ਪਟਿਆਲਾ— ਮਿਹਨਤ ਅਤੇ ਕੁਝ ਕਰਨ ਦੀ ਇੱਛਾ ਵਿਅਕਤੀ ਨੂੰ ਉਸ ਦੀ ਮੰਜ਼ਿਲ ਤੱਕ ਜ਼ਰੂਰ ਲੈ ਕੇ ਜਾਂਦੀ ਹੈ। ਅਜਿਹਾ ਹੀ ਕੁਝ ਕਰ ਦਿਖਾਇਆ ਹੈ ਪੇਸ਼ੇ ਤੋਂ ਬੱਸ ਚਲਾਉਣ ਵਾਲੀ ਸੰਗੀਤਾ ਨੇ। ਸੰਗੀਤਾ ਬ੍ਰਿਟੇਨ ‘ਚ ਡਬਲ ਡੈਕਰ ਬੱਸ ਚਲਾਉਂਦੀ ਸੀ, ਪਰ ਉਸ ਦੇ ਦਿਲ ‘ਚ ਕੁੱਝ ਵੱਡਾ ਕਰਨ ਅਤੇ ਉੱਚਾ ਮੁਕਾਮ ਹਾਸਲ ਕਰਨ ਦੀ ਇੱਛਾ ਸੀ। ਇਸ ਖੁਹਾਇਸ਼ ਨੇ ਉਸ ਨੂੰ ਬਾਕਸਿੰਗ ਦੀ ਦੁਨੀਆ ਦਾ ਸਿਤਾਰਾ ਬਣਾ ਦਿੱਤਾ। ਸੰਗੀਤਾ ਬ੍ਰਿਟੇਨ ‘ਚ ਬੱਸ ਚਲਾਉਂਦੀ ਸੀ। ਸਾਲ 2013 ‘ਚ ਉਸ ਦੇ ਮਨ ‘ਚ ਬਾਕਸਰ ਬਣਨ ਦੀ ਇੱਛਾ ਜਾਗੀ। ਉਸ ਸਮੇਂ 25 ਸਾਲ ਦੀ ਹੋ ਚੁੱਕੀ ਸੰਗੀਤਾ ਪ੍ਰੋਫੈਸ਼ਨਲ ਬਾਕਸਰ ਬਣਨਾ ਚਾਹੁੰਦੀ ਸੀ ਪਰ ਨਾ ਤਾਂ ਉਸ ਨੂੰ ਬਾਕਸਿੰਗ ਦੇ ਬਾਰ ‘ਚ ਕੁਝ ਪਤਾ ਸੀ ਅਤੇ ਨਾ ਹੀ ਉਸ ਦੇ ਕੋਲ ਕੋਈ ਸਰੋਤ ਸਨ। ਸਰੋਤ ਨਾ ਹੋਣ ਕਾਰਨ ਉਸ ਦੇ ਬਾਕਸਿੰਗ ਸਿੱਖਣ ‘ਚ ਖੁਦ ਨੂੰ ਅਸਮਰੱਥ ਮਹਿਸੂਸ ਕੀਤਾ। ਇਸ ਦੌਰਾਨ ਉਸ ਦੀ ਦੋਸਤੀ ਇਕ ਬਾਕਸਰ ਸੰਜੀਤ ਨਾਲ ਹੋਈ। ਸੰਗੀਤਾ ਨੇ ਆਪਣੀ ਬਾਕਸਰ ਬਣਨ ਦੀ ਖੁਹਾਇਸ਼ ਸੰਜੀਤ ਨੂੰ ਦੱਸੀ।
ਬਾਕਸਰ ਦੋਸਤ ਨੇ ਪਟਿਆਲਾ ਦੀ ਸੰਸਥਾ ਦੇ ਬਾਰੇ ‘ਚ ਦੱਸਿਆ ਕਿ ਮਿਲੀ ਮੰਜ਼ਿਲ
ਇਸ ਦੇ ਬਾਅਦ ਬਸ ਉਸ ਦੇ ਲਈ ਰਸਤੇ ਨਿਕਲਦੇ ਗਏ। ਸੰਜੀਤ ਨੇ ਸੰਗੀਤਾ ਦਾ ਸੰਪਰਕ ਪਟਿਆਲਾ ਦੇ ਬਾਕਸਿੰਗ ਕਲੱਬ ਕਿੰਗ ਆਫ ਰਿੰਗਸ ਨਾਲ ਕਰਵਾਇਆ। ਕਲੱਬ ਨੇ ਸੰਗੀਤਾ ਦੇ ਸੁਪਨੇ ‘ਚ ਰੰਗ ਭਰਨ ਦੇ ਲਈ ਉਨ੍ਹਾਂ ਨੂੰ ਬਾਕਸਿੰਗ ਦੀ ਸਿਖਲਾਈ ਦਿਵਾਉਣ ਦੀ ਵਿਵਸਥਾ ਕਰਵਾਈ। ਸੰਗੀਤਾ ਇਸ ਦੇ ਬਾਅਦ ਬਾਕਸਿੰਗ ‘ਚ ਜੁੱਟ ਗਈ। ਉਸ ਨੇ ਪੂਰੀ ਮਿਹਨਤ ਨਾਲ ਬਾਕਸਿੰਗ ਸਿੱਖੀ।
ਇਸ ਦੇ ਬਾਅਦ ਸੰਗੀਤਾ ਦਾ ਬਾਕਸਿੰਗ ਦਾ ਸਫਰ ਸ਼ੁਰੂ ਹੋ ਗਿਆ ਅਤੇ ਉਸ ਦੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਇਨ੍ਹੀਂ ਦਿਨੀਂ ਸੰਗੀਤਾ ਪ੍ਰੋਫੈਸ਼ਨਲ ਬਾਕਸਰ ਹੈ ਅਤੇ ਮਹਿਲਾ ਵਰਗ ‘ਚ ਕਈ ਚੈਂਪੀਅਨਸ਼ਿਪ ਜਿੱਤ ਚੁੱਕੀ ਹੈ। ਸੰਗੀਤਾ ਦਾ ਪਰਿਵਾਰ ਮੂਲ ਰੂਪ ਨਾਲ ਜਲੰਧਰ ਦੇ ਲੰਮਾ ਪਿੰਡ ਦਾ ਹੈ। ਉਨ੍ਹਾਂ ਦਾ ਜਨਮ ਕੈਨੇਡਾ ਦੇ ਬੈਮਪਟਨ ‘ਚ ਹੋਇਆ ਹੈ। ਉਨ੍ਹਾਂ ਦਾ ਪਰਿਵਾਰ 20 ਸਾਲ ਪਹਿਲਾਂ ਇੰਗਲੈਂਡ ਸ਼ਿਫਟ ਹੋ ਗਿਆ ਸੀ। ਇਸ ਤੋਂ ਪਹਿਲਾਂ ਪਰਿਵਾਰ ਕੈਨੇਡਾ ‘ਚ ਰਹਿੰਦਾ ਸੀ।
ਬ੍ਰਿਟਿਸ਼ ਬਾਕਸਰ ਆਮਿਰ ਖਾਨ ਨੂੰ ਦੇਖ ਬਾਕਸਰ ਬਣਨ ਦੀ ਇੱਛਾ ਜਾਗੀ
ਸੰਗੀਤਾ ਯੂਕੇ ਦੇ ਸਲਾਓ ਸ਼ਹਿਰ ‘ਚ ਡਬਲ ਡੈਕਰ ਬੱਸ ਦੀ ਡਰਾਇਵਰ ਹੈ। ਸਾਲ 2013 ‘ਚ ਉਹ ਯੂ.ਐੱਸ.ਏ.ਗਈ ਸੀ। ਇਸ ਦੌਰਾਨ ਉਨ੍ਹਾਂ ਨੇ ਬ੍ਰਿਟਿਸ਼ ਆਮਿਰ ਖਾਨ ਦੀ ਫਾਈਟ ਦੇਖੀ, ਜਿਸ ਤੋਂ ਉਹ ਪ੍ਰਭਾਵਿਤ ਹੋਈ ਅਤੇ ਉਨ੍ਹਾਂ ਦੇ ਮਨ ‘ਚ ਬਾਕਸਰ ਬਣਨ ਦੀ ਇੱਛਾ ਜਾਗੀ। ਸੰਗੀਤਾ ਨੇ ਦੱਸਿਆ ਕਿ ਬਾਕਸਰ ਬਣਨ ਲਈ ਉੱਥੇ ਉਨ੍ਹਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।
15 ਵਾਰ ਲੰਡਨ ਅਤੇ 1-1 ਵਾਰ ਯੂਕੇ ਅਤੇ ਯੂਰੋਪੀਅਨ, ਚੈਂਪੀਅਨਸ਼ਿਪ ਜਿੱਤ ਚੁੱਕੀ ਹੈ ਸੰਗੀਤਾ
ਕਿੰਗਸ ਆਫ ਰਿੰਗਸ ਸੰਸਥਾ ਤੋਂ ਟ੍ਰੈਨਿੰਗ ਲੈਕੇ ਬ੍ਰੋ-ਪ੍ਰੋ ਲੀਗ ਦੇ ਮਹਿਲਾ ਵਰਗ ਮੁਕਾਬਲਿਆਂ ‘ਚ 15 ਵਾਰ ਲੰਡਨ, ਇਕ ਵਾਰ ਯੂ.ਕੇ. ਅਤੇ ਇਕ ਵਾਰ ਯੂਰੋਪੀਅਨ ਟਾਈਟਲ ਜਿੱਤ ਚੁੱਕੀ ਹੈ। ਸੰਗੀਤਾ ਨੇ ਦੱਸਿਆ ਕਿ ਇਹ ਸਾਰਾ ਕੁਝ ਟ੍ਰੈਨਿੰਗ ਦੇ ਬਿਨਾਂ ਸੰਭਵ ਨਹੀਂ ਸੀ। ਅੱਜ ਮੈਂ ਜੋ ਵੀ ਹਾਂ, ਸਹੀ ਮਾਰਗਦਰਸ਼ਕ ਦੇ ਕਾਰਨ ਹੀ ਹਾਂ। ਮੈਂ ਹਰ ਸਾਲ ਕੰਮ ਤੋਂ ਸਮਾਂ ਕੱਢ ਕੇ ਪਟਿਆਲਾ (ਪੰਜਾਬ) ਆਉਂਦੀ ਹਾਂ। ਇਸ ਮਿਆਦ ‘ਚ ਆਪਣੀ ਖੇਡ ਨੂੰ ਹੋਰ ਨਿਖਾਰਣ ਦੀ ਕੋਸ਼ਿਸ਼ ਕਰਦੀ ਹਾਂ।
150 ਬਾਕਸਰਾਂ ਨੂੰ ਪਲੇਟਫਾਰਮ ਮੁਹੱਈਆ ਕਰਵਾ ਚੁੱਕੀ ਹੈ ਕਿੰਗਸ ਆਫ ਰਿੰਗਸ ਸੰਸਥਾ
ਕਿੰਗਸ ਆਫ ਰਿੰਗਸ ਦੇ ਮੈਂਬਰ ਪਰਮ ਨੇ ਦੱਸਿਆ ਕਿ ਸੰਸਥਾ ਹੁਣ ਤੱਕ 150 ਦੇ ਕਰੀਬ ਬਾਕਸਰਾਂ ਨੂੰ ਪਲੇਟਫਾਰਮ ਮੁਹੱਈਆ ਕਰਵਾ ਚੁੱਕੀ ਹੈ। ਦੂਜੇ ਦੇਸ਼ਾਂ ਤੋਂ ਆਉਣ ਵਾਲੇ ਬਾਕਸਰਾਂ ਲਈ ਬਾਕਸਿੰਗ ਰਿੰਗ ਅਤੇ ਕੋਚ ਦੀ ਵਿਵਸਥਾ ਕਰਵਾਈ ਜਾਂਦੀ ਹੈ, ਤਾਂਕਿ ਉਹ ਆਪਣੇ ਸੁਪਨੇ ਪੂਰੇ ਕਰ ਸਕੇ। ਭਾਰਤ ਦਾ ਜਲਵਾਯੂ ਵੀ ਪੱਛਮੀ ਦੇਸ਼ਾਂ ਦੇ ਮੁਕਾਬਲੇ ਗਰਮ ਹੈ। ਬਾਕਸਰ ਖੁਦ ਨੂੰ ਗਰਮੀ ‘ਚ ਮਜ਼ਬੂਤ ਬਣਾਉਣ ਲਈ ਭਾਰਤ ‘ਚ ਪ੍ਰੈਕਟਿਸ ਕਰਨ ਨੂੰ ਤਰਜੀਹ ਦਿੰਦੀ ਹੈ। ਸੰਸਥਾ ਆਰਥਿਕ ਰੂਪ ਨਾਲ ਕੰਮਜ਼ੋਰ ਬਾਕਸਰਾਂ ਦੀ ਸਹਾਇਤਾ ਕਰਦੀ ਹੈ।