ਮਿੱਟੀ ਦੀ ਬੋਲੀ

#ਆਲਮੀ_ਮਾਂ_ਬੋਲੀ_ਦਿਹਾੜਾ
#ਫਰਵਰੀ_21 #ਮਹਿਕਮਾ_ਪੰਜਾਬੀ
ਬਾਪੂ ਅੱਜ ਸਵੇਰ ਦਾ ਚੱਕਵੇਂ ਪੈਰੀਂ ਸੀ। 7 ਵੱਜਦੇ ਨੂੰ ਪਸ਼ੂਆਂ ਲਈ ਅਗਲੇ ਤਿੰਨ ਦਿਨਾਂ ਦੇ ਪੱਠੇ ਲੈ ਆਇਆ ਸੀ। ਸੀਰੀ ਨੂੰ ਸਭ ਸਮਝਾ ਰਿਹਾ ਸੀ ਕਿ ਕਿਵੇਂ ਅਗਲੇ ਚਾਰ ਦਿਨ ਉਸ ਨੇ ਇਕੱਲੇ ਨੇ ਸਾਰਾ ਕੰਮ ਕਾਰ ਸੰਭਾਲਣਾ ਹੈ।
ਬਾਪੂ ਦਾ ਅੰਦਰ ਅੱਜ ਲੋਹੜੇ ਦੇ ਚਾਅ ਨਾਲ ਭਰਿਆ ਪਿਆ ਸੀ। ਕਈ ਸਾਲ ਪਹਿਲਾਂ ਨੌਕਰੀ ਦੇ ਚੱਕਰ ‘ਚ ਪਿੰਡੋਂ ਸ਼ਹਿਰ ਜਾ ਵਸੇ ਪੁੱਤਰ ਕੋਲ ਜਾਣ ਦੀ ਤਿਆਰੀ ਸੀ ਬਾਪੂ ਦੀ। ਉਂਜ ਤਾਂ ਪੁੱਤ ਗਾਹੀਂ ਬਗਾਹੀਂ ਗੇੜਾ ਮਾਰਦਾ ਰਹਿੰਦਾ ਸੀ। ਪਰ ਪਿਛਲੇ ਸਾਲ ਡੇਢ ਸਾਲ ਤੋਂ ਪੋਤਰੇ ਨਾਲ ਮੇਲ ਨਹੀਂ ਸੀ ਹੋ ਸਕਿਆ। ਸਕੂਲੇ ਜੋ ਜਾਣ ਲੱਗ ਪਿਆ ਸੀ।
ਜਿਵੇਂ ਆਖਦੇ ਮੂਲ ਨਾਲੋਂ ਵਿਆਜ ਪਿਆਰਾ ਬਾਪੂ ਦਾ ਵੀ ਉਸ ਨਾਲ ਅੰਤਾਂ ਦੋ ਮੋਹ ਸੀ। ਪੁੱਤ ਨੂੰ ਕਈ ਵਾਰ ਆਖਿਆ ਪਰ ਕਦੇ ਮੌਕਾ ਮੇਲ ਨਾ ਬਣ ਸਕਿਆ। ਆਖ਼ਰ ਬਾਪੂ ਨੇ ਕਲ ਪੁੱਤ ਨੂੰ ਫ਼ੋਨ ਕਰ ਕੇ ਆਖ ਹੀ ਦਿੱਤਾ ਸੀ ਕਿ ਮੈਂ ਖ਼ੁਦ ਹੀ ਆਉਨਾ ਆਪਣੇ ਜਿਗਰ ਦੇ ਟੁਕੜੇ ਨੂੰ ਮਿਲਣ।
ਸ਼ਹਿਰ ਪਹੁੰਚਣ ਤੇ ਪੁੱਤਰ-ਨੂੰਹ ਬਾਪੂ ਨੂੰ ਬੱਸ ਅੱਡਿਓਂ ਲੈਣ ਆਏ। ਬਾਪੂ ਦਾ ਪੂਰਾ ਮਾਣ-ਸਨਮਾਨ ਕੀਤਾ ਦੋਵਾਂ ਨੇ। ਪੋਤਾ ਸਕੂਲ ਗਿਆ ਹੋਇਆ ਸੀ। ਬਾਪੂ ਨੂੰ ਉਸ ਨੂੰ ਮਿਲਣ ਦੀ ਅਚਵੀ ਜਿਹੀ ਲੱਗੀ ਪਈ ਸੀ। ਕੀ ਗੱਲ ਬਈ ਭੋਰਾ ਭਰ ਜੁਆਕ ਨੂੰ ਕਿਉਂ ਐਨਾ ਤੰਗ ਕੀਤਾ? ਸਕੂਲੋਂ ਸਿੱਧਾ ਟਿਊਸ਼ਨ? ਅਖੇ ਸਵੇਰ ਦਾ ਗਿਆ ਆਥਣੇ 6 ਵਜੇ ਘਰ ਆਊ? ਅਸੀਂ ਤਾਂ ਤੈਨੂੰ ਐਨਾ ਤੰਗ ਕਦੇ ਨੀ ਸੀ ਕੀਤਾ। ਤੈਨੂੰ ਵੀ ਤਾਂ ਚੰਗੀ ਭਲੀ ਨੌਕਰੀ ਮਿਲ ਹੀ ਗਈ।
ਬਾਪੂ ਦੀ ਆਵਾਜ਼ ਤਲਖ਼ ਅਤੇ ਸ਼ਿਕਵੇ ਨਾਲ ਆਪਣੇ ਪੁੱਤਰ ਤੇ ਸਵਾਲ ਕਰ ਰਹੀ ਸੀ। ਐਨੇ ਨੂੰ ਸਾਹਮਣਿਓ ਆਉਂਦਾ ਪੋਤਾ ਦਿਖਾਈ ਦਿੱਤਾ (ਬਹੁਤਾ ਭੱਜਣਾ ਹੋਣ ਕਰ ਕੇ ਬਾਪੂ ਉਸ ਨੂੰ ਮਿਲਖਾ ਸਿੰਘ ਆਖਦਾ ਸੀ)। ਓਏ ਆ ਓਏ ਮੇਰੇ ਮਿਲਖਿਆ, ਤੈਨੂੰ ਮਿਲਣ ਨੂੰ ਤਾਂ ਅੱਖਾਂ ਤਰਸ ਗਈਆਂ। ਬਾਪੂ ਹੰਝੂ ਨਾ ਰੋਕ ਸਕਿਆ। ਦਾਦਾ – ਪੋਤਾ ਕਿਨ੍ਹਾਂ ਚਿਰ ਇੱਕ ਦੂਜੇ ਨੂੰ ਗਲਵੱਕੜੀ ਪਾਈ ਖੜੇ ਰਹੇ।
‘ਦਾਦਾ ਜੀ, ਆਪਕੋ ਮੇਰੀ ਕਭੀ ਯਾਦ ਨਹੀਂ ਆਈ? ਮੈਂ ਤੋ ਆਪਕੋ ਹਰ ਰੋਜ਼ ਯਾਦ ਕਰਤਾ ਹੂੰ। ਪਾਪਾ ਕੋ ਕਿਤਨੀ ਬਾਰ ਮੈਂਨੇ ਬੋਲਾ ਕਿ ਮੁਝੇ ਗਾਂਵ ਲੇ ਚਲੋ ਪਰ ਪਾਪਾ ਮੁਝੇ ਆਪਕੇ ਪਾਸ ਲੇ ਕੇ ਹੀ ਨਹੀਂ ਆਤੇ। ਪੋਤਾ ਕਿੰਨੇ ਹੀ ਸਵਾਲ ਜਵਾਬ, ਸ਼ਿਕਾਇਤਾਂ ਇੱਕੋ ਸਾਹੇ ਕਰ ਗਿਆ।
ਪੁੱਤ, ਤੇਰੇ ਭਾਪਾ ਵੀ ਮੇਰੇ ਵਰਗਾ ਨਲੈਕ ਆ। ਬਾਹਲ਼ੀ ਘੌਲ ਕਰਦਾ ਪਤੰਦਰ। ਜਾ ਮੂੰਹ ਹੱਥ ਧੋ ਫੇਰ ਆਪਾਂ ਗੱਲਾਂ ਕਰਾਂਗੇ। ਠੀਕ ਹੈ ਦਾਦਾ ਜੀ, ਅਭ ਆਪ ਕਹੀਂ ਨਹੀਂ ਜਾਏਂਗੇ। ਮੇਰੇ ਪਾਸ ਹੀ ਰਹੇਂਗੇ। ਪਰੌਮਿਸ? ਆਹੋ ਪੁੱਤ, ਜਿਵੇਂ ਤੂੰ ਕਹੇਂਗਾ ਓਵੇਂ ਹੀ ਹੋਊ। ਬਾਪੂ ਭਾਵੁਕਤਾ ਨੂੰ ਠੱਲ੍ਹਣ ਦੇ ਯਤਨ ‘ਚੋਂ ਬੋਲਿਆ।
ਪੋਤੇ ਦੇ ਉੱਪਰ ਜਾਣ ਤੋਂ ਬਾਅਦ ਬਾਪੂ ਆਪਣੇ ਪੁੱਤਰ ਨੂੰ ਪੁੱਛ ਰਿਹਾ ਸੀ। ਮੁੰਡਿਆ, ਆਹਾ ਮਿਲਖਾ ਭਲਾ ਕਿਹੜੀ ਬੋਲੀ ਬੋਲੀ ਜਾਂਦਾ? ਓ ਬਾਪੂ, ਏਥੇ ਤੇ ਏਹੀ ਚੱਲਦੀ ਆ ਹਿੰਦੀ। ਪੰਜਾਬੀ ਪੰਜੂਬੀ ਨੀ ਏਥੇ ਬੋਲਦਾ ਕੋਈ। ਸਕੂਲ ਸਾਰੇ ਜਵਾਕ ਦੇਸੀ ਕਹਿੰਦੇ ਸੀ ਏਨੂੰ ਪਹਿਲਾਂ ਪਹਿਲ। ਮਸਾਂ ਬੋਲਣ ਲਾਇਆ ਏਨੂੰ ਹਿੰਦੀ। ਪਰ, ਪੁੱਤਰਾ, ਬੋਲੀਆਂ ਤਾਂ ਜਿੰਨੀਆਂ ਮਰਜ਼ੀ ਸਿੱਖੇ ਪਰ ਘਰੇ ਤਾਂ ਆਪਣੀ ਮਾਂ-ਬੋਲੀ….. ਛੱਡ ਜਾਰ ਬਾਪੂ, ਕਿਹੜੀ ਮਾਂ ਬੋਲੀ। ਮਾਂ ਏਹਦੀ ਤੇ ਮੈਂ ਤਾਂ ਆਪ ਨੀ ਕਦੇ ਪੰਜਾਬੀ ਬੋਲੇ। ਸੋ ਕਿਹੜੀ ਮਾਂ ਬੋਲੀ ਦੀਆਂ ਗੱਲਾਂ ਕਰੀ ਜਾਨੈਂ ਤੂੰ। ਜੇ ਜਵਾਕਾਂ ਨੂੰ ਜ਼ਮਾਨੇ ਦੇ ਹਾਣ ਦੇ ਬਣਾਉਣੈ ਤਾਂ ਏਨ੍ਹਾਂ ਨੂੰ ਦੇਸੀ ਪੁਣੇ ‘ਚੋਂ ਬਾਹਰ ਕੱਢਣਾ ਪਊ। ਤਾਂ ਹੀ ਤਾਂ ਏਨੂੰ ਮੈਂ ਪਿੰਡ ਨੀ ਲੈ ਕੇ ਆਉਂਦਾ। ਵੱਡਾ ਅਫ਼ਸਰ ਬਣਾਉਣੈ ਮੈਂ ਇਹਨੂੰ ਵੱਡਾ। ਪੁੱਤ ਨੀਵੀਂ ਪਾਈ ਆਪ ਮੁਹਾਰੇ ਹੀ ਬੋਲੀ ਜਾ ਰਿਹਾ ਸੀ।
ਪੁੱਤਰਾ, ਬੋਲੀ ਏਦੀ ਮਾਂ ਜਾਂ ਤੇਰੀ ਮਾਂ ਦੀ ਨਹੀਂ ਹੁੰਦੀ। ਇੱਕ ਬੋਲੀ ਧਰਤੀ ਮਾਂ ਦੀ ਵੀ ਹੁੰਦੀ ਏ। ਜੇ ਤੂੰ ਆਪਣੀ ਮਿੱਟੀ ਦੀ ਬੋਲੀ ਨੂੰ ਬੇਦਾਵਾ ਦੇ ਆਇਐਂ ਤਾਂ ਮੈਂ ਭਲਾ ਤੇਰੀ ਕੀ ਲੱਗਦਾਂ। ਬਾਪੂ ਗੇਟ ਤੇ ਜੁੱਤੀ ਪਾਉਂਦਾ-ਪਾਉਂਦਾ ਬੋਲ ਰਿਹਾ ਸੀ। ਏਹ ਸੱਚੇ ਪਾਤਸ਼ਾਹ ਦੀ ਬੋਲੀ ਹੈ। ਖ਼ਬਰਦਾਰ ਹੋ ਜੀਂ, ਪਰਲ ਪਰਲ ਵਗਦੇ ਹੰਝੂਆਂ ਨਾਲ ਬਾਪੂ ਗੇਟੋਂ ਬਾਹਰ ਹੋ ਗਿਆ। ਨੂੰਹ ਮਗਰ ਭੱਜੀ ਜਾ ਰਹੀ ਸੀ।
– ਗੁਰਤੇਜ ਸਿੰਘ ਐਡਮਿੰਟਨ ਤੋਂ
(ਮਾਂ ਬੋਲੀ ਦਿਹਾੜੇ ਬਾਰੇ ਗੱਲਾਂ ਬਾਤਾਂ ਕਰਨ-ਸੁਣਨ ਲਈ ਇਕ ਤਾਂ ਸਾਡਾ ਪੰਨਾ ਪਸੰਦ ਕਰੋ, ਦੂਜਾ ਥੱਲੇ ਦੱਸੇ #ਹੈਸਟੈਗ ਟਿਕਾਣਿਆਂ ਤੇ ਨੱਪੋ ਤੇ ਨਾਲੇ ਹੋਰਨਾਂ ਨਾਲ ਸਾਂਝਾ ਕਰੋ)
#ਮਹਿਕਮਾ_ਪੰਜਾਬੀ_ਆਲਮੀ_ਮਾਂ_ਬੋਲੀ_ਦਿਹਾੜਾ

Leave a Reply

Your email address will not be published. Required fields are marked *