ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਪੀ.ਆਰ.ਟੀ.ਸੀ. ਦੀਆਂ 32 ਏ.ਸੀ. ਬੱਸਾਂ ਦਾ ਕਾਫ਼ਲਾ ਰਵਾਨਾ

ਪਟਿਆਲਾ : ਕੋਰੋਨਾਵਾਇਰਸ ਕਰਕੇ ਮਹਾਰਾਸ਼ਟਰ ਸਥਿਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਲੰਮੇ ਸਮੇਂ ਤੋਂ ਰੁਕੇ ਹੋਏ ਪੰਜਾਬ ਦੇ ਸ਼ਰਧਾਲੂਆਂ ਨੂੰ ਵਾਪਿਸ ਲਿਆਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਉਪਰਾਲੇ ਸਦਕਾ ਅੱਜ ਪੀ.ਆਰ.ਟੀ.ਸੀ. ਦੀਆਂ 32 ਵੌਲਵੋ ਸਕੈਨੀਆ ਅਤੇ ਐਚ.ਵੀ.ਏ.ਸੀ. ਬੱਸਾਂ ਦੇ ਕਾਫ਼ਲੇ ਨੂੰ ਸ੍ਰੀ ਹਜ਼ੂਰ ਸਾਹਿਬ ਲਈ ਰਵਾਨਾਂ ਕੀਤਾ ਗਿਆ। ਇਨ੍ਹਾਂ ਬੱਸਾਂ ਵਿੱਚੋਂ 7 ਵੌਲਵੋ ਬੱਸਾਂ ਨੂੰ ਪਟਿਆਲਾ ਦੇ ਬੱਸ ਸਟੈਂਡ ਤੋਂ ਰਵਾਨਾਂ ਕਰਨ ਦੀ ਰਸਮ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ ਸ਼ਰਮਾ ਨੇ ਨਿਭਾਈ।

ਇਨ੍ਹਾਂ ਬੱਸਾਂ ਨੂੰ ਰਵਾਨਾਂ ਕਰਦਿਆਂ ਸ੍ਰੀ ਕੇ.ਕੇ. ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਵਿਆਪੀ ਲਾਕਡਾਊਨ ਕਰਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਤੋਂ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਦੇ ਨਾਲ-ਨਾਲ ਮਹਾਰਸ਼ਟਰ ਦੇ ਮੁੱਖ ਮੰਤਰੀ ਸ੍ਰੀ ਊਧਵ ਠਾਕਰੇ ਅਤੇ ਕੈਬਨਿਟ ਮੰਤਰੀ ਸ੍ਰੀ ਅਸ਼ੋਕ ਚੌਹਾਨ ਨਾਲ ਗੱਲਬਾਤ ਕਰਕੇ ਸ਼ਲਾਘਾਯੋਗ ਉਪਰਾਲਾ ਕੀਤਾ। ਸ੍ਰੀ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਬੱਸਾਂ ਵਿੱਚ ਪੀ.ਆਰ.ਟੀ.ਸੀ. ਦੇ  ਪਟਿਆਲਾ ਡਿਪੂ ਸਮੇਤ ਚੰਡੀਗੜ੍ਹ, ਲੁਧਿਆਣਾ, ਸੰਗਰੂਰ ਅਤੇ ਬਠਿੰਡਾ ਡਿਪੂ ਦੀਆਂ 32 ਬੱਸਾਂ ਸ਼ਾਮਲ ਹਨ, ਜਿਨ੍ਹਾਂ ‘ਚ 15 ਵੌਲਵੋ ਏ.ਸੀ. ਅਤੇ 17 ਐਚ.ਵੀ.ਏ.ਸੀ. ਬੱਸਾਂ ਸ਼ਰਧਾਲੂਆਂ ਨੂੰ ਵਾਪਸ ਲੈ ਕੇ ਆਉਣਗੀਆ ਅਤੇ ਇਹ ਬੱਸਾਂ ਸਾਰੀਆਂ ਇਕੱਠੀਆਂ ਕਰਕੇ ਬਠਿੰਡਾ ਤੋਂ ਅੱਗੇ ਰਵਾਨਾਂ ਹੋਣਗੀਆਂ।

ਚੇਅਰਮੈਨ ਸ੍ਰੀ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਬੱਸਾਂ ਨੂੰ ਪਹਿਲਾਂ ਅੰਦਰੋਂ ਤੇ ਬਾਹਰੋਂ ਸੈਨੇਟਾਈਜ ਕੀਤਾ ਗਿਆ ਹੈ ਅਤੇ ਡਰਾਇਵਰਾਂ ਕੰਡਕਟਰਾਂ ਸਮੇਤ ਦੋ ਸਬ ਇੰਸਪੈਕਟਰਾਂ ਅਮਨਦੀਪ ਸਿੰਘ ਤੇ ਸੁਰਿੰਦਰ ਸਿੰਘ ਤੁਲੀ ਨੂੰ ਵੀ ਵਾਧੂ ਮਾਸਕ, ਸੈਨੇਟਾਈਜ਼ਰ ਤੇ ਦਸਤਾਨੇ ਸਮੇਤ ਦਵਾਈਆਂ, ਖਾਣ-ਪੀਣ ਦੀਆਂ ਵਸਤਾਂ ਆਦਿ ਦੇ ਕੇ ਨਾਲ ਨਿਗਰਾਨੀ ਲਈ ਭੇਜਿਆ ਹੈ। ਇਨ੍ਹਾਂ ਬੱਸਾਂ ਨਾਲ ਇੱਕ-ਇੱਕ ਵਾਧੂ ਡਰਾਇਵਰ, ਮਕੈਨੀਕਲ ਸਟਾਫ਼ ਅਤੇ ਤੇਲ ਆਦਿ ਖ਼ਰਚੇ ਲਈ ਲੋੜੀਂਦੀ ਨਗ਼ਦੀ ਵੀ ਦਿੱਤੀ ਗਈ ਹੈ।

ਸ੍ਰੀ ਸ਼ਰਮਾ ਨੇ ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ‘ਚ ਆਖਿਆ ਕਿ ਸਰਕਾਰ ਨੇ ਇਨ੍ਹਾਂ ਬੱਸਾਂ ਦੇ ਖ਼ਰਚੇ ਵਜੋਂ ਲੋੜੀਂਦੀ ਰਾਸ਼ੀ ਅਦਾਰੇ ਨੂੰ ਭੇਜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੀ.ਆਰ.ਟੀ.ਸੀ. ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਅਪ੍ਰੈਲ ਮਹੀਨੇ ਦੀ ਤਨਖਾਹ ਮਈ ਦੇ ਪਹਿਲੇ ਜਾਂ ਦੂਜੇ ਹਫ਼ਤੇ ਦੇ ਦਿੱਤੀ ਜਾਵੇਗੀ। ਇਸ ਮੌਕੇ ਕਾਂਗਰਸ ਐਸ.ਸੀ. ਸੈਲ ਦੇ ਚੇਅਰਮੈਨ ਸ੍ਰੀ ਸੋਨੂੰ ਸੰਗਰ, ਪਟਿਆਲਾ ਡਿਪੂ ਦੇ ਜੀ.ਐਮ. ਇੰਜ. ਜਤਿੰਦਰਪਾਲ ਸਿੰਘ ਗਰੇਵਾਲ ਅਤੇ ਚੰਡੀਗੜ੍ਹ ਡਿਪੂ ਦੇ ਜੀ.ਐਮ. ਸ. ਮਨਿੰਦਰਪਾਲ ਸਿੰਘ ਸਿੱਧੂ, ਡੀ.ਆਈ. ਸ੍ਰੀ ਜਤਿੰਦਰ ਜੋਸ਼ੀ, ਇੰਸਪੈਕਟਰ ਕਰਮ ਚੰਦ, ਸਬ ਇੰਸਪੈਕਟਰ ਜਸਪਾਲ ਸਿੰਘ, ਵਿਜੇ ਕੁਮਾਰ, ਅਮਨਦੀਪ ਸਿੰਘ, ਉਪਰੇਸ਼ਨ ਸ਼ਾਖਾ ਰਾਜਦੀਪ ਸਿੰਘ ਆਦਿ ਮੌਜੂਦ ਸਨ।

 

Leave a Reply

Your email address will not be published. Required fields are marked *