ਪੰਜਾਬ ’ਚ ਮਿਲੇ 3 ਹੋਰ ਕੋਰੋਨਾ ਪਾਜ਼ਿਟਿਵ, ਕੁੱਲ ਮਰੀਜ਼ 202

ਪੂਰੀ ਦੁਨੀਆ ’ਚ ਕੋਰੋਨਾ–ਵਾਇਰਸ ਦਾ ਕਹਿਰ ਹੈ। ਅੱਜ ਤਿੰਨ ਨਵੇਂ ਕੋਰੋਨਾ–ਪਾਜ਼ਿਟਿਵ ਮਾਮਲੇ ਸਾਹਮਣੇ ਆਉਣ ਨਾਲ ਪੰਜਾਬ ’ਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 202 ਹੋ ਗਈ ਹੈ।

ਦਰਅਸਲ, ਲੁਧਿਆਣਾ ਦੇ ਏਸੀਪੀ ਅਨਿਲ ਕੋਹਲੀ, ਜਿਹੜੇ ਪਹਿਲਾਂ ਪਾਜ਼ਿਟਿਵ ਪਾਏ ਗਏ ਸਨ, ਦੇ ਸੰਪਰਕ ’ਚ ਰਹੇ ਤਿੰਨ ਵਿਅਕਤੀਆਂ ਦੇ ਟੈਸਟ ਵੀ ਅੱਜ ਸਵੇਰੇ ਪਾਜ਼ਿਟਿਵ ਆ ਗਏ ਹਨ।

ਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ ਸ੍ਰੀ ਕੇ.ਬੀ.ਐੱਸ. ਸਿੱਧੂ ਆਈਏਐੱਸ ਵੱਲੋਂ ਆਪਣੇ ਟਵਿਟਰ ਹੈਂਡਲ ’ਤੇ ਦਿੱਤੀ ਜਾਣਕਾਰੀ ਮੁਤਾਬਕ ਸ੍ਰੀ ਅਨਿਲ ਕੋਹਲੀ ਦੀ ਪਤਨੀ, ਸ੍ਰੀ ਕੋਹਲੀ ਦੇ ਸੰਪਰਕ ’ਚ ਰਹੇ ਸਬ–ਇੰਸਪੈਕਟਰ ਤੇ ਐੱਸਐੱਚਓ ਅਤੇ ਇੱਕ ਕਾਂਸਟੇਬਲ ਦੇ ਟੈਸਟ ਪਾਜ਼ਿਟਿਵ ਆਏ ਹਨ।

ਕਾਂਸਟੇਬਲ ਮੂਲ ਰੂਪ ਵਿੱਚ ਫ਼ਿਰੋਜ਼ਪੁਰ ਦਾ ਦੱਸਿਆ ਜਾਂਦਾ ਹੈ।

ਇਸ ਦੌਰਾਨ ਪੰਜਾਬ ’ਚ ਕੋਰੋਨਾ–ਵਾਇਰਸ ਦੇ ਕੱਲ੍ਹ 8 ਨਵੇਂ ਮਾਮਲੇ ਸਾਹਮਣੇ ਆਏ; ਇੰਝ ਇਸ ਸੂਬੇ ’ਚ ਹੁਣ ਤੱਕ ਦਰਜ ਹੋਏ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ ਵਧ ਕੇ 199 ਹੋ ਗਈ ਹੈ।

ਕੱਲ੍ਹ ਛੇ ਨਵੇਂ ਮਰੀਜ਼ ਜਲੰਧਰ ’ਚੋਂ ਮਿਲੇ ਤੇ ਇੱਕ–ਇੱਕ ਪਟਿਆਲਾ ਤੇ ਲੁਧਿਆਣਾ ਤੋਂ ਮਿਲਿਆ ਹੈ। ਪਿਛਲੇ 10 ਦਿਨਾਂ ਦੌਰਾਨ ਪੰਜਾਬ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ।

ਬੀਤੀ 7 ਅਪ੍ਰੈਲ ਨੂੰ ਪੰਜਾਬ ’ਚ 99 ਕੋਰੋਨਾ–ਪਾਜ਼ਿਟਿਵ ਮਰੀਜ਼ ਸਨ ਪਰ ਕੱਲ੍ਹ ਵੀਰਵਾਰ ਸ਼ਾਮ ਤੱਕ ਇਹ ਗਿਣਤੀ ਵਧ ਕੇ 199 ਹੋ ਗਈ।

ਜਲੰਧਰ ’ਚ ਹੁਣ ਤੱਕ 31 ਪਾਜ਼ਿਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ ਚਾਰ ਠੀਕ ਵੀ ਹੋ ਚੁੱਕੇ ਹਨ। ਉੱਧਰ ਪਟਿਆਲਾ ’ਚ 50 ਸਾਲਾ ਇੱਕ ਵਿਅਕਤੀ ਕੱਲ੍ਹ ਪਾਜ਼ਿਟਿਵ ਪਾਇਆ ਗਿਆ। ਉਹ ਪਟਿਆਲਾ ਦੇ ਸਫ਼ਾਬਾਦੀ ਗੇਟ ਦੇ ਉਸ 50 ਸਾਲਾ ਨਿਵਾਸੀ ਦੇ ਨੇੜਲੇ ਸੰਪਰਕ ਵਿੱਚ ਸੀ, ਜਿਹੜਾ ਪਹਿਲਾਂ ਮੰਗਲਵਾਰ ਨੂੰ ਹੀ ਪਾਜ਼ਿਟਿਵ ਪਾਇਆ ਗਿਆ ਸੀ।

ਇੰਝ ਪਟਿਆਲਾ ਜ਼ਿਲ੍ਹੇ ’ਚ ਹੁਣ ਤੱਕ 7 ਕੋਰੋਨਾ–ਮਰੀਜ਼ ਦਰਜ ਹੋ ਚੁੱਕੇ ਹਨ। ਕੱਲ੍ਹ ਦੇ ਤਾਜ਼ਾ ਮਰੀਜ਼ ਦੀ ਪਟਿਆਲਾ ਦੇ ਪ੍ਰਸਿੱਧ ਕਿਤਾਬ–ਬਾਜ਼ਾਰ ’ਚ ਦੁਕਾਨ ਹੈ।

ਇਸ ਦੌਰਾਨ ਲੁਧਿਆਣਾ ਦੇ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਉਹ 72 ਸਾਲਾ ਔਰਤ ਹੁਣ ਠੀਕ ਹੋ ਗਈ ਹੈ, ਜਿਹੜੀ ਪਹਿਲਾਂ ਇੱਕ ਪਾਜ਼ਿਟਿਵ ਔਰਤ ਪੂਜਾ ਰਾਣੀ ਦੇ ਸੰਪਰਕ ’ਚ ਆ ਕੇ ਕੋਰੋਨਾ ਦੀ ਲਾਗ ਤੋਂ ਪੀੜਤ ਹੋ ਗਈ ਸੀ। ਚੇਤੇ ਰਹੇ ਕਿ 42 ਸਾਲਾ ਪੂਜਾ ਰਾਣੀ ਦਾ ਦੇਹਾਂਤ ਹੋ ਚੁੱਕਾ ਹੈ।

ਉੱਧਰ ਮਾਲ ਵਿਭਾਗ ਦੇ 58 ਸਾਲਾ ਕਾਨੂੰਨਗੋ ਦਾ ਕੋਰੋਨਾ–ਟੈਸਟ ਕੱਲ੍ਹ ਪਾਜ਼ਿਟਿਵ ਆਇਆ ਸੀ। ਇਹ ਕਾਨੂੰਨਗੋ ਕੂਮ ਕਲਾਂ ’ਚ ਤਾਇਨਾਤ ਰਹੇ ਹਨ। ਉਹ ਆਖ਼ਰੀ ਵਾਰ 21 ਮਾਰਚ ਨੂੰ ਡਿਉਟੀ ’ਤੇ ਗਏ ਸਨ ਤੇ ਇਸ ਵੇਲੇ ਖੰਨਾ ’ਚ ਰਹਿ ਰਹੇ ਹਨ। ਉਹ ਪਾਇਲ ਲਾਗਲੇ ਆਪਣੇ ਜੱਦੀ ਪਿੰਡ ਵੀ ਜਾ ਕੇ ਆਏ ਸਨ।

Leave a Reply

Your email address will not be published. Required fields are marked *