ਸਿੱਖ ਸਰੋਤਾਂ ਦਾ ਅਧਿਐਨ ਜ਼ਰੂਰੀ : ਡਾ. ਤੇਜਿੰਦਰ ਪਾਲ ਸਿੰਘ

ਦੇਵੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਗਾਮੀ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੰਡਿਆਲਾ ਗੁਰੂ, ਸ੍ਰੀ ਅੰਮ੍ਰਿਤਸਰ ਵਿਖੇ ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕੈਡਮੀ ਅਤੇ ਸੁਰ ਅਭਿਆਸ ਕੇਂਦਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ| ਸੈਮੀਨਾਰ ਦਾ ਮੁਖ ਵਿਸ਼ਾ ਰੂਹਾਨੀ ਰਹਿਤ ਸੀ, ਜਿਸ ਨੂੰ ਵਖ-ਵਖ ਸਿੱਖ ਸਰੋਤਾਂ ਅਤੇ ਧਰਮਾਂ ਰਾਹੀਂ ਦੇਖਣ ਦਾ ਯਤਨ ਕੀਤਾ ਗਿਆ| ਇਸ ਮੌਕੇ ਗੁਰਮਤਿ ਸੰਗੀਤ ਦੇ ਮਹਾਨ ਉਸਤਾਦ ਪ੍ਰਿੰਸੀਪਲ ਸੁਖਵੰਤ ਸਿੰਘ ਨੇ ਸੰਗਤ ਅਤੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਅਕੈਡਮੀ ਵੱਲੋਂ ਗੁਰਮਤਿ ਸੰਗੀਤ ਦੇ ਖੇਤਰ ਵਿਚ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਸੰਗਤ ਨੂੰ ਜਾਣੂੰ ਕਰਵਾਇਆ| ਇਸ ਮੌਕੇ ਯੂਨੀਵਰਸਿਟੀ ਕਾਲਜ ਮੀਰਾਂਪੁਰ (ਪਟਿਆਲਾ) ਤੋਂ ਧਰਮ ਅਧਿਐਨ ਵਿਸ਼ਾ ਦੇ ਅਸਿਸਟੈਂਟ ਪ੍ਰੋ. ਡਾ. ਤੇਜਿੰਦਰ ਪਾਲ ਸਿੰਘ ਨੇ ਪ੍ਰੇਮ ਸੁਮਾਰਗ ਗ੍ਰੰਥ ਵਿਚ ਰੂਹਾਨੀ ਰਹਿਤ ਵਿਸ਼ਾ ਉਤੇ ਆਪਣਾ ਪਰਚਾ ਪੜ੍ਹਿਆ| ਉਨ੍ਹਾਂ ਦਸਿਆ ਕਿ ਪ੍ਰੇਮ ਸੁਮਾਰਗ ਗ੍ਰੰਥ ਸਿੱਖ ਪੰਥ ਦੇ ਗੌਣ ਸਰੋਤਾਂ ਵਿਚ ਇਕ ਮਹੱਤਵਪੂਰਨ ਸਰੋਤ ਹੈ, ਜਿਸ ਦਾ ਸੰਪਾਦਨ 1953 ਵਿਚ ਭਾਈ ਰਣਧੀਰ ਸਿੰਘ ਨੇ ਕੀਤਾ| ਇਸ ਗ੍ਰੰਥ ਦਾ ਲਿਖਾਰੀ ਅਗਿਆਤ ਹੋਣ ਕਾਰਨ, ਵਿਦਵਾਨ ਇਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਦੇ ਹਨ| ਇਸ ਗ੍ਰੰਥ ਦਾ ਪ੍ਰਮੁਖ ਵਿਸ਼ਾ ਰਹਿਤ ਸਬੰਧੀ ਹੈ| ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਸਿੱਖ ਧਰਮ ਦੇ ਮੁਢਲੇ ਸਰੋਤਾਂ ਦਾ ਤਾਰਕਿਕ ਢੰਗ ਨਾਲ ਅਧਿਐਨ ਜ਼ਰੂਰੀ ਹੈ ਤਾਂ ਜੋ ਸਿੱਖ ਧਰਮ, ਦਰ੍ਹਨ ਅਤੇ ਰਹਿਤ ਦੀ ਸਹੀ ਵਿਆਖਿਆ ਹੋ ਸਕੇ| ਉਨ੍ਹਾਂ ਇਹ ਵੀ ਕਿਹਾ ਕਿ ਇਹ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਤਾਬਦੀ ਦਾ ਸਾਲ ਹੈ, ਜਿਸ ਕਾਰਨ ਸਾਡਾ ਮੁਢਲਾ ਫਰਕ ਹੈ ਕਿ ਅਸੀਂ ਘੱਟੋ-ਘੱਟ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਸਿੱਖ ਸਰੋਤਾਂ ਵਿਚੋਂ ਉਨ੍ਹਾਂ ਦੇ ਜੀਵਨ ਅਤੇ ਉਪਦੇਸ਼ਾਂ ਦਾ ਅਧਿਐਨ ਕਰੀਏ| ਇਸ ਮੌਕੇ ਮੰਚ ਸੰਚਾਲਨ ਦੀ ਸੇਵਾ ਡਾ. ਤਰੁਨਦੀਪ ਸਿੰਘ ਘੁੰਮਣ ਨੇ ਕੀਤੀ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਬਾਬਾ ਸੋਹਨ ਸਿੰਘ ਨੇ ਕੀਤਾ| ਇਸ ਮੌਕੇ ਵਖ-ਵਖ ਖੇਤਰਾਂ ਤੋਂ ਆਏ ਵਿਦਵਾਨਾਂ ਨੇ ਮੁਢਲੇ ਸਿੱਖ ਸਰੋਤਾਂ ਵਿਚ ਅੰਦਰੂਨੀ ਰਹਿਤ ਵਿਸ਼ੇ ਉਤੇ ਆਪਣੇ ਪਰਚੇ ਪੜ੍ਹੇ| ਇਨ੍ਹਾਂ ਵਿਚ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ ਤੋਂ ਪ੍ਰੋ. ਜਸਬੀਰ ਸਿੰਘ ਸਾਬਰ (ਰਿਟਾ.), ਪ੍ਰੋ. ਜਗਬੀਰ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਡਾ. ਹਰਭਜਨ ਸਿੰਘ, ਡਾ. ਗੁਰਮੀਤ ਸਿੰਘ ਸਿੱਧੂ, ਡਾ. ਸੁਖਦਿਆਲ ਸਿੰਘ, ਡਾ. ਮੁਹੰਮਦ ਹਬੀਬ, ਡਾ. ਗੁਰਮੇਲ ਸਿੰਘ, ਡਾ. ਮੁਹੱਬਤ ਸਿੰਘ, ਡਾ. ਕੁਲਵਿੰਦਰ ਸਿੰਘ, ਡਾ. ਹਰਪ੍ਰੀਤ ਕੌਰ, ਡਾ. ਜਤਿੰਦਰ ਸਿੰਘ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *