਮੈਂ ਜੁਗਤ ਵਰਤੀ । ਸਟੋਰ ਤੋਂ ਨਵਾਂ ਫੌਇਲ ਪੇਪਰ ਖ੍ਰੀਦ ਕੇ ਟ੍ਰੇਅ ਢੱਕ ਕੇ ਡਲਿਵਰ ਕਰ ‘ਤੀ।”
“ਉਹ ਬੱਲੇ-ਬੱਲੇ, ਬੜੇ ਭਾਈ ਤੂੰ ਤਾਂ ਬੜਾ ਵੱਡਾ ਗਰੀਡੀ ਡੌਂਗ ਐਂ!” ਆਖ ਕੇ ਧੰਨਾ ਹੱਸਿਆ।
‘ਗਰੀਡੀ ਡੌਗ’ ਸੁਣ ਕੇ ਬਿੱਲ੍ਹਾ ਝੇਂਪ ਗਿਆ। ਉਸ ਨੂੰ ਸਮਝ ਨਾ ਲੱਗੀ ਕਿ ਧੰਨੇ ਨੇ ਪ੍ਰਸੰਸਾ ਕੀਤੀ ਸੀ ਜਾਂ ਟਾਂਚ ਲਾਈ ਸੀ।

Leave a Reply

Your email address will not be published. Required fields are marked *