ਹੋਲੇ-ਮਹੱਲੇ ਦਾ ਦੂਜਾ ਦਿਨ, ਅਲੌਕਿਕ ਰੰਗ ”ਚ ਰੰਗਿਆ ਸ੍ਰੀ ਆਨੰਦਪੁਰ ਸਾਹਿਬ

ਸ੍ਰੀ ਆਨੰਦਪੁਰ ਸਾਹਿਬ — 19 ਮਾਰਚ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਦੇ ਪਾਵਨ ਅਸਥਾਨ ਤੋਂ ਖਾਲਸਾਈ ਜਾਹੋ ਜਲਾਲ ਅਤੇ ਜੈਕਾਰਿਆਂ ਦੀ ਗੂੰਜ ਨਾਲ ਆਰੰਭ ਹੋਇਆ ਸਿੱਖ ਕੌਮ ਦੇ ਕੌਮੀ ਤਿਉਹਾਰ ਹੋਲਾ-ਮਹੱਲਾ ਦੇ ਦੂਜੇ ਦਿਨ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ‘ਤੇ ਲੱਖਾਂ ਦੀ ਗਿਣਤੀ ‘ਚ ਸੰਗਤਾਂ ਨਤਮਸਤਕ ਹੋਣ ਪਹੁੰਚੀਆਂ।
ਡੀ. ਸੀ. ਰੋਪੜ ਸਮਿੰਤ ਗਰਾਵਲ ਅਤੇ ਐੱਸ. ਐੱਸ. ਪੀ. ਰੂਪਨਗਰ ਸਵਪਨ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਗਤਾਂ ਦੀ ਸੁਰੱਖਿਆ ਲਈ ਜ਼ਿਲਾ ਪੁਲਸ ਵੱਲੋਂ 2200 ਮੁਲਾਜ਼ਮ ਅਤੇ ਅਧਿਕਾਰੀ ਲਗਾਤਾਰ ਮੇਲੇ ਦੀ ਨਿਗਰਾਨੀ ਕਰ ਰਹੇ ਹਨ। ਗੁਰਦੁਆਰਾ ਸਾਹਿਬ ਨੂੰ ਆਉਣ ਵਾਲੇ ਰਸਤੇ ਕੇਸਰੀ ਝੰਡਿਆਂ ਨਾਲ ਸਜਾਏ ਗਏ ਹਨ ਅਤੇ ਗੁਰਦੁਆਰਾ ਸਾਹਿਬ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ ਹੈ।
ਸ੍ਰੀ ਆਨੰਦਪੁਰ ਸਾਹਿਬ ਪਹੁੰਚ ਰਹੀਆਂ ਸੰਗਤਾਂ ਪਵਿੱਤਰ ਸਰੋਵਰ ‘ਚ ਇਸ਼ਨਾਨ ਕਰਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ। ਜ਼ਿਆਦਾ ਭੀੜ ਹੋਣ ਕਰਕੇ ਸੰਗਤਾਂ ਨੂੰ ਲਾਈਨਾਂ ‘ਚ ਲੱਗ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਗੁਰਦੁਆਰਾ ਕਿਲਾ•ਆਨੰਦਗੜ•ਸਾਹਿਬ ਅਤੇ ਇਸ ਦੇ ਨਾਲ ਲਗਦੇ ਗੁਰੂ ਘਰਾਂ ‘ਚ ਵੀ ਵੱਡੀ ਗਿਣਤੀ ‘ਚ ਸੰਗਤਾਂ ਨਤਮਸਤਕ ਹੋ ਰਹੀਆਂ ਹਨ।
ਗੁਰੂ ਕੀ ਲਾਡਲੀ ਫੌਜ ਕਈ ਦਿਨ ਪਹਿਲਾ ਸ੍ਰੀ ਆਨੰਦਪੁਰ ਸਾਹਿਬ ਪਹੁੰਚੀ ਹੈ ਅਤੇ ਵੱਖ ਵੱਖ ਛਾਉਣੀਆਂ ਦੇ ‘ਚ ਨਿਹੰਗ ਸਿੰਘਾਂ ਨੇ ਆਪਣੇ ਘੋੜਿਆਂ ਦੇ ਨਾਲ ਡੇਰੇ ਲਗਾਏ ਹੋਏ ਹਨ। ਪੰਜਾਬ ਭਰ ਤੋਂ ਵੱਖ-ਵੱਖ ਸੇਵਾ ਸੁਸਾਇਟੀਆਂ ਵੱਲੋਂ ਸੰਗਤਾਂ ਦੀ ਥਾਂ-ਥਾਂ ‘ਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਹਨ। ਨਿਹੰਗ ਜਥੇਬੰਦੀ ਦੇ ਮੁਖੀ ਬਾਬਾ ਬਲਵੀਰ ਸਿੰਘ ਨੇ ਜਿੱਥੇ ਸੰਗਤਾਂ ਨੂੰ ਹੋਲੇ-ਮਹੱਲੇ ਦੀ ਵਧਾਈ ਦਿੱਤੀ, ਉਥੇ ਹੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਿੱਖ ਇਤਿਹਾਸ ਅਤੇ ਰਵਾਇਤਾਂ ਅਨੁਸਾਰ 22 ਤਰੀਕ ਨੂੰ ਹੀ ਮਹੱਲਾ ਕੁੱਢਿਆ ਜਾ ਰਿਹਾ ਹੈ। ਜਦੋਂ ਕਿ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਕੁਝ ਨਿਹੰਗ ਸਿੰਘ ਜਥੇਬੰਦੀਆਂ ਦੇ ਸਿਹਯੋਗ ਨਾਲ ਇਕ ਦਿਨ ਪਹਿਲਾ 21 ਮਾਰਚ ਨੂੰ ਮਹੱਲਾ ਕੱਢਣ ਜਾ ਰਹੀ ਹੈ।
ਸ੍ਰੀ ਅਕਾਲ ਤਖਤ ਸ੍ਰੀ ਅੰਮ੍ਰਿਤਸਰ ਦੇ ਸਾਬਕਾ ਜਥੇਬਾਦ ਗਿਆਨੀ ਗੁਰਬਚਨ ਸਿੰਘ ਨੋ ਹੋਲੇ-ਮਹੱਲੇ ਦਾ ਇਤਿਹਾਸ ਦੱਸਦੇ ਕਿਹਾ ਕਿ ਸੰਨ 1699 ਤੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਹੋਲੇ-ਮਹੱਲੇ ਦੀ ਸ਼ੁਰੂਆਤ ਕੀਤੀ ਸੀ। ਉਸੇ ਪ੍ਰੰਪਰਾ ਦੇ ਮੁਤਾਬਕ ਅੱਜ ਤੱਕ ਇਸੇ ਪਾਵਨ ਅਸਥਾਨ ‘ਤੇ ਹੋਲਾ-ਮਹੱਲਾ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੋ ਅਤੇ ਵਹਿਮਾਂ, ਭਰਮਾਂ, ਪਖੰਡਾਂ ਤੋਂ ਦੂਰ ਰਹੋ। ਉਨ੍ਹਾਂ•ਨੇ ਕਿਹਾ ਕਿ ਨਾਨਕਸ਼ਾਹੀ ਕਲੰਡਰ ‘ਚ ਕਿਸੇ ਤਰੁਟੀ ਕਾਰਨ ਇਸ ਵਾਰ ਹੋਲੇ-ਮਹੱਲਾ ਦੋ ਦਿਨ ਮਨਾਇਆ ਜਾ ਰਿਹਾ ਹੈ ਪਰ ਇਸ ‘ਚ ਸ੍ਰੋਮਣੀ ਗੁ. ਪ੍ਰਬੰਧਕ ਕਮੇਟੀ ਅਤੇ ਨਿਹੰਗ ਸਿੰਘ ਜੱਥੇਬੰਦੀ ‘ਚ ਕੋਈ ਮਤਭੇਦ ਨਹੀਂ ਹੈ।

Leave a Reply

Your email address will not be published. Required fields are marked *