ਲਾਹੌਰ ਦੀ ਹਵਾ ਇੰਝ ਸੀ ਜਿਵੇਂ ਕੋਈ ਕੈਮੀਕਲ ਬੰਬ ਸੁੱਟ ਗਿਆ ਹੋਵੇ

ਲਾਹੌਰ ਦੀ ਹਵਾ ਵਿੱਚ ਪਿਛਲੇ 2-3 ਤਿੰਨ ਮਹੀਨਿਆਂ ਤੋਂ ਜ਼ਹਿਰ ਫੈਲਿਆ ਹੋਇਆ ਹੈ ਪਰ ਲਾਹੌਰੀਆਂ ਨੂੰ ਕੋਈ ਖ਼ਾਸ ਪਰਵਾਹ ਨਹੀਂ।
ਲਾਹੌਰ ਬਚਪਨ ਤੋਂ ਵੇਖਿਆ ਹੈ, ਦਰਿਆ ਰਾਵੀ ਵਿੱਚ ਤਾਰੀ ਵੀ ਲਾਈ ਹੈ, ਦਾਤਾ ਦਰਬਾਰ ਦੇ ਲੰਗਰ ਵਿੱਚ ਦੁੱਧ ਵੀ ਪੀਤਾ ਹੈ ਪਰ ਪਿਛਲੇ ਕੁਝ ਸਾਲਾਂ ਵਿੱਚ ਇੰਨਾ ਹੀ ਜਾਣਾ ਹੁੰਦਾ ਸੀ ਕਿ ਏਅਰਪੋਰਟ ਤੋਂ ਉਤਰੇ ਸਿੱਧੇ ਪਿੰਡ ਤੁਰ ਗਏ।
ਇਸ ਵਾਰ 10 ਦਿਨਾਂ ਦਾ ਪਲਾਨ ਸੀ, ਛੋਟਾ ਪੁੱਤਰ ਵੀ ਨਾਲ ਸੀ ਤੇ ਮੈਂ ਸੋਚਿਆ ਕਿ ਮੁੰਡੇ ਨੂੰ ਰੱਜ ਕੇ ਲਾਹੌਰ ਦਿਖਾਵਾਂਦੇ। ਪਰ ਬਾਦਸ਼ਾਹੀ ਮਸਜਿਦ, ਸ਼ਾਲਾਮਾਰ ਬਾਗ਼, ਲਾਹੌਰ ਵਿੱਚ ਵੱਡੇ-ਵੱਡੇ ਪਾਰਕ ਨੇ ਉੱਥੇ ਖੇਡਾਂਗੇ।
ਜਦੋਂ ਏਅਰਪੋਰਟ ਤੋਂ ਨਿਕਲੇ ਤਾਂ ਹਵਾ ਕੌੜੀ ਜਿਹੀ ਲੱਗੀ, ਸਾਹ ਲੈਣਾ ਔਖਾ ਇੰਝ ਲੱਗੇ ਜਿਵੇਂ ਗਲੇ ਦੇ ਅੰਦਰ ਕੁਝ ਉਸਤਰੇ ਜਿਹੇ ਫਿਰ ਰਹੇ ਹੋਣ।
ਟੈਕਸੀ ਵਾਲੇ ਨੂੰ ਪੁੱਛਿਆ ਕਿ ਇਹ ਕੀ ਮਾਹੌਲ ਹੈ, ਕਹਿੰਦਾ ਧੁੰਦ ਛਾਈ ਹੈ ਪਰ ਲਾਹੌਰ ਦੀ ਧੁੰਦ ਤਾਂ ਅਸੀਂ ਵੀ ਵੇਖੀ ਹੈ, ਉਹ ਤੇ ਸੋਹਣੀ ਹੁੰਦੀ ਸੀ।
ਉਸ ਧੁੰਦ ਵਿੱਚ ਸ਼ਹਿਰ ਬਲੈਕ ਐਂਡ ਵ੍ਹਾਈਟ ਫਿਲਮ ਵਾਂਗ ਜਾਪਦਾ ਸੀ, ਉਸ ਧੁੰਦ ਦੇ ਅੰਦਰ ਤਾਂ ਅਸੀਂ ਲੁਕਣ-ਲੁਕਾਈ ਵੀ ਖੇਡ ਲੈਂਦੇ ਸੀ। ਇਹ ਤਾਂ ਇੰਝ ਲੱਗੇ ਜਿਵੇਂ ਲਾਹੌਰ ‘ਤੇ ਕੋਈ ਕੈਮੀਕਲ ਬੰਬ ਸੁੱਟ ਗਿਆ ਹੋਵੇ।
ਲਾਹੌਰ ਦੇ ਢਾਈ ਕੁ ਯਾਰ ਰੌਲਾ ਪਾਉਂਦੇ ਰਹਿੰਦੇ ਨੇ ਕਿ ਇਹ ਪ੍ਰਦੁਸ਼ਣ ਜੇ, ਸਮਾਗ ਜੇ, ਇਹ ਬੜਾ ਖ਼ਤਰਨਾਕ ਹੈ।
ਹਕੂਮਤ ਨੂੰ ਕੋਈ ਫਿਕਰ ਨਹੀਂ ਤੇ ਇਨ੍ਹਾਂ ਯਾਰਾਂ ਨੇ ਆਪਣੇ ਹੀ ਮੀਟਰ ਲਗਾਏ ਨੇ, ਜੋ ਦੱਸਦੇ ਰਹਿੰਦੇ ਹਨ ਕਿ ਜਿੰਨਾਂ ਕੁ ਹਵਾ ‘ਚ ਜ਼ਹਿਰ ਹੋਣਾ ਚਾਹੀਦਾ ਹੈ ਇਹ ਉਸ ਤੋਂ 2 ਗੁਣਾ ਨਹੀਂ, 10 ਗੁਣਾ ਨਹੀਂ, 20 ਗੁਣਾ ਜ਼ਿਆਦਾ ਹੈ।
ਬਾਹਰ ਜਾਣ ਤੋਂ ਪਹਿਲਾਂ ਮਾਸਕ
ਜਿਹੜੇ ਖਰੀਦ ਸਕਦੇ ਨੇ ਉਨ੍ਹਾਂ ਨੇ ਆਪਣੇ ਕਮਰਿਆਂ ਵਿੱਚ ਹਵਾ ਸਾਫ਼ ਕਰਨ ਵਾਲੀਆਂ ਮਸ਼ੀਨਾਂ ਲਗਾਈਆਂ ਹਨ।
ਮੈਨੂੰ ਇੱਕ ਯਾਰ ਨੇ ਆਖਿਆ ਕਿ ਬੱਚੇ ਬਾਹਰ ਲੈ ਕੇ ਜਾਣਾ ਹੋਵੇ ਤਾਂ ਪਹਿਲਾਂ ਮਾਸਕ ਜ਼ਰੂਰ ਪਵਾ ਲੈਣਾ।
ਬਾਹਰ ਕੀ ਜਾਣਾ ਸੀ, ਮੈਂ 10 ਦਿਨ ਰਿਹਾ ਤੇ ਕਿਸੇ ਪਾਰਕ ਦੀ ਸ਼ਕਲ ਵੀ ਨਹੀਂ ਦੇਖੀ, ਕਿਉਂਕਿ ਜੇ ਬਾਹਰ ਨਿਕਲੋ ਤਾਂ ਹਰ ਪਾਸੇ ਟਰੈਫਿਕ ਜਾਮ ਸੀ।
ਲਾਹੌਰ ਦੀਆਂ ਸੜਕਾਂ ਬਹੁਤ ਚੌੜੀਆਂ ਕਰ ਦਿੱਤੀਆਂ ਗਈਆਂ ਹਨ, ਓਵਰ ਹੈੱਡ ਬਰਿਜ ਦੇ ਉੱਤੇ ਓਵਰ ਹੈੱਡ ਬਰਿਜ ਚੜ੍ਹਿਆ ਹੈ ਪਰ ਗੱਡੀਆਂ ਇੰਨੀਆਂ ਨੇ ਕਿ ਟਰੈਫਿਕ ਹਿਲਦਾ ਹੈ।
ਇੰਝ ਜਾਪੇ ਜਿਵੇਂ ਪੂਰਾ ਲਾਹੌਰ ਖਲੌਤੀਆਂ ਗੱਡੀਆਂ ਦੇ ਐਕਸੀਲੇਟਰ ਦੱਬੀ ਜਾ ਰਿਹਾ ਤੇ ਹਵਾ ਵਿੱਚ ਹੋਰ ਜ਼ਹਿਰ ਸੁੱਟੀ ਜਾ ਰਿਹਾ ਹੈ ਤੇ ਫਿਰ ਉਹੋ ਹੀ ਹਵਾ ਫਿਰ ਫੱਕੀ ਜਾ ਰਿਹਾ ਹੈ।
ਪਾਣੀ ਦਾ ਹਸ਼ਰ
ਹਵਾ ਦਾ ਹੀ ਨਹੀਂ ਪਾਣੀ ਦਾ ਵੀ ਅਸੀਂ ਇਹੀ ਹਸ਼ਰ ਕੀਤਾ। ਪਿਛਲੇ ਸਾਲ ਇੱਕ ਜਵਾਨ ਨੂੰ ਆਖਿਆ ਕਿ ਬੜੇ ਅਰਸੇ ਤੋਂ ਦਰਿਆ ਰਾਵੀ ਨਹੀਂ ਦੇਖਿਆ ਮੈਨੂੰ ਰਾਵੀ ਦਿਖਾਓ… ਲੈ ਗਿਆ।
ਕੋਲ ਅਪੜੇ ਤੇ ਬੋਅ ਜਿਹੀ ਆਉਣੀ ਸ਼ੁਰੂ ਹੋ ਗਈ, ਮੈਂ ਕਿਹਾ ਬਈ ਇਹ ਕੀ ਹੈ, ਕਹਿੰਦਾ ਆਪੇ ਹੀ ਵੇਖ ਲੈਣਾ…ਅੱਪੜੇ ਤੇ ਦਰਿਆ ਦੀ ਜਗ੍ਹਾਂ ‘ਤੇ ਇੱਕ ਪਤਲਾ ਜਿਹਾ, ਗੰਦਾ ਜਿਹਾ ਨਾਲਾ ਸੀ।ਇਹ ਓਹੀ ਹੀ ਰਾਵੀ ਹੈ, ਜੋ ਅੱਧੇ ਪੰਜਾਬ ਨੂੰ ਪਾਣੀ ਦਿੰਦਾ ਸੀ। ਹੁਣ ਇੰਨੀ ਤਰੱਕੀ ਕਰ ਲਈ ਹੈ ਕਿ ਹਰੇਕ ਬੰਦਾ ਗੱਡੀ ਲਈ ਫਿਰਦਾ, ਨਾਲ ਹੀ ਅਸੀਂ ਦਰਿਆਵਾਂ ਨੂੰ ਗੰਦੇ ਨਾਲੇ ਬਣਾ ਛੱਡਿਆ ਤੇ ਹਵਾ ਵਿੱਚ ਜ਼ਹਿਰ ਘੋਲ ਦਿੱਤਾ।
ਇੱਕ ਦਿਨ ਹਿੰਮਤ ਕਰਕੇ ਬੱਚੇ ਨੂੰ ਲਾਹੌਰ ਦੇ ਚਿੜੀਆ ਘਰ ਲੈ ਗਿਆ। ਉੱਥੇ ਬੱਬਰ ਸ਼ੇਰ, ਬਾਂਦਰ ਤੇ ਦੂਜੇ ਜਾਨਵਰ ਲੱਤਾਂ ਉੱਚੀਆਂ ਕਰਕੇ ਪਏ ਹੋਏ ਸੀ ਤੇ ਲਗਦਾ ਸੀ ਕਿ ਇਨਸਾਨਾਂ ਨੂੰ ਇਹ ਕਹਿ ਰਹੇ ਹੋਣ ਕਿ ਠੀਕ ਹੈ ਲਾਹੌਰ, ਲਾਹੌਰ ਹੈ…ਤੁਸੀਂ ਸਾਨੂੰ ਜੰਗਲਾਂ ‘ਚੋਂ ਲਿਆ ਕੇ ਇੱਥੇ ਕੈਦ ਕਰ ਛੱਡਿਆ… ਹੁਣ ਸਾਹ ਤੇ ਲੈਣ ਦਿਓ।

Leave a Reply

Your email address will not be published. Required fields are marked *