ਬੁਲੰਦ ਹੌਂਸਲੇ ਨਾਲ ਕਰੋਨਾ ਨੂੰ ਟੱਕਰ ਦੇ ਰਹੀਆਂ ਹਨ ਚਾਰੇ ਆਸ਼ਾ ਵਰਕਰ

0
149

ਅਜੀਤਵਾਲ: ਕਰੋਨਾ ਵਰਗੀ ਭਿਆਨਕ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਆਪਣੇ ਸਿਰ ਲੱਗੀ ਸੇਵਾ ਨੂੰ ਨਿਭਾਉਣ ਦੌਰਾਨ ਕਰੋਨਾ ਦੀ ਲਪੇਟ ਵਿੱਚ ਆਈਆਂ ਸੀ.ਐਚ.ਸੀ. ਢੁੱਡੀਕੇ ਅਧੀਨ ਸਬ ਸੈਂਟਰ ਚੂਹੜਚੱਕ ਦੀਆਂ ਚਾਰੇ ਆਸ਼ਾ ਵਰਕਰ ਮੋਗਾ ਦੇ ਆਇਸੋਲੇਸ਼ਨ ਕੇਂਦਰ ਵਿੱਚ ਬੁਲੰਦ ਹੌਂਸਲੇ ਨਾਲ ਕਰੋਨਾ ਨੂੰ ਟੱਕਰ ਦੇ ਰਹੀਆਂ ਹਨ.ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਬੁਲਾਰੇ ਅਤੇ ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਸਬ ਸੈਂਟਰ ਚੂਹੜਚੱਕ ਵਿਖੇ ਕੰਮ ਕਰ ਰਹੀਆਂ ਆਸ਼ਾ ਵਰਕਰ ਮਨਪ੍ਰੀਤ ਕੌਰ ਪਤਨੀ ਅਮਨਦੀਪ ਸਿੰਘ, ਚਰਨਜੀਤ ਕੌਰ ਪਤਨੀ ਕਰਨੈਲ ਸਿੰਘ, ਪਰਮਜੀਤ ਕੌਰ ਪਤਨੀ ਸੁਖਮੰਦਰ ਸਿੰਘ ਅਤੇ ਕੁਲਵਿੰਦਰ ਕੌਰ ਪਤਨੀ ਕਰਨੈਲ ਸਿੰਘ ਬੀਤੇ ਦਿਨੀ ਕਰੋਨਾ ਵਾਇਰਸ ਦੇ ਕਾਰਨ ਬਿਮਾਰ ਹੋ ਗਈਆਂ ਸਨ. ਜਿੰਨ੍ਹਾਂ ਨੂੰ ਅਗਲੇ ਇਲਾਜ਼ ਲਈ ਆਇਸੋਲੇਸ਼ਨ ਕੇਂਦਰ ਵਿੱਚ ਭੇਜਿਆ ਗਿਆ ਸੀ.

ਉਨ੍ਹਾਂ ਦੱਸਿਆ ਕਿ ਉਕਤ ਆਸ਼ਾ ਵਰਕਰਾਂ ਦੀ ਸਿਹਤ ਸੰਭਾਲ ਅਤੇ ਉਨ੍ਹਾਂ ਦੀ ਪਰਿਵਾਰਿਕ ਸਥਿਤੀ ਦੀ ਦੇਖਰੇਖ ਲਈ ਵਿਭਾਗ ਵੱਲੋਂ ਉੱਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਲਗਾਤਾਰ ਗੰਭੀਰ ਉਪਰਾਲੇ ਕੀਤੇ ਜਾ ਰਹੇ ਹਨ. ਉਨ੍ਹਾਂ ਦੱਸਿਆ ਕਿ ਸੀਨੀਅਰ ਮੈਡੀਕਲ ਅਫ਼ਸਰ ਡਾ: ਨੀਲਮ ਭਾਟੀਆ ਦੇ ਹੁਕਮਾਂ ਤਹਿਤ ਕਰੋਨਾ ਮੁਹਿੰਮ ਲਈ ਬਣਾਈ ਗਈ ਰੈਪਿਡ ਰਿਸਪੌਂਸ ਟੀਮ ਦੇ ਮੁਖੀ ਅਤੇ ਫਾਰਮੇਸੀ ਅਫ਼ਸਰ ਰਾਜ ਕੁਮਾਰ ਨੇ ਮੋਗਾ ਵਿਖੇ ਜਾ ਕੇ ੳਕਤ ਆਸ਼ਾ ਵਰਕਰਾਂ ਦਾ ਹਾਲ ਚਾਲ ਪੁੱਛਿਆ. ਰਾਜ ਕੁਮਾਰ ਵੱਲੋਂ ਅਧਿਕਾਰੀਆਂ ਨੂੰ ਦਿੱਤੀ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਉਕਤ ਆਸ਼ਾ ਵਰਕਰ ਪੂਰੇ ਹੌਂਸਲੇ ਵਿੱਚ ਹਨ ਅਤੇ ਕਰੋਨਾ ਨੂੰ ਮਾਤ ਦੇ ਕੇ ਮੁੜ ਤੋਂ ਲੋਕ ਸੇਵਾ ਲਈ ਫੀਲਡ ਵਿੱਚ ਆਉਣ ਲਈ ਪੂਰੀ ਤਰ੍ਹਾਂ ਤਿਆਰ ਹਨ.

ਸ਼੍ਰੀ ਸ਼ਰਮਾ ਨੇ ਦੱਸਿਆ ਕਿ ਐਸ.ਐਮ.ਓ. ਡਾਕਟਰ ਭਾਟੀਆ ਲਗਾਤਾਰ ਫੋਨ ਰਾਹੀਂ ਉਕਤ ਆਸ਼ਾ ਵਰਕਰਾਂ ਦੇ ਹਾਲ ਚਾਲ ਦਾ ਜਾਇਜ਼ਾ ਲੈ ਰਹੇ ਹਨ. ਉਨ੍ਹਾਂ ਦੱਸਿਆ ਕਿ ਐਸ.ਐਮ.ਓ. ਦੀਆਂ ਹਦਾਇਤਾਂ ਅਤੇ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਦੀ ਤਾਲਮੇਲ ਕਮੇਟੀ ਦੇ ਸੂਬਾ ਪ੍ਰਧਾਨ ਕੁਲਬੀਰ ਸਿੰਘ ਢਿੱਲੋਂ ਦੇ ਯਤਨਾਂ ਸਦਕਾ ਉਕਤ ਆਸ਼ਾ ਵਰਕਰਾਂ ਨੂੰ ਵੱਖ^ਵੱਖ ਸਮਾਜ ਸੇਵੀ ਸੰਗਠਨਾਂ ਅਤੇ ਰਾਜਸੀ ਲੋਕਾਂ ਵੱਲੋਂ ਸਹਾਇਤਾ ਕੀਤੀ ਜਾ ਰਹੀ ਹੈ. ਇਸ ਸਿਲਸਿਲੇ ਤਹਿਤ ਹੀ ਬੀਤੇ ਦਿਨੀ ਹਰਭੁਪਿੰਦਰ ਸਿੰਘ ਲਾਡੀ ਵੱਲੋਂ ਉਕਤ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ ਸੀ ਅਤੇ ਹੁਣ ਪਿੰਡ ਡਾਲਾ ਦੇ ਨੰਬਰਦਾਰ ਬਲਜਿੰਦਰ ਸਿੰਘ ਬੱਲੀ ਨੇ ਉਕਤ ਪਰਿਵਾਰਾਂ ਨੂੰ ਲੋੜ ਮੁਤਾਬਿਕ ਘਰੇਲੂ ਰਾਸ਼ਨ ਮੁਹੱਈਆ ਕਰਵਾਇਆ ਗਿਆ. ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ. ਐਮ.ਓ. ਡਾਕਟਰ ਨੀਲਮ ਭਾਟੀਆ, ਫਾਰਮੇਸੀ ਅਫ਼ਸਰ ਰਾਜ ਕੁਮਾਰ, ਕੁਲਬੀਰ ਸਿੰਘ ਢਿੱਲੋਂ, ਸਰਪੰਚ ਰੇਸ਼ਮ ਸਿੰਘ, ਥਾਣਾ ਅਜੀਤਵਾਲ ਦੇ ਮੁਖੀ ਪਲਵਿੰਦਰ ਸਿੰਘ, ਸੀ.ਐਚ.ਓ. ਮਨਦੀਪ ਕੌਰ, ਏ.ਐਨ.ਐਮ. ਕੰਵਲਜੀਤ ਕੌਰ, ਰਜਿੰਦਰ ਕੌਰ, ਕਮਲਜੀਤ ਕੌਰ, ਸਿਹਤ ਵਰਕਰ ਦਵਿੰਦਰਪਾਲ ਸਿੰਘ ਅਤੇ ਜਸਮੀਤ ਸਿੰਘ ਆਦਿ ਹਾਜ਼ਰ ਸਨ.

Google search engine

LEAVE A REPLY

Please enter your comment!
Please enter your name here