ਰੰਗਾਂ ਨੂੰ ਗੱਲਾਂ ਕਰਦੇ ਤੱਕਿਆ ਜਾ ਸਕਦਾ ਹੈ | ਬਸ, ਰਤਾ ਧਿਆਨ ਦੇਣ ਦੀ ਲੋੜ ਹੈ | ਤੁਹਾਨੂੰ ਉਨ੍ਹਾਂ ਦੀ ਗੱਲ ਸਮਝ ਆ ਜਾਵੇਗੀ | ਸਵੇਰੇ-ਸਵੇਰੇ ਜਦੋਂ ਸਾਡੀਆਂ ਅੱਖਾਂ ਹਰਿਆਲੀ ਤੱਕ ਕੇ ਤਾਜ਼ਗੀ ਮਹਿਸੂਸ ਕਰਦੀਆਂ ਹਨ ਤਾਂ ਤੁਹਾਨੂੰ ਲੱਗੇਗਾ ਕਿ ਹਰਾ ਰੰਗ ਕੁਝ ਕਹਿ ਰਿਹਾ ਹੈ | ਸੈਨਤਾਂ ਮਾਰ ਰਿਹਾ ਹੈ, ਜਿਵੇਂ ਕਹਿ ਰਿਹਾ ਹੋਵੇ, ‘ਮੈਨੂੰ ਤੱਕੋ ਅਤੇ ਸੁਸਤੀ ਦੂਰ ਭਜਾਓ |’ ਰੰਗਾਂ ਦੀ ਭਾਸ਼ਾ ਸਾਡੀਆਂ ਗਿਆਨ ਇੰਦਰੀਆਂ ਭਲੀ ਭਾਂਤ ਸਮਝਦੀਆਂ ਹਨ | ਇਨ੍ਹਾਂ ਗਿਆਨ ਇੰਦਰੀਆਂ ਦੀਆਂ ਸਰਦਾਰ ਹਨ ਸਾਡੀਆਂ ਅੱਖਾਂ | ਜਿਹੜੀਆਂ ਰੰਗਾਂ ਦਾ ਪ੍ਰਭਾਵ ਸਾਡੇ ਅਹਿਸਾਸ ਤੱਕ ਪਹੁੰਚਾਉਂਦੀਆਂ ਹਨ | ਲਾਲ ਰੰਗ ਦੀ ਸਾਂਝ ਸਾਡੇ ਸਰੀਰ ਵਿਚ ਦੌੜਦੇ ਲਹੂ ਨਾਲ ਹੈ | ਇਸੇ ਕਰਕੇ ਸ਼ਾਇਦ ਖ਼ਤਰਨਾਕ ਥਾਵਾਂ ਤੋਂ ਜ਼ਿੰਦਗੀ ਨੂੰ ਮਹਿਫੂਜ਼ ਰੱਖਣ ਲਈ ਲਾਲ ਰੰਗ ਨਾਲ ਖਤਰੇ ਦੇ ਨਿਸ਼ਾਨ ਬਣਾਏ ਜਾਂਦੇ ਹਨ | ਡਾਕਟਰੀ ਦਾ ਸਬੰਧ ਵੀ ਜ਼ਿੰਦਗੀ ਦਾ ਬਚਾਓ ਕਰਨ ਨਾਲ ਹੀ ਹੈ | ਡਾਕਟਰੀ ਦਾ ਚਿੰਨ੍ਹ ‘ਜਮ੍ਹਾਂ ਦਾ ਨਿਸ਼ਾਨ’ ਇਸੇ ਲਈ ਲਾਲ ਰੰਗ ਨਾਲ ਬਣਿਆ ਹੁੰਦਾ ਹੈ |
ਚੁੱਪ ਰਹਿ ਕੇ ਵੀ ਰੰਗ ਆਪਣੀ ਚਮਕ, ਖਿੱਚ ਅਤੇ ਅਸਰ ਸਦਕਾ ਉੱਚੀ-ਉੱਚੀ ਬੋਲਦੇ ਮਹਿਸੂਸ ਕੀਤੇ ਜਾ ਸਕਦੇ ਹਨ | ਖੇਤਾਂ ‘ਚ ਖਿੜੀ ਸਰ੍ਹੋਂ ਦਾ ਨਜ਼ਾਰਾ ਤੱਕਣਾ ਕਿਧਰੇ, ਸਰ੍ਹੋਂ ਦੇ ਫੁੱਲਾਂ ਦੀ ਪੀਲੇ ਰੰਗ ਦੀ ਭਾਅ ਤੁਹਾਡੇ ਜੀਅ ਨੂੰ ਬੰਨ੍ਹ ਕੇ ਬਿਠਾ ਲੈਂਦੀ ਹੈ | ਇਹੋ ਪੀਲੀ ਭਾਅ ਕਿਸੇ ਖੂਬਸੂਰਤ ਮੁਟਿਆਰ ਦੇ ਗੋਰੇ ਮੁੱਖ ‘ਤੇ ਵੀ ਘੁਲੀ ਤੱਕੀ ਜਾ ਸਕਦੀ ਹੈ | ਬਸੰਤੀ ਰੰਗ ਵੀਰਤਾ, ਬਹਾਦਰੀ ਨਾਲ ਜਿਊਣ ਦਾ ਵਲ ਸਿਖਾਉਂਦਾ ਹੈ | ਜਦੋਂ ਅਸੀਂ ਸ਼ਹੀਦਾਂ ਦੀਆਂ ਕੁਰਬਾਨੀਆਂ ਜਾਂ ਉਨ੍ਹਾਂ ਦੀ ਬਹਾਦਰੀ ਵੱਲ ਧਿਆਨ ਧਰਦੇ ਹਾਂ ਤਾਂ ਸਾਡੇ ਚਿੱਤ ‘ਚ ਕੇਸਰੀ, ਬਸੰਤੀ ਰੰਗ ਘੁਲ ਜਾਂਦੇ ਹਨ | ਨੀਲਾ ਫਿੱਕਾ, ਆਸਮਾਨੀ ਰੰਗ ਮਨੁੱਖ ਦੀ ਸੋਚ ਨੂੰ ਵਿਸ਼ਾਲਤਾ ਦਾ ਅਹਿਸਾਸ ਕਹਾਉਂਦਾ ਹੈ | ਸਾਡੇ ਸਿਰਾਂ ‘ਤੇ ਫੈਲਿਆ ਨੀਲਾ ਆਸਮਾਨ ਇਸ ਵਿਸ਼ਾਲਤਾ ਦੀ ਵੱਡੀ ਮਿਸਾਲ ਹੈ |
ਸਫੇਦ ਰੰਗ ਉੱਚੀ-ਉੱਚੀ ਕੂਕੇ, ‘ਮੈਨੂੰ ਧਾਰਨ ਕਰੋ | ਮੈਂ ਤੁਹਾਨੂੰ ਪਵਿੱਤਰਤਾ ਦਾ ਲਜਵਾਬ ਅਹਿਸਾਸ ਬਖ਼ਸ਼ਾਂਗਾ |’ ਸਫੇਦ ਰੰਗ ਸਫਾਈ ਅਤੇ ਸੁੱਚਮਤਾ ਨਾਲ ਜ਼ਿੰਦਗੀ ਜਿਊਣ ਦੀ ਪ੍ਰੇਰਨਾ ਦਿੰਦਾ ਹੈ | ਇਹ ਰੰਗ ਸਾਦਗੀ ਨਾਲ ਜਿਊਣ ਲਈ ਕਹਿੰਦਾ ਹੈ | ਜ਼ਿੰਦਗੀ ਦੇ ਹਰਖ-ਸੋਗ ਤੋਂ ਮੁਕਤ ਹੋ ਚੁੱਕੇ ਰੱਬ ਦੇ ਪਿਆਰੇ ਸਫੇਦ ਰੰਗ ਦੇ ਬਸਤਰਾਂ ਨੂੰ ਆਪਣਾ ਪੱਕਾ ਪਹਿਰਾਵਾ ਬਣਾਉਂਦੇ ਹਨ | ਜਦੋਂ ਕਿਧਰੇ ਮੌਤ ਦੀ ਸਫ਼ ਵਿਛਦੀ ਹੈ ਤਾਂ ਇਹ ਸਫੇਦ ਰੰਗ ਹੀ ਇਸ ਨੂੰ ਸਹੀ ਰੂਪ ਵਿਚ ਪ੍ਰਦਰਸ਼ਿਤ ਕਰਦਾ ਹੈ |
ਰੰਗਾਂ ਦੀ ਮਹਾਨ ਸਾਜ਼ਗਾਰ ਕੁਦਰਤ ਹੈ | ਕਿਸੇ ਕੁਸ਼ਲ ਮਾਹਿਰ ਚਿੱਤਰਕਾਰ ਵਾਂਗ ਕੁਦਰਤ ਰੰਗ ‘ਚ ਰੰਗ ਮਿਲਾ ਕੇ ਨਵੇਂ ਰੰਗ ਸਿਰਜਦੀ ਹੈ | ਸਿਆਣਾ ਚਿੱਤਰਕਾਰ ਕੁਦਰਤ ਦੇ ਰੰਗਾਂ ਦੇ ਖੇਲ ਨੂੰ ਸਮਝਿਆ ਜਾਂਦਾ ਹੈ | ਇਸੇ ਲਈ ਕਿਹਾ ਜਾਂਦਾ ਹੈ ਕਿ ਸੱਚਾ-ਸੁੱਚਾ ਚਿੱਤਰਕਾਰ ਰੰਗਾਂ ਨਾਲ ਸੰਵਾਦ ਰਚਾਉਂਦਾ ਹੈ | ਰੰਗ ਉਸ ਨਾਲ ਆਪਣਾ ਭੇਦ ਸਾਂਝਾ ਕਰਦੇ ਹਨ | ਰੰਗ ਸਮਰਪਿਤ ਮਨੁੱਖ ਨਾਲ ਜ਼ਬਾਨ ਸਾਂਝੀ ਕਰਦੇ ਹਨ | ਜਿਹਦੇ ਲਈ ਇਨ੍ਹਾਂ ਦਾ ਕੋਈ ਮਹੱਤਵ ਨਹੀਂ ਉਹ ਨਹੀਂ ਸੁਣ ਸਕਦਾ, ਇਨ੍ਹਾਂ ਦੀ ਵਾਰਤਾਲਾਪ | ਰੰਗ ਪ੍ਰੇਮ-ਪਿਆਰ, ਇਸ਼ਕ ਮੁਹੱਬਤ ਦੇ ਤਲਬਗਾਰ ਹਨ | ਰੰਗਾਂ ਦੀ ਬੋਲੀ ਦੀ ਖਿੱਚ ਅਤੇ ਖਾਸੀਅਤ ਇਹ ਹੈ ਕਿ ਬੰਦਾ ਜ਼ਰਾ ਕੁ ਧਿਆਨ ਦੇਵੇ ਸਹੀ ਇਹ ਬੋਲੀ ਉਸ ਦੀ ਆਤਮਾ ਨਾਲ ਸਾਂਝ ਪਾ ਲੈਂਦੀ ਹੈ | ਇਸੇ ਲਈ ਹਰ ਕੋਈ ਆਪਣੇ ਪਹਿਰਾਵੇ ਲਈ ਕੱਪੜੇ ਖਰੀਦਣ ਸਮੇਂ ਰੰਗਾਂ ਦੀ ਭਾਸ਼ਾ ਮੁਤਾਬਿਕ ਕੱਪੜੇ ਦਾ ਰੰਗ ਚੁਣਦਾ ਹੈ ਕਈ ਬੰਦੇ ਭੜਕੀਲੇ ਰੰਗ ਅਤੇ ਕਈ ਸ਼ਾਂਤ-ਚਿੱਤ ਰੱਖਣ ਵਾਲੇ ਰੰਗਾਂ ਨਾਲ ਸੰਤੁਸ਼ਟੀ ਮਹਿਸੂਸ ਕਰਦੇ ਹਨ | ਰੰਗ ਮਨੁੱਖ ਦੀ ਮਾਨਸਿਕਤਾ ਅਨੁਸਾਰ ਉਸ ਤੋਂ ਦੂਰ ਅਤੇ ਨੇੜੇ ਹੁੰਦੇ ਹਨ | ਪਾਪੀ ਮਾਨਸਿਕਤਾ ਵਾਲੇ ਨੂੰ ਕਾਲਾ ਰੰਗ ਵਧੇਰੇ ਰਾਸ ਆਉਂਦਾ ਹੈ | ਸ਼ੈਤਾਨੀ ਤਾਕਤਾਂ ਕਾਲੇ ਹਨੇਰੇ ਦਾ ਸਾਥ ਸਦਾ ਭਾਲਦੀਆਂ ਰਹਿੰਦੀਆਂ ਹਨ |
ਵੱਖ-ਵੱਖ ਧਰਮਾਂ ਨੇ ਵੀ ਰੰਗਾਂ ਦੀ ਬੋਲੀ ਨੂੰ ਸਵੀਕਾਰਿਆ ਹੈ | ਖਾਲਸਾ ਪੰਥ ਦੀ ਵਿਚਾਰਧਾਰਾ ਨੂੰ ਕੇਸਰੀ, ਨੀਲਾ ਅਤੇ ਪੀਲਾ ਰੰਗ ਬਾਖੂਬੀ ਬਿਆਨਦਾ ਹੈ | ਮੁਸਲਮਾਨ ਕੌਮ ਹਰੇ ਰੰਗ ਦੀਆਂ ਚਾਦਰਾਂ ਪੀਰਾਂ-ਫਕੀਰਾਂ ਦੀਆਂ ਦਰਗਾਹਾਂ ‘ਤੇ ਚੜ੍ਹਾ ਕੇ ਆਪਣੀ ਸ਼ਰਧਾ ਦਾ ਇਜ਼ਹਾਰ ਕਰਦੀ ਹੈ | ਸਿੱਖ ਧਰਮ ‘ਚ ਹੋਏ ਨਿਰਮਲੇ ਸੰਤ ਮਹਾਂਪੁਰਸ਼ ਸਫੇਦ ਰੰਗ ਦੇ ਬਸਤਰ ਪਹਿਨਦੇ ਹਨ | ਇਹ ਚਿੱਟਾ ਰੰਗ ਉਨ੍ਹਾਂ ਦੀ ਪਰਮਾਤਮਾ ਨਾਲ ਇਕਮਿਕ ਹੋਈ ਆਤਮਾ ਦਾ ਝਲਕਾਰਾ ਹੈ | ਸੰਨਿਆਸੀਆਂ ਦੇ ਗੇਰੂਏ ਬਸਤਰ ਉਨ੍ਹਾਂ ਦੇ ਰੱਬ ਦੇ ਰੰਗ ‘ਚ ਰੰਗੇ ਹੋਣ ਦੀ ਨਿਸ਼ਾਨੀ ਹੈ | ਇਸਾਈ ਲੋਕ ਸਫੇਦ ਰੰਗ ਨੂੰ ਆਪਣੇ ਧਰਮ ਨਾਲ ਜੋੜਦੇ ਹਨ | ਜੈਨੀ ਵੀ ਇਸੇ ਰੰਗ ਨੂੰ ਮਹੱਤਵ ਦਿੰਦੇ ਹਨ |
ਕਿਸੇ ਵੀ ਮੁਲਕ ਦੇ ਕੌਮੀ ਝੰਡੇ ਵਿਚ ਰੰਗਾਂ ਦੀ ਵਰਤੋਂ ਇਨ੍ਹਾਂ ਦੀ ਭਾਸ਼ਾ ਨੂੰ ਸਮਝਕੇ ਕੀਤੀ ਜਾਂਦੀ ਹੈ | ਸਾਡੇ ਕੌਮੀ ਝੰਡੇ ਤਿਰੰਗੇ ਦੇ ਤਿੰਨੋਂ ਰੰਗ ਵੱਖ-ਵੱਖ ਸੁਨੇਹੇ ਦਿੰਦੇ ਹਨ | ਜਿਹੜੇ ਦੇਸ਼ ਵਾਸੀਆਂ ਦੇ ਮਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਸੰਚਾਰਦੇ ਹਨ | ਇਸੇ ਲਈ ਕਿਹਾ ਜਾਂਦਾ ਹੈ ਕਿ ਰੰਗਾਂ ਬਿਨਾਂ ਜ਼ਿੰਦਗੀ ਅਧੂਰੀ ਹੈ | ਜਿਹੜੇ ਲੋਕ ਰੰਗਾਂ ਦੀ ਭਾਸ਼ਾ ‘ਚ ਦਿਲਚਸਪੀ ਨਹੀਂ ਲੈਂਦੇ ਉਹ ਜਾਂ ਤਾਂ ਦਿਮਾਗੀ ਨੁਕਸ ਦਾ ਸ਼ਿਕਾਰ ਹੁੰਦੇ ਹਨ ਜਾਂ ਹਾਲਾਤ ਦੇ ਸਤਾਏ ਹੁੰਦੇ ਹਨ | ਅੱਖਾਂ ਦੀ ਲੋਅ ਤੋਂ ਹੀਣੇ ਲੋਕਾਂ ਲਈ ਇਕੋ ਰੰਗ ਚਾਰੇ ਪਾਸੇ ਛਾਇਆ ਹੁੰਦਾ ਹੈ | ਉਹ ਹੈ ਕਾਲਾ ਰੰਗ | ਕਈ ਐਸੇ ਰੰਗ ਹਨ ਜਿਨ੍ਹਾਂ ਨੂੰ ਮਨੁੱਖੀ ਭਾਸ਼ਾ ਨਾਂਅ ਨਹੀਂ ਦੇ ਸਕੀ | ਇਹ ਕਹਿਣਾ ਕਿੰਨਾ ਸਹੀ ਅਤੇ ਢੁਕਵਾਂ ਹੈ ਕਿ, ‘ਰੰਗਾਂ ‘ਚ ਧੜਕਦੀ ਹੈ ਜ਼ਿੰਦਗੀ, ਜ਼ਿੰਦਗੀ ਨੂੰ ਧੜਕਣ ਦਿੰਦੇ ਰੰਗ |’
ਸੁਰਿੰਦਰ ਸਿੰਘ ਕਰਮ ਲਧਾਣਾ