ਗੰਗਟੋਕ : ਸਿਕੱਮ ਨੇੜਲੀ ਸਰਹੱਦ ‘ਤੇ ਭਾਰਤ ਅਤੇ ਚੀਨ ਦੇ ਸੈਨਿਕਾਂ ਦਰਮਿਆਨ ਝੜਪ ਦੀ ਖ਼ਬਰ ਪ੍ਰਾਪਤ ਹੋਈ ਹੈ। ਭਾਰਤੀ ਸੈਨਾ ਦੇ ਸੁਤਰਾਂ ਨੇ ਦੱਸਿਆ ਕਿ ਨਾਰਥ ਸਿਕੱਮ ਇਲਾਕੇ ਵਿੱਚ ਭਾਰਤ ਅਤੇ ਚੀਨ ਦੇ ਸੈਨਿਕਾਂ ਵਿੱਚ ਟਕਰਾਅ ਹੋਇਆ। ਦੋਵਾਂ ਪਾਸੋਂ ਭਾਰੀ ਤਣਾਅ ਅਤੇ ਬਹਿਸਬਾਜ਼ੀ ਹੋਈ। ਇਸ ਘਟਨਾ ਵਿੱਚ ਦੋਨਾਂ ਪਾਸਿਆਂ ਦੇ ਸੈਨਿਕਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ। ਹਾਲਾਂਕਿ ਇਸ ਝਗੜੇ ਨੂੰ ਸਥਾਨਕ ਪੱਧਰ ਦੇ ਦਖ਼ਲ ਨਾਲ ਹੀ ਸੁਲਝਾਅ ਲਿਆ ਗਿਆ ਹੈ।
ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਕੱਝ ਸਮਾਂ ਚਲੀ ਗੱਲਬਾਤ ਤੋਂ ਬਾਅਦ ਦੋਵਾਂ ਪਾਸਿਆਂ ਦੇ ਸੈਨਿਕ ਆਪਣੀ ਆਪਣੀ ਪੋਸਟ ਵਿੱਚ ਪਰਤ ਗਏ। ਸੈਨਾ ਦੇ ਹਵਾਲਿਆਂ ਨਾਲ ਇਹ ਵੀ ਪਤਾ ਲਗਿਆ ਹੈ ਕਿ ਸਰਹੱਦ ਵਿਵਾਦ ਦੇ ਚਲਦਿਆਂ ਸੈਨਿਕਾਂ ਦੇ ਦਰਮਿਆਨ ਅਜਿਹੇ ਛੋਟੇ ਛੋਟੇ ਵਿਵਾਦ ਅਕਸਰ ਚਲਦੇ ਰਹਿੰਦੇ ਹਨ। ਸੁਤਰਾਂ ਦੀ ਮੰਨੀਏ ਤਾਂ ਲੰਮੇ ਸਮੇਂ ਬਾਅਦ ਨਾਰਥ ਸਿਕੱਮ ਇਲਾਕੇ ਵਿੱਚ ਭਾਰਤ ਅਤੇ ਚੀਨ ਦੇ ਸੈਨਿਕਾਂ ਦਰਮਿਆਨ ਅਜਿਹਾ ਤਣਾਅ ਵੇਖਣ ਨੂੰ ਮਿਲਿਆ ਹੈ। ਜਦੋਂ ਅਜਿਹਾ ਵਿਵਾਦ ਹੰਦਾ ਹੈ ਤਾਂ ਤੈਅ ਪ੍ਰੋਟੋਕਾਲ ਅਨੁਸਾਰ ਦੋਨਾਂ ਪਾਸਿਆਂ ਦੀਆਂ ਫ਼ੌਜਾਂ ਆਪਸ ਵਿੱਚ ਸੁਲਝਾਅ ਲੈਂਦੀਆਂ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2017 ਵਿੱਚ ਦੋਵਾਂ ਦੇਸ਼ਾਂ ਦਰਮਿਆਨ ਸਿਕੱਮ ਖੇਤਰ ਵਿੱਚ ਬਹੁਤ ਵੱਡਾ ਤਣਾਅ ਵੇਖਣ ਨੂੰ ਮਿਲਿਆ ਸੀ। ਉਸ ਸਮੇਂ ਇਹ ਇੰਨਾ ਵੱਡਾ ਤਣਾਅ ਸੀ ਕਿ ਭਾਰਤ ਦੇ ਸੀਨੀਅਰ ਅਫ਼ਸਰਾਂ ਨੇ ਕਈ ਦਿਨਾਂ ਤੱਕ ਇਲਾਵੇ ਵਿੱਚ ਰਹਿ ਕੇ ਮਸਲੇ ਨੂੰ ਸੁਲਝਾਇਆ ਸੀ। ਇਨ੍ਹਾਂ ਅਧਿਕਾਰੀਆਂ ਵਿੱਚ 17ਵੀਂ ਡਿਵੀਜ਼ਨ ਦੇ ਜਨਰਲ ਆਫ਼ੀਸਰ ਕਮਾਂਡਿੰਗ ਵੀ ਸ਼ਾਮਲ ਸਨ। ਦੋਨਾਂ ਦੇਸ਼ਾਂ ਦੇ ਸੈਨਿਕਾਂ ਦਰਮਿਆਨ ਧੱਕਾਮੁੱਕੀ ਦੀ ਘਟਨਾ ਤੋਂ ਬਾਅਦ ਵਿਦੇਸ਼ ਮੰਤਰਾਲਾ ਅਤੇ ਦਿੱਲੀ ਸਥਿਤ ਫ਼ੌਜ ਦੇ ਮੁੱਖ ਦਫ਼ਤਰ ਵਿੱਚ ਵੀ ਹਲਚਲ ਚੱਲ ਰਹੀ ਹੈ।
ਦਰਅਸਲ ਚੀਨੀ ਫ਼ੌਜ ਇਸ ਇਲਾਕੇ ਵਿੱਚ ਸੜਕ ਨਿਰਮਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਚੀਨ ਪਹਿਲਾਂ ਹੀ ਬੇਹੱਦ ਅਹਿਮ ਮੰਨੇ ਜਾਣ ਵਾਲੇ ਚੁੰਬੀ ਘਾਟੀ ਇਲਾਕੇ ਵਿੱਚ ਸੜਕ ਬਣਾ ਚੱਕਿਆ ਹੈ ਜਿਸ ਨੂੰ ਉਹ ਵਿਸਥਾਰ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਸੜਕ ਭਾਰਤ ਅਤੇ ਸਿਲੀਗੁੜੀ ਕਾਰੀਡੋਰ ਜਾਂ ਕਥਿਤ ਚਿਕਨ ਨੇਕ ਇਲਾਕੇ ਤੋਂ ਮਹਿਜ ਪੰਜ ਕਿਲੋਮੀਟਰ ਦੂਰ ਹੈ।