ਜਿਹੜੇ ਚੁੱਕਦੇ ਸੇਵਾ ਵਾਲਾ ਛੱਜ ,ਉਹਨਾਂ ਦਾ ਘਰੇ ਹੀ ਹੋ ਜਾਂਦਾ ਹੱਜ

ਅਜੀਤ ਕੌਰ ਨੇ ਆਪਣੀ ਜੀਵਨੀ ਵਿੱਚ ਕਿਤੇ ਲਿਖਿਆ ਕਿ ਸ਼ਾਇਦ ਰੱਬ ਨੇ ਹੁਣ ਇਨਸਾਨਾਂ ਵਿੱਚ ਉਹ ਗ੍ਰੰਥੀ ਲਾਉਣੀ ਹੀ ਬੰਦ ਕਰ ਦਿੱਤੀ ਹੈ ਜਿਸ ਵਿੱਚੋਂ ਹਮਦਰਦੀ ਦਾ ਰਸ ਰਿਸਦਾ ਸੀ।
ਇਹ ਗੱਲ ਉਨ੍ਹਾਂ ਦੇ ਨਿੱਜੀ ਤਜਰਬੇ ਵਿੱਚੋਂ ਹੋਵੇਗੀ ਪਰ ਇਹ ਇੱਕ ਗੱਲ ਜ਼ਰੂਰ ਧਿਆਨ ਵਿੱਚ ਲਿਆਉਂਦੀ ਹੈ ਕਿ ਕੁਝ ਲੋਕ ਦੂਸਰਿਆਂ ਨਾਲੋਂ ਵਧੇਰੇ ਮਦਦਗਾਰ ਕਿਉਂ ਹੁੰਦੇ ਹਨ। ਅਸੀਂ ਸਾਰੇ ਹੀ ਨੇਕੀ ਕਰ ਸਕਦੇ ਹਾਂ ਪਰ ਕੁਝ ਕਰ ਜਾਂਦੇ ਹਨ। ਇਸ ਵਿੱਚ ਸਾਡੇ ਚੁਗਿਰਦੇ ਦਾ ਜਿੱਥੇ ਸਾਡਾ ਪਾਲਣ-ਪੋਸ਼ਣ ਹੁੰਦਾ ਹੈ ਉਸਦਾ ਬੜਾ ਵੱਡਾ ਹੱਥ ਹੁੰਦਾ ਹੈ।
ਕਦੇ ਸੋਚਿਆ ਹੈ ਕਿ ਮਇਆਂਮਾਰ ਦੇ ਵਾਲੇ ਜਿੱਥੇ ਦੀ ਜੀਡਪੀ ਮਹਿਜ਼ 1,350 ਡਾਲਰ ਹੈ ਉਹ ਲੋਕ ਆਪਣੇ ਨਾਲੋਂ ਸੱਠ ਗੁਣਾਂ ਅਮੀਰ ਨਾਰਵੇ ਦੇ ਲੋਕਾਂ ਨਾਲੋਂ ਦਾਨ ਵਧੇਰੇ ਕਿਉਂ ਕਰਦੇ ਹਨ?
ਇੰਡੋਨੇਸ਼ੀਆਈ ਲੋਕ ਜਰਮਨੀ ਵਾਲਿਆਂ ਨਾਲੋਂ ਵਧੇਰੇ ਵਲੰਟੀਅਰ ਕਰਦੇ ਹਨ। ਜਦਕਿ ਇੰਡੋਨੇਸ਼ੀਆ ਦੁਨੀਆਂ ਦੇ ਉਨ੍ਹਾਂ ਦੇਸਾਂ ਵਿੱਚੋਂ ਹੈ ਜਿੱਥੇ ਕੰਮ ਦੇ ਘੰਟੇ ਸਭ ਤੋਂ ਵਧੇਰੇ ਹਨ ਅਤੇ ਜਰਮਨੀ ਵਿੱਚ ਸਭ ਤੋਂ ਘੱਟ।
ਇਹ ਸਭ ਤੱਥ ਇੱਕ ਅਧਿਐਨ ਵਿੱਚ ਸਾਹਮਣੇ ਆਏ ਹਨ। ਆਓ ਵੇਖਈਏ ਜ਼ਰਾ ਕਿੱਥੋਂ ਦੇ ਲੋਕ ਕਿੰਨੇ ਮਦਦਗਾਰ ਹਨ। ਇਸ ਨਾਲ ਹੋ ਸਕਦਾ ਹੈ ਤੁਹਾਨੂੰ ਆਪਣੀਆਂ ਛੁਟੀਆਂ ਦਾ ਦੇਸ ਚੁਣਨ ਵਿੱਚ ਮਦਦ ਹੋ ਜਾਏ।
ਅਜਨਬੀਆਂ ਦੀ ਮਦਦ ਕਰਨਾ
ਸਭ ਤੋਂ ਫਰਾਖਦਿਲ ਦੇਸਾਂ ਬਾਰੇ 2018 ਦੀ ਰਿਪੋਰਟ ਮੁਤਾਬਕ ਹਾਲਾਂਕਿ ਬ੍ਰਾਜ਼ੀਲੀਅਨਾਂ ਅਤੇ ਤੁਰਕਾਂ ਨੂੰ ਆਪਣੇ ਦੋਸਤਾਨਾ ਅਤੇ ਨਿੱਘੇਪਣ ਲਈ ਜਾਣਿਆ ਜਾਂਦਾ ਹੈ ਪਰ ਲਿਬੀਆ ਅਤੇ ਇਰਾਕ ਵਿੱਚ ਕਿਸੇ ਅਜਨਬੀ ਨੂੰ ਮਦਦ ਮਿਲਣ ਦੀ ਸੰਭਾਵਨਾ ਜ਼ਿਆਦਾ ਹੈ।
ਸਵਾਲ: ਕੀ ਤੁਸੀਂ ਕਦੇ ਕਿਸੇ ਅਜਨਬੀ ਦੀ ਮਦਦ ਕੀਤੀ ਹੈ?
ਲਿਬੀਆ ਵਿੱਚ 83%, ਇਰਾਕ ਵਿੱਚ 81% ਅਤੇ ਕੁਵੈਤ ਵਿੱਚ 80% ਲੋਕਾਂ ਨੇ ਕਦੇ ਨਾ ਕਦੇ ਕਿਸੇ ਅਜਨਬੀ ਦੀ ਮਦਦ ਕੀਤੀ ਸੀ
ਜਦਕਿ ਜਪਾਨ ਵਿੱਚ 23%, ਲਾਓਸ ਵਿੱਚ 22% ਅਤੇ ਕਮਬੋਡੀਆ ਵਿੱਚ 18% ਲੋਕਾਂ ਨੇ ਕਦੇ ਨਾ ਕਦੇ ਕਿਸੇ ਅਜਨਬੀ ਦੀ ਮਦਦ ਕੀਤੀ ਸੀ।
ਹਾਲਾਂਕਿ ਭਾਰਤ ਵਿੱਚ ਸਰਵੇਖਣ ਕਰਨ ਵਾਲਿਆਂ ਨੂੰ 31% ਅਤੇ ਅਮਰੀਕਾ ਵਿੱਚ 72% ਅਜਿਹੇ ਰਾਹਗੀਰ ਮਦਦਗਾਰ ਮਿਲੇ।
ਇਸ ਸਰਵੇਖਣ ਲਈ 146 ਦੇਸਾਂ ਵਿੱਚ 150,000 ਲੋਕਾਂ ਨੂੰ ਪੁੱਛਿਆ ਗਿਆ, ਕੀ ਸਾਲ 2017 ਦੌਰਾਨ ਉਨ੍ਹਾਂ ਨੇ ਦਾਨ ਵਿੱਚ ਕੋਈ ਰਾਸ਼ੀ ਦਿੱਤੀ ਸੀ, ਕਿਸੇ ਕੰਮ ਲਈ ਵਲੰਟੀਅਰ ਕੀਤਾ ਜਾਂ ਪਿਛਲੇ ਮਹੀਨੇ ਦੌਰਾਨ ਕਿਸੇ ਅਜਨਬੀ ਦੀ ਮਦਦ ਕੀਤੀ ਸੀ।
ਸਰਵੇਖਣ ਮੁਤਾਬਕ ਦੁਨੀਆਂ ਦੇ 7.6 ਅਰਬ ਲੋਕਾਂ ਵਿੱਚੋਂ 2.2 ਅਰਬ ਲੋਕਾਂ ਨੇ ਕਦੇ ਕਿਸੇ ਅਜਨਬੀ ਦੀ ਮਦਦ ਕੀਤੀ ਸੀ, 1.4 ਖਰਬ ਲੋਕਾਂ ਨੇ ਚੰਦਾ ਦਿੱਤਾ ਸੀ ਅਤੇ 1 ਖਰਬ ਲੋਕਾਂ ਨੇ ਕਾਰ-ਸੇਵਾ ਕੀਤੀ ਸੀ।
ਪਰ ਇਸ ਸਰਵੇਖਣ ਨਾਲ ਦੇਸਾਂ ਦੇ ਸਮਾਜਾਂ ਵਿਚਲੇ ਫਰਕ ਬਾਰੇ ਕੀ ਪਤਾ ਚਲਦਾ ਹੈ?
ਲੋਕ ਦੂਸਰਿਆਂ ਦੀ ਮਦਦ ਕਿਉਂ ਕਰਦੇ ਹਨ?
ਸਾਲਾਂ ਤੱਕ ਸਮਾਜ ਵਿਗਿਆਨੀਆਂ ਦੀਆਂ ਲੋਕਾਂ ਦੇ ਇਸ ਸਮਾਜ-ਮੁਖੀ ਵਿਹਾਰ ਬਾਰੇ ਵੱਖੋ-ਵੱਖ ਧਾਰਨਾਵਾਂ ਰਹੀਆਂ ਹਨ। ਇਹ ਸਮਾਜ-ਮੁਖੀ ਵਿਹਾਰ ਲੋਕਾਂ ਵੱਲੋਂ ਨਿੱਜੀ ਰੂਪ ਵਿੱਚ ਦੂਸਰਿਆਂ ਦੀ ਭਲਾਈ ਲਈ ਕੀਤੇ ਕੰਮਾਂ ਵਿੱਚ ਦੇਖੇ ਜਾ ਸਕਦੇ ਹਨ।
ਇਸੈਕਸ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੇ ਪ੍ਰੋਫੈਸਰ ਪੀਟਰ ਬੀ. ਸਮਿੱਥ ਮੁਤਾਬਕ, ”ਸਮਾਜ-ਮੁਖੀ ਵਿਹਾਰ ਇੱਕ ਗੁੰਝਲਦਾਰ ਵਤੀਰਾ ਹੈ ਅਤੇ ਦੇਸਾਂ ਵਿੱਚ ਇਸ ਬਾਰੇ ਕਾਫ਼ੀ ਵਖਰੇਵੇਂ ਹਨ।”
“ਕੁਝ ਦੇਸਾਂ ਨੇ ਸਮਾਜ-ਮੁਖੀ ਵਿਹਾਰ ਦੇ ਤਿੰਨਾਂ ਨੁਕਤਿਆਂ ਉੱਪਰ ਬਹੁਤ ਵਧੀਆ ਨੰਬਰ ਹਾਸਲ ਕੀਤੇ ਜਦਕਿ ਦੂਸਰਿਆਂ ਨੇ ਬਹੁਤ ਘੱਟ ਨੰਬਰ ਲਏ। ਹਾਂ, ਸਥਾਨਕ ਹਾਲਾਤ ਇਸ ਭਾਵਨਾ ਨੂੰ ਪ੍ਰਭਾਵਿਤ ਕਰਦੇ ਹਨ।”
ਪਿਛਲੇ ਸਾਲ ਦੌਰਾਨ ਪੈਦਾ ਹੋਏ ਰਿਫਿਊਜੀ ਸੰਕਟਾਂ ਦੌਰਾਨ ਵੀ ਕਈ ਲੋਕਾਂ ਨੇ ਖੁੱਲ੍ਹ ਕੇ ਪੀੜਤਾਂ ਦੀ ਮਦਦ ਕੀਤੀ ਅਤੇ ਜਾਂ ਕਿਸੇ ਵੀ ਹੋਰ ਸੰਭਵ ਤਰੀਕੇ ਨਾਲ ਜੋ ਕਰ ਸਕਦੇ ਸਨ ਉਨ੍ਹਾਂ ਲੋਕਾਂ ਲਈ ਕੀਤਾ।
ਸਾਲ 2015 ਵਿੱਚ ਜਰਨਲ ਆਫ ਕਰਾਸ ਕਲਚਰਲ ਸਾਈਕਾਲੋਜੀ ਵਿੱਚ ਪ੍ਰੋਫੈਸਰ ਸਮਿੱਥ ਨੇ ਸਮਾਜ-ਮੁਖੀ ਵਿਹਾਰ ਉੱਪਰ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਤੱਤ ਵਰਗੇ ਅਸਰਾਂ ਬਾਰੇ ਗੱਲ ਕੀਤੀ। ਜਿਵੇਂ- ਪੈਸਾ, ਵਿਸ਼ਵਾਸ਼, ਅਸਾਵੀਂ ਆਮਦਨੀ, ਭ੍ਰਿਸ਼ਟਾਚਾਰ ਬਾਰੇ ਨਜ਼ਰੀਆ, ਡਰ, ਸਮੂਹ ਅਤੇ ਧਰਮ ਦਾ ਸਭਿਆਚਾਰ।
ਮਿਸਾਲ ਵਜੋਂ: ਕੁਝ ਸਮਾਜਾਂ ਵਿੱਚ ਸਮੂਹਿਕ ਸਭਿਆਚਾਰ ਹੁੰਦਾ ਹੈ, ਜੋ ਵਿਅਕਤੀ ਨਾਲੋਂ ਸਮੂਹ ਨੂੰ ਤਰਜੀਹ ਦਿੰਦਾ ਹੈ। ਪਰ ਕਈ ਵਾਰ ਸਮੂਹ ਤੋਂ ਬਾਹਰਲੇ ਲੋਕਾਂ ਉੱਪਰ ਭਰੋਸਾ ਨਹੀਂ ਵੀ ਕੀਤਾ ਜਾਂਦਾ।
ਇਸ ਕਾਰਨ ਕੁਝ ਹੋਰ ਅਧਿਐਨਾਂ ਵਿੱਚ ਤਰਕ ਦਿੱਤਾ ਗਿਆ ਕਿ ਸਮੂਹਿਕ ਏਕਤਾ ਦਿਖਾਉਣ ਵਾਲੇ ਸਮੂਹਾਂ ਨਾਲੋਂ ਵਿਅਕਤੀਗਤ ਸਭਿਆਚਾਰ ਦੂਸਰਿਆਂ ਦੀ ਭਲਾਈ ਨੂੰ ਵਧੇਰੇ ਉਤਸ਼ਾਹਿਤ ਕਰ ਸਕਦੇ ਹਨ।
ਸਵਾਲ: ਕੀ ਤੁਸੀਂ ਕਦੇ ਚੰਦਾ ਦਿੱਤਾ ਹੈ?
ਮਿਆਂਮਾਰ ਵਿੱਚ 88%, ਇੰਡੋਨੇਸ਼ੀਆ ਵਿੱਚ 78% ਅਤੇ ਆਸਟਰੇਲੀਆ ਵਿੱਚ 71% ਲੋਕਾਂ ਨੇ ਕਦੇ ਨਾ ਕਦੇ ਚੰਦਾ ਦਿੱਤਾ ਸੀ।
ਜਦਕਿ ਜੌਰਜੀਆ ਵਿੱਚ 6%, ਲਿਸੋਥੋ ਵਿੱਚ 5% ਅਤੇ ਯਮਨ ਵਿੱਚ 2% ਲੋਕਾਂ ਨੇ ਕਦੇ ਨਾ ਕਦੇ ਚੰਦਾ ਦਿੱਤਾ ਸੀ।
ਕਿਸੇ ਸਮਾਜ ਦੀ ਆਰਥਿਕਤਾ ਦਾ ਵੀ ਇਸ ਰੁਝਾਨ ਵਿੱਚ ਵੱਡਾ ਯੋਗਦਾਨ ਹੁੰਦਾ ਹੈ। ਜਿੱਥੇ ਲੋਕਾਂ ਕੋਲ ਵਾਧੂ ਪੈਸਾ ਹੁੰਦਾ ਹੈ ਉੱਥੇ ਲੋਕ ਵਧੇਰੇ ਦਾਨ ਦਿੰਦੇ ਹਨ, ਖ਼ਾਸ ਕਰਕੇ ਪੱਛਮ ਵਿੱਚ।
ਪਰ ਮਿਆਂਮਾਰ ਦੇ ਲੋਕਾਂ ਦਾ ਦਾਨੀ ਵਿਹਾਰ ਉੱਥੋਂ ਦੇ ਬੋਧੀ ਪਿਛੋਕੜ ਕਾਰਨ ਵੀ ਹੈ
ਪ੍ਰੋਫੈਸਰ ਸਮਿੱਥ ਦਾ ਕਹਿਣਾ ਹੈ ਕਿ ਜਿਹੜੇ ਦੇਸਾਂ ਵਿੱਚ ਲੋਕਾਂ ਦੀ ਆਮਦਨੀ ਵਿੱਚ ਅਸਾਵਾਂਪਣ ਵਧੇਰੇ ਹੁੰਦਾ ਹੈ ਉੱਥੇ ਲੋਕਾਂ ਵਿੱਚ ਅਜਨਬੀ ਲੋਕਾਂ ਦੀ ਮਦਦ ਕਰਨ ਦੀ ਪ੍ਰਵਿਰਤੀ ਵਧੇਰੇ ਹੁੰਦੀ ਹੈ। ਪਰ ਜੇ ਉਹ ਸਮਝਣ ਕਿ ਅਜਿਹਾ ਕਰਕੇ ਆਪਣੇ-ਆਪ ਨੂੰ ਖ਼ਤਰੇ ਵਿੱਚ ਪਾਉਂਦੇ ਹਨ ਤਾਂ ਇਹ ਪ੍ਰਵਿਰਤੀ ਘਟ ਜਾਵੇਗੀ।
ਹਾਲਾਂਕਿ ਸਮਾਜਾਂ ਅਤੇ ਕੌਮਾਂ ਦੀਆਂ ਖਾਸੀਅਤਾਂ ਉਨ੍ਹਾਂ ਦੇ ਸਮਾਜ-ਮੁਖੀ ਵਿਹਾਰਾਂ ਉੱਪਰ ਆਪਣਾ ਅਸਰ ਪਾਉਂਦੇ ਹਨ ਪਰ ਪ੍ਰਸੰਗ ਦੀ ਵੀ ਇਸ ਵਿੱਚ ਵੱਡੀ ਭੂਮਿਕਾ ਹੁੰਦੀ ਹੈ। ਇਸ ਦੀ ਤਾਜ਼ਾ ਮਿਸਾਲ ਸਾਨੂੰ ਰਿਫਿਊਜੀ ਸੰਕਟ ਅਤੇ ਮਹਾਮਾਰੀਆਂ ਵਿੱਚੋਂ ਮਿਲਦੀ ਹੈ।
ਸੰਕਟ ਅਤੇ ਬਿਪਤਾ ਦੇ ਸਮੇਂ ਵੀ ਲੋਕ ਮਦਦ ਲਈ ਅਗੇ ਆਉਂਦੇ ਹਨ।
ਸੰਕਟ ਦੌਰਾਨ ਇੱਕਜੁਟਤਾ
ਪ੍ਰੋਫੈਸਰ ਸਮਿੱਥ ਕਹਿੰਦੇ ਹਨ, “ਇਸ ਅਧਿਐਨ ਦੇ ਨਤੀਜਿਆਂ ਵਿੱਚ ਸਮੇਂ ਨਾਲ ਆਈ ਤਬਦੀਲੀ ਸਦਕਾ ਮੈਂ ਲੋਕਾਂ ਦੇ ਸਮਾਜ-ਮੁਖੀ ਵਿਹਾਰਾਂ ਵਿੱਚ ਹੋਏ ਵਾਧੇ ਦੇ ਕਾਰਨ ਪਛਾਣ ਸਕਿਆ ਹਾਂ। ਇਨ੍ਹਾਂ ਕਾਰਨਾਂ ਵਿੱਚ, ਇਸ ਆਧੁਨਿਕ ਹੁੰਦੀ ਦੁਨੀਆਂ ਵਿੱਚ ਲੋਕਾਂ ਦੀਆਂ ਬਦਲਦੀਆਂ ਕਦਰਾਂ-ਕੀਮਤਾਂ ਅਤੇ ਕੁਝ ਖ਼ਾਸ ਐਮਰਜੈਂਸੀਆਂ ਸ਼ਾਮਲ ਹਨ।”
ਮਿਸਾਲ ਵਜੋਂ ਪਿਛਲੇ ਸਾਲਾਂ ਦਾ ਯੂਰਪ, ਅਫਰੀਕਾ ਅਤੇ ਮਿਆਂਮਾਰ ਦੇ ਰਫਿਊਜੀ ਸੰਕਟ ਨੇ ਪਹਿਲਾਂ ਨਾਲੋਂ ਵਧੇਰੇ ਲੋਕਾਂ ਨੂੰ ਦਾਨ ਕਰਨ ਲਈ ਪ੍ਰੇਰਿਤ ਕੀਤਾ ਹੈ।
ਪ੍ਰੋਫੈਸਰ ਸਮਿੱਥ ਮੁਤਾਬਕ ਇਬੋਲਾ ਮਹਾਂਮਾਰੀ ਵਾਲੇ ਦੇਸਾਂ ਦੇ ਨਾਗਰਿਕਾਂ ਵਿੱਚ ਵਰਨਣਯੋਗ ਸ਼ਮੂਲੀਅਤ ਦੇਖਣ ਨੂੰ ਮਿਲੀ ਜੋ ਕਿ ਦਿਲਚਸਪ ਸੀ।
ਰਿਪੋਰਟ ਮੁਤਾਬਕ ਸਾਲ 2017 ਦੌਰਾਨ ਇੰਡੋਨੇਸ਼ੀਆ ਵਾਸੀਆਂ ਨੇ ਸਵੈ ਸੇਵੀ ਸੰਸਥਾਵਾਂ ਨਾਲ ਕੰਮ ਕੀਤਾ।
ਸਵਾਲ: ਕੀ ਤੁਸੀਂ ਕਦੇ ਕਿਸੇ ਸਵੈ ਸੇਵੀ ਸੰਸਥਾ ਲਈ ਵਲੰਟੀਅਰ ਕੀਤਾ ਹੈ?
ਇੰਡੋਨੇਸ਼ੀਆ ਵਿੱਚ 53%, ਲਿਬਰੀਆ ਵਿੱਚ 47% ਅਤੇ ਕੀਨੀਆ ਵਿੱਚ 71% ਲੋਕਾਂ ਨੇ ਕਦੇ ਕਿਸੇ ਸਵੈ ਸੇਵੀ ਸੰਸਥਾ ਲਈ ਵਲੰਟੀਅਰ ਕੀਤਾ ਸੀ।
ਜਦਕਿ ਬੁਲਗਾਰੀਆ ਵਿੱਚ 5%, ਮੈਸੇਡੋਨੀਆ ਵਿੱਚ 5% ਅਤੇ ਲਾਓਸ ਵਿੱਚ 4% ਲੋਕਾਂ ਨੇ ਕਦੇ ਕਿਸੇ ਸਵੈ ਸੇਵੀ ਸੰਸਥਾ ਲਈ ਵਲੰਟੀਅਰ ਕੀਤਾ ਸੀ।
ਪ੍ਰੋਫੈਸਰ ਸਮਿੱਥ ਮੁਤਾਬਕ ਜਿਨ੍ਹਾਂ ਦੇਸਾਂ ਵਿੱਚ ਕਦਰਾਂ ਕੀਮਤਾਂ ਬਦਲ ਰਹੀਆਂ ਹਨ ਅਤੇ ਨਿੱਜੀ ਆਜ਼ਾਦੀ ਦੀ ਕਦਰ ਹੋਣ ਲੱਗੀ ਹੈ ਉਨ੍ਹਾਂ ਦੇਸਾਂ ਵਿੱਚ ਵਧੇਰੇ ਲੋਕ ਵਲੰਟੀਅਰ ਬਣਨ ਲੱਗੇ ਹਨ।
ਕਈ ਦੇਸਾਂ ਦੇ ਲੋਕ ਆਪਣੇ-ਆਪ ਵਿੱਚ ਕਿਉਂ ਰਹਿੰਦੇ
ਦੂਸਰੇ ਪਾਸੇ ਉਹ ਦੇਸ ਵੀ ਹਨ ਜਿਨ੍ਹਾਂ ਨੇ ਨਾਗਰਿਕਾਂ ਦੀ ਸ਼ਮੂਲੀਅਤ ਵਿੱਚ ਲਗਾਤਾਰ ਘੱਟ ਸਕੋਰ ਹਾਸਲ ਕੀਤੇ ਹਨ।
ਪੂਰੇ ਕੇਂਦਰੀ ਅਤੇ ਪੂਰਬੀ ਯੂਰਪ ਵਿੱਚ ਵੀ ਲੋਕ ਘੱਟ ਸ਼ਮੂਲੀਅਤ ਕਰਦੇ ਹਨ ਜਿਸ ਦਾ ਕਾਰਨ ਉਨ੍ਹਾਂ ਦੇ ਇਤਿਹਾਸ ਵਿੱਚ ਕਮਿਊਨਿਸਟ ਕਾਲ ਦੀਆਂ ਪਾਬੰਦੀਆਂ ਹਨ।
ਚੀਨ ਨੇ ਇਸ ਪਾਸੇ ਪਿਛਲੀਆਂ ਰਿਪੋਰਟਾਂ ਦੇ ਮੁਕਾਬਲੇ ਸੁਧਾਰ ਕੀਤਾ ਹੈ। ਇਸ ਦਾ ਕਾਰਨ ਹੈ ਸਾਲ 2016 ਵਿੱਚ ਚੀਨ ਵੱਲੋਂ ਸਵੈ ਸੇਵੀ ਸੰਸਥਾਵਾਂ ਉੱਪਰ ਪੈਸਾਂ ਜੁਟਾਉਣ ਉੱਪਰ ਲਾਈਆਂ ਬੰਦਿਸ਼ਾਂ ਨੂੰ ਘਟਾਉਣਾ ਹੈ।
ਰਿਪੋਰਟ ਮੁਤਾਬਕ ਯਮਨ ਦੇ ਲੋਕ ਸਮੂਹਕ ਕੰਮਾਂ ਵਿੱਚ ਬਹੁਤ ਘੱਟ ਸ਼ਾਮਲ ਹੁੰਦੇ ਹਨ
ਮਦਦ ਕਰਨ ਨਾਲ ਖ਼ੁਸ਼ੀ ਮਿਲਦੀ ਹੈ
ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੇ ਪ੍ਰੋਫੈਸਰ ਰੌਬਰਟ ਲਿਵਾਈਨ, ਜੋ ਕਿ ਅਜਨਬੀਆਂ ਪ੍ਰਤੀ ਦਿਆਲਤਾ ਦੇ ਵੀ ਮਾਹਿਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ, ਦਿਆਲਤਾ ਦੀਆਂ ਵਿਅਕਤੀਗਤ ਮਿਸਾਲਾਂ ਤੋਂ ਸਾਨੂੰ ਸਮਾਜਾਂ ਬਾਰੇ ਸਾਡੀ ਸੋਚ ਨਾਲੋਂ ਕਿਤੇ ਵਧੇਰੇ ਪਤਾ ਚਲਦਾ ਹੈ। ਕੁਝ ਸਮਾਜਾਂ ਨੇ ਕਾਰ-ਸੇਵਾ ਨੂੰ ਇਸ ਹੱਦ ਤੱਕ ਉਤਸ਼ਾਹਿਤ ਕੀਤਾ ਹੈ ਕਿ ਲੋਕ ਸਾਹਮਣੇ ਹੋ ਕੇ ਚੰਗੇ ਕੰਮ ਕਰਦੇ ਹਨ। ਪ੍ਰੋਫੈਸਰ ਰੌਬਰਟ ਲਿਵਾਈਨ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਸਭ ਸਮਾਜਿਕ ਨੀਤੀ ਅਤੇ ਸਰਕਾਰ ਦੀਆਂ ਕਦਰਾਂ-ਕੀਮਤਾਂ ਉੱਪਰ ਨਿਰਭਰ ਕਰਦਾ ਹੈ।
ਇਸ ਸਰਵੇਖਣ ਵਿੱਚ ਇੰਡੋਨੇਸ਼ੀਆ ਦੇ ਨਾਗਰਿਕਾਂ ਦੀ ਸ਼ਮੂਲੀਅਤ ਵਿੱਚ 59, ਆਸਟਰੇਲੀਆ ਦੇ 59 ਅਤੇ ਨਿਊਜ਼ੀਲੈਂਡ ਦੇ 58 ਅੰਕ ਰਹੇ।
ਜਦਕਿ ਚੀਨ ਅਤੇ ਗਰੀਸ ਦੇ 17 ਅਤੇ ਯਮਨ ਦੇ 15 ਅੰਕ ਸਨ।
“[ਇਸ ਸਭ ਦਾ ਦਾਰੋਮਦਾਰ] ਇਸ ਉੱਪਰ ਨਿਰਭਰ ਹੈ ਕਿ ਤੁਸੀਂ ਅਜਿਹੇ ਤਰੀਕੇ ਬਣਾਓ ਜਿੱਥੇ ਲੋਕ ਵਲੰਟੀਅਰ ਕਰ ਸਕਦੇ ਹੋਣ ਅਤੇ ਲੋਕਾਂ ਦੀ ਭਲਾਈ ਕਰ ਸਕਣ।”
ਪ੍ਰੋਫੈਸਰ ਲਿਵਾਈਨ ਮੁਤਾਬਕ ਦੂਸਰਿਆਂ ਦੀ ਭਲਾਈ ਵਾਲਾ ਰਵੱਈਆ ਨਾ ਸਿਰਫ ਉਨ੍ਹਾਂ ਲੋਕਾਂ ਲਈ ਬਹੁਤ ਵਧੀਆ ਹੈ, ਜਿਨ੍ਹਾਂ ਨੂੰ ਮਦਦ ਮਿਲ ਰਹੀ ਹੋਵੇ ਸਗੋਂ ਇਸ ਨਾਲ ਮਦਦ ਕਰਨ ਵਾਲਿਆਂ ਨੂੰ ਵੀ ਆਪਣੇ ਆਪ ਬਾਰੇ ਚੰਗਾ ਲਗਦਾ ਹੈ।
“ਅਸੀਂ ਦੇਖਿਆ ਹੈ ਕਿ ਜੋ ਲੋਕ ਆਪਣਾ ਪੈਸਾ ਤੇ ਸਮਾਂ ਦੂਸਰਿਆਂ ਉੱਪਰ ਖ਼ਰਚ ਕਰਦੇ ਹਨ ਉਹ ਜ਼ਿੰਦਗੀ ਵਿੱਚ ਵਧੇਰੇ ਸੰਤੁਸ਼ਟ ਮਹਿਸੂਸ ਕਰਦੇ ਹਨ।”
“ਉਹ ਜਦੋਂ ਮਦਦ ਕਰਦੇ ਹਨ ਉਸ ਸਮੇਂ ਪ੍ਰਸੰਨ ਹੁੰਦੇ ਹਨ ਉਸ ਤੋਂ ਤੁਰੰਤ ਬਾਅਦ ਪ੍ਰਸੰਨ ਹੁੰਦੇ ਹਨ ਅਤੇ ਕਈ ਹਫਤਿਆਂ ਤੱਕ ਖ਼ੁਸ਼ ਰਹਿੰਦੇ ਹਨ।”

Leave a Reply

Your email address will not be published. Required fields are marked *