ਜਲੰਧਰ : ਜਲੰਧਰ ਦੇ ਸਿਟੀ ਰੇਲਵੇ ਸਟੇਸ਼ਨ ਦੇ ਪਲੇਟ ਫ਼ਾਰਮ ਨੰਬਰ 1 ‘ਤੇ ਖੜ੍ਹੀ ਹਾਜੀਪੁਰ ਜਾਣ ਵਾਲੀ ਲੇਬਰ ਸਪੈਸ਼ਲ ਰੇਲ ਗੱਡੀ ਨੂੰ ਅੱਗ ਲੱਗਣ ਤੋਂ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਜੀ.ਆਰ.ਪੀ. ਦੇ ਮੁਲਾਜ਼ਮਾਂ ਅਤੇ ਲੋਕੋ ਪਾਇਲਟ ਦੀ ਚੌਕਸੀ ਕਾਰਨ ਇਹ ਵੱਡਾ ਹਾਦਸਾ ਵਾਪਰਨ ਤੋਂ ਬਚ ਗਿਆ ਹੈ। ਇਹ ਪਤਾ ਲੱਗਾ ਹੈ ਕਿ ਇਸ ਰੇਲ ਗੱਡੀ ਵਿਚ ਕਰੀਬ 1000 ਤੋਂ ਵਧੇਰੇ ਯਾਤਰੀ ਸਵਾਰ ਸਨ। ਪੁਲਿਸ ਅਨੁਸਾਰ ਅੱਗ ਲੱਗਣ ਦਾ ਕਾਰਨ ਇੰਜਨ ਦੇ ਨਾਲ ਲੱਗਦੇ ਸਮਾਨ ਰੱਖਣ ਵਾਲੇ ਡੱਬੇ ਨੂੰ ਸੀਲ ਲਗਾਉਂਦੇ ਸਮੇਂ ਬਲਦੀ ਲਾਖ ਟਪਕ ਕੇ ਹੇਠਾਂ ਡਿਗ ਗਈ। ਜਿੱਥੇ ਲਾਖ ਡਿਗੀ ਉਥੇ ਅੱਗ ਲੱਗਣ ਵਾਲਾ ਪਦਾਰਥ ਖਿਲਰਿਆ ਹੋਇਆ ਸੀ, ਚਿੰਗਾੜੀ ਡਿੱਗਦਿਆਂ ਹੀ ਉਥੇ ਅੱਗ ਫੈਲ ਗਈ।
ਅੱਗ ਨੂੰ ਵੇਖਦੇ ਹੋਏ ਪਲੇਟਫਾਰਮ ਨੰਬਰ 2 ‘ਤੇ ਡਿਊਟੀ ਕਰ ਰਹੇ ਜੀ. ਆਰ. ਪੀ. ਦੇ ਏ. ਐੱਸ. ਆਈ. ਨੇ ਇਸ ਦੀ ਜਾਣਕਾਰੀ ਜੀ. ਆਰ. ਪੀ. ਥਾਣੇ ਨੂੰ ਦਿੱਤੀ ਅਤੇ ਸਾਵਧਾਨੀ ਨਾਲ ਕੰਮ ਕਰਦਿਆਂ ਸਫਾਈ ਕਰਮਚਾਰੀਆਂ ਤੋਂ ਪਾਣੀ ਦੀਆਂ ਪਾਈਪਾਂ ਰਾਹੀਂ ਅੱਗ ‘ਤੇ ਤੇਜ਼ ਪਾਣੀ ਪਾ ਦਿੱਤਾ। ਇਸ ਦੌਰਾਨ ਰੇਲ ਦੇ ਲੋਕੋ ਪਾਇਲਟ ਨੇ ਵੀ ਅੱਗ ਬੁਝਾਉ ਯੰਤਰ ਨਾਲ ਅੱਗ ਬੁਝਾਉਣ ‘ਚ ਮਦਦ ਕੀਤੀ ਜਿਸ ਕਾਰਨ ਅੱਗ ਨੂੰ ਜਲਦੀ ਕਾਬੂ ਕਰ ਲਿਆ ਗਿਆ। ਜੀ. ਆਰ. ਪੀ. ਥਾਣੇ ਤੋਂ ਕੰਟਰੋਲ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ।
ਲਾਕ ਡਾਊਨ ਕਾਰਨ ਰੇਲ ਗੱਡੀਆਂ ਦਾ ਸੰਚਾਲਨ ਪੂਰੀ ਤਰ੍ਹਾਂ ਬੰਦ ਹੈ। ਸ਼ਨੀਵਾਰ ਨੂੰ ਸਿਰਫ 1 ਲੇਬਰ ਸਪੈਸ਼ਲ ਟਰੇਨ ਹਾਜੀਪੁਰ ਜਾਣੀ ਸੀ। ਇਸ ਤੋਂ ਇਲਾਵਾ ਪੂਰਾ ਸਟੇਸ਼ਨ ਸੁੰਨਸਾਨ ਹੈ। ਸਟੇਸ਼ਨ ਕੰਪਲੈਕਸ ‘ਚ ਨਾ ਕੋਈ ਵੈਂਡਰ ਅਤੇ ਰੇਲਵੇ ਮੁਲਾਜ਼ਮ ਮੌਜੂਦ ਹੈ। ਸ਼ੁਕਰ ਹੈ ਕਿ ਜੀ. ਆਰ. ਪੀ. ਦੇ ਜਵਾਨ ਉਸ ਸਮੇਂ ਪਲੇਟਫਾਰਮ ਨੰਬਰ 2 ‘ਤੇ ਗਸ਼ਤ ਕਰ ਰਹੇ ਸਨ ਅਤੇ ਉਨ੍ਹਾਂ ਦਾ ਧਿਆਨ ਅੱਗ ਵੱਲ ਚਲਾ ਗਿਆ। ਜੇਕਰ ਅੱਗ ਲੱਗਣ ਦਾ ਸਹੀ ਸਮੇਂ ‘ਤੇ ਪਤਾ ਨਾ ਲੱਗਦਾ ਤਾਂ ਪੂਰੀ ਰੇਲ ਗੱਡੀ ਅੱਗ ਦੀਆਂ ਲਪਟਾਂ ‘ਚ ਘਿਰ ਸਕਦੀ ਸੀ ਅਤੇ ਵੱਡਾ ਨੁਕਸਾਨ ਹੋ ਸਕਦਾ ਸੀ।