ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਿੱਖਾਂ ਦਾ ਇਕ ਸੁਪਨਾ ਸਾਕਾਰ ਕੀਤਾ-ਡਾ. ਹਰਚੰਦ ਸਿੰਘ ਸਰਹਿੰਦੀ

ਸਰਹਿੰਦ ਦਾ ਨਾਂ ਸੁਣਦਿਆਂ ਹੀ ਪੰਜਾਬ ਦੇ ਇਤਿਹਾਸ ਦਾ ਇਕ ਲਹੂ-ਭਿਜਿਆ ਕਾਂਡ ਸਾਡੇ ਜ਼ਿਹਨ ਵਿਚ ਉਭਰ ਆਉਂਦਾ ਹੈ। ਸਰਹਿੰਦ ਦੀ ਖ਼ੂਨੀ ਦੀਵਾਰ ਸਾਡੀ ਚੇਤਨਾ ਦਾ ਵਿਹੜਾ ਮੱਲ ਖਲੋਂਦੀ ਹੈ। ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਵਲੋਂ ਜ਼ਿੰਦਾ ਦੀਵਾਰ ਵਿਚ ਚਿਣਵਾਏ ਜਾਣ ਦਾ ਦਿ੍ਰਸ਼ ਇਕਦਮ ਸਾਡੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ। ਸਿਰ ਸਿਜਦੇ ਵਿਚ ਝੁਕ ਜਾਂਦਾ ਹੈ। ਫਿਰ ਇਸ ਦੁਖਾਂਤ ਤੋਂ ਉਪਜਿਆ ਦਰਦ, ਜੋ ਸਾਨੂੰ ਪੀੜ੍ਹੀ ਦਰ ਪੀੜ੍ਹੀ ਵਿਰਾਸਤ ਵਿਚ ਮਿਲਦਾ ਹੈ, ਇਕ ਲੰਮਾ ਹਾਉਕਾ ਬਣ ਕੇ ਹਿੱਕ ਨੂੰ ਚੀਰਦਾ ਹੋਇਆ ਬਾਹਰ ਨਿਕਲ ਜਾਂਦਾ ਹੈ। ਇਸ ਤੋਂ ਬਾਅਦ ਅੱਖਾਂ ਸਾਹਮਣੇ ਤਸਵੀਰ ਉਭਰਦੀ ਹੈ, ਬਾਬਾ ਬੰਦਾ ਸਿੰਘ ਬਹਾਦਰ ਦੀ ਅਤੇ ਨਾਲ ਹੀ ਘਮਸਾਨ ਵਾਪਰਨ ਲਗਦਾ ਹੈ। ਇਸ ਘਮਸਾਨ ਵਿਚ ਸਾਕਾ ਸਰਹਿੰਦ ਦਾ ਮੁੱਖ ਦੋਸ਼ੀ ਸੂਬੇਦਾਰ ਵਜ਼ੀਰ ਖ਼ਾਂ ਮਾਰਿਆ ਜਾਂਦਾ ਹੈ ਅਤੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਦੀ ਪ੍ਰਤੀਤ ਹੁੰਦੀ ਹੈ।
ਗੱਲ ਕੀ, ਬੰਦਾ ਸਿੰਘ ਬਹਾਦਰ ਵਲੋਂ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣ ਦੀ ਘਟਨਾ ਅਤੇ ਸਾਕਾ ਸਰਹਿੰਦ ਦਾ ਆਪਸ ਵਿਚ ਬੜਾ ਨੇੜਲਾ ਤੇ ਅਟੁੱਟ ਰਿਸ਼ਤਾ ਹੈ, ਕਿਉਂਕਿ ਸਾਕਾ ਸਰਹਿੰਦ ਦੇ ਪ੍ਰਤੀਕਰਮ ਵਜੋਂ ਹੀ ਬੰਦਾ ਬਹਾਦਰ, ਸੂਬਾ ਸਰਹਿੰਦ ਨੂੰ ਲੋਹੇ ਦਾ ਸੁਹਾਗਾ ਬਣ ਕੇ ਟਕਰਿਆ ਅਤੇ ਉਸ ਨੂੰ ਭੋਇੰ ਵਿਚ ਮਿਲਾ ਦਿਤਾ। ਕਿਸੇ ਕਵੀਸ਼ਰ ਨੇ ਖ਼ੂਬ ਕਿਹਾ ਹੈ, ‘‘ਬੰਦਾ ਲੋਹੇ ਦਾ ਸੁਹਾਗਾ ਸੂਬਿਆ, ਤੇਰੀ ਦੇਵੇਗਾ ਓਇ ਅਲਖ ਮੁਕਾ।’’ ਪ੍ਰਸਿੱਧ ਉਰਦੂ ਸ਼ਾਇਰ ਅੱਲਾ ਯਾਰ ਖ਼ਾਂ ਜੋਗੀ ਵੀ ਸਰਹਿੰਦ ਦੀ ਜਿੱਤ ਨੂੰ ਸਾਕਾ ਸਰਹਿੰਦ ਦਾ ਹੀ ਸਿੱਧਾ ਪ੍ਰਤੀਕਰਮ ਦਸਦਾ ਹੈ। ਸ਼ਿਅਰ ਮੁਲਾਹਜ਼ਾ ਫ਼ੁਰਮਾਉ:
‘ਜੋਗੀ ਜੀ’ ਇਸ (ਸਾਕਾ ਸਰਹਿੰਦ) ਕੇ ਬਾਅਦ,
ਹੂਈ ਥੋੜੀ ਦੇਰ ਥੀ।
ਬਸਤੀ ਸਰਹਿੰਦ ਸ਼ਹਿਰ ਕੀ, ਈਟੋਂ ਕਾ ਢੇਰ ਥੀ।
ਦਰਅਸਲ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਦਿਲ-ਕੰਬਾਊ ਘਟਨਾ ਨੇ ਸਿੱਖ ਮਾਨਸਿਕਤਾ ’ਤੇ ਡੂੰਘਾ ਪੱਛ ਮਾਰਿਆ। ਬੇਸ਼ੱਕ ਗੁਰੂ ਗੋਬਿੰਦ ਸਿੰਘ ਜੀ ਅਡੋਲ ਰਹੇ, ਪਰ ਉਨ੍ਹਾਂ ਨੇ ਦੋਸ਼ੀ ਨੂੰ ਉਸ ਦੇ ਪਾਪ ਦੀ ਸਜ਼ਾ ਦੇਣ ਦਾ ਨਿਸ਼ਚਾ ਕਰ ਲਿਆ ਸੀ। ਉਧਰ, ਸਿੱਖਾਂ ਦੇ ਮਨਾਂ ਅੰਦਰ ਵੀ ਸਮੇਂ ਦੀ ਹਕੂਮਤ ਵਿਰੁਧ ਗੁੱਸੇ ਤੇ ਨਫ਼ਰਤ ਦੀ ਅੱਗ ਭੜਕ ਉਠੀ ਸੀ।
ਮੌਕਾ ਮਿਲਦਿਆਂ ਹੀ, ਗੁਰੂ ਸਾਹਿਬ ਨੇ ਸਿੱਖਾਂ ਦੀ ਰਹਿਨੁਮਾਈ ਕਰਨ ਲਈ 3 ਸਤੰਬਰ, 1708 ਈ. ਨੂੰ ਨੰਦੇੜ ਵਿਖੇ ਬੜੇ ਨਾਟਕੀ ਢੰਗ ਨਾਲ ਬੰਦਾ ਬਹਾਦਰ ਦੀ ਚੋਣ ਕੀਤੀ। ਗੁਰੂ ਸਾਹਿਬ ਨੇ ਬੰਦਾ ਬਹਾਦਰ (ਉਦੋਂ ਮਾਧੋਦਾਸ) ਨੂੰ ਅੰਮਿ੍ਰਤ ਛਕਾ ਕੇ, ‘ਬਹਾਦਰ’ ਦਾ ਖ਼ਿਤਾਬ ਦੇ ਕੇ, ਪੰਜ ਪਿਆਰਿਆਂ ਦੀ ਅਗਵਾਈ ਹੇਠ, ਪੰਜਾਬ ਵਲ ਕੂਚ ਕਰਨ ਦਾ ਹੁਕਮ ਦਿਤਾ। ਬਾਬਾ ਬੰਦਾ ਸਿੰਘ ਬਹਾਦਰ, ਅਕਤੂਬਰ, 1708 ਦੇ ਆਸ ਪਾਸ ਪੰਜਾਬ ਲਈ ਰਵਾਨਾ ਹੋਇਆ।
ਦਿੱਲੀ ਪਹੁੰਚਣ ਤਕ ਉਸ ਨਾਲ ਕੇਵਲ ਗਿਣਤੀ ਦੇ ਸਿੰਘ ਸਨ। ਦਿੱਲੀ ਟਪਦਿਆਂ ਹੀ, ਗੁਰੂ ਸਾਹਿਬ ਦੇ ਹੁਕਮਨਾਮਿਆਂ ਅਤੇ ਬੰਦਾ ਬਹਾਦਰ ਦੀ ਚੁੰਬਕੀ ਖਿੱਚ ਕਾਰਨ, ਮਾਲਵਾ ਖੇਤਰ ਦੇ ਲਿਤਾੜੇ ਹੋਏ ਹਲ-ਵਾਹਕ, ਵੱਡੀ ਗਿਣਤੀ ਵਿਚ ਉਸ ਦੇ ਝੰਡੇ ਹੇਠ ਇਕੱਠੇ ਹੋ ਗਏ।
‘‘ਛੇਤੀ ਹੀ ਪੈਦਲ ਸੈਨਿਕਾਂ ਦੀ ਗਿਣਤੀ 8,900 ਹੋ ਗਈ ਅਤੇ ਅੰਤ 40,000 ਤਕ ਪਹੁੰਚ ਗਈ।’’ – ਡਾ. ਗੋਕਲ ਚੰਦ ਨਾਰੰਗ
ਘੋੜ ਸਵਾਰ ਸੈਨਿਕਾਂ ਦੀ ਗਿਣਤੀ ਬਾਰੇ ਮੁਹੰਮਦ ਕਾਸਮ ਲਿਖਦਾ ਹੈ ਕਿ, ‘‘ਥੋੜੇ ਅਰਸੇ ਦੌਰਾਨ ਹੀ ਬੰਦਾ ਬਹਾਦਰ ਦੀ ਕਮਾਨ ਹੇਠ 4,000 ਘੋੜ ਸਵਾਰ ਇਕੱਠੇ ਹੋ ਗਏ।’’
ਬਾਬਾ ਬੰਦਾ ਸਿੰਘ ਬਹਾਦਰ ਦਾ ਸਿਦਕ, ਜੋਸ਼, ਹੌਸਲਾ ਤੇ ਗਤੀ ਬੇਮਿਸਾਲ ਸੀ। ਉਹ ਜਿੱਧਰ ਨੂੰ ਵੀ ਹੋ ਤੁਰਿਆ, ਰਸਤਾ ਬਣਦਾ ਗਿਆ। ਸੋਨੀਪਤ, ਕੈਥਲ, ਸਮਾਣਾ, ਘੁੜਾਮ, ਠਸਕਾ, ਮੁਸਤਫ਼ਾਬਾਦ, ਕਪੂਰੀ, ਸਢੌਰਾ ਤੇ ਬਨੂੜ ਨੂੰ ਫ਼ਤਹਿ ਕਰਨ ਉਪਰੰਤ ਸਿੱਖ ਅਪਣੇ ਮੁੱਖ ਨਿਸ਼ਾਨੇ, ਸਰਹਿੰਦ ’ਤੇ ਜ਼ੋਰਦਾਰ ਹੱਲਾ ਬੋਲਣ ਲਈ ਕਚੀਚੀਆਂ ਲੈਣ ਲੱਗੇ। ਖਰੜ ਤੇ ਬਨੂੜ ਵਿਚਕਾਰ ਸਿੱਖਾਂ ਦਾ ਇਕ ਸ਼ਕਤੀਸ਼ਾਲੀ ਜਥਾ ਜੋ ਕੀਰਤਪੁਰ ਵਲੋਂ ਜਿੱਤਾਂ ਪ੍ਰਾਪਤ ਕਰਦਾ ਆ ਰਿਹਾ ਸੀ, ਬਾਬਾ ਬੰਦਾ ਸਿੰਘ ਬਹਾਦਰ ਨਾਲ ਆ ਰਲਿਆ। ਸਿੱਖਾਂ ਦੇ ਹੌਸਲੇ ਹੋਰ ਬੁਲੰਦ ਹੋ ਗਏ ਅਤੇ ਸੂਬਾ ਸਰਹਿੰਦ ਨਾਲ ਉਚੇਚੇ ਤੌਰ ’ਤੇ ਸਿੱਝਣ ਲਈ ਉਨ੍ਹਾਂ ਨੇ ਚਪੜਚਿੜੀ ਦਾ ਮੈਦਾਨ ਆ ਮਲਿਆ, ਪਰ ਬਾਬਾ ਬੰਦਾ ਸਿੰਘ ਬਹਾਦਰ ਲਈ ਇਹ ਇਕ ਇਮਤਿਹਾਨ ਦੀ ਘੜੀ ਸੀ। ਹੁਣ ਉਹ ਇਕ ਸ਼ਕਤੀਸ਼ਾਲੀ ਫ਼ੌਜ ਨਾਲ ਸਾਹਮਣਿਉਂ ਟੱਕਰ ਲੈ ਰਿਹਾ ਸੀ, ਜਿਸ ਦੀ ਕਮਾਨ ਇਕ ਸੁਲਝਿਆ ਹੋਇਆ ਪਠਾਣ ਜਰਨੈਲ ਸੂਬੇਦਾਰ ਵਜ਼ੀਰ ਖ਼ਾਂ ਕਰ ਰਿਹਾ ਸੀ।
ਸੂਬੇਦਾਰ ਵਜ਼ੀਰ ਖ਼ਾਂ ਲਗਪਗ 20 ਹਜ਼ਾਰ ਪੈਦਲ/ਘੋੜਸਵਾਰ ਸੈਨਿਕਾਂ, ਵੱਡੀ ਗਿਣਤੀ ਵਿਚ ਤੋਪਾਂ ਤੇ ਹਾਥੀ ਲੈ ਕੇ ਸਿੱਖਾਂ ਦੇ ਤੂਫ਼ਾਨ ਨੂੰ ਰੋਕਣ ਲਈ ਅੱਗੇ ਵਧਿਆ।
ਬਹੁਤ ਸਾਰੀਆਂ ਜੰਗਾਂ ਦੇ ਜੇਤੂੂ ਵਜ਼ੀਰ ਖ਼ਾਂ ਨੇ ਇਕ ਪਾਸੇ ਤੋਪਾਂ ਬੀੜ ਦਿਤੀਆਂ, ਦੂਜੇ ਪਾਸੇ ਕੰਧ ਵਾਂਗ ਹਾਥੀ ਖੜੇ ਕਰ ਦਿਤੇ, ਤੀਜੇ ਪਾਸੇ ਨਵਾਬਾਂ ਦੀ ਫ਼ੌਜ ਖੜੀ ਕਰ ਦਿਤੀ ਅਤੇ ਚੌਥੇ ਪਾਸੇ ਅਪਣੇ ਆਲੇ ਦੁਆਲੇ ਛੋਟੀਆਂ ਤੋਪਾਂ ਬੀੜ ਕੇ, ਆਪ ਗਾਜ਼ੀਆਂ ਦੇ ਵਿਚਕਾਰ ਇਕ ਉੱਚੇ ਹਾਥੀ ਉਤੇ ਚੜ੍ਹ ਗਿਆ। ਗ਼ੌਰਤਲਬ ਹੈ ਕਿ ਬੰਦਾ ਸਿੰਘ ਬਹਾਦਰ ਕੋਲ ਨਾ ਕੋਈ ਤੋਪਖ਼ਾਨਾ ਸੀ ਅਤੇ ਨਾ ਹੀ ਹਾਥੀ ਸਨ, ਇਥੋਂ ਤਕ ਕਿ ਚੰਗੇ ਘੋੜੇ ਵੀ ਕਾਫ਼ੀ ਗਿਣਤੀ ਵਿਚ ਨਹੀਂ ਸਨ। ਸਿੰਘਾਂ ਕੋਲ ਕੇਵਲ ਲੰਬੇ ਨੇਜ਼ੇ, ਤੀਰ ਅਤੇ ਤਲਵਾਰਾਂ ਹੀ ਸਨ, ਪਰ ਸਿਦਕ ਉਨ੍ਹਾਂ ਦੇ ਹੱਡੀਂ ਰਚਿਆ ਹੋਇਆ ਸੀ।
12 ਮਈ, 1710 ਨੂੰ ਸਰਹਿੰਦ ਤੋਂ 12 ਕੋਹ ਦੀ ਵਿੱਥ ’ਤੇ ਚਪੜਚਿੜੀ ਦੇ ਮੈਦਾਨ ਵਿਚ ਇਕ ਫ਼ੈਸਲਾਕੁਨ ਯੁੱਧ ਹੋਇਆ। ਜੰਗ ਦੇ ਪਹਿਲੇ ਪੜਾਅ ਵਿਚ ਸ਼ਾਹੀ ਫ਼ੌਜਾਂ ਦਾ ਪਲੜਾ ਭਾਰੀ ਰਿਹਾ। ਬਾਜ਼ੀ ਜਾਂਦੀ ਵੇਖ ਕੇ, ਨਿਰਲੱਗ ਬੈਠਾ ਬੰਦਾ ਸਿੰਘ ਬਹਾਦਰ ਝੱਟ ਅਪਣੀ ਸੈਨਾ ਦੀਆਂ ਮੂਹਰਲੀਆਂ ਕਤਾਰਾਂ ਵਿਚ ਆ ਗਿਆ। ਪ੍ਰਸਿੱਧ ਇਤਿਹਾਸਕਾਰ ਸੋਹਣ ਸਿੰਘ ਅਨੁਸਾਰ – ‘‘ਤਦ ਬੰਦਾ ਬਹਾਦਰ ਉਠਿਆ, ਜਿਵੇਂ ਭੁੱਖਾ ਸ਼ੇਰ ਅਪਣੀ ਗੁਫ਼ਾ ਵਿਚੋਂ ਨਿਕਲਿਆ ਹੋਵੇ ਅਤੇ ਬਿਜਲੀ ਵਾਂਗ ਵੈਰੀ ਦੀ ਸੈਨਾ ’ਤੇ ਟੁੱਟ ਪਿਆ।’’ ਖ਼ੂਨ ਡੋਲ੍ਹਵੀਂ ਲੜਾਈ ਵਿਚ ਸੂਬੇਦਾਰ ਵਜ਼ੀਰ ਖ਼ਾਂ ਮਾਰਿਆ ਗਿਆ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ‘‘ਮਾਰੀ ਵਜੀਦੇ ਖ਼ਾਂ ਨੂੰ, ਧਰਤੋਂ ਭਾਰੀ ਪੰਡ ਉਤਾਰੀ।’’

– ਹਰਸਾ ਸਿੰਘ ਚਾਤਰ।
ਵਜ਼ੀਰ ਖ਼ਾਂ ਦੀ ਮੌਤ ਕਿਵੇਂ ਤੇ ਕਿਸ ਹੱਥੋਂ ਹੋਈ, ਇਸ ਬਾਰੇ ਇਤਿਹਾਸਕਾਰਾਂ ਵਿਚ ਡੂੰਘੇ ਮਤ-ਭੇਦ ਹਨ।
14 ਮਈ, 1710 ਨੂੰ ਸਿੱਖ, ਜੇਤੂਆਂ ਦੀ ਸ਼ਕਲ ਵਿਚ ਸਰਹਿੰਦ ਵਿਚ ਦਾਖ਼ਲ ਹੋਏ। ਸ਼ਾਹੀ ਅਮੀਰਾਂ ਨੂੰ ਲੁਟਿਆ ਗਿਆ ਅਤੇ ਦੋਸ਼ੀਆਂ ਦਾ ਅਜਿਹਾ ਹਾਲ ਕੀਤਾ ਗਿਆ ਕਿ ਜ਼ੁਲਮ ਕਰਨ ਵਾਲੀਆਂ ਪੀੜ੍ਹੀਆਂ ਨੂੰ ਸਦਾ ਯਾਦ ਰਹੇਗਾ।
ਸਰਹਿੰਦ ’ਤੇ ਕਾਬਜ਼ ਹੋ ਜਾਣ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਨੇ ਅਪਣੇ ਇਕ ਸਿਰਕੱਢ ਜਰਨੈਲ ਭਾਈ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਨਿਯੁਕਤ ਕੀਤਾ। ਇਸ ਤਰ੍ਹਾਂ ਸਿੱਖ ਰਾਜ ਦੀ ਸਥਾਪਨਾ ਦਾ ਮੁੱਢ ਬੰਨ੍ਹਿਆ ਅਤੇ ਸੱਤ ਸੌ ਸਾਲਾਂ ਤੋਂ ਪਏ ਗ਼ੁਲਾਮੀ ਦੇ ਜੂਲੇ ਨੂੰ ਪੰਜਾਬ ਦੇ ਗਲੋਂ ਲਾਹੁਣ ਦੀ ਸ਼ੁਰੂਆਤ ਕੀਤੀ।
ਪਰ ਸਿੱਖ ਸਮਾਜ ਤੇ ਇਤਿਹਾਸਕਾਰਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਇਨਸਾਫ਼ ਨਹੀਂ ਕੀਤਾ। ਸਿੱਖ ਸਮਾਜ ਪਤਾ ਨਹੀਂ ਕਿਹੜੇ ਰੋਸਿਆਂ ਨੂੰ ਫੜੀ ਬੈਠਾ ਹੈ ਕਿ ਤਿੰਨ ਸਦੀਆਂ ਲੰਘ ਜਾਣ ਉਪਰੰਤ ਵੀ ਉਹ ਬੰਦਾ ਸਿੰਘ ਬਹਾਦਰ ਦੀਆਂ ਪ੍ਰਾਪਤੀਆਂ ਨੂੰ ਪੂਰੀ ਮਾਨਤਾ ਨਹੀਂ ਦੇ ਰਿਹਾ। ‘‘ਹੋ ਸਕਦਾ ਹੈ ਮਰਯਾਦਾ ਭੰਗ ਕਰਨ ਵਾਲੀ ਗੱਲ ਸੱਚੀ ਹੋਵੇ। ਮਰਯਾਦਾ ਦੀ ਰਾਖੀ ਕਰਨੀ ਵੀ ਬਣਦੀ ਹੈ। ਇਹੋ ਜਹੇ ਰੋਸਿਆਂ ਨੂੰ ਸਦਾ ਲਈ ਪੱਲੇ ਬੰਨ੍ਹਣਾ ਠੀਕ ਨਹੀਂ।… ਬੰਦਾ ਸਿੰਘ ਬਹਾਦਰ ਸਿੱਖੀ ਦਾ ਥੰਮ੍ਹ ਸੀ।’’
– ਗੁਲਜ਼ਾਰ ਸਿੰਘ ਸੰਧੂ।
ਪਰ ਇਹ ਸੰਤੋਖ ਦੇਣ ਵਾਲੀ ਗੱਲ ਹੈ ਕਿ ਮੌਜੂਦਾ ਦੌਰ ਦੇ ਕਈ ਵਿਦਵਾਨਾਂ ਨੇ ਅਪਣੀਆਂ ਤਾਜ਼ਾ ਲਿਖਤਾਂ ਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਉਸਾਰੂ ਤੇ ਹਾਂ-ਪੱਖੀ ਸੋਚ ਦਾ ਪਸਾਰਾ ਕੀਤਾ ਹੈ। ਇਸ ਸਬੰਧ ਵਿਚ ਡਾ. ਸੁਖਦਿਆਲ ਸਿੰਘ, ਕੁਲਦੀਪ ਭਟਨਾਗਰ ਆਈ.ਏ.ਐਸ., ਮਨੋਹਰ ਸਿੰਘ ਚਾਂਦਲਾ ਸਾਬਕਾ ਆਈ.ਏ.ਐਸ. ਅਤੇ ਬਲਵੰਤ ਸਿੰਘ ਬਹੋੜੂ ਦੇ ਨਾ ਜ਼ਿਕਰਯੋਗ ਹਨ। ਇਨ੍ਹਾਂ ਸਤਰਾਂ ਦਾ ਲੇਖਕ ਵੀ ਅਪਣੀਆਂ ਤੁੱਛ ਜਹੀਆਂ ਲਿਖਤਾਂ ਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਪ੍ਰਚੱਲਤ ਗ਼ਲਤ-ਫ਼ਹਿਮੀਆਂ ਨੂੰ ਦੂਰ ਕਰਨ ਲਈ ਪਿਛਲੇ ਲਗਪਗ ਦੋ ਦਹਾਕਿਆਂ ਤੋਂ ਯਤਨਸ਼ੀਲ ਹੈ। ਮੇਰੀਆਂ ਲਿਖਤਾਂ ਨੂੰ ਭਰਵਾਂ ਹੁੰਗਾਰਾ ਉਦੋਂ ਮਿਲਿਆ ਜਦੋਂ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਹਰ ਸਾਲ 12 ਮਈ ਨੂੰ ਸਰਹਿੰਦ ਵਿਖੇ ‘ਸਰਹਿੰਦ ਫ਼ਤਹਿ ਦਿਵਸ’ ਮਨਾਉਣ ਦਾ ਯਾਦਗਾਰੀ ਫ਼ੈਸਲਾ ਲਿਆ ਅਤੇ 12 ਮਈ, 2003 ਨੂੰ ਸਰਹਿੰਦ ਵਿਖੇ ਆਯੋਜਤ ਪਲੇਠੇ ਸਮਾਗਮ ’ਤੇ, ਮੇਰੇ ਕੰਮ ਨੂੰ ਮਾਨਤਾ ਦਿੰਦਿਆਂ, ਮੈਨੂੰ ‘ਬਾਬਾ ਬੰਦਾ ਸਿੰਘ ਬਹਾਦਰ ਐਵਾਰਡ’ ਨਾਲ ਸਨਮਾਨਤ ਕੀਤਾ। ਖ਼ੈਰ!
ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਖ਼ਾਲਸੇ ਨੇ ਚਪੜਚਿੜੀ ਦੇ ਮੈਦਾਨ ਵਿਚ ਜ਼ਿੰਦਗੀ-ਮੌਤ ਦੀ ਜੰਗ ਲੜੀ ਅਤੇ ਇਸੇ ਥਾਂ ’ਤੇ ਕੌਮ ਦੀ ਕਿਸਮਤ ਦਾ ਫ਼ੈਸਲਾ ਹੋਇਆ। ਸਰਹਿੰਦ ਦੀ ਜਿੱਤ ਨੇ ਮੁਗ਼ਲਾਂ ਨੂੰ ਪਹਿਲੀ ਵਾਰ ਸਿੱਖ ਸ਼ਕਤੀ ਦਾ ਅਹਿਸਾਸ ਕਰਵਾਇਆ ਅਤੇ ਸਿੱਖਾਂ ਲਈ ਜਿੱਤ ਦੇ ਦਰਵਾਜ਼ੇ ਖੋਲ੍ਹ ਦਿਤੇ। ਇਤਿਹਾਸ ਗਵਾਹ ਹੈ ਕਿ ਇਸ ਘਟਨਾ ਦੇ ਨਾਲ ਹੀ ਸਿੱਖ ਉਸ ਸ਼ਾਹ ਰਾਹ ’ਤੇ ਹੋ ਤੁਰੇ, ਜੋ ਉਨ੍ਹਾਂ ਨੂੰ ਸਿੱਧਾ ਸਿੱਖ ਰਾਜ ਦੀ ਸਥਾਪਨਾ ਵਲ ਲੈ ਜਾ ਰਿਹਾ ਸੀ। ਸੰਨ 2010, ਇਸ ਯੁੱਗ ਪਲਟਾਊ ਘਟਨਾ ਦੀ ਤੀਜੀ ਸ਼ਤਾਬਦੀ ਦਾ ਵਰ੍ਹਾ ਹੈ। ਸਿੱਖ ਜਗਤ ਨੇ ਜਿਵੇਂ ਖ਼ਾਲਸੇ ਦੇ ਤਿੰਨ ਸੌ ਸਾਲਾ ਸਾਜਨਾ ਦਿਵਸ ਦੇ ਅਵਸਰ ’ਤੇ ਅਨੰਦਪੁਰ ਸਾਹਿਬ ਦੀ ਹਿੱਕ ’ਤੇ ਖ਼ਾਲਸੇ ਦਾ ਇਤਿਹਾਸ ਲਿਖਿਆ ਹੈ, ਉਵੇਂ ਹੀ ਸਰਹਿੰਦ ਤੇ ਚਪੜਚਿੜੀ ਦੇ ਮੈਦਾਨ ਵਿਚ ਵੀ ਬਾਬਾ ਬੰਦਾ ਸਿੰਘ ਬਹਾਦਰ, ਉਸ ਦੇ ਜਰਨੈਲਾਂ ਤੇ ਸਿਦਕੀ ਸਿੰਘਾਂ ਦਾ ਇਤਿਹਾਸ ਲਿਖਿਆ ਜਾਣਾ ਚਾਹੀਦਾ ਹੈ। …

Leave a Reply

Your email address will not be published. Required fields are marked *