ਰੂਹਾਨੀ ਅਤੇ ਜਿਸਮਾਨੀ ਫ਼ਾਇਦਿਆਂ ਨਾਲ ਭਰਪੂਰ ਹੈ ਰੋਜ਼ਾ

ਇਸਲਾਮ ਧਰਮ ਦੇ ਆਖਰੀ ਨਬੀ ‘ਤੇ ਪੈਗ਼ੰਬਰ ਹਜ਼ਰਤ ਮੁਹੰਮਦ ਸੱਲ ਸਾਹਿਬ ਰਮਜ਼ਾਨ ਉਲ ਮੁਬਾਰਕ ਤੋਂ 2 ਮਹੀਨੇ ਪਹਿਲਾਂ ਤੋਂ ਹੀ ਬੜੀ ਸ਼ਿੱਦਤ ਨਾਲ ਰਮਜ਼ਾਨ ਮਹੀਨੇ ਦਾ ਇੰਤਜ਼ਾਰ ਕਰਨ ਲੱਗ ਪੈਂਦੇ ਸਨ ਅਤੇ ਇਹ ਦੁਆ (ਅਰਦਾਸ) ਕਰਦੇ ਕਿ ਐ ਅੱਲ੍ਹਾ ਰਜ਼ਬ ਅਤੇ ਸ਼ਾਬਾਨ ਦੋਨੋਂ ਮਹੀਨਿਆਂ ਦੀਆਂ ਬਰਕਤਾਂ ਸਾਨੂੰ ਨਸੀਬ ਫਰਮਾ ਅਤੇ ਸਾਨੂੰ ਰਮਜ਼ਾਨ ਤੱਕ ਪਹੁੰਚਾ। ਰੋਜ਼ਾ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ‘ਵਰਤ, ਫਾਕਾ, ਪਹੁ ਫ਼ਟਣ ਤੋਂ ਲੈ ਕੇ ਸੂਰਜ ਡੁੱਬਣ ਤੱਕ ਖ਼ਾਣ-ਪੀਣ ਆਦਿ ਤੋਂ ਰੁਕਣਾ’।
ਅਰਬੀ ਭਾਸ਼ਾ ਵਿਚ ਰੋਜ਼ੇ ਨੂੰ ਸੌਮ ਕਹਿੰਦੇ ਹਨ, ਜਿਸ ਦਾ ਆਮ ਅਰਥ ਹੈ ‘ਰੁਕਣਾ’ ‘ਰੋਜ਼ੇ’ ਦੀ ਨੀਅਤ ਦੇ ਨਾਲ ਸੁਬਹ ਸਾਦਿਕ (ਪਹੁ-ਫ਼ਟਣ) ਤੋਂ ਲੈ ਕੇ ਸੂਰਜ ਡੁੱਬਣ ਤੱਕ ਹਰ ਤਰ੍ਹਾਂ ਦੀਆਂ ਚੀਜ਼ਾਂ ਨੂੰ ਖ਼ਾਣ-ਪੀਣ ਤੋਂ ਅਤੇ ਆਪਣੇ ਨਫ਼ਸ ਦੀਆਂ (ਖ਼ਾਹਿਸ਼ਾਂ) ਦਿਲੀ ਤਮੰਨਾਵਾਂ, ਆਰਜ਼ੂਆਂ ਨੂੰ ਪੂਰਾ ਕਰਨ ਤੋਂ ਰੁਕੇ ਰਹਿਣਾ ਹੈ। ‘ਅੰਗਰੇਜ਼ੀ ਭਾਸ਼ਾ ਵਿਚ ਰੋਜ਼ੇ ਨੂੰ ਫਾਸਟ ਕਹਿੰਦੇ ਹਨ, ਇਸ ਦਾ ਅਰਥ ਵੀ ‘ਵਰਤ ਰੱਖਣਾ’ ਹੀ ਹੈ। ਇਸਲਾਮ ਦੀ ਬੁਨਿਆਦ ਪੰਜ ਚੀਜ਼ਾਂ ‘ਤੇ ਹੈ-ਤੌਹੀਦ, ਨਮਾਜ਼, ਰੋਜ਼ਾ, ਜ਼ਕਾਤ, ਹੱਜ। ਰੋਜ਼ਾ ਅੱਲ੍ਹਾ ਤਾਅਲਾ ਦਾ ਹੁਕਮ ਹੈ, ਰੋਜ਼ੇ ਦੀ ਫ਼ਰਜ਼ੀਅਤ ਦਾ ਐਲਾਨ ਅੱਲ੍ਹਾ ਤਾਅਲਾ ਨੇ ਆਪਣੀ ਆਖਰੀ ਅਸਮਾਨੀ ਕਿਤਾਬ ‘ਕੁਰਆਨ ਸ਼ਰੀਫ਼’ ਵਿਚ ਕੀਤਾ ਹੈ ਕਿ ‘ਐ ਈਮਾਨ ਵਾਲਿਓ ਤੁਹਾਡੇ ਉੱਤੇ ਰੋਜ਼ੇ ਫ਼ਰਜ਼ ਕੀਤੇ ਗਏ ਹਨ, ਜਿਵੇਂ ਕਿ ਤੁਹਾਡੇ ਤੋਂ ਪਹਿਲੇ ਲੋਕਾਂ ‘ਤੇ ਫ਼ਰਜ਼ ਕੀਤੇ ਗਏ ਸਨ, ਤਾਂ ਕਿ ਤੁਸੀਂ ਪਰਹੇਜ਼ਗ਼ਾਰ ਬਣ ਜਾਵੋ’। (ਸੂਰਹ ਅਲ-ਬਕਰਹ, ਆਇਤ ਨੰ: 183)
ਇਸ ਆਇਤ ਤੋਂ ਪਤਾ ਚੱਲਦਾ ਹੈ ਕਿ ਜਿਸ ਤਰ੍ਹਾਂ ਰੋਜ਼ਾ ਹਜ਼ਰਤ ਮੁਹੰਮਦ ਸੱਲ ਸਾਹਿਬ ਤੱਕ ਕੋਈ ਸ਼ਰੀਅਤ ਨਮਾਜ਼ ਦੀ ਇਬਾਦਤ ਤੋਂ ਖ਼ਾਲੀ ਨਹੀਂ ਸੀ, ਇਸੇ ਤਰ੍ਹਾਂ ਰੋਜ਼ਾ ਵੀ ਹਰ ਸ਼ਰੀਅਤ ਦੇ ਅੰਦਰ ਫ਼ਰਜ਼ ਰਿਹਾ ਹੈ, ਪਰ ਪਿਛਲੀਆਂ ਸ਼ਰੀਅਤਾਂ ਵਿਚ ਰੋਜ਼ਿਆਂ ਦੀ ਗਿਣਤੀ ਅਤੇ ਸਮੇਂ ਆਦਿ ਵਿਚ ਫਰਕ ਜ਼ਰੂਰ ਰਿਹਾ ਹੈ। ਰੋਜ਼ਾ ਫ਼ਰਜ਼ ਕਰਨ ਦੀ ਇਕ ਹਿਕਮਤ ਅਤੇ ਵਜ੍ਹਾ ਤਾਂ ਅੱਲ੍ਹਾ ਤਾਅਲਾ ਨੇ ਆਪ ਹੀ ਬਿਆਨ ਕਰ ਦਿੱਤੀ ਹੈ ‘ਤਾਂ ਕਿ ਤੁਸੀਂ ਪਰਹੇਜ਼ਗਾਰ, ਮੁੱਤਕੀ (ਰੱਬ ਤੋਂ ਡਰਨ ਵਾਲੇ, ਆਪਣੇ ਨਫ਼ਸ ‘ਤੇ ਕਾਬੂ ਪਾਉਣ ਵਾਲੇ) ਬਣ ਜਾਵੋਂ।’ ਇਸ ਤੋਂ ਇਲਾਵਾ ਰੋਜ਼ੇ ਦੇ ਹੋਰ ਵੀ ਅਨੇਕਾਂ ਹੀ ਫ਼ਾਇਦੇ ਹਨ। ਅਜਿਹੇ ਫ਼ਾਇਦੇ ਅਤੇ ਨਫ਼ੇ ਜਿਨ੍ਹਾਂ ਦਾ ਸਬੰਧ ਵਿਅਕਤੀ ਦੀ ਅੰਦਰਲੀ ਰੂਹ ਅਤੇ ਆਖ਼ਿਰਤ ਨਾਲ ਹੈ, ਉਹ ਤਾਂ ਬਹੁਤ ਜ਼ਿਆਦਾ ਹਨ। ਜਿਹੜੇ ਕਿ ਅਸੀਂ ‘ਫ਼ਜ਼ਾਇਲ-ਏ-ਰਮਜ਼ਾਨ’ ਆਦਿ ਨਾਮੀ ਕਿਤਾਬਾਂ ਵਿਚ ਪੜ੍ਹਦੇ ਵੀ ਰਹਿੰਦੇ ਹਾਂ ਅਤੇ ਉਲਮਾਂ ਹਜ਼ਰਾਤ ਤੋਂ ਸੁਣਦੇ ਵੀ ਰਹਿੰਦੇ ਹਾਂ ਕਿ ਹਦੀਸਾਂ ਦੇ ਅੰਦਰ ਰੋਜ਼ੇ ਦੀ ਪਾਬੰਦੀ ਕਰਨ ਦੇ ਕੈਸੇ-ਕੈਸੇ ਲਾਭ ਹਨ। ਇਹ ਫ਼ਾਇਦੇ ਕਿਸੇ ਤੋਂ ਲੁਕੇ ਹੋਏ ਨਹੀਂ ਹਨ। ਇਸੇ ਕਰਕੇ ਹਜ਼ਰਤ ਮੁਹੰਮਦ ਸੱਲ. ਸਾਹਿਬ ਨੇ ਫ਼ਰਮਾਇਆ ਹੈ ਕਿ ‘ਅਗਰ ਮੇਰੀ ਉੱਮਤ ਨੂੰ ਇਹ ਪਤਾ ਲੱਗ ਜਾਵੇ ਕਿ ਰਮਜ਼ਾਨ ਕੀ ਚੀਜ਼ ਹੈ ਤਾਂ ਉਹ ਇਹ ਤਮੰਨਾ (ਆਰਜ਼ੂ) ਕਰਨ ਲੱਗਣ ਕਿ ਸਾਰਾ ਸਾਲ ਹੀ ਰਮਜ਼ਾਨ ਹੋ ਜਾਵੇ।’ ਇਕ ਪਾਸੇ ਰੋਜ਼ਾ ਅੱਲ੍ਹਾ ਤਾਅਲਾ ਦਾ ਹੁਕਮ ਹੈ ਤੇ ਦੂਜੇ ਪਾਸੇ ਅਣਗਿਣਤ ਦੁਨਿਆਵੀ ਫ਼ਾਇਦਿਆਂ ਨਾਲ ਭਰਪੂਰ ਹੈ। ਹਜ਼ਰਤ ਅੱਬੂ ਹੁਰੈਰ੍ਹਾ ਰਜ਼ਿ: (ਹਜ਼ਰਤ ਮੁਹੰਮਦ ਸੱਲ. ਸਾਹਿਬ ਦੇ ਵਿਦਿਆਰਥੀ ਯਾਨੀ ਸਾਥੀ) ਕਹਿੰਦੇ ਹਨ ਕਿ ‘ਹਜ਼ਰਤ ਮੁਹੰਮਦ ਸਾਹਿਬ ਨੇ ਇਰਸ਼ਾਦ ਫ਼ਰਮਾਇਆ ਕਿ ਰੋਜ਼ਾ ਰੱਖਿਆ ਕਰੋ ਤੰਦਰੁਸਤ ਰਿਹਾ ਕਰੋਗੇ।’
ਇਕ ਹੀ ਨਹੀਂ, ਅਣਗਣਿਤ ਹਦੀਸਾਂ ਮੌਜੂਦ ਹਨ, ਜਿਨ੍ਹਾਂ ਤੋਂ ਇਹ ਬਾਤ ਸਾਫ਼ ਜ਼ਾਹਰ ਹੁੰਦੀ ਹੈ ਕਿ ਰੋਜ਼ਾ ਬਿਮਾਰੀਆਂ ਤੋਂ ਸ਼ਿਫ਼ਾ ਹੈ। ਕੁਝ ਕਮਜ਼ੋਰ ਯਕੀਨ ਵਾਲਿਆਂ ਦਾ ਖ਼ਿਆਲ ਹੈ ਕਿ ਰੋਜ਼ਾ ਰੱਖਣ ਨਾਲ ਸਰੀਰ ਵਿਚ ਕਮਜ਼ੋਰੀ ਆਉਂਦੀ ਹੈ, ਸੁਸਤੀ ਆਉਂਦੀ ਹੈ ਜਾਂ ਵਿਅਕਤੀ ਬਿਮਾਰ ਹੋ ਜਾਂਦਾ ਹੈ, ਖ਼ਾਸ ਕਰਕੇ ਗ਼ਰਮੀਆਂ ਦੇ ਰੋਜ਼ੇ ਰੱਖਣ ਨਾਲ ਪਰ ਅਜਿਹਾ ਨਹੀਂ ਹੈ, ਕਿਉਂਕਿ ਜਿਸ ਚੀਜ਼ ਵਿਚ ਹਜ਼ਰਤ ਮੁਹੰਮਦ ਸੱਲ. ਸਾਹਿਬ ਸ਼ਿਫ਼ਾ, ਤੰਦਰੁਸਤੀ ਕਹਿਣ, ਉਸ ਵਿਚ ਬਿਮਾਰੀ ਹੋ ਹੀ ਨਹੀਂ ਸਕਦੀ। ਜਿਨ੍ਹਾਂ ਲੋਕਾਂ ਨੇ ਭੁੱਖੇ ਰਹਿ ਕੇ ਜਾਂ ਰੱਖ ਕੇ ਤਜਰਬੇ ਕੀਤੇ ਹਨ, ਉਨ੍ਹਾਂ ਦੇ ਤਜਰਬੇ ਅਤੇ ਭੁੱਖੇ ਰਹਿਣ ਬਾਰੇ ਉਨ੍ਹਾਂ ਦੇ ਵਿਚਾਰ ਤੁਹਾਡੇ ਸਾਹਮਣੇ ਪੇਸ਼ ਕੀਤੇ ਜਾਂਦੇ ਹਨ, ਭਾਵੇਂ ਕਿ ਉਨ੍ਹਾਂ ਮਹਾਨ ਤਜਰਬੇਕਾਰ ਵਿਅਕਤੀਆਂ ਦਾ ਧਰਮ ਇਸਲਾਮ ਤੋਂ ਇਲਾਵਾ ਹੀ ਹੈ, ਫਿਰ ਵੀ ਉਨ੍ਹਾਂ ਨੇ ਇਸਲਾਮ ਦੇ ਇਸ ਫ਼ਾਰਮੂਲੇ ‘ਤੇ ਅਮਲ ਕਰਕੇ ਉਸ ਤੋਂ ਪ੍ਰਾਪਤ ਹੋਏ ਨਤੀਜੇ ਨੂੰ ਸਾਫ਼-ਸਾਫ਼ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਹੈ, ਤਾਂ ਕਿ ਹਰ ਵਿਅਕਤੀ ਫ਼ਾਇਦਾ ਉਠਾ ਸਕੇ। ਸਿਕੰਦਰ-ਏ-ਆਜ਼ਮ ਅਤੇ ਅਰਸਤੂ ਦੋਵੇਂ ਯੂਨਾਨੀ ਮਾਹਿਰ ਹਨ, ਉਨ੍ਹਾਂ ਨੇ ਫ਼ਾਕਾ (ਭੁੱਖਾ ਰਹਿਣਾ) ਅਤੇ ਫਿਰ ਲਗਾਤਾਰ ਭੁੱਖੇ ਰਹਿਣ ਨੂੰ ਸਰੀਰ ਦੀ ਤਾਕਤ ਲਈ ਜ਼ਰੂਰੀ ਕਰਾਰ ਦਿੱਤਾ ਹੈ।
ਪੌਪ ਈਲਫ ਗਾਲ ਹਾਲੈਂਡ ਦੇ ਪਾਦਰੀ ਹੋਏ ਹਨ। ਉਨ੍ਹਾਂ ਨੇ ਰੋਜ਼ੇ ਦੇ ਬਾਰੇ ਆਪਣੇ ਤਜਰਬੇ ਦਾ ਖ਼ੁਲਾਸਾ ਕੀਤਾ ਹੈ ਕਿ ‘ਮੈਂ ਆਪਣੇ ਪੈਰੋਕਾਰਾਂ ਨੂੰ ਹਰ ਮਹੀਨੇ ਤਿੰਨ ਰੋਜ਼ੇ ਰੱਖਣ ਲਈ ਕਿਹਾ ਕਰਦਾ ਸੀ। ਇਸ ਤਰੀਕੇ ਨਾਲ ਮੈਂ ਜਿਸਮਾਨੀ ਅਤੇ ਵਜ਼ਨੀ ਫ਼ਾਇਦਾ ਮਹਿਸੂਸ ਕੀਤਾ। ਫ਼ਿਰ ਮੈਂ ਇਹ ਅਸੂਲ ਬਣਾ ਲਿਆ ਕਿ ਉਹ ਮਰੀਜ਼ ਜੋ ਲਾਇਲਾਜ ਸਨ, ਉਨ੍ਹਾਂ ਨੂੰ ਤਿੰਨ ਦਿਨਾਂ ਦੇ ਨਹੀਂ, ਬਲਕਿ ਉਨ੍ਹਾਂ ਨੂੰ ਇਕ ਮਹੀਨੇ ਦੇ ਰੋਜ਼ੇ ਰਖ਼ਵਾਏ ਜਾਣ। ਲਿਹਾਜ਼ਾ ਮੈਂ ਸ਼ੂਗਰ ਦੇ ਮਰੀਜ਼ਾਂ ਦੇ ਰੋਜ਼ੇ ਰਖਵਾਏ ਤਾਂ ਉਨ੍ਹਾਂ ਦੀ ਹਾਲਤ ਬਿਹਤਰ ਹੋ ਗਈ ਤੇ ਸ਼ੂਗਰ ਕੰਟਰੋਲ ਹੋ ਗਈ, ਦਿਲ ਦੇ ਮਰੀਜ਼ਾਂ ਦੇ ਰੋਜ਼ੇ ਰਖਵਾਏ ਤਾਂ ਉਨ੍ਹਾਂ ਦੀ ਬੇਚੈਨੀ ਅਤੇ ਸਾਹ ਫ਼ੁੱਲਣਾ ਘੱਟ ਹੋ ਗਿਆ, ਮਿਹਦੇ ਦੇ ਮਰੀਜ਼ਾਂ ਨੂੰ ਲਗਾਤਾਰ ਇਕ ਮਹੀਨੇ ਦੇ ਰੋਜ਼ੇ ਰਖਵਾਏ, ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਫ਼ਾਇਦਾ ਹੋਇਆ।’ ਸਾਰੇ ਲੇਖ ਦਾ ਖ਼ੁਲਾਸਾ ਅਤੇ ਨਿਚੋੜ ਉਹੀ ਹੈ, ਜੋ ਮੈਂ ਪਹਿਲਾਂ ਲਿਖ ਚੁੱਕਿਆ ਹਾਂ ਕਿ ਮੁਹੰਮਦ ਸੱਲ. ਸਾਹਿਬ ਨੇ ਫ਼ਰਮਾਇਆ ਕਿ ‘ਰੋਜ਼ਾ ਰੱਖਿਆ ਕਰੋ ਤੰਦਰੁਸਤ ਰਿਹਾ ਕਰੋਗੇ। ਅੱਲ੍ਹਾ ਤਾਅਲਾ ਰੋਜ਼ੇ ਰੱਖਣ ਦੀ ਤੌਫ਼ੀਕ ਅਤਾ ਫ਼ਰਮਾਵੇ-ਆਮੀਨ

Leave a Reply

Your email address will not be published. Required fields are marked *