ਹਰਿਆਣਾ ਦੇ ਹਿਸਾਰ ਜ਼ਿਲ੍ਹੇ ‘ਚ ਰਾਖੀਗੜ੍ਹੀ ਪਿੰਡ ਵਿੱਚ ਹੜੱਪਾ ਸੱਭਿਅਤਾ ਨਾਲ ਜੁੜੇ ਖੇਤਰ ‘ਚ ਖੁਦਾਈ ਦੌਰਾਨ ਮਿਲੇ ਲਗਪਗ 4,500 ਸਾਲ ਪੁਰਾਣੇ ਇੱਕ ‘ਪ੍ਰੇਮੀ ਜੋੜੇ’ ਦੇ ਪਿੰਜਰ ਕਈ ਸਵਾਲਾਂ ਅਤੇ ਕਹਾਣੀਆਂ ਦਾ ਵਿਸ਼ਾ ਬਣੇ ਹੋਏ ਹਨ।ਸਾਲ 2016 ਵਿੱਚ ਭਾਰਤ ਅਤੇ ਦੱਖਣੀ ਕੋਰੀਆ ਦੇ ਵਿਗਿਆਨੀਆਂ ਨੂੰ ਇਹ ਪਿੰਜਰ ਮਿਲੇ ਸਨ ਅਤੇ ਬੀਤੇ ਦੋ ਸਾਲਾਂ ਵਿੱਚ ਇਸ ਜੋੜੇ ਦੀ ਮੌਤ ਦੀ ਵਜ੍ਹਾ ਨੂੰ ਲੈ ਕੇ ਖੋਜ ਹੋ ਰਿਹਾ ਹੈ। ਇਸੇ ਸ਼ੋਧ ਨੂੰ ਹੁਣ ਇੱਕ ਅੰਤਰਰਾਸ਼ਟਰੀ ਰਸਾਲੇ ਵਿੱਚ ਛਾਪਿਆ ਗਿਆ ਹੈ।ਪੁਰਾਤਤਵ-ਵਿਗਿਆਨੀ ਬਸੰਤ ਸ਼ਿੰਦੇ ਨੇ ਇਸ ਬਾਰੇ ਬੀਬੀਸੀ ਨੂੰ ਦੱਸਿਆ, “ਇੱਕ ਔਰਤ ਤੇ ਇੱਕ ਮਰਦ ਦੇ ਇਹ ਕੰਕਾਲ ਇੱਕ-ਦੂਜੇ ਨੂੰ ਦੇਖਦੇ ਪ੍ਰਤੀਤ ਹੁੰਦੇ ਹਨ। ਇੰਝ ਲਗਦਾ ਹੈ ਕਿ ਜਿਵੇਂ ਇਹ ਪ੍ਰੇਮੀ ਸਨ ਅਤੇ ਇਨ੍ਹਾਂ ਦੀ ਮੌਤ ਇੱਕੋ ਥਾਂ ਹੋਈ। ਪਰ ਇਹ ਮੌਤ ਕਿਵੇਂ ਹੋਈ, ਇਹ ਰਹੱਸ ਬਣਿਆ ਹੋਇਆ ਹੈ।”ਇਹ ਕੰਕਾਲ ਅੱਧਾ ਮੀਟਰ ਰੇਤੀਲੀ ਮਿੱਟੀ ਹੇਠ ਦਫ਼ਨ ਸਨ। ਵਿਗਿਆਨੀਆਂ ਨੇ ਪਤਾ ਲਗਾਇਆ ਹੈ ਕਿ ਮੌਤ ਵੇਲੇ ਇਸ ਮਰਦ ਦੀ ਉਮਰ ਕਰੀਬ 35 ਸਾਲ ਸੀ ਅਤੇ ਔਰਤ ਲਗਪਗ 25 ਸਾਲ ਦੀ ਸੀ। ਇਨ੍ਹਾਂ ਦੇ ਕੱਦ 5 ਫੁੱਟ 8 ਇੰਚ ਅਤੇ 5 ਫੁੱਟ 6 ਇੰਚ ਸਨ।
ਇਨ੍ਹਾਂ ਦੀਆਂ ਹੱਡੀਆਂ ਸਾਧਾਰਨ ਹੀ ਸਨ ਅਤੇ ਇਹ ਨਹੀਂ ਜਾਪਦਾ ਕਿ ਇਨ੍ਹਾਂ ਨੂੰ ਕੋਈ ਬਿਮਾਰੀ ਸੀ।ਵਿਗਿਆਨੀ ਕਹਿੰਦੇ ਹਨ ਕਿ ਇਸ ਤਰ੍ਹਾਂ ਦੀ ਕਬਰ ਕਿਸੇ ਖਾਸ ਰਿਵਾਇਤ ਦਾ ਹਿੱਸਾ ਤਾਂ ਨਹੀਂ ਸੀ। ਹਾਂ, ਇਹ ਸੰਭਵ ਹੈ ਕਿ ਇਸ ਜੋੜੇ ਦੀ ਮੌਤ ਇਕੱਠੇ ਹੋਈ ਤਾਂ ਇਨ੍ਹਾਂ ਨੂੰ ਇਕੱਠੇ ਹੀ ਦਫ਼ਨਾਇਆ ਗਿਆ।ਰਾਖੀਗੜ੍ਹੀ ਵਿੱਚ ਮਿਲੀਆਂ ਸਾਰੀਆਂ ਚੀਜ਼ਾਂ ਬੇਹੱਦ ਆਮ ਹਨ। ਇਹ ਉਹੀ ਚੀਜ਼ਾਂ ਹਨ ਜੋ ਹੜੱਪਾ ਸੱਭਿਅਤਾ ਬਾਰੇ ਹੋਈਆਂ ਖੁਦਾਈਆਂ ਵਿੱਚ ਮਿਲਦੀਆਂ ਰਹੀਆਂ ਹਨ।ਇਨ੍ਹਾਂ ਕੰਕਾਲਾਂ ਤੋਂ ਇਲਾਵਾ ਇੱਥੇ ਖੁਦਾਈ ਵਿੱਚ ਕੁਝ ਮਿੱਟੀ ਦੇ ਬਰਤਨ ਅਤੇ ਕਾਸੇ ਯੁੱਗ ਦੇ ਕੁਝ ਗਹਿਣੇ ਮਿਲੇ ਹਨ।’ਅਰਲੀ ਇੰਡੀਅਨ’ ਕਿਤਾਬ ਦੇ ਲੇਖਕ ਟੋਨੀ ਜੋਸਫ਼ ਕਹਿੰਦੇ ਹਨ, “ਹੜੱਪਾ ਯੁਗ ਦੇ ਅੰਤਿਮ ਸਸਕਾਰਾਂ ਨੂੰ ਵੇਖੀਏ ਤਾਂ ਪਤਾ ਲਗਦਾ ਹੈ ਕਿ ਉਹ ਲੋਕ ਪ੍ਰੰਪਰਾਵਾਂ ਹੀ ਮੰਨਦੇ ਸਨ।”ਜੇ ਮੈਸੋਪੋਟਾਮੀਆ ਸੱਭਿਅਤਾ ਬਾਰੇ ਗੱਲ ਕਰੀਏ ਤਾਂ ਉੱਥੇ ਰਾਜਿਆਂ ਨੂੰ ਮਹਿੰਗੇ ਜ਼ੇਵਰਾਂ ਅਤੇ ਕਲਾਕ੍ਰਿਤਾਂ ਸਮੇਤ ਦਫ਼ਨਾਇਆ ਜਾਂਦਾ ਸੀ। ਖਾਸ ਗੱਲ ਇਹ ਵੀ ਹੈ ਕਿ ਮੈਸੋਪੋਟਾਮੀਆ ਦੀ ਖੁਦਾਈ ਵਿੱਚ ਕੁਝ ਅਜਿਹੇ ਕੰਕਾਲ ਮਿਲੇ ਹਨ ਜਿਨ੍ਹਾਂ ਨਾਲ ਹੜੱਪਾ ਸੱਭਿਅਤਾ ਦੇ ਜ਼ੇਵਰ ਮਿਲੇ ਹਨ। ਮੰਨਿਆ ਜਾਂਦਾ ਹੈ ਕਿ ਉਹ ਹੜੱਪਾ ਦੇ ਜ਼ੇਵਰਾਂ ਦੀ ਦਰਾਮਦ ਜਾਂ ਇੰਪੋਰਟ ਕਰਦੇ ਸਨ।ਇਸ ਜੋੜੇ ਬਾਰੇ ਜੇ ਦੁਬਾਰਾ ਗੱਲ ਕਰੀਏ ਤਾਂ ਵਿਗਿਆਨੀ ਮੰਨਦੇ ਹਨ ਕਿ ਇਹ 1,200 ਏਕੜ ਦੀ ਬਸਤੀ ‘ਚ ਰਹਿੰਦੇ ਸਨ ਜਿੱਥੇ 10,000 ਲੋਕਾਂ ਦੇ ਘਰ ਸਨ।ਭਾਰਤ ਅਤੇ ਪਾਕਿਸਤਾਨ ਵਿੱਚ ਲਗਪਗ ਦੋ ਹਜ਼ਾਰ ਹੜੱਪਾ ਨਾਲ ਜੁੜੇ ਖੁਦਾਈ ਸਥਲ ਹਨ। ਰਾਖੀਗੜ੍ਹੀ ਵਾਲਾ ਸਥਲ ਤਾਂ ਹੁਣ ਇਨ੍ਹਾਂ ਵਿੱਚ ਸਭ ਤੋਂ ਵੱਡੇ ਮੰਨੇ ਜਾਂਦੇ ਸ਼ਹਿਰ ਮੋਹੰਜੋਦੜੋ ਨਾਲੋਂ ਵੀ ਵੱਡਾ ਹੈ। ਇੱਥੇ ਇੱਕ ਕਬਰਿਸਤਾਨ ਵਿੱਚ ਲਗਪਗ 70 ਕਬਰਾਂ ਮਿਲੀਆਂ ਹਨ। ਇਸ ਕੰਕਾਲ ਜੋੜੇ ਨੇ ਸਭ ਤੋਂ ਵੱਧ ਧਿਆਨ ਖਿੱਚਿਆ ਹੈ।