ਵਾਸ਼ਿੰਗਟਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਮੈਕਸੀਕੋ ਬਾਰਡਰ ‘ਤੇ ਫੌਜ ਭੇਜੇ ਜਾਣ ਦੇ ਡੋਨਾਲਡ ਟਰੰਪ ਦੇ ਫੈਸਲੇ ਨੂੰ ਮਹਿਜ ਸਿਆਸੀ ਸਟੰਟ ਕਰਾਰ ਦਿੱਤਾ ਹੈ। ਓਬਾਮਾ ਮੁਤਾਬਕ ਇਸ ਨੂੰ ਦੇਸ਼ ਭਗਤੀ ਨਹੀਂ ਕਿਹਾ ਜਾ ਸਕਦਾ। 3 ਦੇਸ਼ਾਂ ਦੇ ਤਕਰੀਬਨ 10 ਹਜ਼ਾਰ ਤੋਂ ਜ਼ਿਆਦਾ ਲੋਕ ਮੈਕਸੀਕੋ ਹੋ ਕੇ ਅਮਰੀਕਾ ਵੱਲ ਆ ਰਹੇ ਹਨ। ਓਬਾਮਾ ਨੇ ਜਾਰਜੀਆ ‘ਚ ਇਕ ਚੋਣ ਰੈਲੀ ਦੌਰਾਨ ਕਿਹਾ ਕਿ 2018 ‘ਚ ਉਨ੍ਹਾਂ (ਟਰੰਪ) ਨੇ ਅਚਾਨਕ ਦੇਸ਼ ‘ਤੇ ਖਤਰੇ ਦੀ ਗੱਲ ਕਹੀ। ਗਰੀਬ ਸ਼ਰਨਾਰਥੀ ਹਜ਼ਾਰਾਂ ਕਿਲੋਮੀਟਰ ਦਾ ਸਫਰ ਪੈਦਲ ਤੈਅ ਕਰ ਰਹੇ ਹਨ। ਉਨ੍ਹਾਂ ਨਾਲ ਬੱਚੇ ਵੀ ਹਨ, ਉਨ੍ਹਾਂ ਕੋਲ ਪੈਸਾ ਵੀ ਨਹੀਂ ਹੈ, ਇਹ ਬਹੁਤ ਭਿਆਨਕ ਹੈ। ਓਬਾਮਾ ਨੇ ਕਿਹਾ ਕਿ ਟਰੰਪ ਸਰਹੱਦ ‘ਤੇ ਸਾਡੀ ਫੌਜ ਭੇਜ ਰਹੇ ਹਨ। ਇਹ ਸਿਰਫ ਸਿਆਸੀ ਹੱਥਕੰਡਾ ਹੈ। ਦੇਸ਼ ਦੀ ਜ਼ਮੀਨ ‘ਤੇ ਕਾਨੂੰਨ ਨੂੰ ਜ਼ਬਰਦਸਤੀ ਲਾਗੂ ਨਹੀਂ ਕੀਤਾ ਜਾ ਸਕਦਾ।
ਜਾਣਕਾਰੀ ਅਨੁਸਾਰ ਰੋਜ਼ਗਾਰ ਅਤੇ ਚੰਗੀ ਜ਼ਿੰਦਗੀ ਦੀ ਭਾਲ ‘ਚ ਲੈਟਿਨ ਅਮਰੀਕੀ ਦੇਸ਼ਾਂ ਹੋਂਡੂਰਾਸ, ਗੁਆਟੇਮਾਲਾ ਅਤੇ ਅਲ ਸਲਵਾਡੋਰ ਦੇ ਤਕਰੀਬਨ 10 ਹਜ਼ਾਰ ਲੋਕਾਂ ਦਾ ਕਾਰਵਾਂ ਅਮਰੀਕਾ ਵੱਲ ਵਧ ਰਿਹਾ ਹੈ ਜਿਨ੍ਹਾਂ ਨੂੰ ਰੋਕਣ ਲਈ ਅਮਰੀਕਾ-ਮੈਕਸੀਕੋ ਬਾਰਡਰ ‘ਤੇ 15 ਹਜ਼ਾਰ ਜਵਾਨ ਤਾਇਨਾਤ ਕੀਤੇ ਜਾਣਗੇ। ਇਸੇ ਦੌਰਾਨ ਟਰੰਪ ਨੇ ਕਿਹਾ ਕਿ ਜੇਕਰ ਭੀੜ ਪਥਰਾਅ ਕਰਦੀ ਹੈ ਤਾਂ ਫੌਜ ਨੂੰ ਬਿਨਾਂ ਕਿਸੇ ਦੇਰੀ ਦੇ ਉਨ੍ਹਾਂ ‘ਤੇ ਗੋਲੀ ਚਲਾਉਣ ‘ਤੇ ਝਿਜਕਣਾ ਨਹੀਂ ਚਾਹੀਦਾ।