ਅੰਮਿ੍ਤਸਰ, 19 ਜਨਵਰੀ-ਪਾਕਿਸਤਾਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤੀ ਸਿੱਖ ਸੰਗਤ ਨੂੰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਲਈ ਲਾਂਘਾ ਮੁਹੱਈਆ ਕਰਵਾਉਣ ਹਿੱਤ ਸ਼ੁਰੂ ਕੀਤੀ ਉਸਾਰੀ ਦੇ ਚਲਦਿਆਂ ਰਸਤੇ ‘ਚ ਆਉਂਦੀ ਵੇਈਾ ਨਦੀ ‘ਤੇ ਪੁਲ ਬਣਾਉਣ ਦੀ ਉਸਾਰੀ ਮੁਕੰਮਲ ਕਰ ਲਈ ਗਈ ਹੈ | ਪਾਕਿ ਵਲੋਂ ਲਾਂਘੇ ਲਈ ਜੰਗੀ ਪੱਧਰ ‘ਤੇ ਸ਼ੁਰੂ ਕੀਤੀ ਉਸਾਰੀ ਭਾਰਤ ਨੂੰ ਮੂੰਹ ਚਿੜਾਉਂਦੀ ਪ੍ਰਤੀਤ ਹੋ ਰਹੀ ਹੈ ਕਿਉਂਕਿ ਭਾਰਤ ਵਾਲੇ ਪਾਸੇ ਲਾਂਘੇ ਦੀ ਉਸਾਰੀ ਨੂੰ ਲੈ ਕੇ ਅਜੇ ਤੱਕ ਸਿਰਫ਼ ਖਾਕਾ ਤਿਆਰ ਕਰਕੇ ਸਰਵੇ ਅਤੇ ਨਿਸ਼ਾਨਦੇਹੀ ਤੋਂ ਇਲਾਵਾ ਜ਼ਮੀਨੀ ਪੱਧਰ ‘ਤੇ ਕੁਝ ਨਹੀਂ ਕੀਤਾ ਗਿਆ ਹੈ ਅਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਰਮਿਆਨ ਸਿਰਫ਼ ਚਿੱਠੀ-ਪੱਤਰੀ ਹੀ ਚੱਲ ਰਹੀ ਹੈ | ਜਦ ਕਿ ਪਾਕਿਸਤਾਨ ਵਾਲੇ ਪਾਸੇ ਸਿਰਫ਼ ਡੇਢ ਮਹੀਨੇ ‘ਚ ਹੀ ਲਗਪਗ ਇਕ ਕਿੱਲੋਮੀਟਰ ਲੰਬੀ ਸੜਕ ਬਣਾਉਣ ਦੇ ਨਾਲ-ਨਾਲ ਲਾਂਘੇ ਦੇ ਰਸਤੇ ‘ਚ ਆਉਂਦੀ ਵੇਈਾ ਨਦੀ (ਬਰਸਾਤੀ ਨਾਲਾ) ‘ਤੇ ਪੁਲ ਬਣਾਉਣ ਦਾ ਕੰਮ ਵੀ ਲਗਪਗ ਮੁਕੰਮਲ ਕਰ ਲਿਆ ਗਿਆ ਹੈ | ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਅਤੇ ਅੰਤਰ ਵਿਸ਼ਵਾਸ ਮਾਮਲਿਆਂ ਦੇ ਮੰਤਰੀ ਮੌਲਾਨਾ ਨੂਰ ਉਲ ਹੱਕ ਕਾਦਰੀ ਵਲੋਂ ਜ਼ਿਲ੍ਹਾ ਨਾਰੋਵਾਲ ‘ਚ ਲਾਂਘੇ ਦੀ ਚੱਲ ਰਹੀ ਉਸਾਰੀ ਦਾ ਦੌਰਾ ਕਰਨ ਉਪਰੰਤ ਅੱਜ ਮੌਕੇ ‘ਤੇ ਭੇਜੀ ਗਈ ਸਬੰਧਿਤ ਮੰਤਰਾਲੇ ਦੀ ਟੀਮ ਨੇ ਲਾਂਘੇ ਦੀ ਉਸਾਰੀ ਬਾਰੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਤਾਰਪੁਰ ਲਾਂਘੇ ਲਈ ਗੁਰਦੁਆਰਾ ਸਾਹਿਬ ਤੋਂ ਭਾਰਤੀ ਬਾਰਡਰ ਟਰਮੀਨਲ ਤੱਕ ਬਣਾਈ ਜਾਣ ਵਾਲੀ ਸੜਕ ਜਿਸ ਦੀ ਕੁੱਲ ਲੰਬਾਈ 6.2 ਕਿੱਲੋਮੀਟਰ (ਇਸ ‘ਚ ਲਗਪਗ ਦੋ ਕਿੱਲੋਮੀਟਰ ਲੰਬੀ ਸੜਕ ਹੋਟਲ, ਸਰਾਂ ਤੇ ਸ਼ਾਪਿੰਗ ਮਾਲ ਤੱਕ ਜਾਣ ਲਈ ਬਣਾਈ ਜਾਵੇਗੀ) ਹੈ, ਦੀ ਉਸਾਰੀ ਦਾ ਕੰਮ 31 ਅਗਸਤ ਤੱਕ ਮੁਕੰਮਲ ਕੀਤਾ ਜਾਵੇਗਾ, ਜਦ ਕਿ ਬਾਰਡਰ ਟਰਮੀਨਲ ਦੀ ਉਸਾਰੀ 31 ਜੁਲਾਈ ਤੱਕ ਮੁਕੰਮਲ ਕਰ ਲਈ ਜਾਵੇਗੀ | ਉਨ੍ਹਾਂ ਦੱਸਿਆ ਕਿ ਪਾਕਿ ਵਾਲੇ ਪਾਸੇ ਦੋ ਵੱਡੇ ਟਰਮੀਨਲ ਬਣਾਏ ਜਾ ਰਹੇ ਹਨ, ਜਿਨ੍ਹਾਂ ‘ਚੋਂ ਇਕ ਗੁਰਦੁਆਰਾ ਸਾਹਿਬ ਦੇ ਬਾਹਰ ਅਤੇ ਇਕ ਭਾਰਤੀ ਸਰਹੱਦ ‘ਤੇ ਉਸਾਰੇ ਜਾਣ ਵਾਲੇ ਟਰਮੀਨਲ ਤੋਂ ਥੋੜ੍ਹੀ ਦੂਰੀ ‘ਤੇ ਉਸਾਰਿਆ ਜਾਵੇਗਾ | ਇਸ ਦੇ ਇਲਾਵਾ ਦਰਿਆ ਰਾਵੀ ‘ਤੇ ਬਣਾਏ ਜਾਣ ਵਾਲੇ 800 ਮੀਟਰ ਲੰਬੇ ਪੁਲ ਦੀ ਉਸਾਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਦਾ ਨਿਰਮਾਣ 21 ਅਗਸਤ ਤੱਕ ਮੁਕੰਮਲ ਕੀਤੇ ਜਾਣ ਲਈ ਉਸਾਰੀ ਕਰਵਾ ਰਹੀ ਫ਼ਰੰਟੀਅਰ ਵਰਕਸ ਐਸੋਸੀਏਸ਼ਨ (ਐਫ. ਡਬਲਯੂ. ਓ.) ਨੂੰ ਹੁਕਮ ਜਾਰੀ ਕੀਤੇ ਗਏ ਹਨ | ਮੰਤਰਾਲੇ ਦੇ ਅਧਿਕਾਰੀਆਂ ਅਨੁਸਾਰ 31 ਅਗਸਤ ਤੱਕ ਲਾਂਘੇ ਦੀ ਉਸਾਰੀ ਦਾ ਕੰਮ ਮੁਕੰਮਲ ਕਰਨ ਉਪਰੰਤ ਰਸਤੇ ‘ਚ ਸੁਰੱਖਿਆ ਲਈ ਹਿਫ਼ਾਜ਼ਤੀ ਕੰਡੇਦਾਰ ਤਾਰ ਲਗਾਈ ਜਾਵੇਗੀ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸਾਰੀ ਦੇ ਦੂਜੇ ਪੜਾਅ ‘ਚ ਯਾਤਰੂਆਂ ਲਈ ਦੋ ਸ਼ਾਪਿੰਗ ਮਾਲ, ਉਡੀਕ-ਘਰ ਅਤੇ ਹੋਟਲ ਆਦਿ ਦਾ ਨਿਰਮਾਣ ਕਰਵਾਇਆ ਜਾਵੇਗਾ | ਜਦਕਿ ਕਰਤਾਰਪੁਰ-ਸਿਆਲਕੋਟ ਰੋਡ ਦੀ ਨਵ-ਉਸਾਰੀ ਦਾ ਕੰਮ ਸਾਲ 2022 ‘ਚ ਮੁਕੰਮਲ ਹੋਣ ਦੀ ਸੰਭਾਵਨਾ ਹੈ | ਉਕਤ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਪਾਕਿਸਤਾਨ ਸਰਕਾਰ ਨੇ ਪੂਰੀ ਦੁਨੀਆ ਭਰ ‘ਚ ਵਸਦੇ ਸਿੱਖਾਂ ਤੋਂ ਸ੍ਰੀ ਕਰਤਾਰਪੁਰ ਸਾਹਿਬ ਅਤੇ ਸ੍ਰੀ ਨਨਕਾਣਾ ਸਾਹਿਬ ਵਿਖੇ ਬਣ ਰਹੇ ਵਿੱਦਿਅਕ, ਹੋਟਲ ਤੇ ਸਨਅਤਾਂ ਵਿਚ ਨਿਵੇਸ਼ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਸਿੱਖ ਕੌਮ ਨਾਲ ਸਬੰਧਿਤ ਉਕਤ ਇਲਾਕਿਆਂ ਦੀ ਤਰੱਕੀ ਹੋ ਸਕੇ |
Related Posts
ਪੰਜਾਬ ਦੇ ਸਕੂਲਾਂ ਦੇ ਨਾਂ ਵਿਚ ਬਦਲਾਵ
ਸੰਗਰੂਰ : ਪੰਜਾਬ ਦੀਆਂ ਕੁਝ ਨਾਮਵਰ ਸ਼ਖ਼ਸੀਅਤਾਂ ਦੇ ਨਾਮ ‘ਤੇ ਸਿੱਖਿਆ ਵਿਭਾਗ ਨੇ ਕੁਝ ਸਕੂਲਾਂ ਦੇ ਨਾਮ ਰੱਖ ਕੇ ਇਨ੍ਹਾਂ…
ਧੁਰੋਂ ਸਰਾਪਿਆਂ ਦਾ ਕੀ ਦਾਅਵਾ, ਸਾਹਾਂ ਦੀ ਡੋਰੀ ਨੀ ਟੁੱਟਣ ਦਿੰਦਾ ਬੱਸ ਮਾਂ ਦਾ ਕਲਾਵਾ
ਨੈਰੋਬੀ : ਪੰਜਾਬੀ ਵਿਚ ਕੁਲਦੀਪ ਮਾਣਕ ਦਾ ਗੀਤ ਬਹੁਤ ਮਸ਼ਹੂਰ ਹੈ ਕਿ ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਉ। ਇਸ…
ਸਿੱਖ ਸਰੋਤਾਂ ਦਾ ਅਧਿਐਨ ਜ਼ਰੂਰੀ : ਡਾ. ਤੇਜਿੰਦਰ ਪਾਲ ਸਿੰਘ
ਦੇਵੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਗਾਮੀ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੰਡਿਆਲਾ ਗੁਰੂ, ਸ੍ਰੀ ਅੰਮ੍ਰਿਤਸਰ ਵਿਖੇ…