ਰੋਟੀ ਲੱਭਣ ਗਏ ਮੌਤ ਨੂੰ ਜਾ ਮਿਲੇ

MALTA
ਫੋਟੋ ਕੈਪਸ਼ਨਮਨਦੀਪ ਦੀ ਭੈਣ ਨੇ ਦੱਸਿਆ ਜਦੋਂ ਭਰਾ ਘਰ ਆਇਆ ਉਹ ਕਮਜ਼ੋਰ ਹੋ ਗਿਆ ਸੀ ਤੇ ਬੜੀ ਮੁਸ਼ਕਿਲ ਨਾਲ ਚੱਲ ਰਿਹਾ ਸੀ

“ਮੈਂ ਆਪਣੇ ਸਾਹਮਣੇ ਕਿਸ਼ਤੀ ਨੂੰ ਡੁੱਬਦੇ ਦੇਖਿਆ ਸੀ। ਚਾਰੋ ਪਾਸੇ ਲਾਸ਼ਾਂ ਹੀ ਲਾਸ਼ਾਂ ਨਜ਼ਰ ਆ ਰਹੀਆਂ ਸਨ। ਕੁਝ ਤਾਂ ਵੱਢੇ ਹੀ ਗਏ ਤੇ ਕੁਝ ਡੁੱਬ ਗਏ…”

ਇਹ ਸ਼ਬਦ ਹਨ ਮਨਦੀਪ ਸਿੰਘ ਦੇ ਜੋ ਕਿ ਦਸੰਬਰ 1996 ਵਿੱਚ ਹੋਈ ਮਾਲਟਾ ਤ੍ਰਾਸਦੀ ਵਿੱਚ ਗਿਣੇ ਚੁਣੇ ਬਚਣ ਵਾਲਿਆਂ ਵਿੱਚੋਂ ਸਨ।

ਸਾਲ 1996 ਵਿੱਚ ਕ੍ਰਿਸਮਸ ਦੀ ਸਵੇਰ ਨੂੰ ਅਫ਼ਰੀਕਾ ਤੋਂ ਯੂਰਪ ਜਾਣ ਦੀ ਕੋਸ਼ਿਸ਼ ਕਰਦੇ ਮੁੰਡਿਆਂ ਦੀ ਕਿਸ਼ਤੀ ਸਮੁੰਦਰ ਵਿੱਚ ਡੁੱਬ ਗਈ ਸੀ। ਕੁੱਲ 270 ਮੌਤਾਂ ਹੋਈਆਂ ਸਨ ਜਿਨ੍ਹਾਂ ਵਿੱਚੋਂ 170 ਮੁੰਡੇ ਪੂਰਬੀ ਪੰਜਾਬ (ਭਾਰਤ), 40 ਮੁੰਡੇ ਪੱਛਮੀ ਪੰਜਾਬ (ਪਾਕਿਸਤਾਨ) ਅਤੇ 90 ਸ੍ਰੀਲੰਕਾ ਤੋਂ ਸਨ।

ਅੱਜ-ਕੱਲ੍ਹ ਮਨਦੀਪ ਸਿੰਘ ਇਟਲੀ ਵਿੱਚ ਆਪਣੀ ਪਤਨੀ ਤੇ ਦੋ ਬੱਚਿਆਂ ਨਾਲ ਰਹਿੰਦੇ ਹਨ। ਵਟਸਐਪ ਉੱਤੇ ਵੀਡੀਓ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਮਿਲਾਨ ਦੇ ਨੇੜੇ ਉਹ ਮੋਦਨਾ ਵਿਖੇ ਰਹਿੰਦੇ ਹਨ ਅਤੇ ਸੂਰਾਂ ਦੇ ਫਾਰਮ ਵਿੱਚ ਕੰਮ ਕਰਦੇ ਹਨ।

ਉਨ੍ਹਾਂ ਕਿਹਾ, “ਅੱਜ ਵੀ ਉਨ੍ਹਾਂ ਸਾਹਮਣੇ ਸਾਰੀ ਘਟਨਾ ਦੀ ਯਾਦ ਤਾਜ਼ਾ ਹੈ। ਸਵੇਰੇ ਚਾਰ ਵਜੇ ਦੀ ਗੱਲ ਸੀ। ਉਨ੍ਹਾਂ ਨੇ ਕਿਸ਼ਤੀ ਵਿੱਚ ਜ਼ਿਆਦਾ ਲੋਕ ਬੈਠਾ ਦਿੱਤੇ ਸਨ। ਇਹ ਉਨ੍ਹਾਂ ਦੀ ਲਾਪਰਵਾਹੀ ਸੀ।”

ਉਨ੍ਹਾਂ ਨੇ ਅੱਗੇ ਦੱਸਿਆ ਕਿ ਪਤਾ ਨਹੀਂ ਕਿਵੇਂ ਕਿਸ਼ਤੀ ਦੀ ਚੁੰਝ ਸ਼ਿੱਪ ਵਿੱਚ ਜਾ ਵੱਜੀ ਤੇ ਟੁੱਟ ਗਈ।

“ਪਾਣੀ ਅੰਦਰ ਆਉਣ ਲੱਗ ਪਿਆ। ਫੇਰ ਉਹਨਾਂ ਨੇ ਜਦੋਂ ਤੱਕ ਸ਼ਿਪ ਨੂੰ ਫ਼ੋਨ ਕੀਤਾ ਉਦੋਂ ਤੱਕ ਬੜੀ ਦੇਰ ਹੋ ਚੁੱਕੀ ਸੀ। ਕਿਸ਼ਤੀ ਡੁੱਬ ਚੁੱਕੀ ਸੀ। ਲੋਕ ਚੀਕਾਂ ਮਾਰ ਰਹੇ ਸਨ ਤੇ ਬਚਾਓ -ਬਚਾਓ ਦੀਆਂ ਆਵਾਜ਼ਾਂ ਆ ਰਹੀਆਂ ਸਨ।”

“ਲਾਸ਼ਾਂ ਹੀ ਲਾਸ਼ਾਂ ਦਿਸਦੀਆਂ ਸੀ ਚਾਰ ਚਫੇਰੇ। ਕੁੱਝ ਤਾਂ ਵੱਢੇ ਹੀ ਗਏ ਤੇ ਕੁੱਝ ਡੁੱਬ ਗਏ।’’

ਕਿਵੇਂ ਬਚਿਆ ਮਨਦੀਪ

ਇਹ ਪੁੱਛੇ ਜਾਣ ‘ਤੇ ਕਿ ਉਹ ਕਿਵੇਂ ਬੱਚ ਗਏ ਤਾਂ ਉਨ੍ਹਾਂ ਦੱਸਿਆ ਕਿ ਕਿਸ਼ਤੀ ਦੋ ਮੰਜ਼ਿਲਾਂ ਸੀ।

“ਅਸੀਂ ਉੱਪਰ ਬੈਠੇ ਸੀ ਜਿਹੜਾ ਕਿ ਖੁੱਲ੍ਹਾ ਸੀ। ਮੈਂ ਬਾਬਾ ਜੀ ਨੂੰ ਅਰਦਾਸ ਕੀਤੀ ਕਿ ਮੈਨੂੰ ਬਚਾ ਲਵੋ। ਜਾਨ ਬਚ ਜਾਵੇ ਤੇ ਮੈਂ ਭਾਰਤ ਵਾਪਸ ਚਲਾ ਜਾਵਾਂ। ਬੱਸ ਇੰਨੇ ਨੂੰ ਸ਼ਿਪ ਨੇੜੇ ਆ ਗਿਆ ਸੀ। ਕੁਦਰਤੀ ਮੇਰਾ ਹੱਥ ਉਸ ਨੂੰ ਪੈ ਗਿਆ। ਸ਼ਿਪ ਗਰੀਸ ਲਾ ਦਿੱਤਾ ਗਿਆ ਤੇ ਫਿਰ ਪੁਲਿਸ ਨੇ ਸਾਨੂੰ 28 ਦਿਨਾਂ ਤੱਕ ਜੇਲ੍ਹ ਵਿੱਚ ਰੱਖਿਆ ਤੇ ਫਿਰ ਡੀਪੋਰਟ ਕਰ ਦਿੱਤਾ।”

ਮਨਦੀਪ ਮੰਨਦੇ ਹਨ ਕਿ ਉਨ੍ਹਾਂ ਨੇ ਗ਼ਲਤ ਕੀਤਾ ਸੀ ਕਿ ਉਹ ਇਸ ਤਰੀਕੇ ਨਾਲ ਇਟਲੀ ਜਾਣ ਲਈ ਰਾਜ਼ੀ ਹੋਇਆ।

“22-23 ਸਾਲ ਦੀ ਉਮਰ ਸੀ। ਬਹੁਤੀ ਸਮਝ ਨਹੀਂ ਸੀ ਕਿ ਇਸ ਦੇ ਇੰਨੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਜਦੋਂ ਮੈਂ ਬਚ ਕੇ ਵਾਪਸ ਆਇਆ ਤਾਂ ਮੈ ਕਹਿੰਦਾ ਸੀ ਕਿ 20 ਲੱਖ ਰੁਪਏ ਲੈ ਕੇ ਵੀ ਇਸ ਤਰੀਕੇ ਨਾਲ ਬਾਹਰ ਨਹੀਂ ਜਾਵਾਂਗਾ।”

ਮਨਦੀਪ ਨੇ ਦੱਸਿਆ ਕਿ ਵਾਪਸ ਆ ਕੇ ਅੱਠ ਸਾਲ ਉਸ ਨੇ ਖੇਤੀ ਕੀਤੀ ਅਤੇ ਫਿਰ ਇਟਲੀ ਵਿੱਚ ਰਹਿਣ ਵਾਲੇ ਉਸ ਦੇ ਮਾਮਾ ਨੇ ਸਹੀ ਦਸਤਾਵੇਜ਼ਾਂ ਨਾਲ ਉਸ ਨੂੰ ਉੱਥੇ ਬੁਲਾ ਲਿਆ ਸੀ।

ਸਾਲ 2006 ਤੋਂ ਮਨਦੀਪ ਇਟਲੀ ‘ਚ ਹੈ ਪਰ ਉਸ ਦੀ ਬਜ਼ੁਰਗ ਮਾਂ ਪਰਮਜੀਤ ਕੌਰ ਹਾਲੇ ਵੀ ਪੰਜਾਬ ਵਿੱਚ ਹੀ ਰਹਿੰਦੀ ਹੈ। ਫਿਲੌਰ ਨੇੜੇ ਪਿੰਡ ਤਲਵਣ ਵਿਖੇ ਅਸੀਂ ਪਹੁੰਚੇ ਤਾਂ ਵੇਖਿਆ ਕਿ ਉਨ੍ਹਾਂ ਦਾ ਘਰ ਸਾਧਾਰਨ ਸੀ ਪਰ ਆਲ਼ੇ ਦੁਆਲੇ ਵਡੀਆਂ ਕੋਠੀਆਂ ਨਜ਼ਰ ਆ ਰਹੀਆਂ ਸਨ।

ਪਿੰਡ ਵਾਲਿਆਂ ਨੇ ਦੱਸਿਆ ਕਿ ਪਿੰਡ ਦੇ ਕਾਫ਼ੀ ਲੋਕ ਬਾਹਰਲੇ ਦੇਸ਼ਾਂ ਵਿੱਚ ਰਹਿੰਦੇ ਹਨ ਤੇ ਉੱਥੇ ਕੀਤੀ ਗਈ ਕਮਾਈ ਉਨ੍ਹਾਂ ਦੇ ਆਲੀਸ਼ਾਨ ਘਰਾਂ ਵਿੱਚ ਸਾਫ਼ ਝਲਕਦੀ ਹੈ। ਸ਼ਾਇਦ ਇਹ ਕਹਾਣੀ ਦੁਆਬੇ ਦੇ ਲਗਭਗ ਸਾਰੇ ਪਿੰਡਾਂ ਦੀ ਹੈ।

MANDEEP SINGH, MALTA
ਫੋਟੋ ਕੈਪਸ਼ਨਮਨਦੀਪ ਸਿੰਘ ਇਟਲੀ ਵਿੱਚ ਆਪਣੀ ਪਤਨੀ ਤੇ ਦੋ ਬੱਚਿਆਂ ਨਾਲ ਰਹਿੰਦਾ ਹੈ

ਮਨਦੀਪ ਦੀ ਮਾਂ ਵਿਹੜੇ ‘ਚ ਧੁੱਪੇ ਲੰਮੇ ਪੈ ਕੇ ਆਰਾਮ ਕਰ ਰਹੀ ਸੀ। ਮਨਦੀਪ ਦੀ ਭੈਣ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਜਿਸ ਦਿਨ ਉਨ੍ਹਾਂ ਨੇ ਮਨਦੀਪ ਦੇ ਆਉਣ ਦੀ ਖ਼ਬਰ ਸੁਣੀ ਸੀ ਉਸ ਦਿਨ ਤੋਂ ਉਨ੍ਹਾਂ ਦੀ ਮਾਤਾ ਮੰਜੇ ’ਤੇ ਪਈ ਹੈ।

ਮਾਂ ਪਰਮਜੀਤ ਨੇ ਦੱਸਿਆ, “ਮੈ ਡਿੱਗ ਪਈ ਸੀ ਤੇ ਅੱਜ ਵੀ ਬਿਨਾ ਸਹਾਰੇ ਦੇ ਚੱਲ ਨਹੀਂ ਸਕਦੀ। ਪਰ ਮੈਨੂੰ ਯਾਦ ਹੈ ਕਿ ਜਦੋਂ ਕਈ ਮਹੀਨਿਆਂ ਬਾਅਦ ਮਨਦੀਪ ਵਾਪਸ ਪਰਤਿਆ ਸੀ ਤਾਂ ਉਸ ਨੂੰ ਹਿੱਕ ਨਾਲ ਲਾ ਕੇ ਕਿੰਨਾ ਰੋਈ ਸੀ।”

MANDEEP SINGH, MALTA
ਫੋਟੋ ਕੈਪਸ਼ਨਮਨਦੀਪ ਦੇ ਆਉਣ ਦੀ ਖ਼ਬਰ ਸੁਣ ਕੇ ਮਾਂ ਪਰਮਜੀਤ ਡਿੱਗ ਪਈ ਸੀ ਅਤੇ ਉਸ ਦਿਨ ਤੋਂ ਉਹ ਮੰਜੇ ‘ਤੇ ਹੀ ਹੈ

ਉਨ੍ਹਾਂ ਦਾ ਕਹਿਣਾ ਹੈ ਕਿ ਜਿੱਥੇ ਪੁੱਤ ਦੇ ਜਿਉਂਦੇ ਵਾਪਸ ਆਉਣ ਦੀ ਖ਼ੁਸ਼ੀ ਸੀ ਉੱਥੇ ਇੰਨੇ ਸਾਰੇ ਲੋਕਾਂ ਦੇ ਮਾਰੇ ਜਾਣ ਦਾ ਦੁੱਖ ਵੀ ਸੀ।

ਮਨਦੀਪ ਦੀ ਭੈਣ ਨੇ ਦੱਸਿਆ, “ਮਨਦੀਪ ਨੂੰ ਕਈ ਮਹੀਨਿਆਂ ਬਾਅਦ ਵੇਖ ਕੇ ਯਕੀਨ ਨਹੀਂ ਸੀ ਹੋਇਆ ਸੀ। ਉਹ ਕਾਫੀ ਕਮਜ਼ੋਰ ਹੋ ਗਿਆ ਸੀ। ਬੜੀ ਮੁਸ਼ਕਿਲ ਨਾਲ ਚੱਲ ਰਿਹਾ ਸੀ। ਰੰਗ ਕਾਲਾ ਪੈ ਚੁੱਕਾ ਸੀ। ਸਾਰੇ ਪਿੰਡ ਵਾਲੇ ਮਿਲਣ ਆਏ ਸਨ।”

ਦੋਵੇਂ ਪਰਮਜੀਤ ਤੇ ਗੁਰਪ੍ਰੀਤ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਦੇ ਲੋਕ ਵਿਦੇਸ਼ਾਂ ਵਿੱਚ ਜਾਣਾ ਚਾਹੁੰਦੇ ਹਨ ਤਾਂ ਇਸ ਵਿੱਚ ਕੋਈ ਬੁਰਾਈ ਨਹੀਂ ਹੈ। “ਬੱਸ ਗ਼ਲਤ ਤਰੀਕੇ ਨਾਲ ਨਾ ਜਾਓ।”

ਪਰਮਜੀਤ ਦਾ ਮੰਨਣਾ ਹੈ ਕਿ ਲੋਕ ਪੈਸੇ ਕਮਾਉਣ ਵਾਸਤੇ ਬਾਹਰ ਜਾਣਾ ਚਾਹੁੰਦੇ ਹਨ।

“ਜਦੋਂ ਉਹ ਦੇਖਦੇ ਹਨ ਕਿ ਵਿਦੇਸ਼ਾਂ ਵਿੱਚ ਜਾ ਕੇ ਲੋਕਾਂ ਨੇ ਵੱਡੀਆਂ ਕੋਠੀਆਂ ਪਾਈਆਂ ਹਨ ਉਹ ਵੀ ਇਹੀ ਕਰਨਾ ਚਾਹੁੰਦੇ ਨੇ। ਇੱਥੇ ਦਾ ਹਾਲ ਤਾਂ ਤੁਹਾਨੂੰ ਪਤਾ ਹੀ ਹੈ। ਸਾਰੀ ਉਮਰ ਕਮਾ ਕੇ ਇੱਕ ਕਮਰੇ ਦਾ ਘਰ ਬਣਾਉਣਾ ਵੀ ਮੁਸ਼ਕਿਲ ਹੈ।”

Leave a Reply

Your email address will not be published. Required fields are marked *