ਲਖਨਊ — ਖਾਦੀ ਇਕ ਅਜਿਹਾ ਉਤਪਾਦ ਹੈ, ਜਿਸ ਨੂੰ ਮਹਾਤਮਾ ਗਾਂਧੀ ਅਤੇ ਦੇਸ਼ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਪਿਛਲੇ ਕੁਝ ਸਮੇਂ ਤੋਂ ਆਧੁਨਿਕ ਤਕਨੀਕ ਅਤੇ ਫੈਸ਼ਨ ਦੇ ਹਿਸਾਬ ਨਾਲ ਖਾਦੀ ਦੀ ਲੋਕਪ੍ਰਿਅਤਾ ਵਿਚ ਕਾਫੀ ਇਜ਼ਾਫਾ ਹੋਇਆ ਹੈ। ਹੁਣ ਪੇਂਡੂ ਉਦਯੋਗੀਕਰਨ ਨੂੰ ਉਤਸ਼ਾਹਤ ਕਰਨ ਦੇ ਮਕਸਦ ਨਾਲ ਉੱਤਰ ਪ੍ਰਦੇਸ਼ ਸਰਕਾਰ ਨੇ ‘ਸੋਲਰ ਚਰਖੇ’ ਨੂੰ ਵੀ ਖਾਦੀ ਦੀ ਸ਼੍ਰੇਣੀ ਵਿਚ ਰੱਖਿਆ ਹੈ। ਇਸ ਪ੍ਰਕਾਰ ‘ਖਾਦੀ ਗ੍ਰਾਮੋਉਦਯੋਗ’ ਵਿਕਾਸ ਅਤੇ ਸਵੈ-ਰੋਜ਼ਗਾਰ ਨੀਤੀ ਤਹਿਤ ਉੱਤਰ ਪ੍ਰਦੇਸ਼ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ, ਜਿਸ ਨੇ ਸੋਲਰ ਚਰਖੇ ਤੋਂ ਤਿਆਰ ਕੱਪੜਿਆਂ ਨੂੰ ਖਾਦੀ ਦੀ ਸ਼੍ਰੇਣੀ ਵਿਚ ਰੱਖਿਆ ਹੈ।
ਖਾਦੀ ਅਤੇ ਗ੍ਰਾਮੋਉਦਯੋਗ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੂਬਾ ਸਰਕਾਰ ਸੋਲਰ ਚਰਖਿਆਂ ‘ਤੇ ਕੰਮ ਕਰਨ ਦੀ ਟ੍ਰੇਨਿੰਗ ਦੇ ਕੇ, ਕਾਰੀਗਰਾਂ ਨੂੰ ਕੱਚਾ ਮਾਲ ਮੁਹੱਈਆ ਕਰਵਾ ਕੇ ਅਤੇ ਉਨ੍ਹਾਂ ਤੋਂ ਉਤਪਾਦ ਖਰੀਦਣ ਦਾ ਵਿਸ਼ੇਸ਼ ਪ੍ਰੋਗਰਾਮ ਚਲਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਾਰੀਗਰਾਂ ਨੂੰ ਸੋਲਰ ਚਰਖਿਆਂ ‘ਤੇ ਕੰਮ ਕਰਨ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਸਹੂਲਤਾਂ ਮੁਹੱਈਆ ਕਰਵਾ ਕੇ ਰੋਜ਼ਗਾਰ ਉਪਲੱਬਧ ਕਰਵਾਇਆ ਜਾਵੇਗਾ।
ਅਧਿਕਾਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਖਾਦੀ ਨੂੰ ਨਵਾਂ ਰੂਪ ਦਿੱਤਾ ਹੈ। ਸੋਲਰ ਚਰਖੇ ਵੰਡੇ ਗਏ ਹਨ, ਜਿਸ ਨਾਲ ਖਾਦੀ ਦਾ ਉਤਪਾਦਨ ਤਿੰਨ ਗੁਣਾ ਹੋਣ ਦੀ ਸੰਭਾਵਨਾ ਹੈ। ਸੂਬੇ ਵਿਚ 128 ਖਾਦੀ ਕਮੇਟੀਆਂ ਨੂੰ ਕਰਜ਼ ਮੁਕਤ ਕੀਤਾ ਗਿਆ ਹੈ। ਨੌਜਵਾਨਾਂ ਨੂੰ ਖਾਦੀ ਨਾਲ ਜੋੜਨ ਲਈ ਇਸ ਨੂੰ ਫੈਸ਼ਨ ਅਨੁਸਾਰ ਢਾਲਿਆ ਜਾ ਰਿਹਾ ਹੈ। ਸੂਬਾ ਸਰਕਾਰ ਖਾਦੀ ਵਿਚ ਵਿਕਰੀ ਨੂੰ ਹੱਲਾ-ਸ਼ੇਰੀ ਦੇਣ ਲਈ ਖਾਦੀ ਪਾਰਕ ਅਤੇ ਖਾਦੀ ਪਲਾਜ਼ਾ ਦਾ ਨਿਰਮਾਣ ਕਰਵਾਏਗੀ, ਜਿੱਥੇ ਇਕ ਹੀ ਛੱਤ ਹੇਠਾਂ ਦੇਸ਼-ਪ੍ਰਦੇਸ਼ ਦੀ ਖਾਦੀ ਦੀ ਵਿਕਰੀ ਦੀ ਸਹੂਲੀਅਤ ਹੋ ਸਕੇਗੀ। ਅਧਿਕਾਰੀ ਨੇ ਦੱਸਿਆ ਕਿ ਪ੍ਰਦੇਸ਼ ਦੀ ਖਾਦੀ ਸੰਸਥਾਵਾਂ ਨੂੰ ਉਨ੍ਹਾਂ ਦੇ ਉਤਪਾਦਾਂ ਦੀ ਵਿਕਰੀ ‘ਚ ਮਦਦ ਲਈ ਉਨ੍ਹਾਂ ਨੂੰ ਆਨਲਾਈਨ ਪਲੇਟਫਾਰਮ ਨਾਲ ਸਿੱਧੇ ਜੋੜਿਆ ਗਿਆ ਹੈ।