ਮਨਜੀਤ ਸਿੰਘ ਰਾਜਪੁਰਾ
ਜਿਨ੍ਹਾਂ ਨੇ ਮੁਹੱਬਤ ਦੇ ਦਰਿਆ ਚ ਗੋਤੇ ਲਾਏ ਹੁੰਦੇ ਐ ਉਨ੍ਹਾਂ ਨੂੰ ਇਸ਼ਕ ਦਾ ਸਰੂਰ ਹੜ੍ਹ ਦੇ ਪਾਣੀ ਵਾਂਗ ਚੜ੍ਹਦਾ। ਉਨ੍ਹਾਂ ਦੀਆਂ ਮਿਲਣੀਆਂ ਉਨ੍ਹਾਂ ਹਵਾਵਾਂ ਵਰਗੀਆਂ ਹੁੰਦੀਆਂ ਜਿਨ੍ਹਾਂ ਨੇ ਲੋਰੀਆਂ ਦੇ ਦੇਸ ਦੇ ਗੀਤ ਸੁਣੇ ਹੁੰਦੇ ਐ। ਅਜਿਹੇ ਬੰਦੇ ਜਦੋਂ ਕਿਸੇ ਨੂੰ ਆਪਣੀ ਅਰਮਾਨੀ ਤੱਕਣੀ ਨਾਲ ਵੇਖਦੇ ਨੇ ਤਾਂ ਉਦਾਸ ਰੁੱਤਾਂ ਚ ਵੀ ਸੁਪਨਿਆਂ ਦੇ ਸੌਦਾਗਰ ਆ ਮਿਲਦੇ ਨੇ।
ਜਰਮਨੀ ਦੇ ਸਿਨਾ ਤੇ ਨੀਲ ਕਈ ਮੁਲਕਾਂ ਚੋਂ ਲੰਘਣ ਤੋਂ ਬਾਅਦ ਇੰਜ ਆ ਮਿਲੇ ਜਿਵੇਂ ਸੱਜਣਾਂ ਦੀ ਚਿੱਠੀ ਬੂਹਾ ਮੱਲੀ ਖੜੀ ਹੋਵੇ। ਇਹ ਚਿੱਠੀ ਜਦੋਂ ਪਿੰਡ ਦੇ ਲੋਕਾਂ ਨੂੰ ਵਿਖਾਈ ਤਾਂ ਉਹ ਉਸ ਦੇ ਅੱਖਰਾਂ ਦੀ ਬਣਤਰ ਵੇਖਕੇ ਚੁੰਮ ਚੁੰਮ ਖੀਵੇ ਹੋ ਗਏ।
ਕੁਦਰਤੀ ਉਨ੍ਹਾਂ ਦਿਨਾਂ ਚ ਵਿਆਹ ਸੀ। ਵਿਆਹ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਸੀ। ਬੱਸ ਉਂਜ ਹੀ ਮੈਂ ਜੁਗਾੜ ਲਾ ਕੇ ਵਿਆਹ ਦਾ ਮੇਲੀ ਜਾ ਬਣਿਆ। ਅਜਿਹੇ ਜੁਗਾੜ ਕਰਨ ਚ ਆਪਣਾ ਉਸ ਮਰਾਸੀ ਵਰਗਾ ਹਾਲ ਐ ਜਿਹੜਾ ਮੱਝਾਂ ਦੇ ਵਪਾਰੀ ਨੂੰ ਕੱਟੇ ਦਾ ਰਿਸ਼ਤੇਦਾਰ ਦੱਸ ਕੇ, ਨਾਲੇ ਉਸ ਦੇ ਘਰ ਬੂਰੇ ਨਾਲ ਰੋਟੀ ਖਾ ਗਿਆ ਸੀ, ਨਾਲੇ ਜਾਂਦਾ ਹੋਇਆ ਉਸ ਦਾ ਕੱਟਾ ਵੀ ਲੈ ਗਿਆ ਸੀ।
ਵਿਆਹ ਚ ਨੀਲ ਕਹਿੰਦਾ ਕਿ ਮੈਂ ਦਾਰੂ ਪੀਣੀ ਐ। ਮੈਂ ਕਿਹਾ ਤੇਰੀ ਤਾਂ ਕੋਈ ਗੱਲ ਨੀ, ਬਹੁਤੇ ਜੱਟ ਤਾਂ ਮੁਖਤ ਦੀ ਦਾਰੂ ਪੀਣ ਹੀ ਵਿਆਹਾਂ ਚ ਜਾਂਦੇ ਐ। ਪਰ ਸਿਨਾ ਤੂੰ ਦਾਰੂ ਨੀ ਪੀਣੀ। ਸਾਡਾ ਸਮਾਜ ਭਾਈ ਤੀਵੀਂਆਂ ਨੂੰ ਸੱਪ ਕੱਢਣ ਦੀ ਇਜਾਜ਼ਤ ਨਹੀਂ ਦਿੰਦਾ। ਬੰਦੇ ਬੇਸ਼ੱਕ ਕੋਬਰੇ ਕੱਢੀ ਜਾਣ।
ਉਹ ਕਹਿੰਦੀ ਕਿ ਕਮਾਲ ਐ ਬਈ ਬੰਦੇ ਤੀਵੀਂਆਂ ਸਭ ਬਰਾਬਰ ਨੇ। ਮੈਂ ਅੱਜ ਤੁਹਾਡਾ ਇਹ ਪੱਖਪਾਤੀ ਕਾਨੂੰਨ ਜ਼ਰੂਰ ਤੋੜਨਾ ਐ।
ਮੈਂ ਕਿਹਾ ਹੁਣ ਤੈਨੂੂੰ ਕੀ ਦੱਸਾਂ ਜੋ ਕੁੱਝ ਸਾਡੇ ਬੰਦੇ ਕਰਦੇ ਐ ਜੇ ਤੀਵੀਂਆਂ ਵੀ ਉਵੇਂ ਕਰਨ ਲੱਗ ਪਈਆਂ, ਚੌਵੀ ਘੰਟੇ ਚ ਹੀ ਪਰਲੋ ਆ ਜਾਣੀ ਐ।
ਵਾਰਸ ਸ਼ਾਹ ਲਿਖਦਾ……ਮੀਆਂ ਵਾਰਸ ਸ਼ਾਹ ਇਹ ਮਰਦ ਸਫੈਦ ਚਾਦਰ, ਅਸੀਂ ਹੋਲੀ ਦੀਆਂ ਪਿਚਕਾਰੀਆਂ ਹਾਂ।
ਬਿਰਹਾ ਦਾ ਸੁਲਤਾਨ, ਲਫ਼ਜ਼ਾਂ ਦੀ ਦਰਗਾਹ ਦਾ ਪੀਰ ਸ਼ਿਵ ਤਾਂ ਇਸ ਮਾਮਲੇ ਚ ਬੰਦਿਆਂ ਬਾਰੇ ਸੁੱਕੇ ਪੱਤਿਆਂ ਦੀ ਅੱਗ ਬਾਲ ਕੇ ਵਿਖਾਉਂਦਾ
ਨੀ ਇਹ ਉਹ ਕੁੱਤੇ ਜੋ ਨਾ ਕਰਨ ਰਾਖੀ
ਸੰਨ੍ਹ ਮਾਰਦੇ ਵਫਾ ਦੇ ਨਾਮ ਉੱਤੇ
ਦਿਨੇ ਹੋਰ ਦੇ ਦਰਾਂ ਤੇ ਟੁੱਕ ਖਾਂਦੇ
ਰਾਤੀ ਹੋਰ ਦੇ ਦਰਾਂ ਤੇ ਜਾ ਸੁੱਤੇ
ਖੈਰ ਜੀ, ਉਸ ਨੇ ਕਾਨੂੰਨ ਤੋੜ ਕੇ ਹੀਰ ਵੱਲੋਂ ਰਾਂਝੇ ਨੂੰ ਚੂਰੀ ਖੁਆਉਣ ਵਰਗਾ ਪੁੰਨ ਖੱਟ ਲਿਆ।
ਰਾਤ ਨੂੰ ਉਨ੍ਹਾਂ ਦੇ ਸੌਣ ਦਾ ਜੁਗਾੜ ਵੀ ਵਿਆਹ ਮਹਿਲ ਚ ਹੀ ਕੀਤਾ। ਰਾਤ ਨੂੰ ਸਿਨਾ ਨੂੰ ਮੱਛਰਾਂ ਨੇ ਵੱਢ ਕੇ ਖਾ ਲਿਆ। ਮੱਛਰਾਂ ਨੂੰ ਵੀ ਸ਼ਾਇਦ ਇੰਨੀ ਚਿੱਟੀ ਚਮੜੀ ਤੇ ਮਿੱਠਾ ਲਹੂ ਪਹਿਲੀ ਵਾਰ ਚੱਖਣ ਦਾ ਮੌਕਾ ਮਿਲਿਆ ਸੀ।
ਬਈ ਦੂਜੀ ਰਾਤ ਨੂੰ ਫਿਰ ਕਿਸੇ ਦੇ ਘਰ ਤੋਂ ਮੱਝਾਂ ਵਾਲੀ ਮੱਛਰਦਾਨੀ ਲਿਆ ਕੇ ਉਨ੍ਹਾਂ ਤੇ ਲਾਈ।
ਸਵੇਰੇ ਸਿਨਾ ਕਹਿੰਦੀ ਕਿ ਰਾਤ ਬਹੁਤ ਵਧੀਆ ਨੀਂਦ ਆਈ। ਮੈਂ ਆਪਣੇ ਮਨ ਚ ਕਿਹਾ ਹਾਉ ਜਦੋਂ ਮੱਝ ਨੂੰ ਆ ਸਕਦੀ ਤੈਨੂੰ ਕਿਉਂ ਨਾ ਆਉਂਦੀ।
ਵਿਆਹ ਤੋਂ ਬਾਅਦ ਮੈਂ ਉਨ੍ਹਾਂ ਨੂੰ ਕਿਸੇ ਦੇ ਘਰ ਲੈ ਵੜਿਆ। ਮੇਰੇ ਦੋਸਤ ਦੀ ਮਾਂ ਕਹਿੰਦੀ…….ਮਨਜੀਤ ਅੰਗਰੇਜ਼ ਤੋ ਕਰਮਾਂ ਆਲੇ ਹੋਆਂ। ਮ੍ਹਾਰੇ ਘਰਾਂ ਲਿਆਏ ਕਰ।
ਮੈਂ ਕਿਹਾ, ਬੇਬੇ ਅੰਗਰੇਜ਼ ਕਾਸਕੇ ਕਰਮਾਂ ਆਲੇ। ਕਰਮਾਂ ਆਲਾ ਤੋ ਮੈਂ ਐਂ ਜਿਹੜਾ ਇਨ੍ਹਾਂ ਕੇ ਸਿਰ ਪਾ ਮਲਾਈਆਂ ਖਾ ਰਿਆਂ।
ਉਨ੍ਹਾਂ ਨਾਲ ਮੂਰਤਾਂ ਖਿਚਾਉਣ ਆਲਿਆਂ ਨੇ ਹਨੇਰੀ ਲਿਆ ਰੱਖੀ। ਸਿਨਾ ਕਹਿੰਦੀ ਕਿ ਮੈਨੂੰ ਪਤਾ ਕਿ ਇਹ ਸਿਰਫ ਮੇਰੇ ਨਾਲ ਹੀ ਮੂਰਤ ਖਿਚਾਉਣਾ ਚਾਹੁੰਦੇ ਨੇ ਬਾਅਦ ਚ ਆਪਣੇ ਯਾਰਾਂ ਨੂੰ ਦਿਖਾਉਣਗੇ ਬਈ ਆਹ ਦੇਖੋ ਮੇਮ ਨਾਲ ਮੇਰੀ ਮੂਰਤ।
ਮੈਂ ਕਿਹਾ ਕਿ ਤੈਨੂੰ ਕੀ ਦੱਸਾਂ ਸਾਡੇ ਲੋਕਾਂ ਨੂੰ ਤੂੰ ਇੰਜ ਲਗਦੀ ਐਂ ਜਿਵੇਂ ਔੜ ਤੋਂ ਬਾਅਦ ਮੀਂਹ ਪਿਆ ਹੋਵੇ ਤੇ ਹਰ ਕੋਈ ਅਜਿਹੇ ਮੀਂਹ ਦੇ ਪਾਣੀ ਦੀ ਬਾਲਟੀ ਭਰ ਕੇ ਰੱਖਣਾ ਚਾਹੁੰਦਾ।
ਸਿਨਾ ਤੇ ਨੀਲ ਚਲੇ ਗਏ ਕਿਸੇ ਹੋਰ ਮਾਰੂਥਲ ਚ ਵਰਨ੍ਹ ਲਈ। ਕਈ ਬੰਦੇ ਮਾਰੂਥਲਾਂ ਦੀ ਤੇਹ ਬੁਝਾਉਂਦੇ ਫਿਰਦੇ ਨੇ, ਉਹ ਸ਼ਾਇਦ ਉਨ੍ਹਾਂ ਚੋਂ ਇਕ ਨੇ।