ਪਟਿਆਲਾ : ਵਿਦੇਸ਼ਾਂ ‘ਚ ਗਏ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਵਸਨੀਕ, ਜਿਨ੍ਹਾਂ ‘ਚ ਵੱਡੀ ਗਿਣਤੀ ਆਪਣੇ ਕੰਮਾਂ-ਕਾਰਾਂ ਲਈ ਵਿਦੇਸ਼ ਗਏ ਹਨ, ਉਨ੍ਹਾਂ ਸਮੇਤ ਵੱਖ-ਵੱਖ ਦੇਸ਼ਾਂ ‘ਚ ਉਚੇਰੀ ਸਿੱਖਿਆ ਹਾਸਲ ਕਰਨ ਗਏ ਵਿਦਿਆਰਥੀ ਜੇਕਰ ਕੋਰੋਨਾਵਾਇਰਸ ਦੀ ਸੰਸਾਰ ਵਿਆਪੀ ਮਹਾਂਮਾਰੀ ਦੇ ਮੱਦੇਨਜ਼ਰ ਹਵਾਈ ਉਡਾਣਾ ਬੰਦ ਹੋਣ ਕਰਕੇ ਵਿਦੇਸ਼ਾਂ ‘ਚ ਫਸ ਗਏ ਹਨ ਅਤੇ ਹੁਣ ਵਾਪਸ ਪਟਿਆਲਾ ਜ਼ਿਲ੍ਹੇ ‘ਚ ਸਥਿਤ ਆਪਣੇ ਘਰਾਂ ਨੂੰ ਪਰਤਣਾਂ ਚਾਹੁੰਦੇ ਹਨ ਤਾਂ ਉਹ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਪਤ ਕੰਟਰੋਲ ਰੂਮ ਦੇ ਫੋਨ ਨੰਬਰ 0175-2350550 ਉਪਰ ਸੰਪਰਕ ਕਰਨ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਜਿਹੇ ਨਾਗਰਿਕਾਂ ਅਤੇ ਵਿਦਿਆਰਥੀਆਂ ਦੇ ਅੰਕੜੇ ਇਕੱਤਰ ਕਰਨ ਦੇ ਆਦੇਸ਼ ਦਿੱਤੇ ਹਨ, ਜਿਹੜੇ ਕਿ ਇਸ ਸੰਕਟ ਦੇ ਸਮੇਂ ਆਪਣੇ ਘਰ ਵਾਪਸੀ ਕਰਨਾ ਚਾਹੁੰਦੇ ਹਨ ਪਰੰਤੂ ਕੋਰੋਨਾ ਮਹਾਂਮਾਰੀ ਕਰਕੇ ਹਵਾਈ ਉਡਾਣਾਂ ਉਪਰ ਲੱਗੀ ਪਾਬੰਦੀ ਦੇ ਚਲਦਿਆਂ ਆਪਣੇ ਘਰ ਵਾਪਸ ਨਹੀਂ ਪਰਤ ਸਕੇ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਅਜਿਹੇ ਨਾਗਰਿਕਾਂ ਸਮੇਤ ਵੱਖ-ਵੱਖ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਉਚੇਰੀ ਸਿੱਖਿਆ ਹਾਸਲ ਕਰਨ ਗਏ ਵਿਦਿਆਰਥੀਆਂ ਬਾਰੇ ਮੁਕੰਮਲ ਜਾਣਕਾਰੀ ਪਟਿਆਲਾ ਜ਼ਿਲ੍ਹੇ ਦੇ ਕੰਟਰੋਲ ਰੂਮ ਨੰਬਰ 0175-2350550 ‘ਤੇ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਜਾਣਕਾਰੀ ਵਿੱਚ ਭਾਰਤ ਵਾਪਸ ਪਰਤਣ ਦੇ ਚਾਹਵਾਨਾਂ ਦਾ ਨਾਮ, ਪਿਤਾ ਦਾ ਨਾਮ, ਮੌਜੂਦਾ ਸਮੇਂ ਚੱਲ ਰਿਹਾ ਫੋਨ ਨੰਬਰ, ਵਿਦੇਸ਼ ‘ਚ ਜਿੱਥੇ ਹੁਣ ਰਹਿ ਰਿਹਾ ਹੋਵੇ ਦਾ ਪੂਰਾ ਪਤਾ, ਪਾਸਪੋਰਟ ਨੰਬਰ, ਪਰਿਵਾਰਾਂ ਦੀ ਸੂਰਤ ‘ਚ ਜੇ ਕੋਈ ਹੋਰ ਵਿਅਕਤੀ ਵਾਪਸ ਨਾਲ ਆਉਣਾ ਚਾਹੁੰਦਾ ਹੋਵੇ ਅਤੇ ਪੰਜਾਬ ਦਾ ਨੇੜਲਾ ਹਵਾਈ ਅੱਡਾ, ਇਸ ਬਾਰੇ ਪੂਰੀ ਜਾਣਕਾਰੀ ਕੰਟਰੋਲ ਰੂਮ ਨੰਬਰ ‘ਤੇ ਪ੍ਰਦਾਨ ਕੀਤੀ ਜਾਵੇ।