ਸਿਹਤ ਦੇ ਦੁਸ਼ਮਣ ਪਲਾਸਟਿਕ ਦੇ ਡੂਨੇ ਅਤੇ ਪੱਤਲ

ਅੱਜਕਲ੍ਹ ਵਿਆਹ-ਸ਼ਾਦੀਆਂ ਦਾ ਸੀਜ਼ਨ ਬੜੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ ਅਤੇ ਵਿਆਹਾਂ ਵਿਚ ਭੋਜਨ ਖਾਣ ਵਾਲੇ ਮਹਿਮਾਨ ਪਲਾਸਟਿਕ ਤੋਂ ਬਣੇ ਡੂਨੇ-ਪੱਤਲ ਅਤੇ ਗਲਾਸਾਂ ਦੀ ਜੰਮ ਕੇ ਵਰਤੋਂ ਕਰ ਰਹੇ ਹਨ ਪਰ ਸ਼ਾਇਦ ਉਨ੍ਹਾਂ ਨੂੰ ਇਹ ਪਤਾ ਨਹੀਂ ਹੈ ਕਿ ਇਹ ਸਾਡੇ ਬੇਸ਼ਕੀਮਤੀ ਸਰੀਰ ਲਈ ਕਾਫੀ ਘਾਤਕ ਹੁੰਦੇ ਹਨ। ਇਸ ਵਿਸ਼ੇ ਵਿਚ ਸਿਹਤ ਮਾਹਿਰ ਕਹਿੰਦੇ ਹਨ ਕਿ ਵੈਸੇ ਤਾਂ ਅਸੀਂ ਸਦਾ ਹਰ ਕੰਮ ਵਿਚ ਸਸਤੇ, ਹਲਕੇ ਪਲਾਸਟਿਕ ਦੇ ਡੂਨੇ-ਪੱਤਲ ਅਤੇ ਗਲਾਸਾਂ ਨੂੰ ਖਾਣ-ਪੀਣ ਵਿਚ ਖੂਬ ਪਸੰਦ ਕਰਦੇ ਹਾਂ ਪਰ ਥਰਮਾਕੋਲ ਅਤੇ ਪਲਾਸਟਿਕ ਤੋਂ ਬਣੀਆਂ ਪਲੇਟਾਂ ਅਤੇ ਗਿਲਾਸ ਅਕਸਰ ਖਾਣ-ਪੀਣ ਦੀਆਂ ਚੀਜ਼ਾਂ ਵਿਚ ਰਸਾਇਣ ਛੱਡਦੇ ਹਨ, ਜਿਸ ਨਾਲ ਅਸੀਂ ਬਿਮਾਰ ਹੋ ਕੇ ਹਸਪਤਾਲਾਂ ਦੀ ਸ਼ਰਨ ਵਿਚ ਪਹੁੰਚਣ ਲਗਦੇ ਹਾਂ, ਕਿਉਂਕਿ ਇਨ੍ਹਾਂ ਪਲਾਸਟਿਕਾਂ ਵਿਚ ਬਾਈਸਫੇਨਾਲ ‘ਏ’ (ਬੀ.ਪੀ.ਏ.) ਨਾਮੀ ਰਸਾਇਣ ਹੁੰਦਾ ਹੈ ਜੋ ਪਲਾਸਟਿਕ ਦੀਆਂ ਚੀਜ਼ਾਂ ਵਿਚ ਸਭ ਤੋਂ ਵੱਧ ਵਰਤਿਆ ਜਾਂਦਾ ਹੈ। ਇਸ ਨਾਲ ਸਾਡੇ ਸਰੀਰ ਦੇ ਹਾਰਮੋਨਜ਼ ਪ੍ਰਭਾਵਿਤ ਹੋ ਜਾਂਦੇ ਹਨ। ਉਹ ਦੱਸਦੇ ਹਨ ਕਿ ਹਰੇਕ ਤਰ੍ਹਾਂ ਦੇ ਪਲਾਸਟਿਕ ਦਾ ਆਪਣੇ ਇਕ ਨਿਸਚਿਤ ਸਮੇਂ ਤੋਂ ਬਾਅਦ ਰਸਾਇਣ ਛੱਡਣਾ ਤੈਅ ਹੁੰਦਾ ਹੈ ਪਰ ਜਦੋਂ ਅਸੀਂ ਇਨ੍ਹਾਂ ਵਿਚ ਗਰਮ ਚੀਜ਼ਾਂ ਪਾਉਂਦੇ ਹਾਂ ਤਾਂ ਪਲਾਸਟਿਕ ਦੇ ਰਸਾਇਣ ਟੁੱਟਣੇ ਸ਼ੁਰੂ ਹੋ ਜਾਂਦੇ ਹਨ। ਨਤੀਜੇ ਵਜੋਂ ਇਹ ਖਾਣ-ਪੀਣ ਦੀਆਂ ਚੀਜ਼ਾਂ ਵਿਚ ਘੁਲ ਕੇ ਗੰਭੀਰ ਬਿਮਾਰੀਆਂ ਦਾ ਕਾਰਨ ਬਣਨ ਲਗਦੇ ਹਨ।
ਸਿਹਤ ਮਾਹਿਰਾਂ ਦੀ ਮੰਨੀਏ ਤਾਂ ਇਸ ਦੇ ਜ਼ਹਿਰੀਲੇ ਜ਼ਹਿਰ ਨਾਲ ਵਾਤਾਵਰਨ ਅਤੇ ਮਿੱਟੀ ਦੇ ਨਾਲ-ਨਾਲ ਖੁਦ ਨੂੰ ਬਚਾਈ ਰੱਖਣ ਲਈ ਹਮੇਸ਼ਾ ਪਲਾਸਟਿਕ ਤੋਂ ਬਣੀਆਂ ਚੀਜ਼ਾਂ ਦਾ ਤਿਆਗ ਕਰਨਾ ਚਾਹੀਦਾ ਹੈ ਅਤੇ ਵਿਆਹ ਜਾਂ ਹੋਰ ਸਮਾਗਮਾਂ ਵਿਚ ਥਰਮਾਕੋਲ ਤੋਂ ਬਣੀਆਂ ਪਲੇਟਾਂ ਅਤੇ ਗਿਲਾਸਾਂ ਦੇ ਬਦਲ ਦੇ ਤੌਰ ‘ਤੇ ਮਿੱਟੀ ਦੇ ਕੁਲਹੜ ਅਤੇ ਢਾਕ ਦੇ ਪੱਤਿਆਂ ਨਾਲ ਤਿਆਰ ਪਲੇਟ ਭਾਵ ਡੂਨੇ-ਪੱਤਲਾਂ ਨੂੰ ਬੜਾਵਾ ਦੇਣ ‘ਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਹੈ। ਯਕੀਨਨ ਇਹ ਸਾਡੀ ਸਿਹਤ ਲਈ ਫਾਇਦੇਮੰਦ ਅਤੇ ਕੁਦਰਤ ਦੇ ਅਨੁਰੂਪ ਕੁਦਰਤੀ ਸਾਬਤ ਹੋਵੇਗਾ।
ਤੁਹਾਨੂੰ ਇਹ ਜਾਣ ਕੇ ਵੀ ਹੈਰਾਨੀ ਹੋਵੇਗੀ ਕਿ ਅਸੀਂ ਅਕਸਰ ਜਿਨ੍ਹਾਂ ਛੋਟੀਆਂ ਜਿਹੀਆਂ ਪੋਲੀਥੀਨ ਦੀਆਂ ਥੈਲੀਆਂ ਵਿਚ ਦੁਕਾਨਾਂ ਤੋਂ ਖ਼ਰੀਦ ਕੇ ਗਰਮ ਚਾਹ ਲੈ ਕੇ ਆਉਂਦੇ ਹਾਂ ਅਤੇ ਬੜੇ ਚਾਅ ਨਾਲ ਦੋਸਤਾਂ ਦੇ ਨਾਲ ਬੈਠ ਕੇ ਪੀਂਦੇ ਹਾਂ, ਉਹ ਵੀ ਸਾਡੇ ਸਰੀਰ ਲਈ ਕਾਫੀ ਨੁਕਸਾਨਦੇਹ ਹੁੰਦੇ ਹਨ, ਜਿਸ ਦਾ ਮਾੜਾ ਪ੍ਰਭਾਵ ਤੁਰੰਤ ਤਾਂ ਨਹੀਂ, ਕੁਝ ਦਿਨਾਂ ਬਾਅਦ ਜ਼ਰੂਰ ਪਤਾ ਲਗਦਾ ਹੈ। ਲੰਬੇ ਸਮੇਂ ਤੱਕ ਲਗਾਤਾਰ ਵਰਤੋਂ ਕਰਨ ‘ਤੇ ਇਹ ਕੈਂਸਰ ਦੇ ਰੂਪ ਵਿਚ ਉੱਭਰ ਕੇ ਇਕ ਖਤਰੇ ਦੇ ਰੂਪ ਵਿਚ ਸਾਡੇ ਸਾਹਮਣੇ ਨਜ਼ਰ ਆਉਂਦਾ ਹੈ। ਵਾਕਿਆ ਹੀ ਇਹ ਪਲਾਸਟਿਕ ਸਾਡੇ ਰੋਜ਼ਾਨਾ ਜੀਵਨ ਵਿਚ ਬਹੁਤ ਜ਼ਿਆਦਾ ਖ਼ਤਰਨਾਕ ਹੈ।
ਇਸੇ ਲਈ ਅਨੇਕ ਪੋਸ਼ਾਹਾਰ ਮਾਹਿਰ ਆਪਣੀ ਸਲਾਹ ਦਿੰਦੇ ਹੋਏ ਕਹਿੰਦੇ ਹਨ ਕਿ ਇਸ ਦੀ ਰੋਜ਼ਾਨਾ ਦੇ ਕੰਮਾਂ ਵਿਚ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ, ਨਾਲ ਹੀ ਇਸ ਵਿਚ ਖਾਣ ਵਾਲੀਆਂ ਚੀਜ਼ਾਂ ਵੀ ਨਹੀਂ ਲਿਆਉਣੀਆਂ ਚਾਹੀਦੀਆਂ, ਨਹੀਂ ਤਾਂ ਭਵਿੱਖ ਵਿਚ ਤੁਹਾਨੂੰ ਇਸ ਦੇ ਕਈ ਭਿਆਨਕ ਨਤੀਜੇ ਭੁਗਤਣੇ ਪੈ ਸਕਦੇ ਹਨ।
ਗੌਰਤਲਬ ਹੈ ਕਿ ਸਾਡੇ ਦੇਸ਼ ਵਿਚ 2000 ਤੋਂ ਵੀ ਜ਼ਿਆਦਾ ਬਨਸਪਤੀਆਂ ਦੇ ਪੱਤਿਆਂ ਨਾਲ ਤਿਆਰ ਪੱਤਲਾਂ ਅਤੇ ਉਨ੍ਹਾਂ ਨਾਲ ਹੋਣ ਵਾਲੇ ਲਾਭਾਂ ਬਾਰੇ ਪਰੰਪਰਿਕ ਡਾਕਟਰੀ ਜਾਣਕਾਰੀ ਉਪਲਬਧ ਹੈ ਪਰ ਬੜੀ ਮੁਸ਼ਕਿਲ ਨਾਲ ਅਸੀਂ ਪੰਜ ਤਰ੍ਹਾਂ ਦੀਆਂ ਬਨਸਪਤੀਆਂ ਦੀ ਹੀ ਵਰਤੋਂ ਆਪਣੇ ਜੀਵਨ ਵਿਚ ਕਰਦੇ ਹਾਂ। ਇਕ ਨਵੀਂ ਖੋਜ ਤੋਂ ਪਤਾ ਲੱਗਾ ਹੈ ਕਿ ਸਾਡੇ ਆਮ ਤੌਰ ‘ਤੇ ਕੇਲੇ ਦੇ ਪੱਤਿਆਂ ਨਾਲ ਬਣੇ ਡੂਨੇ-ਪੱਤਲ ਵਿਚ ਭੋਜਨ ਪਰੋਸਣਾ ਭਾਵੇਂ ਹੀ ਪੁਰਾਣੇ ਲੋਕਾਂ ਨੂੰ ਸ਼ੁੱਭ ਅਤੇ ਸਿਹਤਮੰਦ ਲਗਦਾ ਹੋਵੇ ਪਰ ਸਚਾਈ ਇਹੀ ਹੈ ਕਿ ਪਲਾਸ਼ ਦੇ ਪੱਤਲਾਂ ਵਿਚ ਵੀ ਭੋਜਨ ਕਰਨ ਨਾਲ ਸਿਹਤ ਨੂੰ ਕਈ ਲਾਭ ਹੁੰਦੇ ਹਨ।
ਇਸ ਤਰ੍ਹਾਂ ਜਿਸ ਪਲਾਸਟਿਕ ਨੂੰ ਅਸੀਂ ਬੜੀ ਸ਼ਾਨ ਨਾਲ ਆਪਣੇ ਜੀਵਨ ਦਾ ਹਿੱਸਾ ਬਣਾਇਆ ਹੋਇਆ ਹੈ, ਉਹ ਹੌਲੀ-ਹੌਲੀ ਸਾਡੀਆਂ ਨਸਾਂ ਵਿਚ ਰਚ ਕੇ ਸਾਨੂੰ ਬਿਮਾਰ ਬਣਾਉਂਦਾ ਜਾ ਰਿਹਾ ਹੈ। ਬਿਨਾਂ ਸ਼ੱਕ ਰਸਾਇਣ ਵਿਗਿਆਨ ਦੀ ਇਹ ਖੋਜ ਮਨੁੱਖਤਾ ਲਈ ਇਕ ਹਲਕਾ ਜ਼ਹਿਰ ਬਣ ਚੁੱਕਾ ਹੈ, ਜਿਸ ਨੂੰ ਲੈ ਕੇ ਹੁਣ ਗੰਭੀਰ ਹੁੰਦੇ ਹੋਏ ਤੁਸੀਂ ਸੋਚਣਾ ਹੈ ਕਿ ਪਲਾਸਟਿਕ ਤੋਂ ਪ੍ਰਹੇਜ਼ ਕਰਕੇ ਆਪਣੀਆਂ ਪੀੜ੍ਹੀਆਂ ਨੂੰ ਬਚਾਉਣਾ ਹੈ ਜਾਂ ਫਿਰ ਉਨ੍ਹਾਂ ਨੂੰ ਉਨ੍ਹਾਂ ਦੀ ਕਿਸਮਤ ‘ਤੇ ਛੱਡ ਦੇਣਾ ਹੈ।

Leave a Reply

Your email address will not be published. Required fields are marked *