ਹੁਣ ਤੇ ਦਾਲ ਨੂੰ ਲਗਾਉ ਤੜਕਾ ਮੁਰਗਾ ਕਰਦਾ ਬਹੁਤਾ ਖੜਕਾ

ਮੁੰਬਈ— ਦਾਲਾਂ ਦੇ ਮੁੱਲ ਘਟਣ ਨਾਲ ਗਰੀਬ ਦੀ ਥਾਲੀ ਜਲਦ ਸਸਤੀ ਹੋਣ ਵਾਲੀ ਹੈ। ਸਪਲਾਈ ‘ਚ ਤੇਜ਼ੀ ਕਾਰਨ 3-4 ਮਹੀਨਿਆਂ ਦੌਰਾਨ ਦਾਲਾਂ ਦੀਆਂ ਕੀਮਤਾਂ ਨਰਮ ਰਹਿਣ ਦੇ ਹੀ ਆਸਾਰ ਹਨ। ਫਿਲਹਾਲ ਕਈ ਦਾਲਾਂ ਦੇ ਮੁੱਲ ਸਮਰਥਨ ਮੁੱਲ (ਐੱਮ. ਐੱਸ. ਪੀ.) ਤੋਂ ਤਕਰੀਬਨ 40 ਫੀਸਦੀ ਤਕ ਹੇਠਾਂ ਚੱਲ ਰਹੇ ਹਨ। ਨੈਫੇਡ ਨੇ ਉਨ੍ਹਾਂ ਦਾਲਾਂ ਦੀ ਨਿਲਾਮੀ ਸ਼ੁਰੂ ਕਰ ਦਿੱਤੀ ਹੈ, ਜਿਸ ਦੀ ਖਰੀਦ ਉਸ ਨੇ ਪਿਛਲੇ ਹਾੜੀ ਸੀਜ਼ਨ ਦੌਰਾਨ ਐੱਮ. ਐੱਸ. ਪੀ. ਪ੍ਰੋਗਰਾਮ ਤਹਿਤ ਕੀਤੀ ਸੀ। ਹੁਣ ਇਹ ਸਰਕਾਰੀ ਏਜੰਸੀ ਭਾਰੀ ਨੁਕਸਾਨ ਨਾਲ ਬਾਜ਼ਾਰ ‘ਚ ਦਾਲਾਂ ਦੀ ਵਿਕਰੀ ਕਰ ਰਹੀ ਹੈ। ਜਾਣਕਾਰੀ ਮੁਤਾਬਕ, ਭਾਰਤੀ ਰਾਸ਼ਟਰੀ ਖੇਤੀ ਸਹਿਕਾਰੀ ਮਾਰਕੀਟਿੰਗ ਸੰਘ (ਨੈਫੇਡ) ਵਰਗੀਆਂ ਸਰਕਾਰੀ ਏਜੰਸੀਆਂ ਕੋਲ ਤਕਰੀਬਨ 45 ਲੱਖ ਟਨ ਦਾ ਸਟਾਕ ਮੌਜੂਦ ਹੈ। ਇਸ ਵਿਚਕਾਰ ਦਾਲਾਂ ਦੀ ਸਸਤੀ ਦਰਾਮਦ ‘ਚ ਵੀ ਭਾਰੀ ਵਾਧਾ ਹੋਇਆ ਹੈ। ਹੁਣ ਤਕ ਦਾਲਾਂ ਦੀ ਮੰਗ ਲਗਭਗ ਸਥਿਰ ਰਹੀ ਹੈ। ਇਸ ਲਈ ਸਪਲਾਈ ਵਧਣ ਨਾਲ ਕੀਮਤਾਂ ਹੋਰ ਡਿੱਗਣ ਦੀ ਸੰਭਾਵਨਾ ਹੈ। ਮਾਹਰਾਂ ਮੁਤਾਬਕ ਨਵੇਂ ਸੀਜ਼ਨ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ, ਇਸ ਲਈ ਅਗਲੇ ਕੁਝ ਮਹੀਨਿਆਂ ‘ਚ ਦਾਲਾਂ ਦੀਆਂ ਕੀਮਤਾਂ ਇਸ ਪੱਧਰ ਤੋਂ ਉਪਰ ਜਾਣ ਦੇ ਆਸਾਰ ਨਹੀਂ ਹਨ।ਮੁੰਬਈ ‘ਚ ਦਾਲਾਂ ਦੇ ਇਕ ਕਾਰੋਬਾਰੀ ਨੇ ਕਿਹਾ ਕਿ ਹਾਲ ਹੀ ਦੇ ਇਕ ਨੋਟੀਫਿਕੇਸ਼ਨ ਜ਼ਰੀਏ ਸਰਕਾਰ ਨੇ ਭਾਰਤ ‘ਚ ਦਾਲਾਂ ਦੀ ਸਸਤੀ ਦਰਾਮਦ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਦਾ ਮਕਸਦ ਸਥਾਨਕ ਬਾਜ਼ਾਰਾਂ ‘ਚ ਇਨ੍ਹਾਂ ਦੀਆਂ ਡਿੱਗਦੀਆਂ ਕੀਮਤਾਂ ਨੂੰ ਰੋਕਣਾ ਸੀ ਪਰ ਇਸ ਨੋਟੀਫਿਕੇਸ਼ਨ ਨੂੰ ਵਪਾਰੀਆਂ ਨੇ ਅਦਾਲਤ ‘ਚ ਚੁਣੌਤੀ ਦੇ ਦਿੱਤੀ। ਨਤੀਜੇ ‘ਚ ਦਰਾਮਦ ਪਾਬੰਦੀ ਦੇ ਨੋਟੀਫਿਕੇਸ਼ਨ ‘ਤੇ ਰੋਕ ਲੱਗ ਗਈ। ਹੁਣ ਮਿਆਂਮਾਰ ਅਤੇ ਅਫਰੀਕਾ ਤੋਂ ਵੱਡੀ ਮਾਤਰਾ ‘ਚ ਦਰਾਮਦ ਹੋ ਰਹੀ ਹੈ, ਜੋ ਭਾਰਤ ‘ਚ ਚੱਲ ਰਹੀਆਂ ਮੌਜੂਦਾ ਕੀਮਤਾਂ ਦੇ ਮੁਕਾਬਲੇ ਕਾਫੀ ਘੱਟ ਹਨ। ਪਿਛਲੇ ਇਕ ਮਹੀਨੇ ਦੌਰਾਨ ਦਾਲਾਂ ਦੀਆਂ ਕੀਮਤਾਂ ‘ਚ 3 ਤੋਂ 5 ਫੀਸਦੀ ਤਕ ਦੀ ਗਿਰਾਵਟ ਆਈ ਹੈ। ਫਿਲਹਾਲ ਅਰਹਰ ਦੇ ਮੁੱਲ 3,500-3,600 ਰੁਪਏ ਪ੍ਰਤੀ ਕੁਇੰਟਲ ਵਿਚਕਾਰ ਚੱਲ ਰਹੇ ਹਨ, ਜਦੋਂ ਕਿ ਐੱਮ. ਐੱਸ. ਪੀ. 5,600 ਰੁਪਏ ਪ੍ਰਤੀ ਕੁਇੰਟਲ ਹੈ। ਹਾਲਾਂਕਿ ਇਸ ਦੇ ਉਲਟ ਵਪਾਰੀਆਂ ਨੇ ਅਫਰੀਕਾ ਤੋਂ 1,800-,1900 ਰੁਪਏ ਪ੍ਰਤੀ ਕੁਇੰਟਲ ਦੀ ਲਾਗਤ ‘ਤੇ ਦਰਾਮਦ ਸ਼ੁਰੂ ਕਰ ਦਿੱਤੀ ਹੈ। ਹਾਜ਼ਰ ਬਾਜ਼ਾਰ ‘ਚ ਦਾਲਾਂ ਦੀਆਂ ਹੋਰ ਕਿਸਮਾਂ ਦੀਆਂ ਕੀਮਤਾਂ ਦਾ ਵੀ ਇਹੀ ਹਾਲ ਹੈ।

Leave a Reply

Your email address will not be published. Required fields are marked *