ਮਾਹਲੇ ਕਾ ਬੰਤਾ-2

ਲੜੀ ਜੋੜਨ ਲਈ ‘ਮਾਹਲੇ ਕਾ ਬੰਤਾ -1’ ਪੜ੍ਹੋ

ਢੁੱਡੀ ਦੀਆਂ ਅਗਲੇਰੀਆਂ ਪੀੜ੍ਹੀਆਂ ਦੇ ਇਕ ਵਾਰਸ ਗੁਰਦਾਸ ਦੇ ਚਾਰ ਪੁੱਤਰ ਹੋਏ ਸਨ ਭੋਮੀਆ, ਕਪੂਰਾ, ਦਲਪਤ ਤੇ ਸੁਖਚੈਨ। ਉਨ੍ਹਾਂ ਨੇ 1640 ਈਸਵੀ ਵਿਚ ਨਵੇਂ ਪਿੰਡ ਦੀ ਮੋਹੜੀ ਗੱਡ ਕੇ ਉਸ ਪਿੰਡ ਦਾ ਨਾਂ ਆਪਣੇ ਬਜ਼ੁਰਗ ਢੁੱਡੀ ਦੇ ਨਾਂ ਉਤੇ ਢੁੱਡੀਕੇ ਰੱਖ ਦਿੱਤਾ। ਭੋਮੀਆ ਦੇ ਵਾਰਸਾਂ ਨੇ ਇਕ ਪੱਤੀ ਦਾ ਨਾਂ ਬਾਜਾ ਪੱਤੀ ਰੱਖ ਲਿਆ। ਕਪੂਰੇ ਦੇ ਵਾਰਸਾਂ ਕਪੂਰਾ ਪੱਤੀ ਰੱਖਿਆ ਜਿਸ ਵਿਚ ਜਸਵੰਤ ਸਿੰਘ ਕੰਵਲ ਨੇ ਜਨਮ ਲਿਆ। ਇਕ ਵਾਰਸ ਦਾ ਨਾਂ ਪੂਰਨ ਸੀ ਜਿਸ ਦੇ ਨਾਂ ਉਤੇ ਪਹਿਲਾਂ ਪੂਰਨ ਪੱਤੀ ਬਣੀ ਜੋ ਬਾਅਦ ਵਿਚ ਉਸ ਦੇ ਪੁੱਤਰ ਕੌਲੂ ਦੇ ਨਾਂ ਉਤੇ ਕੌਲੂ ਪੱਤੀ ਕਹੀ ਜਾਣ ਲੱਗੀ। ਦਲਪਤ ਦੇ ਇਕ ਮੁੰਡੇ ਝੰਡੇ ਨੇ ਆਪਣੀ ਪੱਤੀ ਦਾ ਨਾਂ ਝੰਡਾ ਪੱਤੀ ਰੱਖ ਲਿਆ। ਦਲਪਤ ਦੇ ਵੱਡੇ ਮੁੰਡੇ ਨੇ ਪਿੰਡ ਮੱਦੋਕੇ ਬੰਨ੍ਹ ਲਿਆ। ਨੱਥੂ ਦੇ ਨਾਂ ਉਤੇ ਢੁੱਡੀਕੇ ਵਿਚ ਨੱਥੂ ਪੱਤੀ ਬਣ ਗਈ ਤੇ ਇਕ ਹੋਰ ਪਿੰਡ ਨੱਥੂਵਾਲਾ ਦੀ ਮੋਹੜੀ ਗੱਡੀ ਗਈ। ਹੇਅਰਾਂ ਨੇ ਆਪਣੀ ਪੱਤੀ ਦਾ ਨਾਂ ਹੇਅਰ ਪੱਤੀ ਰੱਖ ਲਿਆ। ਢੁੱਡੀਕੇ ਦੀਆਂ ਕੁਲ ਛੇ ਪੱਤੀਆਂ ਹਨ ਅਤੇ 2011 ਦੀ ਮਰਦਮ ਸ਼ੁਮਾਰੀ ਮੁਤਾਬਿਕ ਕੁਲ 6200 ਵਿਅਕਤੀ ਸਨ।

ਭੂਗੋਲਿਕ ਤੌਰ ‘ਤੇ ਢੁੱਡੀਕੇ ਅਜੋਕੇ ਪੰਜਾਬ ਦੇ ਕੇਂਦਰ ਵਿਚ ਹੈ। ਉਥੋਂ ਜਿੰਨੀ ਦੂਰ ਚੰਡੀਗੜ੍ਹ ਹੈ ਲਗਭਗ ਓਨੀ ਕੁ ਦੂਰ ਹੀ ਫਾਜਿ਼ਲਕਾ ਹੈ। ਜਿੰਨੀ ਦੂਰ ਅੰਮ੍ਰਿਤਸਰ ਓਨੀ ਕੁ ਦੂਰ ਬਠਿੰਡਾ। ਪਹਿਲਾਂ ਇਸ ਪਿੰਡ ਨੂੰ ਜਿ਼ਲ੍ਹਾ ਫਿਰੋਜ਼ਪੁਰ ਲੱਗਦਾ ਸੀ, ਫਿਰ ਫਰੀਦਕੋਟ ਤੇ ਹੁਣ ਜਿ਼ਲ੍ਹਾ ਮੋਗਾ ਲੱਗਦਾ ਹੈ। ਲੁਧਿਆਣਾ-ਫਿਰੋਜ਼ਪੁਰ ਹਾਈਵੇਅ ਉਤੇ ਅਜੀਤਵਾਲ ਤੋਂ ਇਹ ਪਿੰਡ ਚਾਰ ਕਿਲੋਮੀਟਰ ਦੱਖਣ ਵੱਲ ਹੈ। ਇਹਦੇ ਆਲੇ

ਪ੍ਰਿੰਸੀਪਲ ਸਰਵਣ ਸਿੰਘ
ਪ੍ਰਿੰਸੀਪਲ ਸਰਵਣ ਸਿੰਘ

ਦੁਆਲੇ ਦੇ ਪਿੰਡ, ਚੂਹੜਚੱਕ, ਕੌਂਕੇ, ਡਾਂਗੀਆਂ, ਦੌਧਰ, ਲੋਪੋਂ, ਮੱਦੋਕੇ, ਬੁੱਟਰ, ਤਖਾਣਵੱਧ, ਡਾਲਾ, ਨੱਥੂਵਾਲਾ, ਮਟਵਾਣੀ, ਝੰਡੇਆਣਾ, ਅਜੀਤਵਾਲ, ਕੋਕਰੀ, ਕਿਲੀ ਚਾਹਲਾਂ ਤੇ ਗਾਲਿਬ ਆਦ ਹਨ।

ਜ਼ਰੂਰ ਪੜ੍ਹੋ : ਜਸਵੰਤ ਸਿੰਘ ਕੰਵਲ ਦੀ ਜੀਵਨ ਕਹਾਣੀ

ਜਦੋਂ ਜਸਵੰਤ ਸਿੰਘ ਕੰਵਲ ਦਾ ਜਨਮ ਹੋਇਆ ਢੁੱਡੀਕੇ ਕੱਚੇ ਕੋਠਿਆਂ ਵਾਲਾ ਪਿੰਡ ਸੀ। ਕੱਚੇ ਰਾਹ ਸਨ ਤੇ ਵਿੰਗੀਆਂ ਟੇਢੀਆਂ ਪਗਡੰਡੀਆਂ। ਟਾਵੇਂ ਟਾਵੇਂ ਖੂਹ ਸਨ ਜਿਨ੍ਹਾਂ ਉਤੇ ਹਲਟ ਚਲਦੇ। ਜਗਰਾਓਂ ਤੇ ਮੋਗਾ ਨੇੜਲੇ ਸ਼ਹਿਰ ਸਨ ਜਿਥੋਂ ਸੌਦਾ ਸੂਤ ਲਿਆਂਦਾ ਜਾਂਦਾ। ਨੇੜਲਾ ਰੇਲਵੇ ਸਟੇਸ਼ਨ ਅਜੀਤਵਾਲ ਢੁੱਡੀਕੇ ਤੋਂ ਤਿੰਨ ਮੀਲ ਸੀ। ਜਾਣ ਆਉਣ ਲਈ ਗੱਡੇ ਜਾਂ ਟਾਂਗੇ ਦੀ ਸਵਾਰੀ ਸੀ। ਸਰਦੇ ਪੁੱਜਦੇ ਬੰਦੇ ਊਠ ਘੋੜੇ ਦੀ ਸਵਾਰੀ ਵੀ ਕਰ ਲੈਂਦੇ। ਬਹੁਤੇ ਖੇਤਾਂ ਵਿਚ ਸਾਲ ‘ਚ ਇਕੋ ਫਸਲ ਹੁੰਦੀ। ਉਹ ਵੀ ਤਦ ਜੇ ਲੋੜ ਜੋਗਾ ਮੀਂਹ ਪੈ ਜਾਂਦਾ। ਘਰਾਂ ਵਿਚ ਲਵੇਰਾ ਆਮ ਸੀ। ਦੁੱਧ ਘਿਉ ਦੀ ਟੋਟ ਨਹੀਂ ਸੀ। ਕੰਵਲ ਨੇ ਬਚਪਨ ਵਿਚ ਆਪਣੇ ਪਿੰਡ ‘ਚੋਂਜੋ ਪ੍ਰਭਾਵ ਲਿਆ ਉਹੀ ਉਹਦੀਆਂ ਲਿਖਤਾਂ ਵਿਚ ਵਾਰ ਵਾਰ ਉਜਾਗਰ ਹੁੰਦਾ ਰਿਹਾ।

ਨਾਵਲ ‘ਪੂਰਨਮਾਸ਼ੀ’ ਦਾ ‘ਨਵਾਂ ਪਿੰਡ’ ਕੰਵਲ ਦਾ ਬਚਪਨ ਵਿਚ ਵੇਖਿਆ ਆਪਣਾ ਪਿੰਡ ਢੁੱਡੀਕੇ ਹੀ ਹੈ। ਨਾਵਲ ਦੇ ਆਰੰਭ ਵਿਚ ਜਿਹੜਾ ਖੂਹ ਚਲਦਾ ਵਿਖਾਇਆ ਗਿਆ ਹੈ ਉਹ ਉਹਦੇ ਘਰ ਨੇੜਲਾ ਖੂਹ ਸੀ ਜੋ ਹੁਣ ਪੂਰਿਆ ਜਾ ਚੁੱਕੈ। ਬੇਆਬਾਦ ਹੋਇਆ ਉਹ ਖੂਹ ਉਹਦੇ ਨਾਵਲ ਵਿਚ ਆਬਾਦ ਹੈ। ਕੰਵਲ ਨੇ ਬਚਪਨ ਵਿਚ ਵੇਖੀ ਤੇ ਮਾਣੀ ਆਪਣੇ ਪਿੰਡ ਦੀ ਪ੍ਰਕਿਰਤੀ ਅਤੇ ਸਵੇਰਸਾਰ ਦੇ ਦ੍ਰਿਸ਼ ਨੂੰ ‘ਪੂਰਨਮਾਸ਼ੀ’ ਦੇ ਮੁੱਢ ਵਿਚ ਹੀ ਇੰਜ ਬਿਆਨ ਕੀਤਾ ਹੈ:
ਜੱਟਾ ਤੇਰੀ ਜੂਨ ਬੁਰੀ ਹਲ ਛੱਡ ਕੇ ਚਰ੍ਹੀ ਨੂੰ ਜਾਣਾ।

ਮੂੰਹ-ਅਨ੍ਹੇਰੀ ਸਵੇਰ ਭਗਤਾਂ ਦਾ ਸਮਾਂ ਹੁੰਦਾ ਹੈ, ਜਿਸ ਵਿਚ ਉਹ ਇਸ਼ਨਾਨ ਕਰ ਕੇ ਆਪਣੇ ਧਿਆਨ ਨੂੰਸਹਿਜ ਆਤਮਾ ਨਾਲ ਜੋੜਦੇ ਹਨ। ਹਾਲੀ ਖੇਤਾਂ ਵਿਚ ਜੋਗ ਪਿੱਛੇ, ਆਰਥਿਕ ਹਾਲਤ ਵਿਚ ਬੁੱਢੀ ਹੋ ਰਹੀ ਜਿ਼ੰਦਗੀ ਨੂੰ ਮਿੱਠੀ ਤੇ ਲੰਮੀ ਹੇਕ ਦੇ ਗੀਤ ਗਾ ਗਾ, ਠੁਮ੍ਹਣੇ ਦੇ ਦੇ ਬਚਾਂਦੇ ਹਨ। ਏਸੇ ਹੀ ਸਵੇਰ ਵਿਚ ਕਈਆਂ ਸੁਆਣੀਆਂ ਨੂੰ ਪੀਹ ਕੇ ਡੰਗ ਪਕਾਉਣ ਦਾ ਫਿਕਰ ਪਿਆ ਹੁੰਦਾ ਹੈ ਅਤੇ ਉਨ੍ਹਾਂ ਦੇ ਜਵਾਨਡੌਲੇ ਚੱਕੀ ਪੀਂਹਦੇ, ਗੰਡ ਵਿਚੋਂ ਆਟੇ ਦੀ ਲਗਾਤਾਰ ਧਾਰ ਵਗਾ ਦਿੰਦੇ ਹਨ।

ਬਹੁਤੀਆਂ ਸੁਆਣੀਆਂ ਚਾਟੀਆਂ ਵਿਚ ਮਧਾਣੀਆਂ ਪਾ ਕੇ ਦੁੱਧ ਰਿੜਕਣਾ ਸ਼ੁਰੂ ਕਰਦੀਆਂ ਹਨ। ਪੇਂਡੂ ਜਵਾਨੀ ਮੱਖਣਾਂ ਵਿਚ ਘੁਲ ਕੇ ਲਿਸ਼ਕਦੀ ਹੈ। ਅਮਲੀ ਰਜਾਈਆਂ ਹੇਠ ਊਂਘਦੇ, ਪਾਲੇ ਤੇ ਨਸ਼ੇ ਦੀ ਤਰੋਟ ਦੇ ਭੰਨੇ ਹੱਡ, ਇਕੱਠੇ ਕਰਨ ਦੇ ਯਤਨ ਕਰਦੇ ਹਨ। ਕੁੱਕੜ ਦੀ ਬਾਂਗ ਸੁਣ ਕੇ ਉਹ ਰਜਾਈ ਦਾ ਉੱਚਾ ਹੋਇਆ ਲੜ ਦੱਬ ਕੇ ਫਿਰ ਸੌਂ ਜਾਂਦੇ ਹਨ, ਜਿਵੇਂ ਉਨ੍ਹਾਂ ਦੀ ਜਿ਼ੰਦਗੀ ਵਿਚੋਂ ਮੂਲ-ਉਤਸ਼ਾਹ ਅਸਲੋਂ ਮੁੱਕ ਗਿਆ ਹੋਵੇ।

ਨਵੇਂ ਪਿੰਡ ਦੀ ਨਿਆਈਂ ਵਿਚ ਖੂਹ ਚੱਲ ਰਿਹਾ ਸੀ। ਪੈੜ ਦੁਆਲੇ ਬੋਤਾ ਆਵਾਗਵਨ ਦੀ ਫੇਰੀ ਵਾਂਗ ਘੁੰਮ ਰਿਹਾ ਸੀ। ਉਸ ਨੂੰ ਆਪਣੀ ਮੰਜ਼ਲ ਦਾ ਪਤਾ ਨਹੀਂ ਸੀ। ਗੋਲ ਚੱਕਰ ਦਾ ਕੋਈ ਸਿਰਾ ਨਹੀਂ ਹੁੰਦਾ। ਭਰੀਆਂ ਟਿੰਡਾਂ ਜੀਵਨ ਦੇ ਵਲਵਲਿਆਂ ਵਾਂਗ ਉਛਲ ਕੇ ਡੁਲ੍ਹਦੀਆਂ ਅਤੇ ਖਾਲੀ ਹਸਰਤਾਂ ਆਹਾਂ ਵਾਂਗ ਹਿਰਦੇ-ਖੂਹ ਵਿਚ ਮੁੜ ਟੁੱਭੀ ਮਾਰ ਜਾਂਦੀਆਂ ਹਨ। ਹਲਟ ਦੀ ਚਾਲ ਜਿ਼ੰਦਗੀ ਦੀ ਜਦੋ-ਜਹਿਦ ਦਾ ਸੰਦੇਸ਼ ਬਣੀ ਹੋਈ ਸੀ। ਯਾਦ ਦੇ ਆਪ-ਮੁਹਾਰੇ ਵਹਾ ਵਾਂਗ ਪਾਣੀ ਆਡ ਵਿਚ ਦੀ ਖੇਤਾਂ ਨੂੰ ਰੁੜ੍ਹਿਆ ਜਾ ਰਿਹਾ ਸੀ। ਬੂੜੀਆਂ ਕੋਲ ਕੁੱਤੇ ਦੀ ਵਜਦੀ ‘ਟੱਚ-ਟੱਚ’ ਕਿਸਾਨ ਮਾਲਕ ਨੂੰ ਦੱਸਦੀ ਸੀ ਕਿ ਉਹਦਾ ਛੋਟਾ ਸੰਸਾਰ ਚੱਲ ਰਿਹਾ ਹੈ। ਪਾਣੀ ਦਾ ਪ੍ਰਵਾਹ ਪਾਲੇ ਨਾਲ ਮੁਰਝਾਈ ਸੇਂਜੀ ਨੂੰ ਉਦੋਸਾਉਣ ਦਾ ਅਵਸਰ ਦੇ ਰਿਹਾ ਸੀ। ਦੋ ਦੋ ਤਿੰਨ ਤਿੰਨ ਉਂਗਲ ਖੇਤ ਵਿਚੋਂ ਸਿਰ ਚੁੱਕਦੀ ਸੇਂਜੀ ਪਾਣੀ ਵਿਚ ਡੁੱਬ ਰਹੀ ਸੀ।

ਜਾਣੋ ਜਸਵੰਤ ਕੰਵਲ ਨੇ ਕੀ ਕੁਝ ਲਿਖਿਆ

ਖੂਹ ਦੇ ਨੇੜੇ ਦੋ ਤਿੰਨ ਵਾੜੇ ਮਨੁੱਖ ਜੇਡੀਆਂ ਉੱਚੀਆਂ ਕੰਧਾਂ ਨਾਲ ਵਲੇ ਹੋਏ ਸਨ। ਕੱਚੀਆਂ ਕੰਧਾਂ ਮਾਰੂ ਮੀਂਹਾਂ ਦੀ ਵਾਛੜ ਵਿਚ ਵੀ ਸਿਦਕਵਾਨ ਹੋਈਆਂ ਖੜ੍ਹੀਆਂ ਸਨ। ਚੀਕਣੇ ਛੱਪੜਾਂ ਵਿਚੋਂ ਇਨ੍ਹਾਂ ਕੰਧਾਂ ਦੀਆਂ ਇੱਟਾਂ ਨੂੰ ਕਿਸਾਨ ਨੇ ਵਿਹਲੀ ਰੁੱਤ ਵਿਚ ਕਹੀਆਂ ਅਤੇ ਗੰਧਾਲੀਆਂ ਨਾਲ ਹਿਲਾ ਹਿਲਾ ਕੇ ਕੱਢਿਆ ਸੀ। ਵਾੜਿਆਂ ਵਿਚ ਮੱਕੀ ਤੇ ਚਰ੍ਹੀ ਦੀਆਂ ਪੂਲੀਆਂ ਦੀਆਂ ਵੱਡੀਆਂ ਵੱਡੀਆਂ ਦੰਨਾਂ ਲੱਗੀਆਂ ਹੋਈਆਂ ਸਨ। ਬਹੁਤੀਆਂ ਦੁਆਲੇ ਕੰਡਿਆਲੀਆਂ ਵਾੜਾਂ ਕੀਤੀਆਂ ਹੋਈਆਂ ਸਨ ਅਤੇ ਬੇਹਿੰਮਤਿਆਂ ਦੀਆਂ ਦੰਨਾਂ ਵਿਚ ਆਵਾਰਾ ਪਸ਼ੂਆਂ ਨੇ ਖਾਹ ਖੋਹ ਘੁਰਨੇ ਪਾ ਦਿੱਤੇ ਸਨ। ਗੋਹੇ ਨੂੰ ਪਾਥੀਆਂ ਬਣਾ ਬਣਾ ਸਾੜਿਆ ਜਾ ਰਿਹਾ ਸੀ, ਜਿਹੜਾ ਕਿ ਪੈਲੀਆਂ ਦੀ ਉਪਜ ਵਿਚ ਸਭ ਤੋਂ ਬਹੁਤਾ ਸਹਾਈ ਹੁੰਦਾ ਹੈ। ਗੋਹਾ ਕਿਸਾਨ ਦਾ ਚੰਗਾ ਮਿੱਤਰ ਹੈ। ਪਰ ਅਫਸੋਸ, ਜਿਥੇ ਬਲ ਹੈ, ਉਥੇ ਸਿਆਣਪ ਨਹੀਂ, ਜਿਸ ਕਰਕੇ ਪਿੰਡਾਂ ਵਿਚ ਹਾਰੀ ਜਿ਼ੰਦਗੀ ਵਿੰਗੇ ਲੱਕ ਕੁੱਬੀ ਕੁੱਬੀ ਜੀਅ ਰਹੀ ਹੈ।

ਕਿਆਰੇ ਮੋੜਦੇ ਕਿਸਾਨ ਨੇ ਨੇੜੇ ਦੇ ਖੇਤ ਵਿਚੋਂ ਬੋਤੇ ਨੂੰ ‘ਹੂੰ ਹੂੰ ਬੋਤਿਆ’ ਆਖ ਲਲਕਾਰਾ ਮਾਰਿਆ। ਬੋਤੇ ਦੀ ਮਧਮ ਚਾਲ ਵਿਚ ਇਕ ਦਮ ਫੁਰਤੀ ਆ ਗਈ ਅਤੇ ਕੁੱਤੇ ਦੀ ਹੌਲੀ ਹੌਲੀ ਵੱਜਦੀ ‘ਟੱਚ ਟੱਚ’ ਨਾਚ ਦੇ ਕਾਹਲੇ ਸਾਜ਼ ਵਾਂਗ ‘ਟਿੱਚ ਟਿੱਚ ਟਿੱਚ’ ਕਰ ਉਠੀ। ਬੈੜ ਤੋਂ ਦੀ ਘੁੰਮਦੀਆਂ ਟਿੰਡਾਂ ਦਾ ਪਾਣੀ ਪਾੜਸੇ ਦੀ ਥਾਂ ਬਹੁਤਾ ਖੂਹ ਵਿਚ ਡੁੱਲ੍ਹਣ ਲੱਗਾ। ਕਦੇ ਕਦੇ ਮਾਹਲ ਦੇ ਬੈੜ ਦੀਆਂ ਰੰਬੀਆਂ ਤੋਂ ਉਤਾਂਹ ਹੇਠਾਂ ਹੋਣ ਨਾਲ, ਇਕ ਤਕੜਾ ਧੜਕਾ ਪੈਦਾ ਹੁੰਦਾ, ਜਿਸ ਦੇ ਖੜਾਕ ਨਾਲ ਨੇੜ ਤੇੜ ਦੇ ਘਰਾਂ ਵਿਚ ਖ਼ਬਰ ਹੋ ਜਾਂਦੀ ਸੀ ਕਿ ਅੱਜ ਨਿਆਈਂ ਵਾਲਾ ਖੂਹ ਵਗ ਰਿਹਾ ਹੈ। ਕਈਆਂ ਜੱਟੀਆਂ ਨੂੰ ਟੱਬਰ ਦੇ ਮੈਲੇ ਕਪੜੇ ਧੋਣ ਦਾ ਚੇਤਾ ਆਉਂਦਾ ਅਤੇ ਆਪਣੇ ਕੰਮਾਂ ਨੂੰ ਛੋਹਲੀ ਨਾਲ ਨਬੇੜਨ ਲੱਗ ਜਾਂਦੀਆਂ…।

ਲਾਲਾ ਲਾਜਪਤ ਰਾਏ ਤੇ ਕੰਵਲ ਦਾ ਜਨਮ ਜਿਨ੍ਹਾਂ ਕੱਚੇ ਕੋਠਿਆਂ ਵਿਚ ਹੋਇਆ ਉਨ੍ਹਾਂ ਦੀ ਵਿੱਥ ਬੜੀ ਥੋੜ੍ਹੀ ਸੀ। ਛੱਤ ਉਪਰ ਦੀ ਵੀਹ ਕਦਮ ਵੀ ਦੂਰ ਨਹੀਂ ਸੀ। ਦੋਹਾਂ ਘਰਾਂ ਵਿਚਕਾਰ ਕੇਵਲ ਇਕੋ ਘਰ ਸੀ। ਪਿਛਲੀ ਕੰਧ ਮਹਾਜਨਾਂ ਦੀ ਕੰਧ ਨਾਲ ਜਾ ਲੱਗਦੀ ਸੀ। ਲਾਜਪਤ ਰਾਏ ਦਾ ਪਿਤਾ ਮੁਣਸ਼ੀ ਰਾਧਾ ਕ੍ਰਿਸ਼ਨ ਅਗਰਵਾਲ ਜਗਰਾਓਂ ਦੇ ਸਕੂਲ ਵਿਚ ਅਧਿਆਪਕ ਸੀ। ਉਸ ਦੀ ਪਤਨੀ ਗੁਲਾਬ ਦੇਵੀ ਢੁੱਡੀਕੇ ਦੀ ਧੀ ਸੀ। ਬੱਚਾ ਜੰਮਣ ਸਮੇਂ ਉਹ ਆਪਣੇ ਪੇਕੇ ਪਿੰਡ ਆ ਗਈ ਸੀ। ਨਿੱਕਾ ਜਿਹਾ ਘਰ ਸੀ ਉਹਦੇ ਪੇਕਿਆਂ ਦਾ। ਘਰ ਤਾਂ ਮਾਹਲਾ ਸਿੰਘ ਦਾ ਵੀ ਬਹੁਤਾ ਵੱਡਾ ਨਹੀਂ ਸੀ ਪਰ ਗੁਲਾਬ ਦੇਵੀ ਕੇ ਘਰ ਤੋਂ ਫਿਰ ਵੀ ਵਾਹਵਾ ਵੱਡਾ ਸੀ।

ਜਿਸ ਨਿੱਕੀ ਜਿਹੀ ਕੋਠੜੀ ਵਿਚ ਲਾਲੇ ਦਾ ਜਨਮ ਹੋਇਆ ਸੀ ਬਾਅਦ ਵਿਚ ਆਲੇ ਦੁਆਲੇ ਦੇ ਘਰਾਂ ਦੀ ਥਾਂ ਲੈ ਕੇ ਉਥੇ ਲਾਲਾ ਲਾਜਪਤ ਰਾਏ ਦੀ ਹਾਲ ਰੂਪੀ ਵੱਡੀ ਯਾਦਗਾਰ ਬਣਾਈ ਗਈ ਹੈ ਜਿਸ ਨੂੰ ਪਿੰਡ ਵਾਲੇ ‘ਲਾਲੇ ਦੀ ਜਗ੍ਹਾ’ ਕਹਿੰਦੇ ਹਨ। ਕੰਵਲ ਦੇ ਜਨਮ ਵਾਲਾ ਘਰ ਪਹਿਲਾਂ ਤਾਂ ਉਨ੍ਹਾਂ ਦੇ ਸਾਂਝੇ ਪਰਿਵਾਰ ਪਾਸ ਹੀ ਰਿਹਾ। ਫਿਰ ਮਹਾਜਨਾਂ ਵੱਲ ਦਾ ਤੀਜਾ ਹਿੱਸਾ ਵੱਡੇ ਭਰਾ ਕਰਤਾਰ ਸਿੰਘ ਨੂੰ ਦੇ ਦਿੱਤਾ ਅਤੇ ਕੰਵਲ ਤੇ ਛੋਟੇ ਭਰਾ ਹਰਬੰਸ ਸਿੰਘ ਨੇ ਸਾਂਝੇ ਘਰ ‘ਚੋਂ ਦੋ ਹਿੱਸੇ ਚੜ੍ਹਦੇ ਪਾਸੇ ਰੱਖ ਕੇ ਵਸੋਂ ਕੀਤੀ। ਜਦੋਂ ਪਰਿਵਾਰ ਨੇ ਬਾਹਰਵਾਰ ਖੂਹ ਕੋਲ ਵਸੇਬਾ ਕਰ ਲਿਆ ਤਾਂ ਕੰਵਲ ਹੋਰਾਂ ਨੇ ਜੱਦੀ ਘਰ ਪਿੰਡ ਦੇ ਇਕ ਝਿਓਰ ਪਰਿਵਾਰ ਨੂੰ ਵੇਚ ਦਿੱਤਾ। ਇੰਜ ਉਹ ਘਰ ਖੋਲਾ ਬਣਨ ਦੀ ਥਾਂ ਵਸਦਾ ਰਸਦਾ ਆ ਰਿਹੈ। ਜੇ ਕਿਸੇ ਨੇ ਕੰਵਲ ਦਾ ਜਨਮ ਸਥਾਨ ਵੇਖਣਾ ਹੋਵੇ ਤਾਂ ਉਹ ਉਸ ਵਸਦੇ ਰਸਦੇ ਘਰ ਨੂੰ ਵੇਖ ਸਕਦਾ ਹੈ। ਉਸ ਘਰ ਤੋਂ ਕੰਵਲ ਹੋਰਾਂ ਦਾ ਅਜੋਕਾ ਘਰ ਲਗਭਗ ਦੋ ਕੁ ਸੌ ਮੀਟਰ ਚੜ੍ਹਦੇ ਪਾਸੇ ਹੈ ਅਤੇ ‘ਬਾਹਰਲੀ ਕੋਠੀ’ ਉਸ ਤੋਂ ਵੀ ਸੌ ਕੁ ਮੀਟਰ ਚੜ੍ਹਦੇ ਪਾਸੇ।

ਪੁਸਤਕ ‘ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ’ ਵਿਚੋਂ

(ਚਲਦਾ)

ਸਰਵਣ ਸਿੰਘ

principalsarwansingh@gmail.com

Leave a Reply

Your email address will not be published. Required fields are marked *