ਰੂਪਨਗਰ ਵਾਸੀਆਂ ਨੂੰ ਮਿਲੀ ਸੌਗਾਤ, ਪਾਸਪੋਰਟ ਦਫਤਰ ਬਣਨ ਨਾਲ ਹੋਏ ਬਾਗੋ-ਬਾਗ

0
134

ਰੂਪਨਗਰ — ਪੰਜਾਬ ਦੇ ਪਹਿਲੇ ਡਾਕ ਘਰ ਰੂਪਨਗਰ ‘ਚ ਪਹਿਲੇ ਪਾਸਪੋਰਟ ਦਫਤਰ ਦਾ ਉਦਘਾਟਨ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਕੀਤਾ ਗਿਆ। ਇਸ ਮੌਕੇ ਰੂਪਨਗਰ ਦੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਰਿਜ਼ਨਲ ਪਾਸਪੋਰਟ ਦਫਤਰ ਚੰਡੀਗੜ੍ਹ ਦੇ ਉੱਚ ਅਧਿਕਾਰੀ ਵੀ ਸ਼ਾਮਲ ਰਹੇ। ਹੁਣ ਜ਼ਿਲਾ ਰੂਪਨਗਰ, ਨਵਾਂਸ਼ਹਿਰ ਅਤੇ ਮੋਹਾਲੀ ਦੇ ਲੋਕਾਂ ਨੂੰ ਪਾਸਪੋਰਟ ਲਈ ਚੰਡੀਗੜ੍ਹ ਧੱਕੇ ਨਹੀਂ ਖਾਣੇ ਪੈਣਗੇ। ਅੱਜ ਤੋਂ ਇਹ ਸੇਵਾ ਰੂਪਨਗਰ ਡਾਕ ਘਰ ‘ਚ ਸ਼ੁਰੂ ਹੋ ਗਈ ਮੌਕੇ ਸ਼ਾਸ਼ਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਹੁਣ ਕੇਂਦਰ ਸਰਕਾਰ ਨੇ ਘਰ-ਘਰ ਪਾਸਪੋਰਟ ਪਹੁੰਚਾਉਣ ਦੀ ਜ਼ਿੰਮੇਵਾਰੀ ਲੈ ਲਈ ਹੈ। ਇਸੇ ਤਹਿਤ ਇਹ ਪਾਸਪੋਰਟ ਦਫਤਰ ਖੋਲ੍ਹਿਆ ਹੈ, ਜਿਸ ਦਾ ਜ਼ਿਲਾ ਰੂਪਨਗਰ ਦੇ ਨਾਲ ਲੱਗਦੇ ਜ਼ਿਲਿਆਂ ਨੂੰ ਵੀ ਮਿਲੇਗਾ। ਚੰਦੂਮਾਜਰਾ ਨੇ ਕਾਂਗਰਸ ‘ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਕਾਂਗਰਸੀ ਤਾਂ 3-3 ਮਹੀਨੇ ਪਾਸਪੋਰਟ ਨਹੀਂ ਦਿੰਦੇ ਸਨ ਅਤੇ ਬਲੈਕ ‘ਚ ਦਿੰਦੇ ਸਨ। ਇਕ ਸਵਾਲ ਦੇ ਜਵਾਬ ‘ਚ ਚੰਦੂਮਾਜਰਾ ਨੇ ਕਿਹਾ ਕਿ ਲੋਕਾਂ ਦੀ ਮੰਗ ‘ਤੇ ਉਨ੍ਹਾਂ ਨੇ ਰੇਲ ਮੰਤਰੀ ਅੱਗੇ ਮੰਗ ਰੱਖੀ ਸੀ ਕਿ ਸ੍ਰੀ ਆਨੰਦਪੁਰ ਸਾਹਿਬ , ਰੂਪਨਗਰ ਅਤੇ ਕੁਰਾਲੀ ਰੇਲਵੇ ਸਟੇਸ਼ਨਾਂ ਦੇ ਦੋਵੇਂ ਪਾਸੇ ਪਲੇਟ ਫਾਰਮ ਅਤੇ ਪਾਰ ਕਰਨ ਲਈ ਪੋੜੀਆਂ ਲਗਾਈਆਂ ਜਾਣ, ਜਿਸ ਨੂੰ ਰੇਲਵੇ ਮੰਤਰੀ ਵੱਲੋਂ ਜਲਦੀ ਹੀ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਇਸ ਮੌਕੇ ਆਪਣਾ ਪਾਸਪੋਰਟ ਅਪਲਾਈ ਕਰਨ ਪਹੁੰਚੇ ਰੂਪਨਗਰ ਵਾਸੀ ਅੰਕੂਰ ਗੁਪਤਾ ਨੇ ਦੱਸਿਆ ਕਿ ਇਥੇ ਪਾਸਪੋਰਟ ਦਫਤਰ ਖੁੱਲ੍ਹਣ ਨਾਲ ਕਾਫੀ ਫਾਇਦਾ ਹੋਇਆ ਹੈ। ਇਸ ਤੋਂ ਪਹਿਲਾ ਚੰਡੀਗੜ੍ਹ ਜਾਣਾ ਪੈਂਦਾ ਸੀ, ਜਿੱਥੇ ਪੈਸੇ ਅਤੇ ਸਮਾਂ ਦੋਵੇ ਬਰਬਾਦ ਹੁੰਦੇ ਸਨ।
ਇਸ ਮੌਕੇ ਪਹੁੰਚੇ ਰੂਪਨਗਰ ਦੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦਾ ਪ੍ਰਾਜੈਕਟ ਹੈ, ਜੋ ਦੇਸ਼ ਦੇ ਹਲ ਲੋਕ ਸਭਾ ਹਲਕੇ ਦੇ ਮੁੱਖ ਡਾਕ ਘਰਾਂ ‘ਚ ਪਾਸਪੋਰਟ ਦਫਤਰ ਖੋਲ੍ਹੇ ਜਾ ਰਹੇ ਹਨ, ਉਨ੍ਹਾਂ ਨੇ ਕਿਹਾ ਕਿ ਸੰਸਦ ਮੈਂਬਰ ਦੀ ਡਿਊਟੀ ਹੁੰਦੀ ਹੈ ਕਿ ਉਹ ਮੰਗ ਰੱਖੇ ਉਨ੍ਹਾਂ ਕਿਹਾ ਕਿ ਅਸੀਂ ਵੀ ਮੰਗ ਕੀਤੀ ਸੀ ਜੋ ਪੂਰੀ ਹੋਈ ਹੈ। ਇਸ ਮੌਕੇ ਚੰਡੀਗੜ੍ਹ ਰਿਜ਼ਨਲ ਪਾਸਪੋਰਟ ਦਫਤਰ ਦੇ ਅਧਿਕਾਰੀ ਸ਼ੀਵਾਸ ਕਵੀਰਾਜ ਨੇ ਪਾਸਪੋਰਟ ਦਫਤਰ ‘ਚ ਹੋਣ ਵਾਲੇ ਕੰਮ ਕਾਜ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਆਨਲਾਈਨ ਅਰਜੀ ਤੋਂ ਬਾਅਦ ਸਮਾਂ ਲੈ ਕੇ ਇਥੇ ਨਵੇਂ ਪਾਸਪੋਰਟ ਬਣਾਏ ਜਾ ਸਕਦੇ ਹਨ ਅਤੇ ਰੀਨਿਊ ਕਰਵਾਏ ਜਾ ਸਕਦੇ ਹਨ ਪਰ ਅਗਰ ਪਾਸਪੋਰਟ ‘ਚ ਕਈ ਵੀ ਤਬਦੀਲੀ ਕਰਨੀ ਹੈ ਤਾਂ ਉਸ ਦੇ ਲਈ ਚੰਡੀਗੜ੍ਹ ਹੀ ਜਾਣਾ ਪਵੇਗਾ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਵੱਲੋਂ ਪੂਰੇ ਦੇਸ਼ ਦੇ ਲੋਕ ਸਭਾ ਹਲਕਿਆਂ ‘ਚ ਪਾਸਪੋਰਟ ਦਫਤਰ ਖੋਲ੍ਹੇ ਜਾ ਰਹੇ ਹਨ। ਇਸੇ ਤਹਿਤ 334 ਪਾਸਪੋਰਟ ਦਫਤਰ ਖੋਲ੍ਹੇ ਜਾ ਚੁੱਕੇ ਹਨ ਅਤੇ ਪੰਜਾਬ ‘ਚ 12 ਪਾਸਪੋਰਟ ਦਫਤਰ ਖੋਲ੍ਹੇ ਜਾ ਰਹੇ ਹਨ, ਜੋ ਮੁੱਖ ਡਾਕ ਘਰਾਂ ‘ਚ ਖੋਲ੍ਹ ਜਾਣੇ ਹਨ ਅਤੇ ਰੂਪਨਗਰ ‘ਚ ਖੋਲ੍ਹਿਆ ਪਾਸਪੋਰਟ ਦਫਤਰ ਪੰਜਾਬ ਦਾ ਪਹਿਲਾ ਪਾਸਪੋਰਟ ਦਫਤਰ ਹੈ, ਜੋ ਡਾਕ ਘਰ ‘ਚ ਖੋਲ੍ਹਿਆ ਗਿਆ ਹੈ।