ਸੰਗਰੂਰ: ਕਹਿੰਦੇ ਹਨ ਪਿਆਰ ਨੂੰ ਖੁਦਾ ਤੋਂ ਵੀ ਉੱਪਰ ਦਾ ਦਰਜਾ ਪ੍ਰਾਪਤ ਹੈ। ਜਦੋਂ ਪਿਆਰ ਕਿਸੇ ਦੀ ਜ਼ਿੰਦਗੀ ‘ਚ ਆਉਂਦਾ ਹੈ ਤਾਂ ਉਸ ਦੀ ਜ਼ਿੰਦਗੀ ਦੇ ਮਾਇਨੇ ਹੀ ਬਦਲ ਜਾਂਦੇ ਹਨ। ਜੇਕਰ ਕਿਸੇ ਨੂੰ ਕਿਸੇ ਨਾਲ ਪਿਆਰ ਹੋ ਜਾਵੇ ਤਾਂ ਉਸ ਨੂੰ ਇਜ਼ਹਾਰ ਏ ਇਸ਼ਕ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਹੀ 14 ਫਰਵਰੀ ਨੂੰ ਮਨਾਏ ਜਾਣ ਵਾਲੇ ਵੈਲੇਨਟਾਈਨ ਡੇ ਨੂੰ ਲੈ ਕੇ ਨੌਜਵਾਨਾਂ ‘ਚ ਕਾਫੀ ਉਤਸ਼ਾਹ ਬਣਿਆ ਹੋਇਆ ਹੈ। ਹਰ ਕੋਈ ਵੈਲੇਨਟਾਈਨ ਡੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਨੌਜਵਾਨਾਂ ਨੇ ਇਸ ਤਿਉਹਾਰ ਨੂੰ ਮਨਾਉਣ ਲਈ ਫਰਵਰੀ ਮਹੀਨੇ ਦੀ ਸ਼ੁਰੂਆਤ ਨਾਲ ਹੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ।
ਸਿਰਫ਼ ਪੱਛਮੀ ਸੱਭਿਅਤਾ ਦਾ ਪ੍ਰਤੀਕ ਵੈਲੇਨਟਾਈਨ ਨੂੰ ਮਨਾਉਣ ‘ਚ ਰੁੱਝੇ ਨੌਜਵਾਨ ਦੁਨੀਆ ਭਰ ‘ਚ ਸਰਵ ਸ੍ਰੇਸ਼ਟ ਸੱਭਿਅਤਾ ਨੂੰ ਭੁੱਲਦੇ ਜਾ ਰਹੇ ਹਨ। ਇਤਿਹਾਸਕਾਰਾਂ ਦੀ ਮੰਨੀਏ ਤਾਂ 14 ਫਰਵਰੀ ਦੇ ਦਿਨ ਬ੍ਰਿਟਿਸ਼ ਸਰਕਾਰ ਨੇ ਦੇਸ਼ ਨੂੰ ਵਿਦੇਸ਼ੀ ਜੰਜੀਰਾਂ ਤੋਂ ਮੁਕਤ ਕਰਵਾਉਣ ਦਾ ਯਤਨ ਕਰ ਰਹੇ 3 ਬਹਾਦਰਾਂ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਇਹ ਕਿਹੋ ਜਿਹੀ ਵਿਡੰਬਨਾ ਹੈ ਕਿ ਬੱਚੇ, ਬੁੱਢੇ ਅਤੇ ਨੌਜਵਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਨ ਦੀ ਬਜਾਏ ਵੈਲੇਨਟਾਈਨ ਡੇ ਮਨਾਉਣ ‘ਚ ਰੁੱਝੇ ਹਨ। ਨੌਜਵਾਨ ਵੈਲੇਨਟਾਈਨ ਡੇ ‘ਤੇ ਹਜ਼ਾਰਾਂ ਰੁਪਏ ਖਰਚ ਕਰ ਕੇ ਆਪਣੇ ਪ੍ਰੀਤਮ ਨੂੰ ਤਾਂ ਮਹਿੰਗੇ ਗਿਫਟ ਪ੍ਰਦਾਨ ਕਰ ਰਹੇ ਹਨ ਪਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਸ਼ਹੀਦਾਂ ਅਤੇ ਦੇਸ਼ ਭਗਤਾਂ ਦੀਆਂ ਫੋਟੋਆਂ ‘ਤੇ ਫੁੱਲ ਭੇਟ ਕਰਨ ਲਈ ਉਨ੍ਹਾਂ ਕੋਲ ਫੁੱਟੀ ਕੌਡੀ ਤੱਕ ਨਹੀਂ ਹੈ। ਪਿਆਰ ਦੀ ਆੜ ‘ਚ ਸ਼ਹੀਦਾਂ ਦੀ ਸ਼ਹਾਦਤ ਨੂੰ ਭੁੱਲਣਾ ਭਾਰਤੀ ਸੰਸਕ੍ਰਿਤੀ ਦੇ ਉਲਟ ਹੈ।
ਸ਼ਹੀਦਾਂ ਦੀ ਸ਼ਹਾਦਤ ਨੂੰ ਸਮਝਣਾ ਜ਼ਰੂਰੀ
ਰਾਜੇਸ਼ ਗਾਂਧੀ ਦਾ ਕਹਿਣਾ ਹੈ ਕਿ ਨੌਜਵਾਨ ਲਈ ਪਿਆਰ ਦੀ ਪਰਿਭਾਸ਼ਾ ਦੇ ਨਾਲ-ਨਾਲ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਝਣਾ ਵੀ ਜ਼ਰੂਰੀ ਹੈ। ਸ਼ਹੀਦਾਂ ਦੇ ਬਲਿਦਾਨ ਕਾਰਨ ਹੀ ਅੱਜ ਦੇਸ਼ ਵਾਸੀ ਆਜ਼ਾਦੀ ‘ਚ ਸਾਹ ਲੈ ਰਹੇ ਹਨ। ਨੌਜਵਾਨ ਪੱਛਮੀ ਸੱਭਿਅਤਾ ਦੇ ਰੰਗ ‘ਚ ਰੰਗ ਕੇ ਭਾਰਤੀ ਸੰਸਕ੍ਰਿਤੀ ਅਤੇ ਸੱਭਿਅਤਾ ਨੂੰ ਭੁੱਲਦੇ ਜਾ ਰਹੇ ਹਨ ਪਰ ਨੌਜਵਾਨਾਂ ਨੂੰ ਜਗਾਉਣ ਦੀ ਜ਼ਰੂਰਤ ਹੈ।
ਭਾਰਤ ਦੀ ਸੰਸਕ੍ਰਿਤੀ ਦਾ ਹੋ ਰਿਹੈ ਅਪਮਾਨ
ਨੌਜਵਾਨ ਚੇਤਨ ਬੱਸੀ ਦਾ ਕਹਿਣਾ ਹੈ ਕਿ ਅੱਜ ਦੇ ਦੌਰ ‘ਚ ਜ਼ਿਆਦਾਤਰ ਵਿਅਕਤੀ ਪੱਛਮੀ ਸੰਸਕ੍ਰਿਤੀ ਦੇ ਰੰਗ ‘ਚ ਰੰਗਦਾ ਜਾ ਰਿਹਾ ਹੈ ਜੋ ਸਵਦੇਸ਼ੀ ਸੱਭਿਅਤਾ ਦਾ ਅਪਮਾਨ ਹੈ। ਪਿਆਰ ਦੀ ਆੜ ‘ਚ ਵੈਲੇਨਟਾਈਨ ਮਨਾਉਣਾ ਅਤੇ ਸ਼ਹੀਦਾਂ ਨੂੰ ਭੁੱਲਣਾ ਉਨ੍ਹਾਂ ਦੀ ਸ਼ਹਾਦਤ ਦਾ ਅਪਮਾਨ ਹੈ। ਜਦੋਂ ਦੇਸ਼ ‘ਚ ਵੈਲੇਨਟਾਈਨ ਡੇ ਨਹੀਂ ਮਨਾਇਆ ਜਾਂਦਾ ਸੀ, ਕੀ ਉਦੋਂ ਭਾਰਤੀ ਇਕ ਦੂਜੇ ਨਾਲ ਪਿਆਰ ਨਹੀਂ ਸਨ ਕਰਦੇ। ਕੀ ਪੱਛਮੀ ਲੋਕ ਹੀ ਪਿਆਰ ਦੀ ਭਾਸ਼ਾ ਜਾਣਦੇ ਹਨ, ਹਿੰਦੁਸਤਾਨੀਆਂ ਨੂੰ ਪਿਆਰ ਦੀ ਭਾਸ਼ਾ ਨਹੀਂ ਆਉਂਦੀ। ਕੀ ਸ਼ਹੀਦਾਂ ਦੀ ਸ਼ਹਾਦਤ ਨੂੰ ਭੁਲਾ ਕੇ ਪਿਆਰ ਦਾ ਇਜ਼ਹਾਰ ਕਰਨਾ ਜ਼ਰੂਰੀ ਹੈ।