ਥੋੜ੍ਹੀ ਕਰੋ ਭੱਜ ਦੌੜ ਨਹੀਂ ਤਾਂ ਝੁੱਗਾ ਹੋ ਸਕਦਾ ਚੌੜ

ਬਹੁਤ ਦੁੱਖ ਦੀ ਗੱਲ ਹੈ ਕਿ ਸਾਡੀ ਵਰਤਮਾਨ ਪੀੜ੍ਹੀ ਦੀ ਸਿਹਤ ਹੌਲੀ-ਹੌਲੀ ਕਮਜ਼ੋਰ ਹੋ ਰਹੀ ਹੈ। ਮਿਥਿਆ ਆਹਾਰ ਹੋਣ ਨਾਲ ਸਾਡਾ ਸਰੀਰ ਦੂਸ਼ਿਤ ਜਾਂ ਰੋਗੀ ਹੁੰਦਾ ਹੈ। ਪਰਮਾਤਮਾ ਨੇ ਸਾਨੂੰ ਰੋਗੀ ਅਤੇ ਦੁਖੀ ਹੋਣ ਲਈ ਨਹੀਂ ਭੇਜਿਆ। ਅਸੀਂ ਤਾਂ ਦੁੱਖਾਂ ਅਤੇ ਰੋਗਾਂ ਨੂੰ ਖੁਦ ਬੁਲਾਉਂਦੇ ਹਾਂ, ਫਿਰ ਰੋਂਦੇ ਹਾਂ ਅਤੇ ਪਛਤਾਉਂਦੇ ਹਾਂ।

ਪੂਰੀ ਤੰਦਰੁਸਤੀ ਦੀ ਪ੍ਰਾਪਤੀ ਦਾ ਇਕੋ-ਇਕ ਸਾਧਨ ਕਸਰਤ ਹੀ ਹੈ। ਚਾਹੇ ਔਰਤ ਹੋਵੇ ਜਾਂ ਮਰਦ, ਜੋ ਵੀ ਭੋਜਨ ਖਾਂਦਾ ਹੈ, ਉਸ ਨੂੰ ਕਸਰਤ ਦੀ ਓਨੀ ਹੀ ਲੋੜ ਹੁੰਦੀ ਹੈ, ਜਿੰਨੀ ਭੋਜਨ ਦੀ। ਕਾਰਨ ਸਪੱਸ਼ਟ ਹੈ। ਸਰੀਰ ਵਿਚ ਕਸਰਤ ਰੂਪੀ ਅਗਨੀ ਨਾ ਦੇਣ ਨਾਲ ਮਨੁੱਖ ਦਾ ਸਰੀਰ ਆਲਸੀ, ਨਿਰਬਲ ਅਤੇ ਰੋਗੀ ਹੋ ਜਾਂਦਾ ਹੈ। ਜਿਨ੍ਹਾਂ ਖਾਧ ਪਦਾਰਥਾਂ ਨਾਲ ਖੂਨ ਆਦਿ ਵਸਤੂਆਂ ਦਾ ਨਿਰਮਾਣ ਹੁੰਦਾ ਹੈ ਅਤੇ ਬਲ ਦਾ ਸੰਚਾਰ ਹੁੰਦਾ ਹੈ, ਉਹ ਸੜਨ ਲਗਦੇ ਹਨ ਅਤੇ ਸਰੀਰ ਵਿਚ ਬਦਬੂ ਪੈਦਾ ਕਰਕੇ ਮਨੁੱਖ ਦੇ ਮਨ ਵਿਚ ਅਨੇਕ ਤਰ੍ਹਾਂ ਦੇ ਬੁਰੇ ਵਿਚਾਰ ਪੈਦਾ ਕਰਨ ਲਗਦੇ ਹਨ। ਮਨੁੱਖ ਦੀ ਬੁੱਧੀ ਅਤੇ ਸਮਰਣ ਸ਼ਕਤੀ ਮੰਦ ਹੋ ਜਾਂਦੀ ਹੈ ਅਤੇ ਜਵਾਨੀ ਵਿਚ ਹੀ ਉਸ ਨੂੰ ਦੁਖਦਾਈ ਬੁਢਾਪਾ ਆ ਘੇਰਦਾ ਹੈ।

ਜੇ ਮਨੁੱਖ ਨੇ ਸਰੀਰ ਨਾਲ ਅਨੰਦ ਲੈਣਾ ਹੈ ਤਾਂ ਇਸ ਸਰੀਰ ਨੂੰ ਕਸਰਤ ਦੁਆਰਾ ਤੰਦਰੁਸਤ ਅਤੇ ਸ਼ਕਤੀਸ਼ਾਲੀ ਬਣਾ ਕੇ ਹਰ ਕੋਈ ਇਸ ਸਰੀਰ ਦਾ ਅਨੰਦ ਲੈ ਸਕਦਾ ਹੈ। 16 ਸਾਲ ਤੋਂ 25 ਸਾਲ ਦੀ ਉਮਰ ਤੱਕ ਵਾਧੇ ਦੀ ਅਵਸਥਾ ਮੰਨੀ ਜਾਂਦੀ ਹੈ। ਵਾਧੇ ਦੀ ਹਾਲਤ ਵਿਚ ਜਠਰਾਗਿਨ ਬੜੀ ਤੀਬਰ ਹੁੰਦੀ ਹੈ। ਖਾਧੇ-ਪੀਤੇ ਨੂੰ ਚੰਗੀ ਤਰ੍ਹਾਂ ਪਚਾਉਣ ਦੀ ਲੋੜ ਹੁੰਦੀ ਹੈ। ਇਸ ਵਾਸਤੇ ਸਾਡੇ ਪੇਟ ਵਿਚ ਊਰਜਾ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ।

ਕਸਰਤ ਨਾਲ ਹੀ ਸਾਰੇ ਸਰੀਰ ਵਿਚ ਊਰਜਾ ਆ ਜਾਂਦੀ ਹੈ। ਕਸਰਤ ਨਾਲ ਸਾਡੇ ਸਰੀਰ ਵਿਚ ਖੂਨ ਉਤੇਜਿਤ ਹੋ ਕੇ ਨਸ-ਨਾੜੀਆਂ ‘ਚ ਬਹੁਤ ਤੇਜ਼ ਗਤੀ ਨਾਲ ਦੌੜਨ ਲਗਦਾ ਹੈ। ਸਾਰੇ ਸਰੀਰ ਵਿਚ ਖੂਨ ਸੰਚਾਰ ਚੰਗੀ ਤਰ੍ਹਾਂ ਹੁੰਦਾ ਹੈ ਅਤੇ ਸਾਰੇ ਅੰਗਾਂ ਨੂੰ ਚੰਗੀ ਤਰ੍ਹਾਂ ਸ਼ਕਤੀ ਦਿੰਦਾ ਹੈ।

ਖੂਨ ਬਣਦਾ ਹੈ ਰਸ ਤੋਂ ਅਤੇ ਰਸ ਬਣਦਾ ਹੈ ਭੋਜਨ ਦੇ ਪਚਣ ਨਾਲ। ਭੋਜਨ ਪਚਦਾ ਹੈ ਊਰਜਾ ਨਾਲ ਅਤੇ ਊਰਜਾ ਦੀ ਜਨਣੀ ਕਸਰਤ ਹੈ। ਕਸਰਤ ਕਰਨ ਵਾਲੇ ਨੂੰ ਮੰਦਾਗਿਨ ਦਾ ਰੋਗ ਕਦੇ ਨਹੀਂ ਹੁੰਦਾ। ਉਹ ਜੋ ਵੀ ਪੇਟ ਵਿਚ ਪਾ ਦਿੰਦਾ ਹੈ, ਸਭ ਕੁਝ ਛੇਤੀ ਹੀ ਪਚ ਕੇ ਸਰੀਰ ਦਾ ਅੰਗ ਬਣ ਜਾਂਦਾ ਹੈ। ਉਸ ਦੀ ਬਲ ਸ਼ਕਤੀ ਦਿਨ ਪ੍ਰਤੀ ਦਿਨ ਵਧਦੀ ਚਲੀ ਜਾਂਦੀ ਹੈ।

ਸਰੀਰ ਦੇ ਅੰਗਾਂ ਨੂੰ ਸੁਡੌਲ, ਸਧਨ, ਗਠੀਲਾ ਅਤੇ ਸੁੰਦਰ ਬਣਾਉਣਾ ਕਸਰਤ ਦਾ ਪਹਿਲਾ ਕੰਮ ਹੈ। ਜੇ ਕੋਈ ਮਨੁੱਖ ਇਕ ਸਾਲ ਲਗਾਤਾਰ ਨਿਯਮਪੂਰਵਕ ਕਿਸੇ ਵੀ ਕਸਰਤ ਨੂੰ ਕਰਦਾ ਹੈ ਤਾਂ ਉਸ ਦਾ ਸਰੀਰ ਸੁੰਦਰ ਅਤੇ ਸੁਦ੍ਰਿੜ੍ਹ ਬਣਨ ਲਗਦਾ ਹੈ ਅਤੇ ਜੋ ਹਮੇਸ਼ਾ ਸ਼ਰਧਾ ਨਾਲ ਦੋਵੇਂ ਸਮੇਂ ਵਿਧੀਬਧ ਕਸਰਤ ਕਰਦਾ ਹੈ ਤਾਂ ਉਸ ਦਾ ਤਾਂ ਕਹਿਣਾ ਹੀ ਕੀ ਹੈ? ਉਸਦੇ ਸਰੀਰ ਵਿਚ ਮਾਸਪੇਸ਼ੀਆਂ ਲੋਹੇ ਵਾਂਗ ਸਖ਼ਤ ਅਤੇ ਸੁਦ੍ਰਿੜ੍ਹ ਹੋ ਜਾਂਦੀਆਂ ਹਨ ਅਤੇ ਸਾਰੀਆਂ ਨਸ-ਨਾੜੀਆਂ, ਸਾਰਾ ਸਨਾਯੂਮੰਡਲ ਅਤੇ ਸਰੀਰ ਦਾ ਹਰੇਕ ਅੰਗ ਫੌਲਾਦ ਵਾਂਗ ਮਜ਼ਬੂਤ ਹੋ ਜਾਂਦਾ ਹੈ। ਚੌੜੀ, ਉੱਭਰੀ ਹੋਈ ਛਾਤੀ, ਲੰਬੀਆਂ ਸੁਡੌਲ ਅਤੇ ਗੱਠੀਆਂ ਹੋਈਆਂ ਬਾਹਾਂ, ਕੱਸੀਆਂ ਹੋਈਆਂ ਪਿੰਡਲੀਆਂ, ਵਿਸ਼ਾਲ ਮਸਤਿਕ ਅਤੇ ਚਮਕਦਾ ਹੋਇਆ ਖੂਨ ਵਰਣ ਮੁੱਖਮੰਡਲ ਉਸ ਦੇ ਸਰੀਰ ਦੀ ਸ਼ੋਭਾ ਵਧਾਉਂਦਾ ਹੈ। ਸਰੀਰ ‘ਤੇ ਢਿੱਲਾਪਨ ਨਹੀਂ ਆਉਂਦਾ, ਪੇਟ ਸਰੀਰ ਨਾਲ ਲੱਗਾ ਰਹਿੰਦਾ ਹੈ, ਵਧਦਾ ਨਹੀਂ।

ਕਸਰਤ ਕਰਨ ਵਾਲੇ ਦਾ ਸਰੀਰ ਬੜਾ ਕੱਸਿਆ ਹੋਇਆ ਅਤੇ ਦਰਸ਼ਨੀ ਹੁੰਦਾ ਹੈ। ਨਿਯਮਤ ਕਸਰਤ ਨਾਲ ਨਿਰਬਲਤਾ ਕੋਹਾਂ ਦੂਰ ਚਲੇ ਜਾਂਦੀ ਹੈ। ਨਿਰਬਲਤਾ ਤਾਂ ਆਲਸੀ ਮਨੁੱਖ ਦੇ ਦੁਆਰ ‘ਤੇ ਹੀ ਡੇਰਾ ਬਣਾਉਂਦੀ ਹੈ ਅਤੇ ਕਸਰਤ ਦੇ ਡਰ ਨਾਲ ਆਲਸ ਦੌੜਦਾ ਹੈ। ਕਸਰਤ ਨਾਲ ਸਰੀਰ ਹਲਕਾ-ਫੁਲਕਾ ਅਤੇ ਫੁਰਤੀ ਵਾਲਾ ਹੋ ਜਾਂਦਾ ਹੈ।

ਵਿਵਿਧਤਾ ਇਹ ਹੈ ਕਿ ਕਸਰਤ ਜ਼ਿਆਦਾ ਮੋਟੇ ਮਨੁੱਖ ਨੂੰ ਪਤਲਾ ਅਤੇ ਪਤਲੇ ਨੂੰ ਮੋਟਾ ਬਣਾਉਂਦੀ ਹੈ ਅਤੇ ਇਹੀ ਸੰਸਾਰ ਵਿਚ ਦੇਖਣ ਨੂੰ ਮਿਲਦਾ ਹੈ ਕਿ ਫੌਜੀ ਭਰਾਵਾਂ ਵਿਚ ਬੁਢਾਪੇ ਵਿਚ ਵੀ ਚੁਸਤੀ ਅਤੇ ਉਤਸ਼ਾਹ ਹੁੰਦਾ ਹੈ, ਕਿਉਂਕਿ ਨਿਯਮਤ ਕਸਰਤ ਅਤੇ ਪੀ. ਟੀ. ਕਰਨੀ ਹੁੰਦੀ ਹੈ। ਇਸੇ ਕਾਰਨ ਉਨ੍ਹਾਂ ਵਿਚ ਆਲਸ ਦਾ ਨਾਂਅ ਵੀ ਨਹੀਂ ਹੁੰਦਾ। ਇਹ ਸਭ ਕਸਰਤ ਦਾ ਫਲ ਹੈ।
ਕਸਰਤ ਕਰਨ ਵਾਲਾ ਭਿਅੰਕਰ ਠੰਢ ਵਿਚ ਹੀ ਆਕਾਸ਼ ਦੀ ਛੱਤ ਦੇ ਹੇਠਾਂ ਸਿਰਫ ਇਕ ਲੰਗੋਟ ਬੰਨ੍ਹ ਕੇ ਸ਼ੁੱਧ ਪਵਿੱਤਰ ਠੰਢੀ ਹਵਾ ਵਿਚ ਖੂਬ ਕਸਰਤ ਦਾ ਆਨੰਦ ਲੈਂਦਾ ਹੈ। ਉਧਰ ਕਸਰਤ ਨਾ ਕਰਨ ਵਾਲਾ ਠੰਢ ਦੇ ਡਰ ਦੇ ਮਾਰੇ ਰਜਾਈ ਵਿਚ ਮੂੰਹ ਛੁਪਾਈ ਸੁੰਗੜਿਆ ਪਿਆ ਰਹਿੰਦਾ ਹੈ। ਮਲਮੂਤਰ ਤਿਆਗ ਦੀ ਇੱਛਾ ਹੁੰਦੇ ਹੋਏ ਵੀ ਬਾਹਰ ਜਾਂਦੇ ਹੋਏ ਉਸ ਦੇ ਪ੍ਰਾਣ ਨਿਕਲਦੇ ਹਨ। ਇਸ ਲਈ ਸਰਦੀ ਸਹਿਣ ਕਰਨ ਦੀ ਅਸਧਾਰਨ ਸ਼ਕਤੀ ਕਸਰਤ ਦੁਆਰਾ ਪ੍ਰਾਪਤ ਹੁੰਦੀ ਹੈ।

ਕਸਰਤ ਛੱਡਣ ਨਾਲ ਸੰਸਾਰ ਦੀ ਜੋ ਮਾੜੀ ਹਾਲਤ ਹੋਈ ਹੈ, ਉਹ ਅੱਜ ਸਾਡੇ ਸਾਹਮਣੇ ਹੈ। ਅੱਜ ਕੀ ਬੱਚੇ, ਕੀ ਜਵਾਨ ਸਭ ਰੋਗੀ ਹਨ। ਸਾਡੀ ਉਮਰ ਸਾਰੇ ਦੇਸ਼ਾਂ ਨਾਲੋਂ ਘੱਟ ਹੈ। ਇਸ ਦੇਸ਼ ਵਿਚ ਸੌ ਸਾਲ ਤੋਂ ਪਹਿਲਾਂ ਕੋਈ ਨਹੀਂ ਮਰਦਾ ਸੀ।

Leave a Reply

Your email address will not be published. Required fields are marked *