ਤੈਰਾਕੀ ਦਾ ਮਹੱਤਵ ਅੱਜਕਲ੍ਹ ਕਾਫੀ ਵਧ ਗਿਆ ਹੈ। ਇਹ ਸ਼ਾਇਦ ਘੱਟ ਲੋਕ ਜਾਣਦੇ ਹੋਣਗੇ ਕਿ ਤੈਰਾਕੀ ਨਾਲ ਸਿਹਤ ਨੂੰ ਲਾਭ ਵੀ ਹੁੰਦਾ ਹੈ। ਇਹ ਸਭ ਤੋਂ ਵਧੀਆ ਕਸਰਤ ਹੈ। ਆਓ, ਜਾਣੀਏ ਤੈਰਨਾ ਸਾਡੇ ਲਈ ਕਿਸ ਤਰ੍ਹਾਂ ਲਾਭਦਾਇਕ ਹੈ-
* ਤੈਰਾਕੀ ਕਰਨ ਨਾਲ ਮਾਨਸਿਕ ਤਣਾਅ ਤੋਂ ਛੁਟਕਾਰਾ ਮਿਲਦਾ ਹੈ।
* ਕਿਉਂਕਿ ਤੈਰਦੇ ਸਮੇਂ ਤੇਜ਼ੀ ਨਾਲ ਸਾਹ ਲੈਣ ਦੇ ਕਾਰਨ ਫੇਫੜਿਆਂ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ, ਇਸ ਲਈ ਇਸ ਨਾਲ ਫੇਫੜੇ ਮਜ਼ਬੂਤ ਹੁੰਦੇ ਹਨ।
* ਤੈਰਨ ਨਾਲ ਰੀੜ੍ਹ ਦੀ ਹੱਡੀ ਮਜ਼ਬੂਤ ਹੁੰਦੀ ਹੈ।
* ਤੈਰਾਕੀ ਨਾਲ ਔਰਤਾਂ ਆਪਣੇ ਸਰੀਰ ਨੂੰ ਸੁਡੌਲ ਬਣਾ ਸਕਦੀਆਂ ਹਨ।
ਇਹ ਤਾਂ ਹਨ ਤੈਰਾਕੀ ਦੇ ਗੁਣ ਪਰ ਤੈਰਾਕੀ ਕਰਨਾ ਵੀ ਆਪਣੇ-ਆਪ ਵਿਚ ਕਿਸੇ ਕਲਾ ਤੋਂ ਘੱਟ ਨਹੀਂ ਹੈ। ਇਸ ਲਈ ਤੈਰਨ ਤੋਂ ਪਹਿਲਾਂ ਇਸ ਦੇ ਨਿਯਮਾਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ।
* ਤੈਰਨ ਤੋਂ ਪਹਿਲਾਂ ਮਨ ਦੇ ਡਰ ਨੂੰ ਖ਼ਤਮ ਕਰ ਦਿਓ।
* ਜੇ ਤੁਸੀਂ ਤੈਰਨਾ ਸਿੱਖ ਰਹੇ ਹੋ ਤਾਂ ਪਾਣੀ ਕਮਰ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਡੁੱਬਣ ਦਾ ਡਰ ਰਹਿੰਦਾ ਹੈ। ਪਿੱਠ ਦੇ ਭਾਰ ਤੈਰਨਾ ਜ਼ਿਆਦਾ ਲਾਭਦਾਇਕ ਹੈ। ਸਵੇਰ ਦੇ ਸਮੇਂ ਤੈਰਨਾ ਲਾਭਦਾਇਕ ਹੈ, ਕਿਉਂਕਿ ਇਸ ਸਮੇਂ ਮਾਸਪੇਸ਼ੀਆਂ ਤਣਾਅ ਰਹਿਤ ਹੁੰਦੀਆਂ ਹਨ। ਖਾਣਾ ਖਾਣ ਤੋਂ ਤੁਰੰਤ ਬਾਅਦ ਤੈਰਨਾ ਹਾਨੀਕਾਰਕ ਹੈ।
* ਤੈਰਾਕੀ ਕਰਨ ਤੋਂ ਤੁਰੰਤ ਬਾਅਦ ਕੁਝ ਖਾਣਾ ਵੀ ਨੁਕਸਾਨ ਪਹੁੰਚਾਉਂਦਾ ਹੈ। ਇਸ ਲਈ ਤੈਰਨ ਤੋਂ ਇਕ ਘੰਟਾ ਬਾਅਦ ਹੀ ਕੁਝ ਖਾਣਾ-ਪੀਣਾ ਚਾਹੀਦਾ ਹੈ।
* ਕਿਸੇ ਵੀ ਤਰ੍ਹਾਂ ਦੀ ਸਰੀਰਕ ਸੱਟ ਲੱਗਣ ‘ਤੇ ਤੈਰਨਾ ਠੀਕ ਨਹੀਂ। ਤੈਰਦੇ ਸਮੇਂ ਪਾਣੀ ਦੇ ਅੰਦਰ ਨੱਕ ਰਾਹੀਂ ਨਹੀਂ, ਸਗੋਂ ਮੂੰਹ ਰਾਹੀਂ ਸਾਹ ਲੈਣਾ ਚਾਹੀਦਾ ਹੈ। ਜਿੰਨੀ ਸਮਰੱਥਾ ਹੋਵੇ, ਓਨਾ ਸਮਾਂ ਹੀ ਤੈਰਾਕੀ ਕਰੋ। ਹੌਲੀ-ਹੌਲੀ ਸਮਾਂ ਵਧਾਇਆ ਜਾ ਸਕਦਾ ਹੈ।