ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ ਲਗਾਤਾਰ ਵੱਧ ਰਿਹਾ ਹੈ। ਅੱਜ ਲੁਧਿਆਣਾ ਪੁਲਿਸ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ, ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਵੱਲੋਂ ਗ੍ਰਿਫ਼ਤਾਰ ਝਪਟਮਾਰ ਨੂੰ ਕੋਰੋਨਾ ਵਾਇਰਸ ਹੋਇਆ ਹੈ। ਲੁਧਿਆਣਾ ਪੁਲਿਸ ਦੇ 17 ਮੁਲਾਜ਼ਮਾਂ ਨੂੰ ਕੁਆਰੰਟੀਨ ‘ਚ ਭੇਜ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਿਕ ਲੁਧਿਆਣਾ ਫ਼ੋਕਲ ਪੁਆਇੰਟ ਥਾਣੇ ਦੇ ਐਸਐਚਓ ਸਮੇਤ ਜਿਨ੍ਹਾਂ 17 ਪੁਲਿਸ ਮੁਲਾਜ਼ਮਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ, ਉਨ੍ਹਾਂ ਨੇ ਮੁਲਜ਼ਮ ਸੌਰਭ ਸਹਿਗਲ (25) ਨੂੰ ਬੀਤੀ 5 ਅਪ੍ਰੈਲ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ‘ਚ ਪੇਸ਼ ਕੀਤਾ ਸੀ।
ਪੁਲਿਸ ਨੇ ਇਸ ਝਪਟਮਾਰ ਨੂੰ ਫੜਵਾਉਣ ‘ਚ ਮਦਦ ਕਰਨ ਵਾਲੇ ਦੋ ਸਥਾਨਕ ਲੋਕਾਂ ਅਤੇ ਇਸ ਦੇ 11 ਪਰਿਵਾਰਕ ਮੈਂਬਰ, ਜੋ ਗਣੇਸ਼ ਨਗਰ ‘ਚ ਰਹਿੰਦੇ ਹਨ, ਨੂੰ ਵੀ ਕੁਆਰੰਟੀਨ ਕੀਤਾ ਗਿਆ ਹੈ।
6 ਅਪ੍ਰੈਲ ਨੂੰ ਜਦੋਂ ਸੌਰਭ ਨੂੰ ਪੁਲਿਸ ਨੇ ਅਦਾਲਤ ‘ਚ ਪੇਸ਼ ਕੀਤਾ ਸੀ ਤਾਂ ਅਦਾਲਤ ਨੇ ਉਸ ਦੀ ਮੈਡੀਕਲ ਜਾਂਚ ਕਰਵਾ ਕੇ ਪੁਲਿਸ ਰਿਮਾਂਡ ‘ਤੇ ਭੇਜਣ ਦੇ ਆਦੇਸ਼ ਦਿੱਤੇ ਸਨ। ਇਸ ਦੌਰਾਨ ਉਸ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ।
ਪਤਾ ਲੱਗਿਆ ਹੈ ਕਿ ਨਿਆਂਇਕ ਮੈਜਿਸਟ੍ਰੇਟ ਤੇ ਅਦਾਲਤ ਦੇ ਸਟਾਫ਼ ਦੇ ਖੁਦ ਨੂੰ ਆਈਸੋਲੇਸ਼ਨ ‘ਚ ਕਰ ਲਿਆ ਹੈ।
ਪੁਲਿਸ ਮੁਲਜ਼ਮ ਸੌਰਭ ਦੇ ਦੂਜੇ ਸਾਥੀ ਨਵਜੋਤ ਸਿੰਘ (25) ਵਾਸੀ ਪਿੰਡ ਝੱਬੇਵਾਲ ਦੀ ਭਾਲ ਕਰ ਰਹੀ ਹੈ। ਉਸ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਅਤੇ ਜਦੋਂ ਉਸ ਦਾ ਮੈਡੀਕਲ ਜਾਂਚ ਕਰਵਾਉਣ ਲਈ ਪੁਲਿਸ ਹਸਪਤਾਲ ਲਿਜਾ ਰਹੀ ਸੀ ਤਾਂ ਉਹ ਚਕਮਾ ਦੇ ਕੇ ਫ਼ਰਾਰ ਹੋ ਗਿਆ ਸੀ।
ਜਿਨ੍ਹਾਂ 17 ਪੁਲਿਸ ਮੁਲਾਜ਼ਮਾਂ ਨੂੰ ਕੁਆਰੰਟੀਨ ‘ਚ ਭੇਜਿਆ ਗਿਆ ਹੈ, ਉਨ੍ਹਾਂ ‘ਚ ਮੁਲਜ਼ਮ ਨੂੰ ਹਸਪਤਾਲ ਤੇ ਅਦਾਲਤ ਲਿਜਾਣ ਵਾਲੇ 3 ਪੁਲਿਸ ਮੁਲਾਜ਼ਮ, 2 ਏਐਸਆਈ, ਇੱਕ ਹੋਮ ਗਾਰਡ, 2 ਕਾਂਸਟੇਬਲ, ਇੱਕ ਮਹਿਲਾ ਮੁਲਾਜ਼ਮ ਅਤੇ ਮੁਲਜ਼ਮ ਦੀਆਂ ਉਂਗਲਾਂ ਦੇ ਨਿਸ਼ਾਨ ਲੈਣ ਵਾਲਾ ਮੁਲਾਜ਼ਮ ਸ਼ਾਮਿਲ ਹੈ।
ਦੱਸ ਦੇਈਏ ਕਿ ਪੰਜਾਬ ‘ਚ ਕੋਰੋਨਾ ਵਾਇਰਸ ਦੇ ਕੁਲ ਮਾਮਲਿਆਂ ਦੀ ਗਿਣਤੀ 117 ਹੋ ਗਈ ਹੈ। ਇਸ ਤੋਂ ਪਹਿਲਾਂ ਅੱਜ ਸੂਬੇ ‘ਚ ਕੋਰੋਨਾ ਵਾਇਰਸ ਕਾਰਨ 10ਵੀਂ ਮੌਤ ਹੋ ਗਈ। ਜਲੰਧਰ ‘ਚ ਕਾਂਗਰਸੀ ਆਗੂ ਦੀਪਕ ਸ਼ਰਮਾ ਦੇ ਪਿਤਾ ਪ੍ਰਵੀਨ ਸ਼ਰਮਾ (59) ਦੀ ਹਸਪਤਾਲ ‘ਚ ਮੌਤ ਹੋ ਗਈ। ਉਨ੍ਹਾਂ ਦੀ ਬੀਤੇ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੀ ਜਾਂਚ ਰਿਪੋਰਟ ਪਾਜ਼ੀਟਿਵ ਆਈ ਸੀ।