ਊਸ਼ਾ ਗਾਂਗੁਲੀ ਦਾ ਵਿਛੋੜਾ – ਰੰਗਕਰਮੀਆਂ ਲਈ ਸਦਮਾ

ਚੰਡੀਗੜ੍ਹ, : ਹਿੰਦੀ ਥੀਏਟਰ ਦੀ ਨਾਮਵਰ ਹਸਤੀ ਊਸ਼ਾ ਗਾਂਗੁਲੀ 75 ਵਰ੍ਹਿਆਂ ਦੀ ਉਮਰ ‘ਚ ਅੱਜ ਕਲਕੱਤਾ ਵਿਖੇ ਸਵਰਗਵਾਸ ਹੋ ਗਈ। ਜੋਧਪੁਰ (ਰਾਜਸਥਾਨ) ਵਿਖੇ 1945 ‘ਚ ਜਨਮੀ ਊਸ਼ਾ ਗਾਂਗੁਲੀ ਦਾ ਜੱਦੀ ਪਿੰਡ ਨੇਰਵਾ, ਕਾਨਪੁਰ ਦੇ ਲਾਗੇ ਹੈ, ਪਰ ਉਸ ਦੀ  ਕਰਮਭੂਮੀ ਕਲਕੱਤਾ ਰਿਹਾ। ਬੰਗਾਲੀ ਥੀਏਟਰ ਦੇ ਗੜ੍ਹ ਵਿੱਚ ਉਸ ਨੇ ਹਿੰਦੀ ਥੀਏਟਰ ਨੂੰ ਮਕਬੂਲ ਕਰਨ ਲਈ ਜੀ-ਜਾਨ ਨਾਲ ਕੰਮ ਕੀਤਾ। ਉਸ ਨੇ ਕਲਕੱਤਾ ਵਿਖੇ 1976 ‘ਚ ‘ਰੰਗਕਰਮੀ’ ਨਾਂ ਦੀ ਸੰਸਥਾ ਦੀ ਸਥਾਪਨਾ ਕੀਤੀ। ਪੇਸ਼ੇ ਵਜੋਂ ਉਹ ਹਿੰਦੀ ਦੀ ਪ੍ਰਾਧਿਆਪਕਾ ਸੀ। ਉਸ ਨੇ ਭਵਾਨੀਪੁਰ ਐਜੂਕੇਸ਼ਨ ਸੋਸਾਇਟੀ ਕਲਕੱਤਾ ਦੇ ਕਾਲਜ ‘ਚੋਂ ਹਿੰਦੀ ਦੀ ਸੀਨੀਅਰ ਲੈਕਚਰਾਰ ਵਜੋਂ ਸੇਵਾ ਮੁਕਤ ਹੋਣ ਬਾਅਦ ਆਪਣੇ ਆਪ ਨੂੰ ਥੀਟੇਟਰ ਅਤੇ ਸਮਾਜ ਸੇਵਾ ਲਈ ਅਰਪਿਤ ਕਰ ਦਿੱਤਾ।

ਜਦੋਂ ਕਲਕੱਤਾ ਵਿੱਚ ਬੰਗਾਲੀ ਥੀਏਟਰ ਸਿਖਰ ‘ਤੇ ਸੀ, ਉਦੋਂ ਉਸ ਦੇ ਸਮਕਾਲੀਆਂ ਵਿੱਚੋਂ ਪ੍ਰੋਤਿਭਾ ਅਗਰਵਾਲ, ਵਿਮਲ ਲਦ, ਵਿਨੈ ਸ਼ਰਮਾ, ਸ਼ਕੀਲ ਸਾਹਿਬ, ਚੇਤਨ ਤਿਵਾੜੀ, ਕੁਲਭੂਸ਼ਨ ਖਰਬੰਦਾ ਅਤੇ ਸੱਤਿਆਦੇਵ ਦੂਬੇ ਹਿੰਦੀ ਨਾਟਕ ਤੇ ਰੰਗਮੰਚ ਵਿੱਚ ਸਰਗਰਮ ਸਨ। ਅਤੁਲ ਤਿਵਾੜੀ ਨੂੰ 2006 ‘ਚ ਦਿੱਤੀ ਇੱਕ ਮੁਲਾਕਾਤ ਵਿੱਚ ਉਹ ਦਸਦੀ ਹੈ ਕਿ ਉਸ ਦੇ ਥੀਏਟਰ ਗਰੁੱਪ ‘ਰੰਗਕਰਮੀ’ ਵਿੱਚ 300 ਕਲਾਕਾਰ ਹਨ, ਜਿਨ੍ਹਾਂ ਵਿੱਚੋਂ 60 ਔਰਤ ਕਲਾਕਾਰ ਹਨ।

ਊਸ਼ਾ ਗਾਂਗੁਲੀ ਭਾਵੇਂ ਨਾਟ-ਨਿਰਦੇਸ਼ਕ ਵਜੋਂ ਮਕਬੂਲ ਹੋਈ, ਪਰ ਉਹ ਅਦਾਕਾਰ, ਨਾਟਕਕਾਰ, ਸੰਗੀਤ ਨਿਰਦੇਸ਼ਕ ਅਤੇ ਪ੍ਰਤੀਬੱਧ ਸਮਾਜਿਕ ਕਾਰਕੁੰਨ ਸੀ। ਥੀਏਟਰ ਵੱਲ ਉਹ ਸੰਯੋਗ ਵੱਸ ਆਈ। ਮੂਲ ਰੂਪ ਵਿੱਚ ਉਹ ‘ਭਰਤ ਨਾਟਿਅਮ’ ਦੀ ਸੁਸਿੱਖਿਅਤ ਅਤੇ ਮਾਹਰ ਨਰਤਕੀ ਸੀ। ਉਸ ਦਾ ਥੀਏਟਰ ਪ੍ਰਤੀਰੋਧ ਦਾ ਥੀਏਟਰ ਹੈ। ਉਸ ਨੇ ਤੰਗ ਸਨਾਤਨੀ ਵਿਚਾਰਾਂ, ਪਿੱਤਰ-ਸੱਤਾ ਦੇ ਦਾਬੇ, ਇਲਾਕਾਈ ਤੁਅੱਸਬਾਂ ਅਤੇ ਹਾਸ਼ੀਏ ਦੇ ਸਮਾਜ ਦੇ ਹਰ ਤਰ੍ਹਾਂ ਦੇ ਦਮਨ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਉਸ ਨੇ ਲਿੰਗ-ਵਿਤਕਰੇ ਅਤੇ ਯੌਨ ਸ਼ੋਸ਼ਣ ਦੇ ਖ਼ਿਲਾਫ਼ ਥੀਏਟਰ ਨੂੰ ਵਿਚਾਰਧਾਰਕ ਹਥਿਆਰ ਵਜੋਂ ਵਰਤਿਆ। ਉਸ ਦੀਆਂ ਕੁਝ ਨਾਟਕੀ ਪੇਸ਼ਕਾਰੀਆਂ ਭਾਰਤੀ ਥੀਏਟਰ ਦਾ ਮਾਣਮੱਤਾ ਹਾਸਿਲ ਹਨ। ਉਸ ਨੇ ਕਾਸ਼ੀਨਾਮਾ (ਕਾਸ਼ੀ ਕਾ ਅੱਸੀ), ਮਹਾਂ-ਭੋਜ, ਰੁਦਾਲੀ, ਕੋਰਟ ਮਾਰਸ਼ਲ, ਅੰਤਰ-ਯਾਤਰਾ, ਲੋਕ-ਕਥਾ ਅਤੇ ਸ਼ੋਭਾ-ਯਾਤਰਾ ਆਦਿ ਯਾਦਗਾਰੀ ਪੇਸ਼ਕਾਰੀਆਂ ਨਾਲ ਭਾਰਤੀ ਰੰਗਮੰਚ ਵਿੱਚ ਆਪਣੀ ਪੈਂਠ ਬਣਾਈ।

ਉਰਦੂ ਅਫ਼ਸਾਨਾਨਿਗਾਰ ਸਆਦਤ ਹਸਨ ਮੰਟੋ ਬਾਰੇ ਉਸ ਦੀ ਤ੍ਰੈਲੜੀ ਪੇਸ਼ਕਾਰੀ ਲੰਮੇ ਸਮੇਂ ਤੱਕ ਯਾਦ ਰੱਖੀ ਜਾਵੇਗੀ। ਉਸ ਨੇ ਭਾਵੇਂ ਕਲਕੱਤਾ ਨੂੰ ਆਪਣੀ ਕਰਮਭੂਮੀ ਬਣਾਇਆ, ਪਰ ਉਸ ਦੀਆਂ ਕੁਝ ਨਾਟ- ਪੇਸ਼ਕਾਰੀਆਂ ਜਿਵੇਂ ਕਾਸ਼ੀਨਾਮਾ, ਰੁਦਾਲੀ ਤੇ ਕੋਰਟ-ਮਾਰਸ਼ਲ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਦਸਤਕ ਦਿੰਦੀਆਂ ਰਹੀਆਂ। ਦੇਸ਼-ਵਿਦੇਸ਼ ਵਿੱਚ ਮਕਬੂਲ ਰਹੀ ਊਸ਼ਾ ਗਾਂਗੁਲੀ ਨੇ ਸਾਊਥ ਏਸ਼ੀਅਨ ਥੀਏਟਰ ਫ਼ੈਸਟੀਵਲ ਨਿਊਜਰਸੀ ਵਿੱਚ ਨਾਟ-ਨਿਰਦੇਸ਼ਕ ਵਜੋਂ ਆਪਣੀ ਹਾਜ਼ਰੀ ਲਗਵਾਈ। ਉਸ ਨੂੰ 1998 ਵਿੱਚ ਨਾਟ-ਨਿਰਦੇਸ਼ਨਾ ਲਈ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਨਿਵਾਜਿਆ ਗਿਆ।

ਬੰਗਾਲ ਅਤੇ ਯੂ.ਪੀ. ਦੀਆਂ ਨਾਟ-ਅਕਾਦਮੀਆਂ ਨੇ ਉਸ ਨੂੰ ਅਨੇਕਾਂ ਪੁਰਸਕਾਰ ਦਿੱਤੇ। ਰੰਗਮੰਚ ਤੇ ਸਮਾਜ ਪ੍ਰਤੀ ਉਸ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ ਵਿੱਚ ਉਸ ਨੂੰ ਨੁਮਾਇੰਦਗੀ ਦਿੱਤੀ ਗਈ। ਉਹ ਸੰਗੀਤ ਨਾਟਕ ਅਕਾਦਮੀ (ਦਿੱਲੀ), ਨੈਸ਼ਨਲ ਸਕੂਲ ਆਫ਼ ਡਰਾਮਾ (ਦਿੱਲੀ), ਪੱਛਮ ਬੰਗਾ ਨਾਟਯ ਅਕਾਦਮੀ (ਕਲਕੱਤਾ), ਸੱਤਯਜੀਤ ਰੇਅ ਫ਼ਿਲਮ ਇੰਸਟੀਚਿਊਟ (ਕਲਕੱਤਾ), ਟੈਗੋਰ ਮੈਮੋਰੀਅਲ ਇੰਸਟੀਚਿਊਟ, ਵਿਸ਼ਵ ਭਾਰਤੀ ਯੂਨੀਵਰਸਿਟੀ (ਸ਼ਾਂਤੀ ਨਿਕੇਤਨ), ਰਾਬਿੰਦਰਾ ਭਾਰਤੀ ਯੂਨੀਵਰਸਿਟੀ (ਕਲਕੱਤਾ) ਆਦਿ ਸੰਸਥਾਵਾਂ ਵਿੱਚ ਉੱਚ ਪੱਧਰੀ ਕਮੇਟੀਆਂ ਵਿੱਚ ਨਾਮਜ਼ਦ ਹੋਈ। ਉਸ ਨੂੰ ਕਲਕੱਤਾ ਯੂਨੀਵਰਸਿਟੀ ਦੀ ਸੈਨੇਟ ਮੈਂਬਰ ਅਤੇ ਰਾਬਿੰਦਰਾ ਭਾਰਤੀ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ। ਸਤੰਬਰ 2006 ਵਿੱਚ ਉਸ ਨੇ ਸੱਭਿਆਚਾਰਕ ਵਿਭਾਗ ਹਰਿਆਣਾ ਦੇ ਸੱਦੇ ‘ਤੇ ਟੈਗੋਰ ਥੀਏਟਰ ਵਿੱਚ ਕਾਸ਼ੀਨਾਥ ਸਿੰਘ ਦੇ ਨਾਵਲ ‘ਕਾਸ਼ੀ ਕਾ ਅੱਸੀ’ ਉੱਤੇ ਆਧਾਰਿਤ ਆਪਣੀ ਨਿਰਦੇਸ਼ਨਾ ਹੇਠ ਨਾਟਕ ‘ਕਾਸ਼ੀਨਾਮਾ’ ਖੇਡਿਆ ਜੋ ਚੰਡੀਗੜ੍ਹ ਦੇ ਰੰਗਮੰਚੀ ਇਤਿਹਾਸ ਦੀ ਯਾਦਗਾਰੀ ਘਟਨਾ ਹੋ ਨਿੱਬੜਿਆ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਊਸ਼ਾ ਗਾਂਗੁਲੀ ਦੇ ਵਿਛੋੜੇ ਨਾਲ ਭਾਰਤੀ ਰੰਗਮੰਚ ਅਤੇ ਨਾਟਕ-ਲਹਿਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਸ ਦਾ ਰੰਗਮੰਚ ਹਾਸ਼ੀਏ ਦੇ ਸਮਾਜ ਦੀਆਂ ਦੁਸ਼ਵਾਰੀਆਂ ਨੂੰ ਬੁਲੰਦ ਆਵਾਜ਼ ਦੇਣ ਵਾਲਾ ਰੰਗਮੰਚ ਹੈ।

Leave a Reply

Your email address will not be published. Required fields are marked *