ਧੁਰੋਂ ਸਰਾਪਿਆਂ ਦਾ ਕੀ ਦਾਅਵਾ, ਸਾਹਾਂ ਦੀ ਡੋਰੀ ਨੀ ਟੁੱਟਣ ਦਿੰਦਾ ਬੱਸ ਮਾਂ ਦਾ ਕਲਾਵਾ

ਨੈਰੋਬੀ : ਪੰਜਾਬੀ ਵਿਚ ਕੁਲਦੀਪ ਮਾਣਕ ਦਾ ਗੀਤ ਬਹੁਤ ਮਸ਼ਹੂਰ ਹੈ ਕਿ ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਉ। ਇਸ ਗੀਤ ਦੇ ਬੋਲ ਇਕ ਮਾਂ ਦੀ ਰੂਹ ਦੀਆਂ ਬਾਤਾਂ ਪਾਉਂਦੇ ਹਨ। ਕੀਨੀਆ ਵਿਚ ਕੁੱਝ ਬੱਚੇ ਇਸ ਕਰਕੇ ਹੀ ਬਚੇ ਹੋਏ ਹਨ ਕਿ ਉਨ੍ਹਾਂ ਦੀਆਂ ਮਾਵਾਂ ਉਨ੍ਹਾਂ ਨੂੰ ਬਹੁਤ ਪਿਆਰ ਕਰਦੀਆਂ ਹਨ। ਸਾਮਵੈਲ ਨੂੰ ਮਿਰਗੀ ਤੇ ਹੋਰ ਕਈ ਸਰੀਰਕ ਅਲਾਮਤਾਂ ਹਨ, ਜਿਸ ਕਰ ਕੇ ਉਸ ਦੀ ਦਾਦੀ ਨੇ ਆਪ ਉਸ ਦੀ ਮਾਂ ਨਜੋਕੀ ਨੂੰ ਕਿਹਾ ਕਿ ਉਹ ਉਸ ਨੂੰ ਮਾਰ ਦੇਵੇ। ਉਸ ਨੇ ਕਿਹਾ ਕਿ ਉਹ ਸਾਮਵੈਲ ਦੀਆਂ ਨਾੜੀਆਂ ਵਿਚ ਸੂਈਆਂ ਪਾ ਦੇਵੇ ਤੇ ਇਸ ਤਰ੍ਹਾਂ ਉਹ ਹੌਲੀ ਹੌਲੀ ਮਰ ਜਾਵੇਗਾ ਤੇ ਕਿਸੇ ਨੂੰ ਪਤਾ ਨਹੀਂ ਲਗੇਗਾ ਕਿ ਕੀ ਹੋਇਆ ਸੀ। ਨਜੋਕੀ ਦਾ ਕਹਿਣਾ  ਹੈ ਕਿ ਲੋਕ ਕਹਿੰਦੇ ਹਨ ਕਿ ਮੈਨੂੰ ਕੋਈ ਸਰਾਪ ਮਿਲਿਆ ਹੋਇਆ ਹੈ ਜਿਸ ਕਰਕੇ ਮੇਰੇ ਬੱਚੇ ਨੂੰ ਅਜਿਹੀ ਬਿਮਾਰੀ ਹੈ।
ਇਸੇ ਤਰ੍ਹਾਂ ਫਲੋਰੈਂਸ ਨਾਲ ਹੋਇਆ। ਉਸ ‘ਤੇ ਵੀ ਦਬਾਅ ਪਾਇਆ ਗਿਆ ਕਿ ਉਹ ਉਹ ਆਪਣੇ ਬੱਚੇ ਦੀ ਕੁਰਬਾਨੀ ਦੇਵੇ। ਉਸ ਦਾ ਮੁੰਡਾ ਰੋਂਦਾ ਬਹੁਤ ਸੀ। ਪਰਿਵਾਰ ਨੇ ਉਸ ਨੂੰ ਬਰਦਾਸ਼ਤ ਨਾ ਕੀਤਾ ਤੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ। ਉਸ ਦਾ ਦੋਸਤ ਉਸ ਨੂੰ ਘਰ ਲੈ ਗਿਆ ਤੇ ਉਸ ਨੇ ਕਿਹਾ ਕਿ ਉਹ ਇਕ ਮਹੀਨੇ ਬਾਅਦ ਉਸ ਨੂੰ ਮਾਰ ਦੇਵੇ। ਪਰ ਉਸ ਨੇ ਅਜਿਹਾ ਨਾ ਕੀਤਾ ਤੇ ਉਸ ਦਾ ਘਰ ਛੱਡ ਦਿੱਤਾ। ਉਸ ਦੇ ਮੁੰਡੇ ਦੀ ਜਨਮ ਤੋਂ ਹੀ ਰੀੜ੍ਹ ਦੀ ਹੱਡੀ ਕਮਜ਼ੋਰ ਸੀ ਜਿਸ ਕਰ ਕੇ ਉਸ  ਦਾ ਸਿਰ ਸਿੱਧਾ ਨਹੀਂ ਰਹਿੰਦਾ ਸੀ। ਇਕ ਸਰਵੇਖਣ ਅਨੁਸਾਰ ਕੀਨੀਆ ਵਿਚ 45 ਫੀਸਦੀ ਅਜਿਹੀਆਂ ਮਾਵਾਂ ਹਨ ਜਿਨ੍ਹਾਂ ਤੇ ਦਬਾਅ ਹੈ ਕਿ ਉਹ ਆਪਣੇ ਸਰੀਰਕ ਤੌਰ ‘ਤੇ ਸੰਤਾਪ ਹੰਢਾ ਰਹੇ ਬੱਚਿਆਂ ਨੂੰ ਮਾਰ ਦੇਣ। ਕੀਨੀਆ ਵਿਚ ਇਹ ਇਕ ਸਭਿਆਚਾਰਕ ਰੀਤ ਮੰਨੀ ਜਾਂਦੀ ਹੈ ਕਿ ਸਰੀਰਕ ਤੌਰ ‘ਤੇ ਸੰਤਾਪ ਭੋਗ ਰਹੇ ਬੱਚਿਆਂ ਦੀਆਂ ਮਾਵਾਂ ਨੂੰ ਸਰਾਪ ਮਿਲਿਆ ਹੁੰਦਾ ਹੈ ਇਸ ਲਈ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਮਾਰ ਦੇਣਾ ਚਾਹੀਦਾ ਹੈ।

Leave a Reply

Your email address will not be published. Required fields are marked *