ਕੰਵਲ ਦੇ ਗੁਆਂਢੀ ਮਹਿੰਗੇ ਦੇ ਦੱਸਣ ਮੂਜਬ ਉਹਦੀ ਮੁੱਢਲੀ ਪਛਾਣ ‘ਮਾਹਲੇ ਕਾ ਬੰਤਾ‘ ਸੀ। ਮਾਹਲੇ ਕਾ ਬੰਤਾ ਨਿੱਕਾ ਹੁੰਦਾ ਮਾਲ ਡੰਗਰ ਚਾਰਦਾ, ਕੌਡੀਬਾਡੀ ਖੇਡਦਾ, ਛਾਲਾਂ ਲਾਉਂਦਾ, ਇਲਤਾਂ ਕਰਦਾ, ਬਾਤਾਂ ਪਾਉਂਦਾ ਤੇ ਹੀਰ ਦੀਆਂ ਬੈਂਤਾਂ ਗਾਉਂਦਾ ਸੀ। ਆਂਢ ਗੁਆਂਢ ਤੇ ਆਏ ਗਏ ਦਾ ਜੀਅ ਲੁਆਉਂਦਾ ਸੀ। ਕਦੇ ਕਦੇ ਡੂੰਘੀਆਂ ਸੋਚਾਂ ‘ਚ ਡੁੱਬ ਜਾਂਦਾ ਸੀ। ਸਿਰ ਤੋਂ ਬਾਪ ਦਾ ਸਾਇਆ ਜੁ ਉਠ ਚੁੱਕਾ ਸੀ। ਉਦੋਂ ਕਿਸੇ ਦੇ ਖ਼ਾਬ ਖਿਆਲ ਵਿਚ ਨਹੀਂ ਸੀ ਕਿ ਉਹ ਪੰਜਾਬੀ ਦਾ ਨਾਮਵਰ ਨਾਵਲਕਾਰ ਬਣੇਗਾ ਤੇ ਉਹਦੇ ਨਾਂ ਨਾਲ ਉਹਦਾ ਪਿੰਡ ਢੁੱਡੀਕੇ ਹੋਰ ਮਸ਼ਹੂਰ ਹੋਵੇਗਾ।
ਉਹਦਾ ਜਨਮ 27 ਜੂਨ 1919 ਨੂੰ ਢੁੱਡੀਕੇ ਦੀ ਕਪੂਰਾ ਪੱਤੀ ਵਿਚ ਸ. ਮਾਹਲਾ ਸਿੰਘ ਗਿੱਲ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਹੋਇਆ ਸੀ। ਉਸ ਦੇ ਦਾਦੇ ਦਾ ਨਾਂ ਪੰਜਾਬ ਸਿੰਘ ਸੀ ਜੋ ਉੱਚੇ ਲੰਮੇ ਕੱਦ ਦਾ ਸਿਰੜੀ ਕਿਸਾਨ ਸੀ। ਉਹ ਤੜਕੇ ਉਠ ਕੇ ਹਲ ਜੋੜਦਾ, ਖੇਤ ਵਾਹੁੰਦਾ, ਪੱਠਾ ਦੱਥਾ ਕਰਦਾ ਤੇ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੁੰਦਾ ਰਹਿੰਦਾ। ਖੇਤਾਂ ਦੀ ਵਿਰਾਸਤ, ਕਿਰਤ ਤੇ ਕਿਰਸਾਣੀ ਕੰਵਲ ਨੂੰ ਵਿਰਸੇ ਵਿਚ ਮਿਲੀ। ਉਹਦੀਆਂ ਲਿਖਤਾਂ ਵਿਚ ਵੀ ਕਿਰਸਾਣੀ ਉਹਦੇ ਹੱਡੀਂ ਰਚੀ ਦਿਸਦੀ ਹੈ। ਪੰਜਾਬ ਦਾ ਕਿਸਾਨ ਉਹਦੇ ਨਾਵਲਾਂ ਦਾ ਹੀਰੋ ਹੈ।
ਕੰਵਲ ਦਾ ਪਿਤਾ ਮਾਹਲਾ ਸਿੰਘ ਵੀ ਸਿਰੜੀ ਕਿਸਾਨ ਸੀ। ਉਸ ਦੀ ਜ਼ਮੀਨ ਭਾਵੇਂ ਚੋਖੀ ਸੀ ਪਰ ਸੇਂਜੂ ਘੱਟ ਸੀ ਤੇ ਮਾਰੂ ਵੱਧ। ਖੇਤ ਪੰਜ ਛੇ ਥਾਈਂ ਖਿਲਰੇ ਹੋਏ ਸਨ। ਦਾਣੇ ਮਸਾਂ ਖਾਣ ਜੋਗੇ ਹੁੰਦੇ।ਜ਼ਮੀਨ ਦੇ ਸਿਰ ‘ਤੇ ਉਹ ਗੁਆਂਢੀ ਪਿੰਡ ਚੂਹੜਚੱਕ ਦੇ ਖਾਂਦੇ ਪੀਂਦੇ ਪਰਿਵਾਰ ਵਿਚ ਵਿਆਹਿਆ ਗਿਆ ਸੀ। ਉਹਦੇ ਘਰ ਤਿੰਨ ਪੁੱਤਰ ਹੋਏ ਤੇ ਤਿੰਨ ਧੀਆਂ। ਸਭ ਤੋਂ ਵੱਡਾ ਕਰਤਾਰ ਸਿੰਘ ਸੀ ਜਿਸ ਨੂੰ ਪਿੰਡ ਵਾਲੇ ਗਿਆਨੀ ਕਹਿੰਦੇ ਸਨ। ਉਂਜ ਉਹ ਗਿਆਨੀ ਪਾਸ ਨਹੀਂ ਸੀ ਤੇ ਨਾ ਹੀ ਗੁਰਦਵਾਰੇ ਦਾ ਪਾਠੀ ਸੀ। ਉਹ ਜਿ਼ਲ੍ਹਾ ਫਿਰੋਜ਼ਪੁਰ ਦੇ ਡਿਸਟ੍ਰਿਕ ਬੋਰਡ ਦਾ ਮੈਂਬਰ ਸੀ ਜੋ 1937 ਤੋਂ 1954 ‘ਚ ਬੋਰਡ ਟੁੱਟਣ ਤਕ ਮੈਂਬਰ ਬਣਿਆ ਰਿਹਾ। ਤਿੰਨਾਂ ਭੈਣਾਂ ਸਨ ਕਰਤਾਰ ਕੌਰ, ਭਗਵਾਨ ਕੌਰ ਤੇ ਬਚਿੰਤ ਕੌਰ। ਜਸਵੰਤ ਸਿੰਘ ਤੋਂ ਛੋਟੇ ਭਰਾ ਦਾ ਨਾਂ ਹਰਬੰਸ ਸਿੰਘ ਸੀ। ਕੰਵਲ ਦੇ ਪੰਜੇ ਭੈਣ ਭਰਾ ਅੱਗੇ ਪਿੱਛੇ ਚਲਾਣਾ ਕਰ ਚੁੱਕੇ ਹਨ।ਸਾਰੇ ਅੱਸੀ ਨੱਬੇ ਸਾਲ ਤੋਂ ਵੱਧ ਜੀਵੇ।
Also Read : ਜਸਵੰਤ ਸਿੰਘ ਕੰਵਲ ਦੀ ਜੀਵਨ ਯਾਤਰਾ
ਮਾਹਲਾ ਸਿੰਘ ਬੇਸ਼ਕ ਅਣਪੜ੍ਹ ਸੀ ਪਰ ਗੁਰਬਾਣੀ ਸਮਝਦਾ ਤੇ ਸਤਿਕਾਰਦਾ ਸੀ। ਉਹਦੇ ਮਨ ਵਿਚ ਸਿੱਖੀ ਦਾ ਜਜ਼ਬਾ ਬੜਾ ਪਰਬਲ ਸੀ। ਘਰ ਦਾ ਵਾਤਾਵਰਣ ਧਾਰਮਿਕ ਸੀ। ਇਹੋ ਕਾਰਨ ਸੀ ਕਿ ਉਹ ਜੈਤੋ ਦੇ ਮੋਰਚੇ ਵਿਚ ਜਾਣ ਲਈ ਸ਼ਹੀਦੀ ਜਥੇ ‘ਚ ਸ਼ਾਮਲ ਹੋ ਗਿਆ ਸੀ। ਜਦੋਂ ਨਾਭੇ ਦੀ ਕੈਦ ਕੱਟ ਕੇ ਪਿੰਡ ਆਇਆ ਤਾਂ ਬਿਮਾਰ ਹੋ ਗਿਆ ਅਤੇ ਅਧੇੜ ਉਮਰ ਵਿਚ ਹੀ ਚਲ ਵਸਿਆ। ਬੰਤਾ ਉਦੋਂ ਕੇਵਲ ਪੰਜ ਸਾਲ ਦਾ ਬਾਲਕ ਸੀ। ਬਾਪ ਨੇ ਪੁੱਤ ਨੂੰ ਸੀਨੇ ਨਾਲ ਲਾਇਆ। ਜਾਂਦੀ ਵਾਰ ਦਾ ਪਿਆਰ ਦਿੱਤਾ। ਬੰਤਾ ਬਾਪ ਦੀ ਹਿੱਕ ‘ਤੇ ਪਿਆ ਸੀ ਜਦ ਬਾਪ ਨੇ ਪ੍ਰਾਣ ਛੱਡੇ। ਉਸ ਦਾ ਛੋਟਾ ਭਰਾ ਹਰਬੰਸ ਸਿੰਘ ਮਾਂ ਦੇ ਕੁੱਛੜ ਸੀ। ਉਨ੍ਹਾਂ ਦੇ ਨਾਨਾ ਤੇ ਨਾਨੀ ਪਹਿਲਾਂ ਹੀ ਗੁਜ਼ਰ ਚੁੱਕੇ ਸਨ। ਛੇ ਬੱਚੇ ਲੈ ਕੇ ਮਾਂ ਕਿਧਰ ਜਾਂਦੀ? ਵੱਡਾ ਭਰਾ ਕਰਤਾਰ ਸਿੰਘ ਉਦੋਂ ਸਤਾਰਾਂ ਸਾਲਾਂ ਦਾ ਸੀ। ਸੋ ਸਾਰੇ ਪਰਿਵਾਰ ਦਾ ਭਾਰ ਉਹਦੇ ਉਤੇ ਆਣ ਪਿਆ। ਕੰਵਲ ਦੀ ਪਾਲਣਾ ਪੋਸਣਾ ਵਿਚ ਮਾਂ ਦੇ ਨਾਲ ਉਸ ਦੇ ਵੱਡੇ ਭਰਾ ਕਰਤਾਰ ਸਿੰਘ ਦਾ ਵੀ ਹੱਥ ਸੀ।
ਢੁੱਡੀਕੇ ਉਦੋਂ ਜਿ਼ਲ੍ਹਾ ਫਿਰੋਜ਼ਪੁਰ ਤੇ ਤਹਿਸੀਲ ਮੋਗੇ ਦਾ ਪਿੰਡ ਸੀ। ਮਹਾਰਾਜਾ ਰਣਜੀਤ ਸਿੰਘ ਦਾ ਵਿਸ਼ਾਲ ਰਾਜ ਚਲਾ ਗਿਆ ਸੀ ਪਰ ਸਤਲੁਜ ਦੇ ਦੱਖਣ ਵੱਲ ਕੁਝ ਸਿੱਖ ਰਿਆਸਤਾਂ ਅਜੇ ਕਾਇਮ ਸਨ। ਪੰਜਾਬ ਉਤੇ ਅੰਗਰੇਜ਼ਾਂ ਦਾ ਰਾਜ ਸੀ। ਆਰਥਿਕ ਮੰਦਵਾੜੇ ਕਰਕੇ ਆਮ ਲੋਕ ਫੌਜ ‘ਚ ਭਰਤੀ ਹੋਣ ਅਤੇ ਵਿਦੇਸ਼ਾਂ ਨੂੰ ਨਿਕਲਣੇ ਸ਼ੁਰੂ ਹੋ ਗਏ ਸਨ। ਮੀਂਹ ਨਾ ਪੈਣ ਕਾਰਨ ਕਾਲ ਪੈਣੇ ਆਮ ਗੱਲ ਸੀ।ਆਏ ਸਾਲ ਛੋਟੀਆਂ ਵੱਡੀਆਂ ਪਲੇਗਾਂ ਪੈਂਦੀਆਂ ਜੋ ਚੰਗੇ ਭਲੇ ਬੰਦਿਆਂ ਨੂੰ ਨਿਗਲ ਜਾਂਦੀਆਂ। ਕੰਵਲ ਦੇ ਜਨਮ ਵੇਲੇ ਜੱਲ੍ਹਿਆਂਵਾਲੇ ਦਾ ਸਾਕਾ ਵਰਤੇ ਨੂੰ ਅਜੇ ਢਾਈ ਕੁ ਮਹੀਨੇ ਹੀ ਹੋਏ ਸਨ। ਉਸ ਤੋਂ ਪੰਜ ਕੁ ਸਾਲ ਪਹਿਲਾਂ ਗਦਰੀ ਬਾਬਿਆਂ ਨੇ ਦੇਸ਼ ਦੀ ਆਜ਼ਾਦੀ ਲਈ ਗਦਰ ਲਹਿਰ ਸ਼ੁਰੂ ਕੀਤੀ ਸੀ। ਉਸ ਲਹਿਰ ਵਿਚ ਢੁੱਡੀਕੇ ਦੇ ਵੀ ਕੁਝ ਗਦਰੀ ਬਾਬੇ ਸ਼ਾਮਲ ਸਨ। ਢੁੱਡੀਕੇ ਗਦਰ ਲਹਿਰ ਦਾ ਸਬ ਸੈਂਟਰ ਬਣ ਗਿਆ ਸੀ ਜਿਥੇ ਗਦਰੀਆਂ ਦੀਆਂ ਗੁਪਤ ਮੀਟਿੰਗਾਂ ਹੁੰਦੀਆਂ ਸਨ। ਢੁੱਡੀਕੇ ਦੇ ਕੁਝ ਫੌਜੀ ਜੁਆਨ 1914 ਤੋਂ 18 ਤਕ ਲੜੀ ਪਹਿਲੀ ਵਿਸ਼ਵ ਜੰਗ ਵਿਚ ਵੀ ਲੜੇ ਸਨ। ਢੁੱਡੀਕੇ ਵਿਚ ਹੀ 28 ਜਨਵਰੀ 1865 ਨੂੰ ਲਾਲਾ ਲਾਜਪਤ ਰਾਏ ਦਾ ਜਨਮ ਹੋਇਆ ਸੀ ਜੋ ਸੁਤੰਤਰਤਾ ਸੰਗਰਾਮੀ ਵਜੋਂ ਸ਼ਹੀਦ ਹੋਇਆ। ਕੰਵਲ ਦੇ ਜਨਮ ਸਮੇਂ ਢੁੱਡੀਕੇ ਤੇ ਚੂਹੜਚੱਕ ਅੰਗਰੇਜ਼ ਸਰਕਾਰ ਦੀਆਂ ਨਜ਼ਰਾਂ ਵਿਚ ਖ਼ਤਰਨਾਕ ਪਿੰਡ ਸਨ ਜਿਥੇ ਤਾਜੀਰੀ ਚੌਕੀ ਬਿਠਾਈ ਗਈ ਸੀ। ਚੌਕੀ ਦਾ ਖਰਚਾ ਦੋਹਾਂ ਪਿੰਡਾਂ ਨੂੰ ਦੇਣਾ ਪੈਂਦਾ ਸੀ।
ਢੁੱਡੀਕੇ ਪਹਿਲਾਂ ਪਹਿਲ ਵੈੱਲੀਆਂ ਤੇ ਅਮਲੀਆਂ ਦਾ ਪਿੰਡ ਵਜਦਾ ਸੀ। ਉਥੇ ਸ਼ਰ੍ਹੇਆਮ ਨਸ਼ਾ ਪੱਤਾ ਹੁੰਦਾ, ਚੋਰੀਆਂ ਹੁੰਦੀਆਂ ਤੇ ਡਾਕੇ ਪੈਂਦੇ। ਪਈ ਲਾਅਲਾ-ਲਾਅਲਾ ਹੁੰਦੀ ਰਹਿੰਦੀ। ਸ਼ਰੀਕਾਂ ਦੇ ਆਪਸ ਵਿਚ ਕਤਲ ਹੁੰਦੇ। ਦੁਸ਼ਮਣੀਆਂ ਚਲਦੀਆਂ ਰਹਿੰਦੀਆਂ। ਹੋਰਨਾਂ ਪਿੰਡਾਂ ਦੇ ਸਾਊ ਬੰਦੇ ਢੁੱਡੀਕੇ ‘ਚ ਸਾਕ ਕਰਨ ਲਈ ਸੌ ਵਾਰ ਸੋਚਦੇ। ਫਿਰ ਢੁੱਡੀਕੇ ਦੀ ਪਛਾਣ ਗਦਰੀ ਬਾਬਿਆਂ ਦੇ ਪਿੰਡ ਵਜੋਂ ਬਣੀ ਜੋ ਦੇਸ਼ ਆਜ਼ਾਦ ਹੋਣ ਪਿੱਛੋਂ ਲਾਲਾ ਲਾਜਪਤ ਰਾਏ ਦੇ ਜਨਮ ਸਥਾਨ ਵਜੋਂ ਉਭਾਰੀ ਗਈ। ਜਸਵੰਤ ਸਿੰਘ ਕੰਵਲ ਨੇ ਢੁੱਡੀਕੇ ਨੂੰ ਲੇਖਕਾਂ ਦੇ ਪਿੰਡ ਵਜੋਂ ਪਛਾਣ ਦਿੱਤੀ। ਇਨ੍ਹਾਂ ਗੱਲਾਂ ਕਰ ਕੇ ਵੀਹਵੀਂ ਸਦੀ ਦੇ ਪਿੱਛਲੇ ਅੱਧ ਤੋਂ ਢੁੱਡੀਕੇ ਨੂੰ ਪੰਜਾਬ ਦਾ ਇਤਿਹਾਸਕ ਪਿੰਡ ਕਿਹਾ ਜਾਣ ਲੱਗਾ ਹੈ।
ਢੁੱਡੀਕੇ ਦੇ ਸਾਬਕਾ ਸਰਪੰਚ ਰਾਮ ਸਿੰਘ ਦੇ ਅਮਰੀਕਾ ‘ਚ ਅਧਿਆਪਕ ਲੱਗੇ ਰਹੇ ਸਪੁੱਤਰ ਗੁਰਚਰਨ ਸਿੰਘ ਗਿੱਲ ਨੇ ਆਪਣੇ ਪਿੰਡ ਬਾਰੇ ਖੋਜ ਕੀਤੀ ਹੈ। ਉਸ ਨੇ ਆਪਣੇ ਖੋਜੀ ਲੇਖ ਦਾ ਸਿਰਲੇਖ ‘ਰਾਮ ਚੰਦਰ ਜੀ ਤੋਂ ਢੁੱਡੀਕੇ ਦੇ ਗਿੱਲ’ ਰੱਖਿਆ ਹੈ। ਉਸ ਅਨੁਸਾਰ ਗਿੱਲ ਗੋਤੀ ਆਪਣੇ ਆਪ ਨੂੰ ਸੂਰਜਵੰਸ਼ੀ ਰਾਮ ਚੰਦਰ ਜੀ ਦੇ ਬੇਟੇ ਕੁਸ਼ ਦੀ ਔਲਾਦ ਦੱਸਦੇ ਹਨ ਜਿਸ ਨੇ ਕਸੂਰ ਵਸਾਇਆ ਸੀ। ਪੰਜਾਬ ਦੇ ਗਿੱਲ ਪਰਿਵਾਰ ਗਿੱਲਪਾਲ ਦੇ ਵਾਰਸ ਹਨ ਜੋ ਰਾਜਪੂਤ ਰਾਜਾ ਪ੍ਰਿਥੀਪਾਲ ਦਾ ਬੇਟਾ ਸੀ ਅਤੇ ਬਾਰੀਆ ਰਾਜਪੂਤਨੀ ਭੁੱਲਰ ਜੱਟ ਉਸ ਦੀ ਪਤਨੀ ਸੀ। ਗਿੱਲਪਾਲ ਦੇ ਬਾਰਾਂ ਪੁੱਤਰ ਸਨ ਜਿਨ੍ਹਾਂ ਦੇ ਨਾਂ ਸੋਭ ਰਾਏ, ਜੱਜ, ਤਾਲੋਚਾਰ, ਕੇਸਰੀਆ, ਛੱਜ, ਜਿਉਣਾ, ਬਾਹਬਾਰਾ, ਵਦਾਨ, ਛੇਲੀ, ਮੋਖਾ, ਰਾਜੀ ਤੇ ਸ਼ਾਹੀ ਸਨ।
Must Read : ਜਸਵੰਤ ਸਿੰਘ ਕੰਵਲ ਲਿਖੀਆਂ ਰਚਨਾਵਾਂ ਦਾ ਵੇਰਵਾ
ਸਾਖੀ ਪ੍ਰਚਲਿਤ ਹੈ ਕਿ ਰਾਜਾ ਪ੍ਰਿਥੀਪਾਲ ਦੇ ਘਰ ਉਸ ਦੀਆਂ ਰਾਜਪੂਤ ਪਤਨੀਆਂ ਦੇ ਪੇਟੋਂ ਕੋਈ ਪੁੱਤਰ ਨਹੀਂ ਸੀ ਪੈਦਾ ਹੋਇਆ। ਉਸ ਨੇ ਆਪਣੇ ਗੁਰੂ ਦੀ ਨਸੀਅਤ ਮੰਨਦਿਆਂ ਠਾਕ/ਠਖੀ ਨਾਂ ਦੀ ਭੁੱਲਰ ਜੱਟ ਗੋਤ ਦੀ ਜ਼ਨਾਨੀ ਨਾਲ ਵਿਆਹ ਕਰਾ ਲਿਆ। ਦੰਦ ਕਥਾ ਅਨੁਸਾਰ ਪ੍ਰਿਥੀਪਾਲ ਦੀ ਪਤਨੀ ਨੇ ਇਕ ਦਲਦਲ ਵਿਚ ਪੁੱਤਰ ਨੂੰ ਜਨਮ ਦਿੱਤਾ ਸੀ ਜਿਥੇ ਉਸ ਨੂੰ ਇਕ ਬ੍ਰਾਹਮਣ ਨੇ ਦੇਖ ਲਿਆ ਸੀ। ਉਹ ਉਸ ਬੱਚੇ ਨੂੰ ਆਪਣੇ ਬਾਪ ਕੋਲ ਲੈ ਆਇਆ ਜਿਸ ਨੇ ਉਸ ਦਾ ਨਾਂ ਗਿੱਲਪਾਲ ਰੱਖ ਦਿੱਤਾ ਕਿਉਂਕਿ ਉਹ ਗਿੱਲੀ ਥਾਂ ਜੰਮਿਆ ਸੀ। ਗਿੱਲਪਾਲ ਦੇ ਬਾਰਾਂ ਬੇਟੇ ਹੋਏ।
ਜੱਜ,ਗਿੱਲਪਾਲ ਦਾ ਦੂਜਾ ਬੇਟਾ ਸੀ। ਉਹ ਬਧਨ ਗਿੱਲ ਨਾਂ ਦਾ ਬਜ਼ੁਰਗ ਸੀ। ਉਸ ਨੇ ਡੰਡਾ ਬੀਂਡਾ ਪਿੰਡ ਵਸਾਇਆ। ਜੱਜ ਦੇ ਇਕ ਵਾਰਸ ਰਾਜੇ ਨੇ ਰਾਜੇਆਣਾ ਪਿੰਡ ਵਸਾਇਆ। ਰਾਜੇ ਨੂੰ ਰਾਜਾ ਪੀਰ ਵੀ ਕਹਿੰਦੇ ਹਨ ਜਿਸ ਦੀ ਯਾਦ ਵਿਚ ਸਮਾਧਾਂ ਬਣੀਆਂ ਹੋਈਆਂ ਹਨ। ਇਕ ਸਮਾਧ ਰਾਜੇਆਣੇ ਵਿਚ ਵੀ ਹੈ ਜਿਥੇ ਹਰ ਸਾਲ ਵਿਸਾਖੀ ਮੌਕੇ ਮੇਲਾ ਲੱਗਦਾ ਹੈ। ਰਾਜਾ, ਬਰਾੜਾਂ ਨਾਲ ਹੋਈ ਲੜਾਈ ਵਿਚ ਮਾਰਿਆ ਗਿਆ ਸੀ ਤੇ ਬਰਾੜਾਂ ਨੇ ਉਸ ਦੇ ਵਾਰਸਾਂ ਨੂੰ ਰਾਜੇਆਣੇ ਵਿਚੋਂ ਕੱਢ ਦਿੱਤਾ ਸੀ। ਰਾਜੇ ਦੇ ਅੱਠ ਪੁੱਤ ਸਨ ਜਿਨ੍ਹਾਂ ਦੇ ਨਾਂ ਬਿਨੀ, ਸ਼ਾਨੀ, ਕੌਲੂ, ਢੁੱਡੀ, ਕੌਨ, ਔਘੜ, ਮੋਹਪਾਲ ਤੇ ਡੋਡਾਵਾਨੀ ਸਨ। ਪਹਿਲਾਂ ਉਨ੍ਹਾਂ ਨੇ ਮੋਗਾ ਵਸਾਇਆ ਤੇ ਫਿਰ ਕਈ ਹੋਰ ਪਿੰਡ ਵਸਾਏ।
ਪਿੰਡ ਢੁੱਡੀਕੇ, ਢੁੱਡੀ ਦੇ ਵਾਰਸਾਂ ਨੇ ਆਬਾਦ ਕੀਤਾ। ਢੁੱਡੀ ਦੇ ਦੋ ਪੁੱਤਰ ਸਨ ਮਾਨਕ ਤੇ ਕੰਬੋ। ਮਾਨਕ ਦੀਆਂ ਅਗਲੀਆਂ ਚਾਰ ਪੀੜ੍ਹੀਆਂ ਅਹਿਮਦ, ਡਾਓ, ਸੁਲੇਮਾ ਤੇ ਮਨਸੂਰ ਸਨ। ਉਹ ਮੋਗੇ ਦੇ ਚੜ੍ਹਦੇ ਪਾਸੇ ਗੋਧੇਵਾਲਾ ਛੱਪੜ ਕੋਲ ਰਹਿੰਦੇ ਸਨ ਜਿਥੋਂ ਪਸ਼ੂਆਂ ਦੀਆਂ ਧਾਰਾਂ ਚੋ ਕੇ ਉਨ੍ਹਾਂ ਨੂੰ ਚਰਾਉਣ ਲਈ ਚੜ੍ਹਦੇ ਪਾਸੇ ਲੈ ਜਾਂਦੇ ਸਨ। ਜਿਥੇ ਹੁਣ ਢੁੱਡੀਕੇ ਵਸਿਆ ਹੋਇਆ ਉਥੋਂ ਦੀ ਚਰਾਗਾਹ ਤਕ ਡੰਗਰ ਚਾਰਨ ਲੈ ਆਉਂਦੇ ਸਨ। ਇਕ ਦਿਨ ਉਨ੍ਹਾਂ ਨੂੰ ਖਿ਼ਆਲ ਆਇਆ ਕਿਉਂ ਨਾ ਚਰਾਗਾਹ ਵਿਚ ਹੀ ਪਿੰਡ ਬੰਨ੍ਹ ਲਿਆ ਜਾਵੇ।
(ਅੱਗੇ ਪੜ੍ਹਨ ਲਈ ਇਥੇ ਕਲਿੱਕ ਕਰੋ)
ਪੁਸਤਕ ‘ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ’ ਵਿਚੋਂ
ਸਰਵਣ ਸਿੰਘ
principalsarwansingh@gmail.com