ਲੋਕਡਾਊਨ ਕਰਕੇ ਪਿੰਡ ਵਿੱਚ ਨਾਕਾ ਲਗਾ ਕੇ ਡਿਊਟੀ ਕਰੇ ਰਹੇ ਮ੍ਰਿਤਕ ਜੱਜ ਸਿੰਘ ਦੇ ਪਰਿਵਾਰ ਨੂੰ ਸਰਕਾਰ ਦੇਵੇ ਮੁਆਵਜ਼ਾ

ਖਾਲੜਾ  : ਅੱਜ ਦੁਨੀਆਂ ਭਰ ਵਿਚ ਕਰੋਨਾ ਵਾਇਰਸ ਕਰਕੇ ਜਿਥੇ ਮਹਾਂਮਾਰੀ ਫੈਲੀ ਹੋਈ ਹੈ । ਉਥੇ ਸਮਾਜਸੇਵੀ ਸੰਸਥਾਵਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸਰਕਾਰਾਂ ਦਾ ਸਾਥ ਦਿੰਦਿਆਂ ਇਸ ਲੜੀ ਜਾ ਰਹੀ ਲੜਾਈ ਵਿਚ ਡੱਟ ਕੇ ਸਾਥ ਦਿੱਤਾ ਜਾ ਰਿਹਾ ਹੈ।ਇਸੇ ਅਧੀਨ ਪਿਛਲੇ ਦਿਨੀਂ ਪਿੰਡ ਕਿਲੀ ਬੋਦਲਾਂ (ਫਿਰੋਜਪੁਰ) ਵਿਖੇ ਪੁਲਿਸ ਪ੍ਰਸ਼ਾਸ਼ਨ ਅਤੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਨ ਕਰਦਿਆਂ  27-28 ਸਾਲ ਦੇ ਨੌਜੁਆਨ ਜੱਜ ਸਿੰਘ ਜੋ ਕਿ ਆਪਣੇ ਪਿੰਡ ਨੂੰ ਲੋਕਡਾਊਨ ਕਰਕੇ ਨਾਕਾ ਲਗਾ ਕੇ ਡਿਊਟੀ ਦੇ ਰਿਹਾ ਸੀ।ਇਸ ਦੌਰਾਨ ਕੁੱਝ ਖਰੂਦੀਆਂ ਸਮਾਜ ਵਿਰੋਧੀ ਅਨਸਰਾਂ ਵੱਲੋਂ ਰਾਤ ਦੇ ਸਮੇਂ ਨਾਕਾ ਤੌੜ ਕੇ ਪਿੰਡ ਵੜਨ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਜੱਜ ਸਿੰਘ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਗੋਲੀਆਂ ਮਾਰ ਕੇ ਡਿਊਟੀ ਤੇ ਡਟੇ ਪਿੰਡ ਵਾਸੀ ਜੱਜ ਸਿੰਘ ਨੂੰ ਥਾਂ ਤੇ ਹੀ ਢੇਰੀ ਕਰ ਦਿਤਾ ਗਿਆ।ਵਰਣਨਯੋਗ ਹੈ ਕਿ ਜੱਜ ਸਿੰਘ ਜੋ ਕਿ ਪਿੰਡ ਸਭਰਾ ਜਿਲਾ ਤਰਨ ਤਾਰਨ ਵਿਖੇ ਨਾਟਕਕਾਰ ਭਾਈ ਕਰਨੈਲ ਸਿੰਘ ਪੰਥ ਦਰਦੀ ਦਾ ਜਵਾਈ ਸੀ ।ਉਹ ਆਪਣੇ ਪਿਛੇ ਪਤਨੀ ਰਾਜਬੀਰ ਕੌਰ ਅਤੇ ਦੋ ਬੱਚੇ ਜਿਹਨਾਂ ਵਿਚ ਇਕ ਲੜਕੀ ਢਾਈ ਸਾਲ ਅਤੇ ਇਕ ਲੜਕਾ ਜੋ ਕਿ ਚਾਰ ਮਹੀਨਿਆਂ ਦਾ ਹੈ ਛੱਡ  ਗਿਆ ਹੈ।ਇਹ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੈ।ਇਸ ਸਬੰਧੀ ਗੱਲ ਕਰਦਿਆਂ ਉਘੇ ਪ੍ਰਚਾਰਕ ਭਾਈ ਸੰਦੀਪ ਸਿੰਘ ਖਾਲੜਾ, ਭਾਈ ਚਮਕੌਰ ਸਿੰਘ ਸਭਰਾ, ਭਾਈ ਕੁਲਵਿੰਦਰ ਸਿੰਘ ਸਭਰਾ, ਭਾਈ ਗੁਰਸ਼ਰਨ ਸਿੰਘ ਡੱਲ, ਭਾਈ ਕਰਨਬੀਰ ਸਿੰਘ ਨਾਰਲੀ ਨੇ ਕਿਹਾ ਕਿ ਭਾਵੇਂ ਪੁਲਿਸ ਵੱਲੋਂ ਦੋਸ਼ੀਆਂ ਨੂੰ ਫੜ ਲਿਆ ਗਿਆ ਹੈ।ਪਰ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਪਾਸ ਬੇਨਤੀ ਹੈ ਕਿ ਉਹ ਕੋਵਿਡ 19 ਸਬੰਧੀ ਵਿੱਢੀ ਇਸ ਜੰਗ ਵਿਚ ਤਨਦੇਹੀ ਨਾਲ ਹਿੱਸਾ ਲੈ ਰਹੇ ਅਤੇ ਆਪਣੇ ਪ੍ਰਾਣਾਂ ਦੀ ਅਹੁਤੀ ਦੇਣ ਵਾਲੇ ਜੱਜ ਸਿੰਘ ਦੇ ਪ੍ਰੀਵਾਰ ਨੂੰ 50 ਲੱਖ ਰੁਪਏ ਮੁਆਵਜਾ ਅਤੇ ਉਸ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੀ ਕਿਰਪਾਲਤਾ ਕਰੇ।ਇਸ ਨਾਲ ਇਕ ਤਾਂ ਇਸ ਜੰਗ ਵਿਚ ਹਿੱਸਾ ਲੈਣ ਵਾਲਿਆਂ ਦਾ ਮਨੋਬਲ ਉੱਚਾ ਹੋਵੇਗਾ।ਦੂਜਾ ਮ੍ਰਿਤਕ (ਸ਼ਹੀਦ) ਜੱਜ ਸਿੰਘ ਦਾ ਪ੍ਰੀਵਾਰ ਆਪਣਾ ਪਾਲਣ ਪੋਸਣ ਕਰ ਲਵੇਗਾ।

Leave a Reply

Your email address will not be published. Required fields are marked *