ਓ ਕਿਥੇ ਤੁਰ ਗਿਆਂ ਗੜਬੜਿਆ ਓਏ!

ਉਹ ਵੀ ਕਿਆ ਦਿਨ ਸਨ ਜਦੋਂ ਇੰਝ ਲੱਗਦਾ ਸੀ ਜਿਵੇ ਚਾਵਾਂ ਦੀ ਹਵਾ ਵਗ ਰਹੀ ਹੋਵੇ ,ਤਿਉਹਾਰ ਐਦਾਂ ਆਉਂਦੇ ਸਨ ਜਿਵੇਂ ਸ਼ਗਨਾਂ ਦਾ ਸੁਨੇਹਾ ਬੂਹੇ ਤੇ ਆਣ ਪੁੱਜਾ ਹੋਵੇ ।ਦੁਸਹਿਰਾ ਆਉਣਾ ਅਸੀ ਖੇਸੀਆਂ ਦੀਆਂ ਬੁੱਕਲਾਂ ਮਾਰਕੇ ਰਾਜਪੁਰੇ ਰਾਮਲੀਲਾ ਦੇਖਣ ਜਾਣਾ , ਹਲਵਾਈਆਂ ਦਾ ਨੌਕਰ ਪਿੱਤੂ ਰਾਮਲੀਲਾ ‘ਚ ਸੀਤਾ ਦਾ ਰੋਲ ਕਰਦਾ ਹੁੰਦਾ ਸੀ। ਕਈ ਵਾਰ ਜਦੋਂ ਉਹ ਸਟੇਜ ਤੇ ਸੀਤਾ ਦੇ ਰੋਲ ਵਿੱਚ ਹੁੰਦਾ ਸੀ ਤਾਂ ਉਸ ਦੇ ਜਾਣਨ ਵਾਲੇ ਮੁੰਡਿਆਂ ਨੇ ਰੌਲਾ ਪਾ ਦੇਣਾ ‘ਪਿੱਤੂ ਉਏ ਪਿੱਤੂ ਉਏ’ ਇੱਕ ਦਿਨ ਜਦੋਂ ਮੁੰਡੇ ਇਵਂੇ ਹੀ ਰੌਲਾ ਪਾ ਰਹੇ ਸਨ ਤਾਂ ਪਿੱਤੂ ਨੂੰ ਗੁੱਸਾ ਆ ਗਿਆ ਉਸ ਨੇ ਸਟੇਜ ਤੋਂ ਹੀ ਮੁੰਡਿਆਂ ਨੂੰ ਮਾਵਾਂ ਭੈਣਾਂ ਦੀਆਂ ਗਾਲ੍ਹਾਂ ਕੱਢਣ ਲੱਗ ਪਿਆ।ਲੋਕ ਸੀਤਾ ਦੇ ਨਵੀਂ ਤਰ੍ਹਾਂ ਦੇ ਡਾਈਲਾਗ ਸੁਣ ਕੇ ਬਹੁਤ ਹੱਸੇ ।ਇੱਕ ਵਾਰ ਇੱਦਾਂ ਹੀ ਰਾਮਲੀਲਾ ‘ਚ ਜਦੋਂ ਹਨੂੰਮਾਨ ਲੰਕਾ ਨੂੰ ਅੱਗ ਲਾਣ ਲੱਗਾ ਤਾਂ ਸਟੇਜ ਤੇ ਲੱਗੇ ਰੇਸ਼ਮੀ ਪਰਦਿਆਂ ਨੂੰ ਵੀ ਅੱਗ ਲੱਗ ਗਈ । ਜਦੋਂ ਅੱਗ ਦੇ ਭਾਂਬੜ ਮਚਣ ਲੱਗੇ ਤਾਂ ਹਨੂੰਮਾਨ ਅਪਣੀ ਪੂੰਛ ਸਟੇਜ ਤੇ ਹੀ ਛੱਡ ਕੇ ਭੱਜ ਗਿਆ। ਪੰਜਾਬ ਦੇ ਹੋਰਨਾਂ ਇਲਾਕਿਆਂ ‘ਚ ਤੇ ਦੁਸਹਿਰੇ ਤੋਂ ਬਾਅਦ ਸਿੱਧਾ ਦਿਵਾਲੀ ਆ ਜਾਂਦੀ ਹੈ ਪਰ ਪੁਆਧ ਦੇ ਵਿੱਚ ਦਿਵਾਲੀ ਤੋਂ ਪਹਿਲਾ ਗੜਬੜੇ ਨੱਚਦੇ ਹਨ । ਗੜਬੜਿਆਂ ਦਾ ਤਿਉਹਾਰ ਸਾਰੇ ਪੁਆਧ ਵਿੱਚ ਨਹੀਂ ਸਗੋਂ ਪੁਆਧ ਦੇ ਕੁੱਝ ਹਿੱਸਿਆਂ ਵਿੱਚ ਹੀ ਮਨਾਇਆ ਜਾਂਦਾ ਹੈ। ਜਦੋਂ ਅਸੀ ਛੋਟੇ ਹੁੰਦੇ ਸੀ ਤਾਂ ਰਾਤ ਨੂੰ ਗੜਬੜੇ ਬਾਲ ਕੇ ਸਾਰੇ ਪਿੰਡ ‘ਚ ਘਰ ਘਰ ਘੁੰਮਣ ਜਾਂਦੇ ਸੀ । “ਚੰਨ ਚਾਨਣੀ ਰਾਤ ਨੱਚ ਮੇਰੇ ਗੜਬੜਿਆ , ਹੋ ਗਈ ਅੱਧੀ ਰਾਤ ਨੱਚ ਮੇਰੇ ਗੜਬੜਿਆ ” ਗੀਤ ਗਾਉਂਦੇ ਹੋਏ  ਪੁਰੇ ਪਿੰਡ ਵਿੱਚ ਘੁੰਮਦੇ ਸੀ ।ਕਿਸੇ ਨੇ ਗੜਬੜੇ ਵਿੱਚ ਪੰਜੀ ਪਾ ਦੇਣੀ ਕਿਸੇ ਨੇ ਦਸੀ ਤੇ ਕਿਸੇ ਨੇ ਸਰ੍ਹੋਂ ਦਾ ਤੇਲ ਤੇ ਕਿਸੇ ਨੇ ਜੀਰੀ ਦੇਣੀ । ਮੈਨੂੰ ਇੱਕ ਦਿਲਚਸਪ ਗੱਲ  ਯਾਦ ਆਈ ਜਦੋਂ ਅਸੀ ਛੋਟੇ ਹੁੰਦੇ ਪਿੰਡ ਵਿੱਚ ਗੜਬੜੇ ਲੈ ਕੇ ਘੰਮ ਰਹੇ ਸੀ, ਸਾਡੇ ਪਿੰਡ ਵਿੱਚ ਮੱਛੀਮਾਰ ਚੋਰ ਬਹੁਤ ਮਸ਼ਹੂਰ ਸੀ ।ਰਾਤ ਦਾ ਸਮਾਂ ਸੀ ।ਕਿਸੇ ਨੇ ਵਿਚੋਂ ਰੌਲਾ ਪਾ ਦਿੱਤਾ ਕਿ ਮੱਛੀਮਾਰ ਚੋਰ ਆ ਗਿਆ ,ਗਲੀ ਵਿੱਚ ਭਾਜੜ ਮਚ ਗਈ ।ਬੱਚਿਆਂ ਨੇ ਰੌਲਾ ਪਾ ਦਿੱਤਾ ,ਭੱਜਦੇ ਭੱਜਦੇ ਮੇਰੀ ਵੱਡੀ ਭੈਣ ਨਾਲੀ ਵਿੱਚ ਮੁੱਧੇ ਮੂੰਹ ਇੰਝ ਜਾ ਡਿੱਗ  ਜਿਵੇ ਨਦੀ ਕੱਢੇ ਖੜਾ ਸਫੈਦਾ ਪਾਣੀ ਵਿੱਚ ਡਿੱਗਦਾ ਹੈ ਕਈ ਨਿਆਣਿਆਂ ਦਾ ਡਰਦਿਆਂ ਦਾ ਮੂਤ ਨਿਕਲ ਗਿਆ ।ਗੜਬੜੇ ਉੱਥੇ ਹੀ ਟੁੱਟ ਗਏ ਕਿਸੇ ਦੀ ਚੱਪਲ ਗਵਾਚ ਗਈ। ਦੁਜੇ ਦਿਨ ਅਸੀ ਰਾਤ ਨੂੰ ਗੜਬੜਿਆਂ ਨੂੰ ਟੋਭੇ ਵਿੱਚ ਛੱਡ ਕੇ ਆਉਂਦੇ ਸੀ ।ਸਾਡੇ ਘਰ ਹਾਲੇ ਵੀ ੮੦ ਸਾਲ ਪੁਰਾਣਾ ਗੜਬੜਾ ਪਿਆ ਹੈ ਜਿਹੜਾ ਕਿ  ਮੇਰੇ ਤਾਏ ਨੂੰ ਉਸਦੀ ਨਾਨੀ ਨੇ ਦਿੱਤਾ ਸੀ ।ਇਹ ਕਰਾਲੇ ਦੇ ਘੁਮਿਆਰ ਦੇ ਹੱਥ ਦਾ ਬਣਿਆ ਹੋਇਆ ਹੈ।ਹੁਣ ਭਾਵੇਂ ਅਸੀ ਵੱਡੇ ਹੋ ਗਏ ਹਾਂ ਪਰ ਉਹ ਗੜਬੜੇ ਲੈ ਕੇ ਫਿਰਨ ਦਾ ਨਜ਼ਾਰਾ ਅੱਜ ਵੀ ਯਾਦ ਆਉਂਦਾ ਹੈ।ਬਚਪਨ ਦੇ ਉਹ ਦਿਨ ਜਦੋਂ ਦਿਨ ਤੀਆਂ ਵਰਗੇ ਤੇ ਰਾਤ ਤਾਰਿਆਂ ਨਾਲ ਭਰੀ ਹੁੰਦੀ ਸੀ ਪਤਾ ਨਹੀਂ ਕਿਹੜੇ ਰਾਹਾਂ ਦਾ ਪੰਧ ਬਣ ਗਏ ਹਨ ।ਕਦੇ ਕਦੇ ਦਿਲ ‘ਚ ਹੂਕ ਉੱਠਦੀ ਹੈ ਓ ਗੜਬੜਿਆ ਕਿੱਥੇ ਤੁਰ ਗਿਆਂ ਓਏ।
ਰਜਵਿੰਦਰ ਕੌਰ

Leave a Reply

Your email address will not be published. Required fields are marked *